ਸਿੱਖ ਜਥੇਬੰਦੀਆਂ ਨੂੰ ਪੁਲੀਸ ਨੇ ਮਸੀਂਗਣ ਵਿਚ ਹੀ ਰੋਕਿਆ

ਸਿੱਖ ਜਥੇਬੰਦੀਆਂ ਨੂੰ ਪੁਲੀਸ ਨੇ ਮਸੀਂਗਣ ਵਿਚ ਹੀ ਰੋਕਿਆ

ਕੈਪਸ਼ਨ-ਰੋਸ ਮਾਰਚ ਕਰਦੇ ਕਾਰਕੁਨਾਂ ਨੂੰ ਪਿੰਡ ਮਸੀਂਗਣ ਵਿੱਚ ਰੋਕਦੀ ਹੋਈ ਪੁਲੀਸ।
ਦੇਵੀਗੜ੍ਹ/ਬਿਊਰੋ ਨਿਊਜ਼ :
ਇਨੈਲੋ ਵੱਲੋਂ ਐਸਵਾਈਐਲ ਦੀ ਪੁਟਾਈ ਲਈ ਉਲੇਕੇ ਪ੍ਰੋਗਰਾਮ ਦਾ ਵਿਰੋਧ ਕਰਨ ਲਈ ਆਲ ਇੰਡੀਆ ਸਿੱਖ ਫੈਡਰੈਸ਼ਨ ਦੇ ਪ੍ਰਧਾਨ ਕਰਨੈਲ ਸਿੰਘ ਪੀਰ ਮੁਹੰਮਦ ਤੇ ਹੋਰ ਸਿੱਖ ਜਥੇਬੰਦੀਆਂ ਦੇਵੀਗੜ੍ਹ ਦੇ ਗੁਰਦੁਆਰਾ ਸਿੰਘ ਸਭਾ ਵਿਖੇ ਇਕੱਠੀਆਂ ਹੋ ਕੇ ਕਪੂਰੀ ਵੱਲ ਵਧੀਆਂ ਤਾਂ ਪਿੰਡ ਮਸੀਂਗਣ ਕੋਲ ਐਸਪੀ.ਡੀ. ਦਲਜੀਤ ਸਿੰਘ ਰਾਣਾ ਦੀ ਅਗਵਾਈ ਹੇਠ ਫੋਰਸ ਨੇ ਜਥੇ ਨੂੰ ਰੋਕ ਲਿਆ ਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਕੇ ਥਾਣਾ ਜੁਲਕਾਂ ਲੈ ਗਏ।
ਇਸ ਮੌਕੇ ਕਰਨੈਲ ਸਿੰਘ ਪੀਰ ਮੁਹੰਮਦ ਨੇ ਕਿਹਾ ਕਿ ਪੰਜਾਬ ਦੇ ਪਾਣੀਆਂ ‘ਤੇ ਪੰਜਾਬੀਆਂ ਦਾ ਹੱਕ ਬਣਦਾ ਹੈ ਪਰ ਹਰਿਆਣਾ ਅਤੇ ਰਾਜਸਥਾਨ ਨੂੰ ਪਹਿਲਾਂ ਹੀ ਨਹਿਰਾਂ ਦਾ ਪਾਣੀ ਵੱਧ ਦਿੱਤਾ ਰਿਹਾ ਹੈ। ਇਸ ਕਾਰਨ ਦੇਸ਼ ਦਾ ਅੰਨਦਾਤਾ ਨਹਿਰੀ ਪਾਣੀ ਦੀ ਥੁੜ ਕਾਰਨ ਆਰਥਿਕ ਮੰਦਹਾਲੀ ਦਾ ਸ਼ਿਕਾਰ ਹੋ ਰਿਹਾ ਹੈ। ਇਸ ਦੇ ਮੰਦੇਨਜ਼ਰ ਹੀ ਪੰਜਾਬ ਸਰਕਾਰ ਨੇ ਐਸਵਾਈਐਲ ਨਹਿਰ ਨੂੰ ਪੂਰ ਕੇ ਨਹਿਰ ਦੀ ਜ਼ਮੀਨ ਕਿਸਾਨਾਂ ਨੂੰ ਵਾਪਸ ਦੇਣ ਦਾ ਫ਼ੈਸਲਾ ਲੈਂਦੇ ਹੋਏ ਵਿਧਾਨ ਸਭਾ ਵਿੱਚ ਕਾਨੂੰਨ ਬਣਾ ਕੇ ਵੱਡਾ ਫ਼ੈਸਲਾ ਲਿਆ ਪਰ ਇਨੈਲੋ ਪਾਰਟੀ ਆਪਣੀ ਡਿਗਦੀ ਸਾਖ ਨੂੰ ਬਚਾਉਣ ਲਈ ਨਾਟਕ ਕਰ ਰਹੀ ਹੈ। ਕਸਬਾ ਦੇਵੀਗੜ੍ਹ ਤੋਂ ਆਲ ਇੰਡੀਆ ਸਿੱਖ ਸਟੂਡੈਂਟਸ ਦੇ ਪ੍ਰਧਾਨ ਕਰਨੈਲ ਸਿੰਘ ਪੀਰ ਮੁਹੰਮਦ ਤੋਂ ਇਲਾਵਾ ਅਕਾਲ ਤਖ਼ਤ ਸਾਹਿਬ ਖ਼ਾਲਸਾ ਫ਼ੌਜ ਅਤੇ ਪੰਜਾਬ ਸਿੱਖ ਕੌਂਸਲ ਤੇ ਕਈ ਹੋਰ ਪੰਥਕ ਹਿਤੈਸ਼ੀ ਪਾਰਟੀਆਂ ਦੇ ਆਗੂਆਂ ਨੇ ਗੁਰਦੁਆਰਾ ਸਿੰਘ ਸਭਾ ਵਿਖੇ ਪੰਜਾਬ ਦੇ ਪਾਣੀਆਂ ਨੂੰ ਬਚਾਉਣ ਲਈ ਅਰਦਾਸ ਕਰਕੇ ਰੋਸ ਮਾਰਚ ਸ਼ੁਰੂ ਕੀਤਾ, ਜੋ ਪੁਰਾਣੇ ਬਾਜ਼ਾਰ ਤੋਂ ਸ਼ੁਰੂ ਹੋ ਕੇ ਮੁੱਖ ਬਾਜ਼ਾਰ ‘ਚੋਂ ਹੁੰਦਾ ਹੋਇਆ ਛੰਨਾ ਮੋੜ ਤੋਂ ਮਸੀਂਗਣ ਦੇ ਰਸਤੇ ਕਪੂਰੀ ਲਈ ਰਵਾਨਾ ਹੋਇਆ। ਮਸੀਂਗਣ ਨੇੜੇ ਸਿੱਖ ਕਾਰਕੁਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
ਮੰਡੀ ਕਿੱਲਿਆਂਵਾਲੀ ‘ਚ ਵੀ ਸਖ਼ਤ ਨਾਕਾਬੰਦੀ ਕੀਤੀ :
