ਪੰਜ ਪਿਆਰਿਆਂ ਵੱਲੋਂ ਕੇਜਰੀਵਾਲ ਨੂੰ ਸਿਰੋਪਾਓ ਦੇਣ ‘ਤੇ ਸ਼੍ਰੋਮਣੀ ਕਮੇਟੀ ਨੂੰ ਇਤਰਾਜ਼

ਪੰਜ ਪਿਆਰਿਆਂ ਵੱਲੋਂ ਕੇਜਰੀਵਾਲ ਨੂੰ ਸਿਰੋਪਾਓ ਦੇਣ ‘ਤੇ ਸ਼੍ਰੋਮਣੀ ਕਮੇਟੀ ਨੂੰ ਇਤਰਾਜ਼

ਅੰਮ੍ਰਿਤਸਰ/ਬਿਊਰੋ ਨਿਊਜ਼ :
ਸ਼੍ਰੋਮਣੀ ਕਮੇਟੀ ਵੱਲੋਂ ਬਰਖ਼ਾਸਤ ਕੀਤੇ ਪੰਜ ਪਿਆਰਿਆਂ ਵੱਲੋਂ ਮੁਲਾਕਾਤ ਦੌਰਾਨ ‘ਆਪ’ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਸਿਰੋਪਾਓ ਦਿੱਤੇ ਜਾਣ ‘ਤੇ ਇਤਰਾਜ਼ ਪ੍ਰਗਟਾਉਂਦਿਆਂ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਅਮਰਜੀਤ ਸਿੰਘ ਚਾਵਲਾ ਨੇ ਇਸ ਨੂੰ 1978 ਵਿੱਚ ਨਿਰੰਕਾਰੀਆਂ ਖ਼ਿਲਾਫ਼ ਜਾਰੀ ਕੀਤੇ ਹੁਕਮਨਾਮੇ ਦੀ ਉਲੰਘਣਾ ਕਰਾਰ ਦਿੱਤਾ ਹੈ। ਉਨ੍ਹਾਂ ਅਕਾਲ ਤਖ਼ਤ ਦੇ ਜਥੇਦਾਰ ਨੂੰ ਅਪੀਲ ਕੀਤੀ ਹੈ ਕਿ ਹੁਕਮਨਾਮੇ ਦੀ ਉਲੰਘਣਾ ਕਰਨ ਦੇ ਦੋਸ਼ ਹੇਠ ‘ਪੰਜ ਪਿਆਰਿਆਂ’ ਖ਼ਿਲਾਫ਼ ਗੁਰਮਰਿਆਦਾ ਅਨੁਸਾਰ ਕਾਰਵਾਈ ਕੀਤੀ ਜਾਵੇ।
ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਅਮਰਜੀਤ ਸਿੰਘ ਚਾਵਲਾ ਨੇ ਆਖਿਆ ਕਿ ‘ਆਪ’ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਿਰੰਕਾਰੀ ਡੇਰੇ ਦਾ ਚੇਲਾ ਹੈ। ਉਨ੍ਹਾਂ ਕਿਹਾ ਕਿ ਦਿੱਲੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਅਤੇ ਚੋਣਾਂ ਜਿੱਤਣ ਤੋਂ ਬਾਅਦ ਸ੍ਰੀ ਕੇਜਰੀਵਾਲ ਨੇ ਨਿਰੰਕਾਰੀ ਮੁਖੀ ਬਾਬਾ ਹਰਦੇਵ ਸਿੰਘ ਕੋਲ ਹਾਜ਼ਰੀ ਭਰ ਕੇ ਨਿਰੰਕਾਰੀ ਡੇਰੇ ਪ੍ਰਤੀ ਆਪਣੀ ਪ੍ਰਤੀਬੱਧਤਾ ਵੀ ਪ੍ਰਗਟਾਈ ਸੀ।
ਨਿਰੰਕਾਰੀ ਮੁਖੀ ਦੀ ਮੌਤ ਮਗਰੋਂ ਉਨ੍ਹਾਂ ਨੇ ਯਾਦਗਾਰ ਸਥਾਪਤ ਕਰਨ ਦਾ ਐਲਾਨ ਵੀ ਕੀਤਾ ਸੀ। ਉਨ੍ਹਾਂ ਆਖਿਆ ਕਿ ਸਿੱਖ ਧਰਮ ਵਿੱਚ ਪੰਜ ਪਿਆਰਿਆਂ ਦਾ ਵਿਸ਼ੇਸ਼ ਸਥਾਨ ਅਤੇ ਸਤਿਕਾਰ ਹੈ। ਇਸ ਲਈ ਨਿਰੰਕਾਰੀ ਮੁਖੀ ਦੇ ‘ਚੇਲੇ’ ਨੂੰ ਸਿਰੋਪਾਓ ਦੇਣ ਦੀ ਕਾਰਵਾਈ ਨੂੰ ਅੱਖੋਂ-ਪਰੋਖੇ ਨਹੀਂ ਕੀਤਾ ਜਾ ਸਕਦਾ।
