ਭਾਜਪਾ ਦਾ ਮੈਨੀਫੈਸਟੋ-ਕਾਂਗਰਸ ਦੇ ਸਾਰੇ ਵੱਡੇ ਐਲਾਨਾਂ ਨੂੰ ਭਾਜਪਾ ਨੇ ਸ਼ਾਮਲ ਕੀਤਾ

ਭਾਜਪਾ ਦਾ ਮੈਨੀਫੈਸਟੋ-ਕਾਂਗਰਸ ਦੇ ਸਾਰੇ ਵੱਡੇ ਐਲਾਨਾਂ ਨੂੰ ਭਾਜਪਾ ਨੇ ਸ਼ਾਮਲ ਕੀਤਾ

ਨੀਲੇ ਕਾਰਡ ਵਾਲਿਆਂ ਨੂੰ ਦਾਲ ਦੇ ਨਾਲ ਘਿਓ ਵੀ, ਨਸ਼ਾ ਰੋਕਣ ਲਈ ਵਿਸ਼ੇਸ਼ ਟੀਮ ਦਾ ਵਾਅਦਾ
ਜਲੰਧਰ/ਬਿਊਰੋ ਨਿਊਜ਼ :
ਭਾਜਪਾ ਜੇਕਰ ਚੋਣ ਜਿੱਤ ਜਾਂਦੀ ਹੈ ਤਾਂ ਨੀਲੇ ਕਾਰਡ ਧਾਰਕਾਂ ਨੂੰ ਹਰ ਮਹੀਨੇ ਦੋ ਕਿਲੋ ਦੇਸੀ ਘਿਓ ਵੀ ਦੇਵੇਗੀ। ਨਾਲ ਹੀ 5 ਕਿਲੋ ਖੰਡ ਵੀ। ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਵੱਲੋਂ ਪੰਜਾਬ ਵਿਧਾਨ ਸਭਾ ਚੋਣਾਂ  ਲਈ ਭਾਜਪਾ ਦੇ ਜਾਰੀ ਕੀਤੇ ਗਏ ਚੋਣ ਮਨੋਰਥ ਪੱਤਰ ਵਿੱਚ ਲੋਕ ਲੁਭਾਊ ਵਾਅਦਿਆਂ ਨੂੰ ਦੁਹਰਾਇਆ ਹੈ। ਭਾਜਪਾ ਨੇ ਲੋਕਾਂ ਨੂੰ ਆਟਾ-ਦਾਲ ਸਕੀਮ ਦੇ ਨਾਲ 25 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਦੋ ਕਿਲੋ ਦੇਸੀ ਘਿਉ ਅਤੇ 10 ਰੁਪਏ ਕਿਲੋ ਦੇ ਹਿਸਾਬ ਨਾਲ 5 ਕਿਲੋ ਖੰਡ ਹਰ ਮਹੀਨੇ ਦੇਣ ਦਾ ਵਾਅਦਾ ਕੀਤਾ ਹੈ। ਚੋਣ ਮਨੋਰਥ ਪੱਤਰ ਵਿਚ ਭਾਜਪਾ ਨੇ ਗਠਜੋੜ ਸਰਕਾਰ ਦੀਆਂ 10 ਸਾਲ ਦੀਆਂ ਪ੍ਰਾਪਤੀਆਂ ਗਿਣਾਈਆਂ ਹਨ ਪਰ ਨੋਟਬੰਦੀ ਦਾ ਜ਼ਿਕਰ ਤੱਕ ਨਹੀਂ ਕੀਤਾ। ਉਂਜ ਸੂਬਾ ਪ੍ਰਧਾਨ ਵਿਜੈ ਸਾਂਪਲਾ ਨੇ ਨੋਟਬੰਦੀ ਨੂੰ ਚੋਣ ਮੁੱਦਾ ਬਣਾਉਣ ਦਾ ਐਲਾਨ ਕੀਤਾ ਸੀ। ਦੂਜੀਆਂ ਪਾਰਟੀਆਂ ਵਾਂਗ ਭਾਜਪਾ ਨੇ ਵੀ ਸੂਬੇ ਦੇ ਹਰ ਘਰ ਵਿੱਚ ਇੱਕ ਜਣੇ ਨੂੰ ਰੁਜ਼ਗਾਰ ਦੇਣ ਦਾ ਵਾਅਦਾ ਕੀਤਾ ਹੈ। ਦਲਿਤਾਂ ਨੂੰ ਪੜ੍ਹਾਈ ਲਈ 15 ਲੱਖ ਰੁਪਏ ਤੱਕ ਸਕਾਲਰਸ਼ਿਪ, ਲੜਕੀਆਂ ਨੂੰ ਪੀਐਚ ਡੀ ਤੱਕ ਮੁਫ਼ਤ ਪੜ੍ਹਾਈ, ਢਾਈ ਏਕੜ ਜਾਂ ਇਸ ਤੋਂ ਘੱਟ ਜ਼ਮੀਨ ਵਾਲੇ ਕਿਸਾਨਾਂ ਦੇ ਕਰਜ਼ੇ ਮੁਆਫ਼ ਕਰਨ ਜਿਹੇ ਵਾਅਦੇ ਕੀਤੇ ਗਏ ਹਨ। ਵਪਾਰੀਆਂ ਨੂੰ ਖੁਸ਼ ਕਰਨ ਦੇ ਯਤਨ ਤਹਿਤ ਜੀਐਸਟੀ ਨੂੰ ਪ੍ਰਭਾਵੀ ਢੰਗ ਨਾਲ ਲਾਗੂ ਕਰਨ ਅਤੇ ਵੈਟ ਨੂੰ ਰਿਫੰਡ ਹੋਰ ਸਰਲ ਬਣਾਉਣ ਦੇ ਵਾਅਦੇ ਵੀ ਕੀਤੇ ਗਏ ਹਨ। ਸਿਹਤ ਬੀਮਾ, ਸਿੱਖਿਆ, ਮੁਲਾਜ਼ਮਾਂ, ਔਰਤਾਂ, ਅਤਿਵਾਦ ਤੋਂ ਪੀੜਤ ਪਰਿਵਾਰਾਂ, ਸਾਬਕਾ ਫ਼ੌਜੀਆਂ, ਐਨਆਰਆਈ ਤੇ ਪੰਚਾਇਤਾਂ ਸਮੇਤ ਵਾਤਾਵਰਣ ਦੇ ਮੁੱਦੇ ਵੀ ਚੋਣ ਮਨੋਰਥ ਪੱਤਰ ਵਿਚ ਸ਼ਾਮਲ ਕੀਤੇ ਗਏ ਹਨ। ਸ੍ਰੀ ਜੇਤਲੀ ਨੇ ਕਿਹਾ ਕਿ  ਭਾਜਪਾ ਨੇ ਚੋਣ ਮਨੋਰਥ ਪੱਤਰ  ਵਿਚ ਪੰਜਾਬ ਦੇ ਆਰਥਿਕ ਅਤੇ ਸਮਾਜਿਕ ਵਿਕਾਸ ਨੂੰ ਧਿਆਨ ਵਿੱਚ ਰੱਖਦੇ ਹੋਏ ਸਾਂਝਾ ਪ੍ਰੋਗਰਾਮ ਉਲੀਕਿਆ ਹੈ। ਉਨ੍ਹਾਂ ਆਖਿਆ ਕਿ ਤੀਜੀ ਵਾਰ ਸੱਤਾ ਵਿੱਚ ਆਉਣ ‘ਤੇ ਸੂਬੇ ਦੇ ਵਿਕਾਸ ਦੀ ਰਫ਼ਤਾਰ ਤੇਜ਼ ਕਰਾਂਗੇ। ਇਸ ਮੌਕੇ  ਸੂਬਾ ਪ੍ਰਧਾਨ ਵਿਜੈ ਸਾਂਪਲਾ, ਚੋਣ ਮੈਨੀਫੈਸਟੋ ਕਮੇਟੀ ਦੇ ਚੇਅਰਮੈਨ ਕਮਲ ਸ਼ਰਮਾ, ਕੌਮੀ ਜਨਰਲ ਸਕੱਤਰ ਰਾਮਲਾਲ, ਪੰਜਾਬ ਮਾਮਲਿਆਂ ਦੇ ਇੰਚਾਰਜ ਪ੍ਰਭਾਤ ਝਾਅ, ਜਨਰਲ ਸਕੱਤਰ ਮਨਜੀਤ ਸਿੰਘ ਰਾਏ, ਰਾਜ ਸਭਾ ਮੈਂਬਰ ਸ਼ਵੇਤ ਮਲਿਕ ਅਤੇ ਪੰਜਾਬ ਭਾਜਪਾ ਦੇ ਸਕੱਤਰ ਵਿਨੀਤ ਜੋਸ਼ੀ ਵੀ ਹਾਜ਼ਰ ਸਨ।
ਨਸ਼ਿਆਂ ਬਾਰੇ ਅਕਾਲੀ ਦਲ ਅਤੇ ਭਾਜਪਾ ਦੇ ਸੁਰ ਵੱਖਰੇ :
ਉਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸੂਬੇ ਵਿੱਚ ਨਸ਼ੇ ਨਾ ਹੋਣ ਦੇ ਦਾਅਵੇ ਕਰ ਰਹੇ ਹਨ ਪਰ ਭਾਜਪਾ ਨੇ  ਪੰਜਾਬ ਨੂੰ ਨਸ਼ਾ ਮੁਕਤ ਕਰਨ ਦਾ ਵਾਅਦਾ ਕੀਤਾ ਹੈ। ਚੋਣ ਮਨੋਰਥ ਪੱਤਰ ਵਿਚ ਕਿਹਾ ਗਿਆ ਹੈ ਕਿ ਸਰਕਾਰ ਬਣਨ ‘ਤੇ ਡਰੱਗ ਮਾਫ਼ੀਏ ਖ਼ਿਲਾਫ਼ ਮੁਹਿੰਮ ਲਈ ਸਪੈਸ਼ਲ ਐਂਟੀ ਡਰੱਗ ਸਕੁਐਡ ਬਣਾਇਆ ਜਾਵੇਗਾ।