ਲੰਬੀ/ਡੱਬਵਾਲੀ : ਐਸਵਾਈਐਲ ਮਾਮਲੇ ‘ਤੇ ਇੰਡੀਅਨ ਨੈਸ਼ਨਲ ਲੋਕ ਦਲ ਵੱਲੋਂ ਚੜ੍ਹਦੇ ਪਾਸੇ ਵੱਲ ਖੋਲ੍ਹੇ ਮੋਰਚੇ ਦਾ ਅਸਰ ਛਿਪਦੇ ਵੱਲ ਵੀ ਵਿਖਾਈ ਦਿੱਤਾ। ਕਰੀਬ ਤਿੰਨ ਸੌ ਕਿਲੋਮੀਟਰ ਦੂਰ ਅੰਬਾਲਾ ਨੇੜੇ ਨਾਜ਼ੁਕ ਸਥਿਤੀ ਦੇ ਮੱਦੇਨਜ਼ਰ ਜ਼ਿਲ੍ਹਾ ਮੁਕਤਸਰ ਸਾਹਿਬ ਪੁਲੀਸ ਨੇ ਮੰਡੀ ਕਿੱਲਿਆਂਵਾਲੀ ਵਿੱਚ ਵੀ ਪੰਜਾਬ-ਹਰਿਆਣਾ ਸਰਹੱਦ ‘ਤੇ ਸਖ਼ਤ ਨਾਕਾਬੰਦੀ ਕੀਤੀ। ਪੁਲੀਸ ਦਾ ਕਹਿਣਾ ਸੀ ਕਿ ਇਨੈਲੋ ਵਰਕਰਾਂ ਦੇ ਡੱਬਵਾਲੀ ਤੋਂ ਪੰਜਾਬ ਸੀਮਾ ਵਿੱਚ ਦਾਖ਼ਲ ਹੋ ਕੇ ਰੋਸ ਮੁਜ਼ਾਹਰੇ ਦੇ ਖ਼ਦਸ਼ੇ ਅਤੇ ਪਿੰਡ ਬਾਦਲ ਵਿੱਚ ਮੁੱਖ ਮੰਤਰੀ ਦੀ ਰਿਹਾਇਸ਼ ਦੀ ਸੁਰੱਖਿਆ ਮੱਦੇਨਜ਼ਰ ਨਾਕੇ ਲਾਏ ਗਏ ਹਨ।

ਬੈਂਸ ਭਰਾਵਾਂ ਨੂੰ ਪੁਲੀਸ ਨੇ ਪਟਿਆਲਾ ਤੋਂ ਅੱਗੇ ਨਾ ਵਧਣ ਦਿੱਤਾ
ਲੁਧਿਆਣਾ/ਬਿਊਰੋ ਨਿਊਜ਼ :
ਲੋਕ ਇਨਸਾਫ਼ ਪਾਰਟੀ ਦੇ ਮੁਖੀ ਬੈਂਸ ਭਰਾਵਾਂ ਨੇ ਇਨੈਲੋ ਵੱਲੋਂ ਸਤਲੁਜ-ਯੁਮਨਾ ਲਿੰਕ ਨਹਿਰ ਪੁੱਟਣ ਦੇ ਮੁੱਦੇ ਉਤੇ ਕਪੂਰੀ ਵਿੱਚ ਲਲਕਾਰ ਰੈਲੀ ਕਰਨ ਦਾ ਐਲਾਨ ਕੀਤਾ ਸੀ ਤੇ ਇਸ ਤਹਿਤ ਉਹ ਵਿਧਾਨ ਸਭਾ ਚੋਣਾਂ ਦੇ ਪੰਜੇ ਪਾਰਟੀ ਉਮੀਦਵਾਰਾਂ ਅਤੇ ਕੌਂਸਲਰਾਂ ਨਾਲ ਲੁਧਿਆਣਾ ਤੋਂ ਗਏ, ਜਿਨ੍ਹਾਂ ਨੂੰ ਪਟਿਆਲਾ ਨੇੜੇ ਪੁਲੀਸ ਨੇ ਰੋਕ ਲਿਆ। ਇਸ ਦੌਰਾਨ ਲੋਕ ਇਨਸਾਫ਼ ਪਾਰਟੀ ਦੇ ਮੈਂਬਰਾਂ ਨੇ ਦਾਣਾ ਮੰਡੀ ਵਿੱਚ ਹੀ ਰੈਲੀ ਕੀਤੀ।
ਇਸ ਮੌਕੇ ਲੋਕ ਇਨਸਾਫ਼ ਪਾਰਟੀ ਨੇ ਦੋਸ਼ ਲਾਏ ਕਿ ਇਨੈਲੋ ਨੇ ਇਹ ਸਭ ਬਾਦਲ ਸਰਕਾਰ ਤੇ ਕਾਂਗਰਸ ਦੀ ਮਿਲੀਭੁਗਤ ਨਾਲ ਸਿਆਸੀ ਰੋਟੀਆਂ ਸੇਕਣ ਖ਼ਾਤਰ ਕੀਤਾ ਹੈ। ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਤੇ ਜਥੇਦਾਰ ਬਲਵਿੰਦਰ ਸਿੰਘ ਬੈਂਸ ਨੇ ਦੱਸਿਆ ਕਿ ਇੱਥੋਂ ਸੈਂਕੜਿਆਂ ਦੀ ਗਿਣਤੀ ਵਿੱਚ ਲੋਕ ਰੈਲੀ ਵਿੱਚ ਹਿੱਸਾ ਲੈਣ ਲਈ ਲੁਧਿਆਣਾ ਤੋਂ ਰਵਾਨਾ ਹੋਏ। ਇਸ ਤੋਂ ਇਲਾਵਾ ਅਮਰਗੜ੍ਹ ਤੋਂ ਗੱਜਣਮਾਜਰਾ, ਜੋ ਲੋਕ ਇਨਸਾਫ਼ ਪਾਰਟੀ ਦੇ ਵਿਧਾਨ ਸਭਾ ਚੋਣਾਂ ਵਿੱਚ ਉਮੀਦਵਾਰ ਸਨ, ਵੀ ਆਪਣੇ ਸਾਥਿਆਂ ਸਣੇ ਪੁੱਜੇ। ਉਨ੍ਹਾਂ ਦਾਅਵਾ ਕੀਤਾ ਕਿ ਪਟਿਆਲਾ ਵਿੱਚ ਹਜ਼ਾਰਾ ਦੀ ਗਿਣਤੀ ਵਿੱਚ ਲੋਕ ਪੁੱਜੇ, ਜਿਨ੍ਹਾਂ ਨੂੰ ਪੁਲੀਸ ਨੇ ਅੱਗੇ ਵਧਣ ਤੋਂ ਰੋਕ ਲਿਆ। ਇਸ ਤੋਂ ਬਾਅਦ ਉਨ੍ਹਾਂ ਨੇ ਪੁਲੀਸ-ਪ੍ਰਸ਼ਾਸਨ ਨੂੰ ਕਿਹਾ ਕਿ ਜੇਕਰ ਇਨੈਲੋ ਵਰਕਰ ਪੰਜਾਬ ਵਿੱਚ ਦਾਖ਼ਲ ਹੋਏ ਤਾਂ ਉਹ ਵੀ ਉਨ੍ਹਾਂ ਦਾ ਡਟ ਕੇ ਵਿਰੋਧ ਕਰਨਗੇ। ਦੱਸਣਯੋਗ ਹੈ ਕਿ ਐਸਵਾਈਐਲ ਮੁੱਦੇ ‘ਤੇ ਆਪਣਾ ਸਟੈਂਡ ਸਪੱਸ਼ਟ ਨਾ ਕਰਨ ਵਾਲੀ ਆਮ ਆਦਮੀ ਪਾਰਟੀ ਨੇ ਲੋਕ ਇਨਸਾਫ਼ ਪਾਰਟੀ ਦੀ ਇਸ ਰੈਲੀ ਤੋਂ ਕਿਨਾਰਾ ਕਰੀ ਰੱਖਿਆ। ਇਸ ਰੈਲੀ ਵਿੱਚ ‘ਆਪ’ ਦਾ ਨਾ ਕੋਈ ਵੱਡਾ ਆਗੂ ਪੁੱਜਿਆ ਅਤੇ ਨਾ ਹੀ ਵਾਲੰਟੀਅਜਰਾਂ ਨੇ ਹਿੱਸਾ ਲਿਆ।