ਅਕਾਲੀ ਦਲ ਦੀ ਨਮੋਸ਼ੀ ਭਰੀ ਹਾਰ ਕਾਰਨ ਮੰਤਰੀਆਂ ਨੇ ਸੁਖਬੀਰ ਬਾਦਲ ‘ਤੇ ਚੁੱਕੀ ਉਂਗਲ

ਅਕਾਲੀ ਦਲ ਦੀ ਨਮੋਸ਼ੀ ਭਰੀ ਹਾਰ ਕਾਰਨ ਮੰਤਰੀਆਂ ਨੇ ਸੁਖਬੀਰ ਬਾਦਲ ‘ਤੇ ਚੁੱਕੀ ਉਂਗਲ

ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਕਰਦੇ ਰਹੇ ਪੁੱਤਰ ਦਾ ਬਚਾਅ

 

 

ਚੰਡੀਗੜ੍ਹ/ਬਿਊਰੋ ਨਿਊਜ਼ :
ਸ਼੍ਰੋਮਣੀ ਅਕਾਲੀ ਦਲ ਦੀ ਨਮੋਸ਼ੀ ਭਰੀ ਹਾਰ ਕਾਰਨ ਮੰਤਰੀਆਂ ਤੇ ਸੀਨੀਅਰ ਆਗੂਆਂ ਵੱਲੋਂ ਜਿੱਥੇ ਬਾਦਲ ਪਰਿਵਾਰ ਅਤੇ ਸਰਕਾਰ ਦੀ ਕਾਰਗੁਜ਼ਾਰੀ ‘ਤੇ ਸਵਾਲੀਆ ਨਿਸ਼ਾਨ ਲਾਇਆ ਜਾ ਰਿਹਾ ਹੈ, ਉਥੇ ਪ੍ਰਕਾਸ਼ ਸਿੰਘ ਬਾਦਲ ਆਪਣੇ ਪੁੱਤਰ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਬਚਾਅ ਕਰਦੇ ਦਿਖਾਈ ਦੇ ਰਹੇ ਹਨ।
ਵਿਧਾਨ ਸਭਾ ਭੰਗ ਕਰਨ ਅਤੇ ਸਰਕਾਰ ਦਾ ਅਸਤੀਫ਼ਾ ਦੇਣ ਲਈ ਪ੍ਰਕਾਸ਼ ਸਿੰਘ ਬਾਦਲ ਨੇ ਇੱਥੇ ਮੰਤਰੀ ਮੰਡਲ ਦੀ ਮੀਟਿੰਗ ਬੁਲਾਈ। ਮੀਟਿੰਗ ਤੋਂ ਬਾਅਦ ਮਾਲਵੇ ਨਾਲ ਸਬੰਧਤ ਇਕ ਸੀਨੀਅਰ ਮੰਤਰੀ ਨੇ ਕਿਹਾ ਕਿ ਬੇਅਦਬੀ ਦੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਨਾ ਕਰਨਾ ਹੀ ਪਾਰਟੀ ਲਈ ਮਹਿੰਗਾ ਸਾਬਤ ਹੋਇਆ। ਮੀਟਿੰਗ ਮੌਕੇ ਪੰਜਾਬ ਭਵਨ ਦਾ ਦ੍ਰਿਸ਼ ਬਹੁਤ ਬਦਲਿਆ ਹੋਇਆ ਸੀ। ਮੀਟਿੰਗ ਦਾ ਸਮਾਂ 12 ਵਜੇ ਦਾ ਰੱਖਿਆ ਗਿਆ ਸੀ ਪਰ ਸੁਖਬੀਰ ਸਿੰਘ ਬਾਦਲ 40 ਮਿੰਟ ਦੇਰੀ ਨਾਲ ਪਹੁੰਚੇ ਅਤੇ ਮੀਟਿੰਗ ਦੀ  ਕਾਰਵਾਈ ਜੋ ਚੰਦ ਮਿੰਟਾਂ ਵਿੱਚ ਖ਼ਤਮ ਹੋ ਜਾਣੀ ਸੀ, ਸਿਰਫ਼ ਛੋਟੇ ਬਾਦਲ ਦੀ ਉਡੀਕ ਲਈ ਪੌਣੇ ਘੰਟੇ ਤੱਕ ਲਮਕੀ ਰਹੀ। ਸੂਤਰਾਂ ਦਾ ਦੱਸਣਾ ਹੈ ਕਿ ਸੁਖਬੀਰ ਬਾਦਲ ਨੇ ਦੇਰੀ ਨਾਲ ਪਹੁੰਚਣ ਬਾਰੇ ਦੱਸਿਆ ਕਿ ”ਦਰਅਸਲ ਚੰਡੀਗੜ੍ਹ ਹਵਾਈ ਅੱਡੇ ਉਤੇ ਜਹਾਜ਼ ਉਤਰਨ ਵਿੱਚ ਦੇਰੀ ਹੋ ਗਈ ਤੇ ਕਾਫ਼ੀ ਸਮਾਂ ਜਹਾਜ਼ ਆਸਮਾਨ ਵਿੱਚ ਹੀ ਉਡਦਾ ਰਿਹਾ।”
