ਕੈਪਟਨ ਆਪੇ ਹੀ ਆਇਆ ਕੁੜਿੱਕੀ ‘ਚ

ਕੈਪਟਨ ਆਪੇ ਹੀ ਆਇਆ ਕੁੜਿੱਕੀ ‘ਚ

ਹਰਜੀਤ ਸਿੰਘ ਸੱਜਣ ਉੱਤੇ ‘ਖ਼ਾਲਿਸਤਾਨੀ ਹਮਦਰਦ’ ਹੋਣ ਦਾ ਦੋਸ਼ ਲਾ ਕੇ ਅਮਰਿੰਦਰ ਸਿੰਘ ਨੇ ਅਪਣੀ ਹੀ ਹੇਠੀ ਕਰਵਾਈ
ਸਿਆਸੀ ਮਾਹਰਾਂ ਨੇ ਕੈਪਟਨ ਦੀ ਨਿੱਜੀ ਖੁੰਦਕ ਵਾਲੀ ਹਰਕਤ ਨੂੰ ਆੜੇ ਹੱਥੀਂ ਲਿਆ
ਚੰਡੀਗੜ੍ਹ/ਬਿਊਰੋ ਨਿਊਜ਼ :
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਨਾਲ ਮਿਲਣੀ ਤੋਂ ਇਨਕਾਰ ਕਰਕੇ ਜਿੱਥੇ ਅਪਣੀ ਹੇਠੀ ਕਰਵਾਈ ਹੈ ਉੱਥੇ ਸਿੱਖ ਭਾਈਚਾਰੇ ਤੇ ਸਿਆਸੀ ਹਲਕਿਆਂ ਵਿਚ ਤਿੱਖੀ ਚਰਚਾ ਛੇੜ ਦਿੱਤੀ ਹੈ। ਸਿਆਸੀ ਮਾਹਰਾਂ ਨੇ ਕੈਪਟਨ ਦੀ ਨਿੱਜੀ ਖੁੰਦਕ ਵਾਲੀ ਹਰਕਤ ਨੂੰ ਆੜੇ ਹੱਥੀਂ ਲੈਂਦਿਆ ਕਿਹਾ ਹੈ ਕਿ ਕੈਪਟਨ ਨੇ ਹਰਜੀਤ ਸਿੰਘ ਸੱਜਣ ਨੂੰ ਖ਼ਾਲਿਸਤਾਨੀ ਸਮਰਥਕ ਕਹਿ ਕੇ ਮੁਸੀਬਤ ਮੁੱਲ ਲੈ ਲਈ ਹੈ। ਚਾਰੇ ਪਾਸੇ ਕੈਪਟਨ ਦਾ ਵਿਰੋਧ ਹੋ ਰਿਹਾ ਹੈ। ਕੋਈ ਇਸ ਨੂੰ ਕੈਪਟਨ ਦੀ ਨਿੱਜੀ ਖੁੰਦਕ ਦੱਸ ਰਿਹਾ ਹੈ ਤੇ ਕੋਈ ਇਸ ਨੂੰ ਓਂਟਾਰੀਓ ਸਰਕਾਰ ਵਲੋਂ 1984 ਦੇ ਕਤਲੇਆਮ ਖ਼ਿਲਾਫ ਪਾਸ ਮਤੇ ਦੇ ਵਿਰੋਧ ਕਾਰਨ ਚੁੱਕਿਆ ਗਿਆ ਕਦਮ ਦੱਸ ਰਿਹਾ ਹੈ। ਇਹ ਵੀ ਚਰਚਾ ਹੋ ਰਹੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਆਪਣੇ ਪਿਛਲੇ ਕਾਰਜਕਾਲ ਦੌਰਾਨ ਜਦੋਂ ਕੈਨੇਡਾ ਦੌਰੇ ‘ਤੇ ਡਿਕਸੀ ਗੁਰਦੁਆਰਾ ਸਾਹਿਬ ਗਏ ਸਨ ਤੇ ਜਿਸ ਸਟੇਜ ‘ਤੇ ਉਹ ਲੋਕਾਂ ਨੂੰ ਸੰਬੋਧਨ ਕਰ ਰਹੇ ਸਨ ਤਾਂ ਉਸ ਪਿਛੇ ਲਿਖਿਆ ਸੀ ‘ਖ਼ਾਲਿਸਤਾਨ ਜ਼ਿੰਦਾਬਾਦ’। ਜਦੋਂ ਇਸ ਨੂੰ ਲੈ ਕੇ ਪੰਜਾਬ ਵਿਚ ਉਨ੍ਹਾਂ ਦੇ ਵਿਰੋਧੀਆਂ ਨੇ ਘੇਰਿਆ ਤਾਂ ਉਨ੍ਹਾਂ ਕਿਹਾ, ‘ਉਥੇ ਰਹਿਣ ਵਾਲੇ ਸਾਰੇ ਖ਼ਾਲਿਸਤਾਨੀ ਨਹੀਂ ਹਨ। ਪਰ ਹੁਣ ਖ਼ੁਦ ਉਨ੍ਹਾਂ ਨੇ ਹਰਜੀਤ ਸਿੰਘ ਸੱਜਣ ਨੂੰ ਮਿਲਣ ਤੋਂ ਇਹ ਕਹਿ ਕੇ ਇਨਕਾਰ ਕਰ ਦਿੱਤਾ ਕਿ ਉਹ ਖ਼ਾਲਿਸਤਾਨੀ ਸਮਰਥਕ ਹਨ।
ਹਰਜੀਤ ਸਿੰਘ ਸੱਜਣ ਭਾਰਤ ਪੁੱਜ ਗਏ ਹਨ ਤੇ ਆਉਂਦੇ ਦਿਨਾਂ ਨੂੰ ਉਹ ਦਰਬਾਰ ਸਾਹਿਬ ਨਤਮਸਤਕ ਹੋਣ ਜਾਣਗੇ, ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਉਨ੍ਹਾਂ ਦਾ ਸਨਮਾਨ ਕੀਤਾ ਜਾਵੇਗਾ। ਕੈਪਟਨ ਅਕਸਰ ਹੀ ਆਪਣੇ ਅੜਬ ਸੁਭਾਅ ਵਜੋਂ ਜਾਣੇ ਜਾਂਦੇ ਹਨ ਤੇ ਇਸ ਵਾਰ ਉਨ੍ਹਾਂ ਨੇ ਅਜਿਹਾ ਐਲਾਨ ਕਰਕੇ ਦੇਸ਼-ਵਿਦੇਸ਼ ਵਿਚ ਬੈਠੇ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ।
ਜ਼ਿਕਰਯੋਗ ਹੈ ਕਿ ਪੰਜਾਬ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਵੇਲੇ ਜਦੋਂ ਸਾਰੀਆਂ ਹੀ ਸਿਆਸੀ ਪਾਰਟੀਆਂ ਦੇ ਆਗੂ ਵਿਦੇਸ਼ਾਂ ਵਿਚ ਪਰਵਾਸੀਆਂ ਨੂੰ ਆਪਣੇ-ਆਪਣੇ ਹੱਕ ਵਿਚ ਭੁਗਤਾਣ ਵਿਚ ਜੁਟੇ ਹੋਏ ਸਨ ਤਾਂ ਕੈਪਟਨ ਅਮਰਿੰਦਰ ਸਿੰਘ ਵੀ ਅਜਿਹੇ ਮੌਕੇ ਦਾ ਲਾਹਾ ਲੈਣ ਗਏ ਸਨ। ਪਰ ਉਥੋਂ ਦੀਆਂ ਕੁਝ ਧਿਰਾਂ ਵਲੋਂ ਵਿਰੋਧ ਕਾਰਨ ਕੈਨੇਡਾ ਸਰਕਾਰ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਜਨਤਕ ਰੈਲੀਆਂ ਕਰਨ ਤੋਂ ਰੋਕ ਦਿੱਤਾ ਸੀ। ਮੰਨਿਆ ਜਾ ਰਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਇਹੋ ਕਿੜ ਕੱਢਦਿਆਂ ਹਰਜੀਤ ਸਿੰਘ ਸੱਜਣ ਨਾਲ ਮੁਲਾਕਾਤ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਹਾਲਾਂਕਿ ਹਰਜੀਤ ਸਿੰਘ ਸੱਜਣ ਦਾ ਇਥੋਂ ਦੀਆਂ ਸਿਆਸੀ ਧਿਰਾਂ ਨਾਲ ਮੇਲ-ਜੋਲ ਦਾ ਕੋਈ ਪ੍ਰੋਗਰਾਮ ਨਹੀਂ ਸੀ। ਉਹ ਹੁਸ਼ਿਆਰਪੁਰ ਦੇ ਪਿੰਡ ਬੰਬੇਲੀ ਦੇ ਜੰਮਪਲ ਹਨ ਤੇ ਆਮ ਪਰਵਾਸੀਆਂ ਵਾਂਗ ਹੀ ਆਪਣੇ ਜੱਦੀ ਘਰ ਫੇਰੀ ਲਈ ਆਏ ਹਨ।
ਕੈਪਟਨ ਦਾ ਇਹ ਬਿਆਨ ਠੀਕ ਉਸ ਵੇਲੇ ਆਇਆ ਜਦੋਂ ਕੈਨੇਡਾ ਦੇ ਪਾਰਲੀਮੈਂਟ ਹਾਊਸ ਅਤੇ ਹੋਰਨਾਂ ਥਾਵਾਂ ‘ਤੇ ਵੱਡੇ ਪੱਧਰ ‘ਤੇ ਖਾਲਸਾ ਸਾਜਨਾ ਦਿਵਸ ਤੇ ਵਿਸਾਖੀ ਮਨਾਈ ਜਾ ਰਹੀ ਸੀ। ਪਾਰਲੀਮੈਂਟ ਹਾਊਸ ਵਿਚ ਨਾ ਸਿਰਫ਼ ਸਿੱਖ ਮੰਤਰੀਆਂ ਤੇ ਭਾਈਚਾਰੇ ਨੇ ਹੀ ਸ਼ਮੂਲੀਅਤ ਕੀਤੀ ਸਗੋਂ ਕੈਨੇਡੀਅਨ ਮੰਤਰੀਆਂ, ਵਿਧਾਇਕਾਂ ਤੇ ਕੈਨੇਡੀਅਨ ਲੋਕਾਂ ਨੇ ਵੀ ਵੱਧ-ਚੜ੍ਹ ਕੇ ਹਿੱਸਾ ਲਿਆ। ਅਪ੍ਰੈਲ ਦਾ ਇਹ ਮਹੀਨਾ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਕੀਤਾ ਗਿਆ ਹੈ। ਇਸ ਦੇ ਨਾਲ ਹੀ ਜਦੋਂ 1984 ਦੇ ਸਿੱਖ ਕਤਲੇਆਮ ਨੂੰ ਆਪਣੇ ਹੀ ਮੁਲਕ ਭਾਰਤ ਵਿਚ ਨਿਆਂ ਨਹੀਂ ਮਿਲ ਰਿਹਾ, ਉਦੋਂ ਇਨ੍ਹਾਂ ਸਿੱਖ ਮੰਤਰੀਆਂ ਤੇ ਸਿੱਖ ਭਾਈਚਾਰੇ ਦੀਆਂ ਕੋਸ਼ਿਸ਼ਾਂ ਸਦਕਾ ਹੀ ਓਂਟਾਰੀਓ ਸੂਬੇ ਵਿਚ ’84 ਦੇ ਦੁਖਾਂਤ ਨੂੰ ਕਤਲੇਆਮ ਐਲਾਨਿਆ ਗਿਆ। ਇਸ ਤੋਂ ਪਹਿਲਾਂ ਜਦੋਂ ਜਸਟਿਨ ਟਰੂਡੋ ਨੇ ਪ੍ਰਧਾਨ ਮੰਤਰੀ ਵਜੋਂ ਹਲਫ਼ ਲਿਆ ਤਾਂ ਉਨ੍ਹਾਂ ਆਉਂਦਿਆਂ ਹੀ ਕਾਮਾਗਾਟਾਮਾਰੂ ਕਾਂਡ ਲਈ ਸੰਸਦ ਵਿਚ ਮੁਆਫ਼ੀ ਮੰਗੀ। ਜਦੋਂ ਦੋਹਾਂ ਮੁਲਕਾਂ ਵਿਚਾਲੇ ਅਜਿਹੇ ਮਿੱਤਰਤਾ ਵਾਲੇ ਸਬੰਧ ਹੋਣ ਤੇ ਖ਼ਾਸ ਕਰਕੇ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਦੀ ਕਦਰ ਕੀਤੀ ਜਾ ਰਹੀ ਹੋਵੇ, ਉਥੇ ਕੈਪਟਨ ਅਮਰਿੰਦਰ ਸਿੰਘ ਦਾ ਬਿਆਨ ਰਿਸ਼ਤਿਆਂ ਵਿਚ ਕਾਂਜੀ ਘੋਲਣ ਵਾਂਗ ਹੈ।