ਉਨ੍ਹਾਂ ਕਿਹਾ ਕਿ 1978 ਵਿੱਚ ਅਕਾਲ ਤਖ਼ਤ ਤੋਂ ਨਿਰੰਕਾਰੀਆਂ ਖ਼ਿਲਾਫ਼ ਹੁਕਮਨਾਮਾ ਜਾਰੀ ਹੋਇਆ ਸੀ, ਜਿਸ ਵਿੱਚ ਨਿਰੰਕਾਰੀ ਡੇਰੇ ਨਾਲ ਸਬੰਧ ਰੱਖਣ ਵਾਲੇ ਕਿਸੇ ਵੀ ਵਿਅਕਤੀ ਨਾਲ ਕੋਈ ਸਾਂਝ ਰੱਖਣ ਤੋਂ ਮਨਾ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ‘ਪੰਜ ਪਿਆਰਿਆਂ’ ਨੇ ਹੁਕਮਨਾਮੇ ਦੀ ਉਲੰਘਣਾ ਕੀਤੀ ਹੈ। ਉਨ੍ਹਾਂ ਅਕਾਲ ਤਖ਼ਤ ਦੇ ਜਥੇਦਾਰ ਨੂੰ ਅਪੀਲ ਕੀਤੀ ਹੈ ਕਿ ਹੁਕਮਨਾਮੇ ਦੀ ਉਲੰਘਣਾ ਕਰਨ ਦੇ ਦੋਸ਼ ਹੇਠ ‘ਪੰਜ ਪਿਆਰਿਆਂ’ ਨੂੰ ਅਕਾਲ ਤਖ਼ਤ ‘ਤੇ ਤਲਬ ਕੀਤਾ ਜਾਵੇ ਅਤੇ ਪੰਥਕ ਰਵਾਇਤਾਂ ਮੁਤਾਬਕ ਸਖ਼ਤ ਕਾਰਵਾਈ ਕੀਤੀ ਜਾਵੇ।
ਦੱਸਣਯੋਗ ਹੈ ਕਿ ਅਰਵਿੰਦ ਕੇਜਰੀਵਾਲ ‘ਪੰਜ ਪਿਆਰਿਆਂ’ ਨਾਲ ਮੁਲਾਕਾਤ ਲਈ ਭਾਈ ਮੇਜਰ ਸਿੰਘ ਦੇ ਘਰ ਗਏ ਸਨ, ਜਿੱਥੇ ਉਨ੍ਹਾਂ ਨੇ ‘ਪੰਜ ਪਿਆਰਿਆਂ’ ਨਾਲ ਮੁਲਾਕਾਤ ਕੀਤੀ ਅਤੇ ਸਫ਼ਲਤਾ ਲਈ ਆਸ਼ੀਰਵਾਦ ਵੀ ਲਿਆ। ਇਸ ਮੁਲਾਕਾਤ ਦੌਰਾਨ ‘ਪੰਜ ਪਿਆਰਿਆਂ’ ਵੱਲੋਂ ਸ੍ਰੀ ਕੇਜਰੀਵਾਲ ਨੂੰ ਸਿਰੋਪਾਓ ਵੀ ਦਿੱਤਾ ਗਿਆ ਸੀ।
ਭਾਈ ਸਤਨਾਮ ਸਿੰਘ ਬੋਲੇ- ਅਕਾਲੀ ਆਗੂਆਂ ਖ਼ਿਲਾਫ਼ ਹੋਵੇ ਕਾਰਵਾਈ :
‘ਪੰਜ ਪਿਆਰਿਆਂ’ ਵਿੱਚ ਸ਼ਾਮਲ ਭਾਈ ਸਤਨਾਮ ਸਿੰਘ ਖੰਡਾ ਨੇ ਆਖਿਆ ਕਿ ਅਰਵਿੰਦ ਕੇਜਰੀਵਾਲ ਨੂੰ ਸਿਰੋਪਾਓ ਦੇਣ ‘ਤੇ ਇਤਰਾਜ਼ ਕਰਨ ਵਾਲੇ ਭਾਈ ਅਮਰਜੀਤ ਸਿੰਘ ਚਾਵਲਾ ਨੂੰ ਇਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਉਨ੍ਹਾਂ ਆਗੂਆਂ ਖ਼ਿਲਾਫ਼ ਵੀ ਕਾਰਵਾਈ ਦੀ ਮੰਗ ਕਰਨੀ ਚਾਹੀਦੀ ਹੈ, ਜਿਨ੍ਹਾਂ ਨੇ ਡੇਰਾ ਸਿਰਸਾ ਦੇ ਮੁਖੀ ਨਾਲ ਮੁਲਾਕਾਤ ਕਰਕੇ ਵੋਟਾਂ ਵਿੱਚ ਸਮਰਥਨ ਦੀ ਮੰਗ ਕੀਤੀ ਹੈ ਤੇ ਡੇਰੇ ‘ਤੇ ਜਾਣ ਵਾਲਿਆਂ ਵਿੱਚ ਕਈ ਪ੍ਰਮੁੱਖ ਅਕਾਲੀ ਆਗੂ ਤੇ ਮੰਤਰੀ ਸ਼ਾਮਲ ਹਨ। ਉਨ੍ਹਾਂ ਆਖਿਆ ਕਿ ਅਕਾਲ ਤਖ਼ਤ ਵੱਲੋਂ ਡੇਰਾ ਸਿਰਸਾ ਖ਼ਿਲਾਫ਼ ਵੀ ਅਜਿਹਾ ਹੀ ਹੁਕਮਨਾਮਾ ਜਾਰੀ ਕੀਤਾ ਹੋਇਆ ਹੈ।