ਭਾਰਤ-ਆਸਟਰੇਲੀਆ ਵਿਚਾਲੇ ਤੀਜਾ ਟੈਸਟ ਮੈਚ ਹੋਇਆ ਡਰਾਅ

ਭਾਰਤ-ਆਸਟਰੇਲੀਆ ਵਿਚਾਲੇ ਤੀਜਾ ਟੈਸਟ ਮੈਚ ਹੋਇਆ ਡਰਾਅ

ਹੈਂਡਸਕੌਂਬ ਤੇ ਮਾਰਸ਼ ਨੇ ਆਸਟਰੇਲਿਆਈ ਹਾਰ ਟਾਲਣ ਵਿੱਚ ਨਿਭਾਈ ਅਹਿਮ ਭੂਮਿਕਾ
ਰਾਂਚੀ/ਬਿਊਰੋ ਨਿਊਜ਼ :
ਆਸਟਰੇਲਿਆਈ ਬੱਲੇਬਾਜ਼ਾਂ ਦੇ ਜੁਝਾਰੂਪੁਣੇ ਅੱਗੇ ਭਾਰਤੀ ਗੇਂਦਬਾਜ਼ ਕੋਈ ਕਮਾਲ ਨਹੀਂ ਕਰ ਸਕੇ ਅਤੇ ਸਟੀਵ ਸਮਿੱਥ ਦੀ ਟੀਮ ਨੇ ਇੱਥੇ ਤੀਜਾ ਕ੍ਰਿਕਟ ਟੈਸਟ ਮੈਚ ਡਰਾਅ ਕਰਕੇ ਲੜੀ ਵਿਚ ਦਿਲਚਸਪੀ ਬਰਕਰਾਰ ਰੱਖੀ ਹੈ। ਭਾਰਤ ਦੀਆਂ ਨੌਂ ਵਿਕਟਾਂ ‘ਤੇ 603 ਦੌੜਾਂ ਦੇ ਜਵਾਬ ਵਿੱਚ ਆਸਟਰੇਲੀਆ ਨੇ ਦੋ ਵਿਕਟਾਂ ‘ਤੇ 23 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ। ਦੂਜੀ ਪਾਰੀ ਵਿਚ ਉਸ ਨੇ ਛੇ ਵਿਕਟਾਂ ‘ਤੇ 204 ਦੌੜਾਂ ਬਣਾ ਲਈਆਂ ਸਨ ਜਦੋਂ ਦੋਵੇਂ ਕਪਤਾਨ ਡਰਾਅ ਲਈ ਰਾਜ਼ੀ ਹੋ ਗਏ।
ਆਸਟਰੇਲੀਆ ਲਈ ਪੀਟਰ ਹੈਂਡਸਕੌਂਬ ਅਤੇ ਸ਼ਾਨ ਮਾਰਸ਼ ਨੇ ਫ਼ੈਸਲਾਕੁਨ ਭੂਮਿਕਾ ਨਿਭਾਈ। ਹੈਂਡਸਕੌਂਬ 72 ਦੌੜਾਂ ਬਣਾ ਕੇ ਨਾਬਾਦ ਰਿਹਾ ਜਦਕਿ ਮਾਰਸ਼ ਨੇ 53 ਦੌੜਾਂ ਬਣਾਈਆਂ। ਦੋਵਾਂ ਨੇ ਪੰਜਵੀਂ ਵਿਕਟ ਲਈ 124 ਦੌੜਾਂ ਜੋੜ ਕੇ ਹਾਰ ਦੇ ਖਤਰੇ ਤੋਂ ਬਚਾਇਆ। ਇਸ ਤੋਂ ਪਹਿਲਾਂ ਕਪਤਾਨ ਸਟੀਵ ਸਮਿੱਥ (21) ਅਤੇ ਮੈਟ ਰੇਨਸ਼ਾਅ (15) ਸਸਤੇ ਵਿਚ ਹੀ ਆਊਟ ਹੋ ਗਏ ਸਨ। ਭਾਰਤ ਲਈ ਇੱਕ ਵਾਰ ਫਿਰ ਰਵਿੰਦਰ ਜਡੇਜਾ ਨੇ ਬਿਹਤਰੀਨ ਗੇਂਦਬਾਜ਼ੀ ਕਰਦਿਆਂ 54 ਦੌੜਾਂ ਦੇ ਕੇ ਚਾਰ ਵਿਕਟਾਂ ਹਾਸਲ ਕੀਤੀਆਂ। ਦੂਜੇ ਪਾਸੇ ਆਸਟਰੇਲੀਆ ਲਈ ਮੋਰਚਾ ਸੰਭਾਲਣ ਵਾਲੇ ਹੈਂਡਸਕੌਂਬ ਨੇ 200 ਗੇਂਦਾਂ ਖੇਡ ਕੇ ਆਪਣੀ ਵਿਕਟ ਬਚਾਈ ਰੱਖੀ। ਲੰਚ ਤੋਂ ਪਹਿਲਾਂ ਭਾਰਤੀ ਤੇਜ਼ ਗੇਂਦਬਾਜ਼ ਇਸ਼ਾਂਤ ਸ਼ਰਮਾ ਖ਼ਤਰਨਾਕ ਦਿਖਾਈ ਦੇ ਰਿਹਾ ਸੀ, ਪਰ ਆਸਟਰੇਲੀਆ ਨੇ ਆਖਰੀ ਦੋ ਸੈਸ਼ਨ ਠਰ੍ਹੰਮੇ ਨਾਲ ਖੇਡ ਕੇ ਹਾਲਾਤ ਸਾਂਭੇ। ਹੁਣ ਲੜੀ 1-1 ਨਾਲ ਬਰਾਬਰੀ ‘ਤੇ ਹੈ ਅਤੇ ਚੌਥਾ ਟੈਸਟ 25 ਮਾਰਚ ਨੂੰ ਧਰਮਸ਼ਾਲਾ ਵਿਚ ਖੇਡਿਆ ਜਾਵੇਗਾ ਜੋ ਪਹਿਲੀ ਵਾਰੀ ਕਿਸੇ ਟੈਸਟ ਮੈਚ ਦੀ ਮੇਜ਼ਬਾਨੀ ਕਰੇਗਾ। ਚੇਤੇਸ਼ਵਰ ਪੁਜਾਰਾ ਅਤੇ ਰਿਧੀਮਾਨ ਸਾਹਾ ਦੀਆਂ ਸ਼ਾਨਦਾਰ ਪਾਰੀਆਂ ਦੇ ਦਮ ‘ਤੇ ਭਾਰਤ ਲੀਡ ਲੈਂਦਾ ਨਜ਼ਰ ਆ ਰਿਹਾ ਸੀ, ਪਰ ਹੈਂਡਸਕੌਂਬ ਅਤੇ ਮਾਰਸ਼ ਨੇ ਭਾਰਤੀ ਗੇਂਦਬਾਜ਼ੀ ਦੇ ਦਬਾਅ ਦਾ ਬਾਖ਼ੂਬੀ ਸਾਹਮਣਾ ਕਰਦਿਆਂ ਸ਼ਾਨਦਾਰ ਪਾਰੀਆਂ ਖੇਡੀਆਂ। ਅਸ਼ਵਿਨ ਚੰਗੀ ਕਾਰਗੁਜ਼ਾਰੀ ਨਾ ਦਿਖਾ ਸਕਿਆ ਤੇ ਉਸ ਨੂੰ ਦੋਵਾਂ ਪਾਰੀਆਂ ਵਿਚ 1-1 ਵਿਕਟ ਹੀ ਮਿਲੀ। ਜਡੇਜਾ ਨੇ ਪਹਿਲੀ ਪਾਰੀ ਵਿਚ ਪੰਜ ਤੇ ਦੂਜੀ ਪਾਰੀ ਵਿਚ ਚਾਰ ਵਿਕਟਾਂ ਹਾਸਲ ਕੀਤੀਆਂ।