ਪੰਥਕ ਜਥੇਬੰਦੀਆਂ ਨੇ ਕੈਪਟਨ ਵਲੋਂ ਸੱਜਣ ਨੂੰ ਖਾਲਿਸਤਾਨੀ ਹਮਦਰਦ ਕਰਾਰ ਦੇਣ ਦਾ ਲਿਆ ਗੰਭੀਰ ਨੋਟਿਸ
ਚੰਡੀਗੜ੍ਹ/ਬਿਊਰੋ ਨਿਊਜ਼ :
ਪੰਥਕ ਜਥੇਬੰਦੀਆਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਨੂੰ ਖਾਲਿਸਤਾਨੀਆਂ ਦਾ ਹਮਦਰਦ ਕਰਾਰ ਦੇਣ ਦਾ ਸਖ਼ਤ ਨੋਟਿਸ ਲੈਂਦਿਆਂ ਦੋਸ਼ ਲਾਇਆ ਹੈ ਕਿ ਕਾਂਗਰਸ ਆਪਣੇ ਹਿੰਦੂ ਵੋਟ ਬੈਂਕ ਨੂੰ ਖੁਸ਼ ਕਰਨ ਲਈ ਅਜਿਹੀਆਂ ਚਾਲਾਂ ਚੱਲ ਰਹੀ ਹੈ। ਸੰਸਾਰ ਸਿੱਖ ਸੰਗਠਨ ਦੇ ਸਕੱਤਰ ਜਨਰਲ ਕੇ.ਐੱਸ. ਗਿੱਲ, ਪ੍ਰੋ. ਗੁਰਦਰਸ਼ਨ ਸਿੰਘ ਢਿੱਲੋਂ, ਮਨੁੱਖੀ ਅਧਿਕਾਰਾਂ ਦੇ ਵਕੀਲ ਅਮਰ ਸਿੰਘ ਚਾਹਲ ਤੇ ਹਰਪਾਲ ਸਿੰਘ ਚੀਮਾ, ਪੱਤਰਕਾਰ ਕਰਮਜੀਤ ਸਿੰਘ, ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਦੇ ਪ੍ਰਤੀਨਿਧ ਸੁਰਿੰਦਰ ਸਿੰਘ ਕਿਸ਼ਨਪੁਰਾ ਅਤੇ ਕਮਿੱਕਰ ਸਿੰਘ ਨੇ ਸਾਂਝੇ ਤੌਰ ‘ਤੇ ਪ੍ਰੈਸ ਕਾਨਫਰੰਸ ਕਰ ਕੇ ਦੋਸ਼ ਲਾਇਆ ਕਿ ਆਪਣੀ ਮਿਹਨਤ, ਹਲੀਮੀ ਅਤੇ ਲਿਆਕਤ ਨਾਲ ਕੈਨੇਡਾ ਦੇ ਰੱਖਿਆ ਮੰਤਰੀ ਬਣੇ ਸ੍ਰੀ ਸੱਜਣ ਵਿਰੁੱਧ ਕੈਪਟਨ ਵੱਲੋਂ ਬਿਨਾਂ ਕਿਸੇ ਆਧਾਰ ‘ਤੇ ਖਾਲਿਸਤਾਨੀ ਹੋਣ ਦੇ ਦੋਸ਼ ਲਾ ਕੇ ਸਮੁੱਚੀ ਸਿੱਖ ਕੌਮ ਨੂੰ ਠੇਸ ਪਹੁੰਚਾਈ ਗਈ ਹੈ। ਇਸ ਨਾਲ ਕੈਨੇਡਾ ਦੇ ਗਲਤ ਅਨਸਰਾਂ ਨੂੰ ਨਸਲੀ ਹਿੰਸਾ ਕਰਨ ਦਾ ਹੋਰ ਬਲ ਮਿਲ ਸਕਦਾ ਹੈ ਅਤੇ ਵਿਦੇਸ਼ਾਂ ਵਿੱਚ ਵਸਦੇ ਸਿੱਖ ਮੁਸੀਬਤ ਵਿੱਚ ਫਸ ਸਕਦੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਕੈਪਟਨ ਨੇ ਹਿੰਦੂ ਵੋਟ ਬੈਂਕ ਨੂੰ ਖੁਸ਼ ਕਰਨ ਲਈ ਸ੍ਰੀ ਸੱਜਣ ਉਪਰ ਖਾਲਿਸਤਾਨੀਆਂ ਦੇ ਹਮਦਰਦ ਹੋਣ ਦੇ ਦੋਸ਼ ਲਾਏ ਹਨ। ਉਨ੍ਹਾਂ ਗੰਭੀਰ ਦੋਸ਼ ਲਾਇਆ ਕਿ ਕੈਪਟਨ ਪਰਿਵਾਰ ਦੇ ਵੱਡੇ-ਵਡੇਰੇ ਅਕਸਰ ਅੰਗਰੇਜ਼ਾਂ ਦੀ ਪਿੱਠ ਪੂਰਦੇ ਰਹੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਹੁਣ ਕੈਪਟਨ ਵੀ ਮੌਕਾਪ੍ਰਸਤ ਇਤਿਹਾਸ ਦੀ ਪੈਰਵਾਈ ਕਰਦੇ ਜਾਪਦੇ ਹਨ। ਸਿੱਖ ਆਗੂਆਂ ਨੇ ਕਿਹਾ ਕਿ ਭਾਰਤੀ ਸਟੇਟ ਸਿੱਖਾਂ ਨੂੰ ਹਾਲੇ ਤੱਕ ਵੀ ਇਨਸਾਫ਼ ਨਹੀਂ ਦੇ ਰਹੀ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਕੈਨੇਡਾ ਦੇ ਸੂਬਾ ਓਂਟਾਰੀਓ ਦੀ ਵਿਧਾਨ ਸਭਾ ਵੱਲੋਂ ਸਿੱਖ ਦੰਗਿਆਂ ਨੂੰ ਕਤਲੇਆਮ ਕਰਾਰ ਦੇਣ ਤੋਂ ਬਾਅਦ ਘਬਰਾਈ ਹੋਈ ਹੈ ਅਤੇ ਇੱਕ ਵੱਡੀ ਸਾਜ਼ਿਸ਼ ਤਹਿਤ ਹੀ ਸ੍ਰੀ ਸੱਜਣ ਨੂੰ ਖਾਲਿਸਤਾਨ ਨਾਲ ਜੋੜ ਕੇ ਬਦਨਾਮ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ।

ਕੈਪਟਨ ਅਮਰਿੰਦਰ ਸਿੰਘ ਦੀ ਹਰਜੀਤ ਸਿੰਘ ਸੱਜਣ ਦੇ ਟਿੱਪਣੀ ਵਿਰੁੱਧ 
ਰੋਸ ਮੁਜ਼ਾਹਰੇ ‘ਚ ‘ਕੈਪਟਨ ਅਮਰਿੰਦਰ ਸਿੰਘ ਮੁਰਦਾਬਾਦ’ ਦੇ ਨਾਅਰੇ ਗੂੰਜੇ
ਟੋਰਾਂਟੋਂ/ਬਿਊਰੋ ਨਿਊਜ਼:
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੈਨੇਡਾ ਦੇ ਰੱਖਿਆ ਮੰਤਰੀ ਸ. ਹਰਜੀਤ ਸਿੰਘ ਸੱਜਣ ਦੇ ਕੀਤੇ ਗਏ ਵਿਰੋਧ ਅਤੇ ਉਨ੍ਹਾਂ ਨੂੰ ਮਿਲਣੋਂ ਇਨਕਾਰ ਕਰਨ ਤੇ ਵੱਖ-ਵੱਖ ਸਿਆਸੀ ਪਾਰਟੀਆਂ ਅਤੇ ਸੰਗਠਨਾਂ ਵੱਲੋਂ ਇਸ ਗੱਲ ਦੀ ਨਿਖੇਧੀ ਕੀਤੀ ਜਾ ਰਹੀ ਹੈ ਗ਼ ਟੋਰਾਂਟੋਂ ਦੇ ਹਾਈਵੇ 50 ਅਤੇ ਸਟੀਲ ਦੇ ਚੌਕ ਤੇ ਯੂਥ ਅਕਾਲੀ ਦਲ ਦੇ ਆਗੂਆਂ ਵੱਲੋਂ ਹੱਥ ‘ਚ ਤਖਤੀਆਂ ਜਿਨ੍ਹਾਂ ਉੱਤੇ ‘ਸ.