ਰਾਮਪੁਰਾ ਫੂਲ ‘ਚ ਗੋਲੀ ਲੱਗਣ ਨਾਲ ‘ਆਪ’ ਵਰਕਰ ਜ਼ਖ਼ਮੀ

ਰਾਮਪੁਰਾ ਫੂਲ ‘ਚ ਗੋਲੀ ਲੱਗਣ ਨਾਲ ‘ਆਪ’ ਵਰਕਰ ਜ਼ਖ਼ਮੀ

ਰਾਮਪੁਰਾ ਫੂਲ/ਬਿਊਰੋ ਨਿਊਜ਼ :
ਚੋਣ ਕਮਿਸ਼ਨ ਵੱਲੋਂ ਅਤਿ ਸੰਵੇਦਨਸ਼ੀਲ ਐਲਾਨੇ ਗਏ ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਵਿਚ ਗੋਲੀਬਾਰੀ ਕਾਰਨ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਹੈ। ਅਕਾਲੀ ਦਲ ਅਤੇ ‘ਆਪ’ ਵੱਲੋਂ ਇਸ ਮਾਮਲੇ ਨੂੰ ਲੈ ਕੇ ਇਕ ਦੂਜੇ ‘ਤੇ ਦੋਸ਼ ਲਾਏ ਜਾ ਰਹੇ ਹਨ। ਸ਼ਹਿਰ ਦੇ ਬਾਈਪਾਸ ‘ਤੇ ਬਣੀ ਕਾਲੋਨੀ ਵਿਚ ਅਕਾਲੀ ਆਗੂ ਪ੍ਰਵੀਨ ਕਾਂਸਲ ਦੀ ਰਿਹਾਇਸ਼ ‘ਤੇ ਹੋਏ ਇਸ ਝਗੜੇ ਵਿਚ ‘ਆਪ’ ਦਾ ਇਕ ਵਰਕਰ ਪੱਟ ਵਿਚ ਗੋਲੀ ਲੱਗਣ ਕਾਰਨ ਜ਼ਖ਼ਮੀ ਹੋ ਗਿਆ। ਜ਼ਖ਼ਮੀ ਨੌਜਵਾਨ ਨੂੰ ਇਲਾਜ ਲਈ ਆਦੇਸ਼ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ, ਜਿਸ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਇਸ ਘਟਨਾਕ੍ਰਮ ਕਾਰਨ ਦੋਵਾਂ ਪਾਰਟੀਆਂ ਵਿਚ ਤਣਾਅ ਵਾਲਾ ਮਾਹੌਲ ਹੈ। ਹਾਲਤ ਨੂੰ ਕਾਬੂ ਰੱਖਣ ਲਈ ਐਸ.ਐਸ.ਪੀ. ਸਵੱਪਨ ਸ਼ਰਮਾ ਤੇ ਐੱਸ.ਪੀ. ਦੇਸ ਰਾਜ ਦੀ ਅਗਵਾਈ ਵਿਚ ਸ਼ਹਿਰ ‘ਚ ਫਲੈਗ ਮਾਰਚ ਕੀਤਾ ਗਿਆ। ਮਾਮਲੇ ਸਬੰਧੀ ਦੋਹਾਂ ਧਿਰਾਂ ਵੱਲੋਂ ਪੱਤਰਕਾਰ ਸੰਮੇਲਨ ਰਾਹੀਂ ਇਕ-ਦੂਜੇ ਨੂੰ ਨਿਸ਼ਾਨੇ ‘ਤੇ ਲਿਆ ਗਿਆ। ਅਕਾਲੀ-ਭਾਜਪਾ ਦੇ ਸਾਂਝੇ ਉਮੀਦਵਾਰ ਸਿਕੰਦਰ ਸਿੰਘ ਮਲੂਕਾ ਨੇ ਦੋਸ਼ ਲਾਏ ਕਿ ਆਮ ਆਦਮੀ ਪਾਰਟੀ ਦੇ ਬੰਦਿਆਂ ਨੇ ਇਕੱਠੇ ਹੋ ਕੇ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਚੇਅਰਮੈਨ ਪ੍ਰਵੀਨ ਕਾਂਸਲ ਦੇ ਘਰ ‘ਤੇ ਹਮਲਾ ਕੀਤਾ। ਉਨ੍ਹਾਂ ਦੱਸਿਆ ਕਿ ਪਰਿਵਾਰ ‘ਤੇ ਹਮਲੇ ਦੌਰਾਨ ਇੱਟਾਂ ਰੋੜੇ ਤੇ ਮਾਰ ਦੇਣ ਦੀ ਨੀਯਤ ਨਾਲ ਗੋਲੀਆਂ ਚਲਾਈਆਂ। ਉਨ੍ਹਾਂ ਦੋਸ਼ ਲਾਇਆ ਕਿ ਪੁਲੀਸ ਨੂੰ ਸਮੇਂ ਸਿਰ ਸੂਚਨਾ ਦੇਣ ਦੇ ਬਾਵਜੂਦ ਮੌਕੇ ਦਾ ਥਾਣਾ ਅਫਸਰ ਤੇ ਡੀ.