ਅਮਰੀਕੀ ਕਾਂਗਰਸ ਵੱਲੋਂ ਵਿਸਾਖੀ ਨੂੰ ਸਿੱਖਾਂ ਦੇ ਧਾਰਮਿਕ ਤਿਉਹਾਰ ਵਜੋਂ ਮਾਨਤਾ ਦਾ ਮਤਾ ਪਾਸ

ਅਮਰੀਕੀ ਕਾਂਗਰਸ ਵੱਲੋਂ ਵਿਸਾਖੀ ਨੂੰ ਸਿੱਖਾਂ ਦੇ ਧਾਰਮਿਕ ਤਿਉਹਾਰ ਵਜੋਂ ਮਾਨਤਾ ਦਾ ਮਤਾ ਪਾਸ

ਵਾਸ਼ਿੰਗਟਨ ਡੀਸੀ/ਬਿਊਰੋ ਨਿਊਜ਼ :
ਵਿਸ਼ਵ ਵਿਚ ਰਹਿੰਦੀ ਸਾਰੀ ਸਿੱਖ ਕੌਮ ਲਈ ਇਹ ਵੱਡੀ ਅਤੇ ਖ਼ੁਸ਼ੀ ਦੀ ਖ਼ਬਰ ਹੈ ਕਿ ਅਮਰੀਕਾ ਦੇ ਸਮੁੱਚੇ ਕਾਂਗਰਸ ਮੈਨਾਂ ਦੇ ਇਜਲਾਸ ਵਿਚ ਸਿੱਖਾਂ ਦੇ ਤਿਉਹਾਰ ਵਿਸਾਖੀ ਨੂੰ ਮਾਨਤਾ ਦੇਣ ਦਾ ਮਤਾ ਪਾਸ ਕਰ ਦਿੱਤਾ ਗਿਆ। ਇਹ ਮਤਾ ਵਾਸ਼ਿੰਗਟਨ ਡੀਸੀ ਦੀ ਕੈਪੀਟਲ ਹਿੱਲ ਵਿਚ ਪਾਇਆ ਗਿਆ ਜਿੱਥੇ ਕਿ ਅਮਰੀਕਾ ਸਰਕਾਰ ਦੇ ਮਤੇ ਪੈਂਦੇ ਹਨ ਤੇ ਕਾਨੂੰਨ ਬਣਦੇ ਹਨ। ਇਹ ਮਤਾ ਪੈਣ ਨਾਲ ਅਮਰੀਕਾ ਵਿਚ ਵਿਸਾਖੀ ਨੂੰ ‘ਨੈਸ਼ਨਲ ਸਿੱਖ ਡੇਅ’ ਵਜੋਂ ਨਿਰਧਾਰਤ ਕਰਨ ਦਾ ਰਾਹ ਵੀ ਖੁੱਲ੍ਹ ਗਿਆ ਹੈ। ਵਾਸ਼ਿੰਗਟਨ ਡੀਸੀ ਦੀ ਕੈਪੀਟਲ ਹਿੱਲ ਵਿਚ ਅਮਰੀਕਾ ਦੇ ਸਾਰੇ ਕਾਂਗਰਸ ਮੈਨ ਸਪੀਕਰ ਪੌਲ ਰਾਇਨ ਦੀ ਪ੍ਰਧਾਨਗੀ ਵਿਚ ਹੋਈ 115ਵੀਂ ਕਾਂਗਰਸ ਦੇ ਪਹਿਲੇ ਇਜਲਾਸ ਵਿਚ ਇਕੱਤਰ ਹੋਏ ਸਨ, ਜਿਸ ਵਿਚ ਵਿਸਾਖੀ ਨੂੰ ਸਿੱਖਾਂ ਦੇ ਤਿਉਹਾਰ ਵਜੋਂ ਮਾਨਤਾ ਦੇਣ ਲਈ ਮਤਾ ਨੰਬਰ 189 ਕਾਂਗਰਸ ਮੈਨ ਪੈਟਰਿਕ ਰੋਮੀ ਨੇ ਪੜ੍ਹਿਆ। ਇਸ ਮਤੇ ਵਿਚ ਵਿਸ਼ੇਸ਼ ਕਰਕੇ 100 ਤੋਂ ਵੱਧ ਗੁਰਦੁਆਰਾ ਸਾਹਿਬ ਅਤੇ ਸਿੱਖ ਜਥੇਬੰਦੀਆਂ ਵੱਲੋਂ ਬਣਾਈ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਤੇ ਕਾਂਗਰਸ ਮੈਨਾਂ ਵੱਲੋਂ ਬਣਾਈ ‘ਸਿੱਖ ਕਾਕਸ’ ਦਾ ਵਿਸ਼ੇਸ਼ ਜ਼ਿਕਰ ਕੀਤਾ ਗਿਆ। ਇਨ੍ਹਾਂ ਸੰਸਥਾਵਾਂ ਨੇ ਵਿਸਾਖੀ ਦੀ ਧਾਰਮਿਕ, ਸਭਿਆਚਾਰਕ ਤੇ ਇਤਿਹਾਸਕ ਮਹੱਤਤਾ ਬਾਰੇ ਅਮਰੀਕਾ ਦੀ ਕਾਂਗਰਸ ਨੂੰ ਸਬੂਤਾਂ ਸਮੇਤ ਦੱਸਿਆ, ਜਿਸ ਦਿਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਪੰਥ ਸਾਜਿਆ ਸੀ। ਇਸ ਮਤੇ ਵਿਚ ਸਭ ਨੂੰ ਵਿਸਾਖੀ ਦਾ ਤਿਉਹਾਰ ਮਨਾਉਣ ਲਈ ਕਿਹਾ ਗਿਆ। ਇਸ ਦੀ ਖ਼ੁਸ਼ੀ ਸਾਂਝੀ ਕਰਦਿਆਂ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਦੇ ਕੋਆਰਡੀਨੇਟਰ ਸ. ਹਿੰਮਤ ਸਿੰਘ ਨੇ ਕਿਹਾ ਕਿ ਸਾਰੀ ਸਿੱਖ ਕੌਮ ਲਈ ਅੱਜ ਦਾ ਦਿਹਾੜਾ ਖ਼ੁਸ਼ੀਆਂ ਭਰਿਆ ਹੈ ਕਿਉਂਕਿ ਅਮਰੀਕਾ ਦੀ ਕਾਂਗਰਸ ਦੇ ਇਜਲਾਸ ਵਿਚ ਮਤਾ ਪੈਣ ਨਾਲ ਇਹ ਹੁਣ ਅਮਰੀਕਾ ਵਿਚ ਵਿਸਾਖੀ ਨੂੰ ਸਿੱਖਾਂ ਦੇ ਤਿਉਹਾਰ ਵਜੋਂ ਮਾਨਤਾ ਮਿਲ ਗਈ ਹੈ। ਉਨ੍ਹਾਂ ਕਿਹਾ ਕਿ ਸਾਡੀ ਮਦਦ ਅਮਰੀਕਾ ਦੀਆਂ ਗੁਰਦੁਆਰਾ ਕਮੇਟੀਆਂ, ਸਿੱਖ ਜਥੇਬੰਦੀਆਂ ਨੇ ਕੀਤੀ ਹੈ, ਸਾਰੇ ਹੀ ਇਸ ਖ਼ੁਸ਼ੀ ਦੇ ਸਾਂਝੀਦਾਰ ਹਨ।