ਹਰਜੀਤ ਸਿੰਘ ਸੱਜਣ ਪੰਜਾਬੀਆਂ ਦੀ ਸ਼ਾਨ’ ‘ਕੈਪਟਨ ਅਮਰਿੰਦਰ ਸਿੰਘ ਮੁਰਦਾਬਾਦ’ ਅਤੇ ‘ਕਾਂਗਰਸ ਮੁਰਦਾਬਾਦ’ ਦੇ ਨਾਅਰੇ ਲਿਖੇ ਹੋਏ ਸਨ, ਫੜ੍ਹ ਕੇ ਰੋਸ ਮੁਜ਼ਾਹਰਾ ਕੀਤਾ ਗਿਆ ਗ਼ ਇਸ ਮੌਕੇ ਬੋਲਦਿਆਂ ਯੂਥ ਅਕਾਲੀ ਦਲ ਦੇ ਜਨਰਲ ਸਕੱਤਰ ਬਿਕਰਮਜੀਤ ਸਿੰਘ ਅੱਲ੍ਹਾਬਖ਼ਸ਼ ਨੇ ਆਖਿਆ ਕਿ ਹਰਜੀਤ ਸਿੰਘ ਸੱਜਣ ਹੁਣ ਇਕੱਲੇ ਪੰਜਾਬੀਆਂ ਦੇ ਹੀ ਨਹੀਂ ਸਗੋਂ ਪੂਰੇ ਕੈਨੇਡਾ ਦੀ ਸ਼ਾਨ ਹਨ ਅਤੇ ਕੈਨੇਡਾ ਦੇ ਇਸ ਹਰਮਨ ਪਿਆਰੇ ਨੇਤਾ ਦੀ ਮੁਖਾਲਫਤ ਕਰਕੇ ਕੈਪਟਨ ਅਮਰਿੰਦਰ ਸਿੰਘ ਨੇ ਜਿੱਥੇ ਕੈਨੇਡਾ ਦੀ ਡੈਮੋਕ੍ਰੇਸੀ ਦਾ ਮਜ਼ਾਕ ਉਡਾਇਆ ਹੈ, ਉੱਥੇ ਹੀ ਇਸ ਨਾਲ ਪੰਜਾਬੀਆਂ ਦੇ ਦਿਲਾਂ ਨੂੰ ਭਾਰੀ ਠੇਸ ਪਹੁੰਚੀ ਹੈ ਗ਼ ਉਨ੍ਹਾਂ ਕਾਂਗਰਸ ਪਾਰਟੀ ਉੱਤੇ ਪੰਜਾਬ ਅਤੇ ਸਿੱਖ ਵਿਰੋਧੀ ਹੋਣ ਦਾ ਦੋਸ਼ ਲਾਉਂਦਿਆਂ ਇਸਦੀ ਭਰਵੀਂ ਨਿੰਦਾ ਕੀਤੀ ਗ਼ ਉਨ੍ਹਾਂ ਆਖਿਆ ਕਿ ਇਸ ਕਾਰੇ ਨਾਲ ਕੈਪਟਨ ਅਮਰਿੰਦਰ ਸਿੰਘ ਦੀ ਸਿੱਖ ਵਿਰੋਧੀ ਸੌੜੀ ਸੋਚ ਖੁੱਲ੍ਹ ਕੇ ਸਾਹਮਣੇ ਆਈ ਹੈ ਕਿ ਕਾਂਗਰਸ ਪਾਰਟੀ ਹਮੇਸ਼ਾਂ ਹੀ ਸਿੱਖ ਵਿਰੋਧੀ ਰਹੀ ਹੈ ਗ਼ ਇਸ ਮੌਕੇ ਰੋਸ ਪ੍ਰਗਟਾਵਾ ਵੀ ਕੀਤਾ ਗਿਆ ਗ਼ ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਿੰਦਰਜੀਤ ਸਿੰਘ ਖੱਖ, ਪ੍ਰਗਟ ਸਿੰਘ ਬੰਗਾ, ਜਸਪ੍ਰੀਤ ਸਿੰਘ ਗੋਲਡੀ, ਗੁਲਬਾਗ ਸਿੰਘ ਗਿੱਲ, ਪ੍ਰਭਜੀਤ ਸਿੰਘ ਬੈਂਸ, ਰਮਨਦੀਪ ਸਿੰਘ ਧਿਮਾਨ, ਰੋਹਿਤ ਭੱਟੀ, ਹਰਮਨਜੀਤ ਸਿੰਘ ਮੰਡ ਅਤੇ ਅਵਤਾਰ ਸਿੰਘ ਰਾਣਾ ਬੋਪਾਰਾਏ ਮੌਜੂਦ ਸਨ.