ਪ੍ਰਕਾਸ਼ ਸਿੰਘ ਬਾਦਲ ਮਿੱਥੇ ਸਮੇਂ ਮੁਤਾਬਕ 12 ਵਜੇ ਪੰਜਾਬ ਭਵਨ ਪਹੁੰਚ ਗਏ ਸਨ। ਹੁਣ ਕਿਉਂਕਿ ਤਾਜ ਬਦਲ ਗਏ ਹਨ, ਇਸ ਲਈ ਮੀਟਿੰਗ ਵਾਲੀ ਥਾਂ ਪਹਿਲਾਂ ਵਾਂਗ ਲਾਮ ਲਸ਼ਕਰ ਨਹੀਂ ਸੀ। ਸਰਕਾਰੀ ਕਾਰ ਵਿੱਚ ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਸੰਤੋਸ਼ ਕੁਮਾਰ ਸੰਧੂ ਅਤੇ ਵਿਸ਼ੇਸ਼ ਸਕੱਤਰ ਗਗਨਦੀਪ ਸਿੰਘ ਸ੍ਰੀ ਬਾਦਲ ਨਾਲ ਸਵਾਰ ਸਨ। ਅਫ਼ਸਰਾਂ ਦੀ ਫੌਜ ਕਿਧਰੇ ਦਿਖਾਈ ਨਹੀਂ ਸੀ ਦੇ ਰਹੀ। ਪੁਲੀਸ ਮੁਲਾਜ਼ਮ ਵੀ ਤਲਾਸ਼ੀ ਦੇ ਨਾਮ ‘ਤੇ ਕੋਈ ਅੜਿੱਕੇ ਖੜ੍ਹੇ ਨਹੀਂ ਸਨ ਕਰ ਰਹੇ। ਇੱਥੋਂ ਤੱਕ ਕਿ ਸਲੂਟ ਮਾਰਨ ਵਾਲੇ ਵੱਡੇ ਅਫ਼ਸਰ ਵੀ ਗਾਇਬ ਸਨ, ਸਿਰਫ਼ ਸੁਰੱਖਿਆ ਵਜੋਂ ਤਾਇਨਾਤ ਪੁਲੀਸੀਏ ਹੀ ਹਾਜ਼ਰ ਸਨ। ਬਿਕਰਮ ਸਿੰਘ ਮਜੀਠੀਆ, ਸੁਰਜੀਤ ਸਿੰਘ ਰੱਖੜਾ, ਸੁਰਜੀਤ ਕੁਮਾਰ ਜਿਆਣੀ ਅਤੇ ਅਜੀਤ ਸਿੰਘ ਕੋਹਾੜ ਮੁੱਖ ਮੰਤਰੀ ਦੇ ਆਉਣ ਤੋਂ ਬਾਅਦ ਹੀ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਪਹੁੰਚੇ।
ਸ੍ਰੀ ਬਾਦਲ ਤੋਂ ਪਹਿਲਾਂ ਆਉਣ ਵਾਲਿਆਂ ਵਿੱਚ ਜਥੇਦਾਰ ਤੋਤਾ ਸਿੰਘ, ਪਰਮਿੰਦਰ ਸਿੰਘ ਢੀਂਡਸਾ, ਡਾ. ਦਲਜੀਤ ਸਿੰਘ ਚੀਮਾ, ਸ਼ਰਨਜੀਤ ਸਿੰਘ ਢਿੱਲੋਂ, ਮਦਨ ਮੋਹਨ ਮਿੱਤਲ ਅਤੇ ਗੁਲਜ਼ਾਰ ਸਿੰਘ ਰਣੀਕੇ ਸ਼ਾਮਲ ਸਨ। ਬਾਕੀ ਮੰਤਰੀ ਅਨਿਲ ਕੁਮਾਰ ਜੋਸ਼ੀ, ਭਗਤ ਚੁੰਨੀ ਲਾਲ, ਜਨਮੇਜਾ ਸਿੰਘ ਸੇਖੋਂ, ਸਿਕੰਦਰ ਸਿੰਘ ਮਲੂਕਾ, ਸੋਹਨ ਸਿੰਘ ਠੰਡਲ, ਆਦੇਸ਼ ਪ੍ਰਤਾਪ ਸਿੰਘ ਕੈਰੋਂ ਗੈਰਹਾਜ਼ਰ ਸਨ। ਮੀਟਿੰਗ ਤੋਂ ਬਾਅਦ ਮੰਤਰੀਆਂ ਨਾਲ ਗੱਲਬਾਤ ਕੀਤੀ ਤਾਂ ਪਰਮਿੰਦਰ ਸਿੰਘ ਢੀਂਡਸਾ ਜ਼ਰੂਰ ਥੋੜ੍ਹੇ ਖ਼ੁਸ਼ ਨਜ਼ਰ ਆਏ ਪਰ ਬਾਕੀਆਂ ਲਈ ਹਾਰ ਝੱਲਣੀ ਔਖੀ ਹੋਈ ਪਈ ਹੈ। ਕਈ ਆਗੂਆਂ ਨੇ ਦੱਬਵੀਂ ਸੁਰ ਵਿੱਚ ਹਾਰ ਦਾ ਗੁੱਸਾ ਬਾਦਲ ਪਰਿਵਾਰ, ਖਾਸ ਕਰ ਸੁਖਬੀਰ ਸਿੰਘ ਬਾਦਲ ਅਤੇ ਮਾਫੀਆ ਗਰੋਹਾਂ ਦੀਆਂ ਗਤੀਵਿਧੀਆਂ ਸਿਰ ਕੱਢਿਆ। ਪਾਰਟੀ ਦੇ ਸੀਨੀਅਰ ਆਗੂਆਂ ਨਾਲ ਗੱਲਬਾਤ ਤੋਂ ਇਹੀ ਪ੍ਰਭਾਵ ਜਾਂਦਾ ਹੈ ਕਿ ਸੁਖਬੀਰ ਬਾਦਲ ਦੀ ਲੀਡਰਸ਼ਿਪ ਨੂੰ ਆਉਣ ਵਾਲੇ ਸਮੇਂ ਦੌਰਾਨ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਪ੍ਰਕਾਸ਼ ਸਿੰਘ ਬਾਦਲ ਪਹਿਲਾਂ ਵਾਂਗ ਹੀ ਹੁਣ ਵੀ ਆਪਣੇ ਪੁੱਤਰ ਲਈ ਸੰਕਟ ਮੋਚਨ ਬਣਦੇ ਨਜ਼ਰ ਆਏ। ਰਾਜ ਭਵਨ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਪਾਰਟੀ ਦੀ ਹਾਰ ਹੈ। ਇਸ ਦੀ ਪੜਚੋਲ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵਿਰੁੱਧ ਚੋਣਾਂ ਦੌਰਾਨ ਨਾਂਹ-ਪੱਖੀ (ਨੈਗੇਟਿਵ) ਪ੍ਰਚਾਰ ਕੀਤਾ ਗਿਆ, ਜਿਸ ਕਾਰਨ ਪਾਰਟੀ ਨੂੰ ਨੁਕਸਾਨ ਹੋਇਆ। ਪਾਰਟੀ ਦੀ ਕੋਰ ਕਮੇਟੀ ਦੀ ਮੀਟਿੰਗ ਬੁਲਾਈ ਜਾਵੇਗੀ, ਜਿਸ ਦੌਰਾਨ ਸਾਰੇ ਤੱਥਾਂ ਬਾਰੇ ਵਿਚਾਰ ਕੀਤਾ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਕਾਂਗਰਸ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਵਿਚਾਰਕ ਤੇ ਸਿਧਾਂਤਕ ਮੱਤਭੇਦ ਹਨ, ਇਸ ਲਈ ਕਿਸੇ ਤਰ੍ਹਾਂ ਦੀ ਸਾਂਝ ਨਹੀਂ ਪਾਈ ਜਾ ਸਕਦੀ। ਸ੍ਰੀ ਬਾਦਲ ਨੇ ਕਿਹਾ ਕਿ ਸਤਲੁਜ-ਯਮੁਨਾ ਲਿੰਕ ਨਹਿਰ ਆਉਣ ਵਾਲੇ ਸਮੇਂ ਦੌਰਾਨ ਵੱਡਾ ਮੁੱਦਾ ਬਣੇਗਾ ਤੇ ਪਾਰਟੀ ਪੰਜਾਬ ਦੇ ਹਿੱਤਾਂ ਲਈ ਲੜੇਗੀ। ਸੁਖਬੀਰ ਸਿੰਘ ਬਾਦਲ ਦਾ ਕਹਿਣਾ ਹੈ ਕਿ ਪਾਰਟੀ ਨੇ ਵਿਧਾਨ ਸਭਾ ਚੋਣਾਂ ਦੌਰਾਨ ਵੋਟ ਫੀਸਦੀ ਵਿੱਚ ਚੰਗਾ ਸਥਾਨ ਹਾਸਲ ਕੀਤਾ ਹੈ। ਉਨ੍ਹਾਂ ਸੀਟਾਂ ਘਟਣ ਦੀ ਥਾਂ ਵੋਟ ਫੀਸਦ ‘ਤੇ ਖ਼ੁਸ਼ੀ ਪ੍ਰਗਟਾਈ।