ਨਵਜੋਤ ਸਿੱਧੂ ਦਾ ਕਾਂਗਰਸੀ ਟੀਮ ਦੇ ਖਿਡਾਰੀ ਵਜੋਂ ਅੰਮ੍ਰਿਤਸਰ ਦੇ ਚੋਣ ਮੈਦਾਨ ‘ਚ ਉਤਾਰਾ

ਨਵਜੋਤ ਸਿੱਧੂ ਦਾ ਕਾਂਗਰਸੀ ਟੀਮ ਦੇ ਖਿਡਾਰੀ ਵਜੋਂ ਅੰਮ੍ਰਿਤਸਰ ਦੇ ਚੋਣ ਮੈਦਾਨ ‘ਚ ਉਤਾਰਾ
ਕੈਪਸ਼ਨ : ਅੰਮ੍ਰਿਤਸਰ ਪਹੁੰਚਣ ਉੱਤੇ ਨਵਜੋਤ ਸਿੰਘ ਸਿੱਧੂ ਦਾ ਸਵਾਗਤ ਕਰਦੇ ਹੋਏ ਕਾਂਗਰਸੀ ਵਰਕਰ।

 

ਅੰਮ੍ਰਿਤਸਰ/ਬਿਊਰੋ ਨਿਊਜ਼:
ਸਾਬਕਾ ਸੰਸਦ ਮੈਂਬਰ ਨਵਜੋਤ ਸਿੰਘ ਸਿੱਧੂ ਇਸ ਵਾਰ ਕਾਂਗਰਸੀ ਟੀਮ ਦੇ ਖਿਡਾਰੀ ਵਜੋਂ ਪੰਜਾਬ ਦੀ ਰਾਜਸੀ ਪਿੱਚ ਤੋਂ ਸਿਆਸਤ ਦੀ ਨਵੀਂ ਪਾਰੀ ਸ਼ੁਰੂ ਕਰਨ ਲਈ ਮੈਦਾਨ ਵਿੱਚ ਨਿੱਤਰ ਆਇਆ ਹੈ। ਮੰਗਲਵਾਰ ਨੂੰ  ਉਸਦਾ ਅੰਮ੍ਰਿਤਸਰ ਆਮਦ ‘ਤੇ ਕਾਂਗਰਸੀਆਂ ਨੇ ਭਰਵਾਂ ਸਵਾਗਤ ਕੀਤਾ। ਸ੍ਰੀ ਸਿੱਧੂ ਨੇ ਸ਼ੁਕਰਾਨੇ ਵਜੋਂ ਹਰਿਮੰਦਰ ਸਾਹਿਬ ਮੱਥਾ ਟੇਕਿਆ। ਇਸ ਮਗਰੋਂ ਉਨ੍ਹਾਂ ਆਖਿਆ ਕਿ ਅੱਜ ਪ੍ਰਣ ਕੀਤਾ ਹੈ ਕਿ ਬੇਹਾਲ ਪੰਜਾਬ ਨੂੰ ਖੁਸ਼ਹਾਲ ਬਣਾਉਣ ਲਈ ਲੜਾਈ ਲੜਣਗੇ। ਇਹ ਲੜਾਈ ਇਕੱਲੇ ਉਨ੍ਹਾਂ ਦੀ ਨਹੀਂ ਸਗੋਂ ਸਮੁੱਚੇ ਪੰਜਾਬੀਆਂ ਦੀ ਲੜਾਈ ਹੈ। ਨਵਜੋਤ ਸਿੰਘ ਸਿੱਧੂ ਦਾ ਕਾਂਗਰਸੀਆਂ ਨੇ ਭਰਵਾਂ ਸਵਾਗਤ ਕੀਤਾ। ਹਵਾਈ ਅੱਡੇ ਦੇ ਅੰਦਰ ਅਤੇ ਬਾਹਰ ਸ੍ਰੀ ਸਿੱਧੂ ਦੇ ਹੱਕ ਵਿੱਚ ਨਾਅਰੇ ਗੂੰਜ ਰਹੇ ਸਨ। ਫਿਜ਼ਾ ਵਿੱਚ ‘ਸਿੱਧੂ ਆ ਗਿਆ, ਸਿੱਧੂ ਛਾ ਗਿਆ’ ਦੇ ਨਾਅਰੇ ਮਾਰੇ ਜਾ ਰਹੇ ਸਨ। ਹਵਾਈ ਅੱਡੇ ਤੋਂ ਲੈ ਕੇ ਹਰਿਮੰਦਰ ਸਾਹਿਬ ਦੇ ਰਸਤੇ ਤਕ ਸ੍ਰੀ ਸਿੱਧੂ ਦਾ ਥਾਂ ਥਾਂ ‘ਤੇ ਕਾਂਗਰਸੀਆਂ ਨੇ ਭਰਵਾਂ ਸਵਾਗਤ ਕੀਤਾ। ਕਾਂਗਰਸੀ ਵੀ ਸਾਰੇ ਮਤਭੇਦ ਛੱਡ ਕੇ ਸਿੱਧੂ ਨਾਲ ਇਕਜੁਟ ਹੋ ਕੇ ਖੜੇ ਸਨ। ਸ੍ਰੀ ਸਿੱਧੂ ਖੁੱਲੀ ਗੱਡੀ ਵਿੱਚ ਸਵਾਰ ਸੀ ਅਤੇ ਵਾਹਨਾਂ ਦੇ ਕਾਫਲੇ ਨਾਲ ਹਰਿਮੰਦਰ ਸਾਹਿਬ ਪੁੱਜੇ। ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਵਿਖੇ ਨਤਮਸਤਕ ਹੋਣ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸ੍ਰੀ ਸਿੱਧੂ ਨੇ ਆਖਿਆ, ‘ਜਦੋਂ ਪਾਪ ਦਾ ਘੜਾ ਭਰਦਾ, ਜਦੋਂ ਲੋਕਾਂ ਨੂੰ ਰੱਬ ਭੁੱਲਦਾ ਤਾਂ ਪ੍ਰਮਾਤਮਾ ਫਿਰ ਅਜਿਹਾ ਕੁਝ ਕਰਦਾ ਕਿ ਹੋਂਦ ਨਹੀਂ ਲੱਭਦੀ’। ਸ੍ਰੀ ਸਿੱਧੂ ਨੇ ਬਿਨਾਂ ਕਿਸੇ ਦਾ ਨਾਂ ਲਏ ਇਹ ਗੱਲ ਆਖ ਕੇ ਸ਼੍ਰੋਮਣੀ ਅਕਾਲੀ ਦਲ ਵਲ ਸੰਕੇਤ ਕੀਤਾ ਹੈ। ਉਸਨੇ ਆਖਿਆ ਕਿ ਕਈ ਵਾਰ ਇੱਥੋਂ ਲੋਕ ਸਭਾ ਚੋਣ ਜਿੱਤੇ ਵਿਅਕਤੀ ਨੂੰ ਭਜਾਉਣ ਦਾ ਯਤਨ ਕੀਤਾ ਗਿਆ ਹੈ। ਇਸ ਪਿੱਛੇ ਕੌਣ ਸਨ ਅਤੇ ਕੌਣ ਖ਼ੁਦ ਨੂੰ ਅਸੁਰੱਖਿਅਤ ਮਹਿਸੂਸ ਕਰਦੇ ਸਨ, ਸਭ ਨੂੰ ਪਤਾ ਹੈ। ਉਹ  ਗੁਰੂ ਘਰ ਲਈ ਸੇਵਾ ਕਰਨਾ ਚਾਹੁੰਦੇ ਸਨ ਪਰ ਉਨ੍ਹਾਂ ਨੂੰ ਇਕ ਇੱਟ ਨਹੀਂ ਲਾਉਣ ਦਿੱਤੀ ਗਈ। ਉਸ ਦੇ ਅੱਠ ਪ੍ਰੋਜੈਕਟ ਰੋਕ ਦਿੱਤੇ ਗਏ। ਉਨ੍ਹਾਂ ਆਖਿਆ ਕਿ ਲੋਕ ਹੁਣ ਇਨ੍ਹਾਂ ਤੋਂ ਤੰਗ ਆ ਚੁੱਕੇ ਹਨ।
ਸ੍ਰੀ ਸਿੱਧੂ ਨੇ ਆਖਿਆ ਕਿ ਉਨ੍ਹਾਂ ਪ੍ਰਣ ਕੀਤਾ ਹੈ ਕਿ ਬੇਹਾਲ ਪੰਜਾਬ ਨੂੰ ਖੁਸ਼ਹਾਲ ਬਣਾਉਣ ਲਈ ਲੜਾਈ ਲੜਣਗੇ। ਉਨ੍ਹਾਂ ਨੇ ਲੋਕਾਂ ਨੂੰ ਸੱਦਾ ਦਿੱਤਾ ਕਿ ਇਸ ਲੜਾਈ ਵਿੱਚ ਉਨ੍ਹਾਂ ਦਾ ਸਾਥ ਦੇਣ। ਉਨ੍ਹਾਂ ਆਖਿਆ ਕਿ ਇਕ ਦੋ ਦਿਨਾਂ ਵਿੱਚ ਹੀ ਚੋਣਾਂ ਸਬੰਧੀ ਆਪਣਾ ਏਜੰਡਾ ਲੋਕਾਂ ਦੇ ਸਾਹਮਣੇ ਰੱਖਣਗੇ। ਇਸ ਦੌਰਾਨ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ। ਮੌਕੇ ‘ਤੇ ਨਵਜੋਤ ਕੌਰ ਸਿੱਧੂ, ਪੰਜਾਬ ਮਹਿਲਾ ਕਾਂਗਰਸ ਦੀ ਪ੍ਰਧਾਨ ਮਮਤਾ ਦੱਤਾ, ਲੋਕ ਸਭਾ ਹਲਕੇ ਤੋਂ ਕਾਂਗਰਸੀ ਉਮੀਦਵਾਰ ਗੁਰਜੀਤ ਸਿੰਘ ਔਜਲਾ, ਜ਼ਿਲ੍ਹਾ ਪ੍ਰਧਾਨ ਜੁਗਲ ਕਿਸ਼ੋਰ ਸ਼ਰਮਾ, ਅਨੁਸੂਚਿਤ ਜਾਤੀ ਕਮਿਸ਼ਨ ਦੇ ਮੀਤ ਚੇਅਰਮੈਨ ਰਾਜ ਕੁਮਾਰ ਵੇਰਕਾ ਸਮੇਤ ਵਰਕਰ ਹਾਜ਼ਰ ਸਨ।