ਐੱਸ.ਪੀ. ਘਟਨਾ ਸਥਾਨ ‘ਤੇ ਕਾਫੀ ਦੇਰੀ ਨਾਲ ਪੁੱਜੇ। ਪ੍ਰਵੀਨ ਕਾਂਸਲ ਰੌਕੀ ਨੇ ਦੋਸ਼ ਲਾਇਆ ਕਿ ਉਨ੍ਹਾਂ ਹਮਲੇ ਦੌਰਾਨ ਹੋਈ ਗੋਲੀਬਾਰੀ ਵਿਚ ਆਪਣੀ ਜਾਨ ਘਰ ਵਿਚ ਲੁਕ ਕੇ ਬਚਾਈ। ਉਨ੍ਹਾਂ ਦੋਸ਼ ਲਾਇਆ ਕਿ ਪੁਲੀਸ ਨੇ ਬਿਆਨ ਲੈਣ ਦੇ ਬਹਾਨੇ ਉਸ ਨੂੰ ਕਾਰ ਵਿਚ ਬਿਠਾ ਕੇ ਦੂਰ ਦਰਾਡੇ ਸੜਕਾਂ ‘ਤੇ ਘੁੰਮਾਉਂਦਿਆਂ ਪ੍ਰੇਸ਼ਾਨ ਕੀਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਘਰ ‘ਤੇ ਹੋਏ ਹਮਲੇ ਦੇ ਪੂਰੇ ਘਟਨਾਕ੍ਰਮ ਦੀ ਸੀ.ਸੀ.ਟੀ.ਵੀ. ਫੁਟੇਜ ਉਨ੍ਹਾਂ ਕੋਲ ਹੈ ਅਤੇ ਇਹ ਪੁਲੀਸ ਨੂੰ ਸੌਂਪ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਪੁਲੀਸ ਵੱਲੋਂ ਕਥਿਤ ਦੋਸ਼ੀਆਂ ਖ਼ਿਲਾਫ਼ ਕਾਰਵਾਈ ਕਰਨ ਦੀ ਬਜਾਏ ਉਲਟਾ ਉਸ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ, ਜਿਸ ਦੀ ਸ਼ਿਕਾਇਤ ਉਨ੍ਹਾਂ ਮੁੱਖ ਚੋਣ ਅਧਿਕਾਰੀ ਪੰਜਾਬ ਨੂੰ ਭੇਜ ਕੇ ਇਨਸਾਫ ਦੀ ਮੰਗ ਕੀਤੀ ਹੈ। ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਨਜੀਤ ਸਿੰਘ ਬਿੱਟੀ ਨੇ ਅਕਾਲੀ ਪਾਰਟੀ ‘ਤੇ ਵੋਟਰਾਂ ਨੂੰ ਭਰਮਾਉਣ ਲਈ ਕਥਿਤ ਤੌਰ ‘ਤੇ ਪੈਸੇ ਤੇ ਸ਼ਰਾਬ ਵੰਡਣ ਦੇ ਦੋਸ਼ ਲਾਏ ਹਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਉਨ੍ਹਾਂ ਚੋਣ ਅਧਿਕਾਰੀ ਨੂੰ ਸ਼ਿਕਾਇਤ ਵੀ ਕੀਤੀ ਹੈ। ਬਿੱਟੀ ਨੇ ਦੱਸਿਆ ਕਿ ਜਦ ਅਕਾਲੀ ਪਾਰਟੀ ਦੇ ਵਰਕਰ ਗਾਂਧੀ ਬਸਤੀ ਏਰੀਏ ਵਿਚ ਅਜਿਹਾ ਕਰ ਰਹੇ ਸਨ ਤਾਂ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਉਸ ਦੀ ਪੈੜ ਨੱਪ ਲਈ। ਉਨ੍ਹਾਂ ਵੱਲੋਂ ਕਾਰ ਭਜਾ ਲੈਣ ‘ਤੇ ਜਦ ਉਨ੍ਹਾਂ ਦਾ ਪਿੱਛਾ ਕੀਤਾ ਗਿਆ ਤਾਂ ਰਾਇਲ ਗਾਰਡਨ ਕਾਲੋਨੀ ਵਿਚ ਉਨ੍ਹਾਂ ਦੇ ਵਰਕਰਾਂ ਦੀ ਅਕਾਲੀਆਂ ਨਾਲ ਤੂੰ-ਤੂੰ ਮੈਂ-ਮੈਂ ਹੋ ਗਈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੇ ਪਹਿਲਾਂ ਹੀ ਮੌਜੂਦ ਉੱਥੇ ਬੰਦਿਆਂ ਨੇ ਸਾਡੇ ਵਰਕਰਾਂ ‘ਤੇ ਹਮਲਾ ਬੋਲ ਦਿੱਤਾ ਤੇ ਸਾਡੇ ਵਰਕਰ ਰੂਬੀ ਬਰਾੜ ਨੂੰ ਰੌਕੀ ਕਾਂਸਲ ਤੇ ਹੋਰਾਂ ਨੇ ਕਥਿਤ ਰੂਪ ਵਿਚ ਮਾਰ ਦੇਣ ਦੀ ਨੀਯਤ ਨਾਲ ਗੋਲੀ ਮਾਰ ਕੇ ਜ਼ਖ਼ਮੀ ਕਰ ਦਿੱਤਾ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਅਮਨ-ਸ਼ਾਂਤੀ ਨਾਲ ਚੋਣਾਂ ਲੜਨਾ ਚਾਹੁੰਦੀ ਹੈ ਪਰ ਵਿਰੋਧੀ ਧੱਕੇਸ਼ਾਹੀਆਂ ਕਰਕੇ ਮਾਹੌਲ ਖਰਾਬ ਕਰ ਰਹੇ ਹਨ। ਉੱਧਰ ਸੂਤਰਾਂ ਅਨੁਸਾਰ ਘਟਨਾ ਮਗਰੋਂ ਅਕਾਲੀ ਵਰਕਰਾਂ ਨੇ ਥਾਣੇ ਦਾ ਘਿਰਾਓ ਕੀਤਾ। ਅਕਾਲੀ ਉਮਦੀਵਾਰ ਸਿਕੰਦਰ ਸਿੰਘ ਮਲੂਕਾ ਤੇ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਗੁਰਪ੍ਰੀਤ ਸਿੰਘ ਮਲੂਕਾ ਵੀ ਪੁੱਜ ਗਏ। ਹਾਲਾਤ ਨਾਲ ਨਜਿੱਠਣ ਲਈ ਐੱਸ.ਐੱਸ.ਪੀ. ਸਵੱਪਨ ਸ਼ਰਮਾ ਭਾਰੀ ਪੁਲੀਸ ਫੋਰਸ ਨਾਲ ਪੁੱਜੇ ਤੇ ਕਿਹਾ ਕਿ ਕਿਸੇ ਵੀ ਧਿਰ ਨਾਲ ਪੱਖਪਾਤ ਨਹੀਂ ਕੀਤਾ ਜਾਵੇਗਾ। ਪੜਤਾਲ ਉਪਰੰਤ ਬਣਦੀ ਕਾਰਵਾਈ ਕੀਤੀ ਜਾਵੇਗੀ। ਦੂਜੇ ਪਾਸੇ ਪੁਲੀਸ ਨੇ ਦੋਹਾਂ ਧਿਰਾਂ ਖ਼ਿਲਾਫ਼ ਕਾਰਵਾਈ ਕਰਦਿਆਂ ਇਕ ਧਿਰ ਖ਼ਿਲਾਫ਼ ਕਾਰਵਾਈ ਅਮਲ ਵਿਚ ਲਿਆਂਦੀ ਹੈ ਤੇ ਕੁਝ ਅਣਪਛਾਤਿਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਥਾਣਾ ਅਧਿਕਾਰੀ ਨੇ ਆਪਣੇ ‘ਤੇ ਲੱਗੇ ਦੋਸ਼ਾਂ ਨੂੰ ਰੱਦ ਕਰਦਿਆਂ ਕਿਹਾ ਕਿ ਪੁਲੀਸ ਨੇ ਆਪਣੀ ਡਿਊਟੀ ਸਹੀ ਤਰੀਕੇ ਨਾਲ ਨਿਭਾਈ ਹੈ।