ਇਸ਼ਾਂਤ ਤੇ ਰੇਨਸ਼ਾਅ ਵਿਚਾਲੇ ਹੋਈ ਬਹਿਸ :
ਭਾਰਤ ਤੇ ਆਸਟਰੇਲੀਆ ਵਿਚਾਲੇ ਖੇਡੇ ਜਾ ਰਹੇ ਟੈਸਟ ਮੈਚ ਦੌਰਾਨ ਇੱਥੇ ਫਿਰ ਤਣਾਅ ਦੇਖਣ ਨੂੰ ਮਿਲਿਆ ਜਦੋਂ ਤੇਜ਼ ਗੇਂਦਬਾਜ਼ ਇਸ਼ਾਂਤ ਸ਼ਰਮਾ ਅਤੇ ਨੌਜਵਾਨ ਸਲਾਮੀ ਬੱਲੇਬਾਜ਼ ਮੈਟ ਰੇਨਸ਼ਾਅ ਵਿਚਾਲੇ ਤਿੱਖੀ ਬਹਿਸ ਹੋ ਗਈ। ਇਸ਼ਾਂਤ ਨੇ ਇਸ ਬਹਿਸ ਤੋਂ ਬਾਅਦ ਸ਼ਾਨਦਾਰ ਗੇਂਦਬਾਜ਼ੀ ਕਰਦਿਆਂ ਦੂਜੀ ਪਾਰੀ ਵਿਚ ਆਸਟਰੇਲੀਆ ਦੇ ਸਲਾਮੀ ਬੱਲੇਬਾਜ਼ ਨੂੰ ਐਲਬੀਡਬਲਿਊ ਆਊਟ ਕੀਤਾ। ਇਸ਼ਾਂਤ ਜਦੋਂ ਓਵਰ ਦੀ ਪਹਿਲੀ ਗੇਂਦ ਸੁੱਟਣ ਵਾਲਾ ਸੀ ਤਾਂ ਸਾਈਟਸਕਰੀਨ ਨੇੜੇ ਕੁਝ ਗਤੀਵਿਧੀ ਦੇਖ ਕੇ ਰੇਨਸ਼ਾਅ ਕਰੀਜ਼ ਤੋਂ ਹਟ ਗਿਆ ਅਤੇ ਇਸ਼ਾਂਤ ਨੇ ਗੇਂਦ ਰੇਨਸ਼ਾਅ ਤੋਂ ਕੁਝ ਦੂਰੀ ‘ਤੇ ਵਿਕਟ ਕੀਪਰ ਕੋਲ ਸੁੱਟ ਦਿੱਤੀ। ਇਸ ਮਗਰੋਂ ਰੇਨਸ਼ਾਅ ਤੇ ਇਸ਼ਾਂਤ ਵਿਚਾਲੇ ਕੁਝ ਬਹਿਸ ਹੋਈ ਅਤੇ ਅੰਪਾਇਰ ਨੇ ਤੁਰੰਤ ਕੋਹਲੀ ਨੂੰ ਬੁਲਾਇਆ।