ਤਾਮਿਲਨਾਡੂ ਦੇ ਕਿਸਾਨਾਂ ਨੇ ਮੁੱਖ ਮੰਤਰੀ ਪਲਾਨੀਸਵਾਮੀ ਦੇ ਭਰੋਸੇ ਮਗਰੋਂ ਦਿੱਲੀ ‘ਚ ਅੰਦੋਲਨ ਮੁਲਤਵੀ ਕੀਤਾ

ਤਾਮਿਲਨਾਡੂ ਦੇ ਕਿਸਾਨਾਂ ਨੇ ਮੁੱਖ ਮੰਤਰੀ ਪਲਾਨੀਸਵਾਮੀ ਦੇ ਭਰੋਸੇ ਮਗਰੋਂ ਦਿੱਲੀ ‘ਚ ਅੰਦੋਲਨ ਮੁਲਤਵੀ ਕੀਤਾ

ਨਵੀਂ ਦਿੱਲੀ/ਬਿਊਰੋ ਨਿਊਜ਼ :
ਦਿੱਲੀ ਦੇ ਜੰਤਰ-ਮੰਤਰ ‘ਤੇ ਪਿਛਲੇ 41 ਦਿਨਾਂ ਤੋਂ ਪ੍ਰਦਰਸ਼ਨ ਕਰ ਰਹੇ ਤਾਮਿਲਨਾਡੂ ਦੇ ਕਿਸਾਨਾਂ ਨੇ ਮੁੱਖ ਮੰਤਰੀ ਈ. ਪਲਾਨੀਸਵਾਮੀ ਦੇ ਭਰੋਸੇ ਮਗਰੋਂ ਐਤਵਾਰ ਨੂੰ ਆਪਣਾ ਅੰਦੋਲਨ ਅਸਥਾਈ ਤੌਰ ‘ਤੇ ਮੁਲਤਵੀ ਕਰ ਦਿੱਤਾ। ਕਿਸਾਨਾਂ ਦੇ ਨੇਤਾ ਅਯਕਕੰਨੂ ਨੇ ਦੱਸਿਆ, ‘ਸਾਡੀਆਂ ਮੰਗਾਂ ‘ਤੇ ਫੈਸਲਾ ਕਰਨ ਦਾ ਅਧਿਕਾਰ ਮੁੱਖ ਮੰਤਰੀ ਤੇ ਕੇਂਦਰੀ ਵਿਤ ਮੰਤਰੀ ਕੋਲ ਹੈ। ਆਪਣੇ ਮੁੱਖ ਮੰਤਰੀ ਰਾਹੀਂ ਦਿੱਤੇ ਗਏ ਭਰੋਸੇ ਦੇ ਆਧਾਰ ‘ਤੇ ਅਸੀਂ ਅੰਦੋਲਨ ਇਕ ਮਹੀਨੇ ਲਈ ਮੁਲਤਵੀ ਕਰਨ ਦਾ ਫੈਸਲਾ ਕੀਤਾ ਹੈ। ਉਨ੍ਹਾਂ ਕਿਹਾ, ‘ਜੇਕਰ ਵਾਅਦੇ ਪੂਰੇ ਨਾ ਕੀਤੇ ਗਏ ਤਾਂ ਅਸੀਂ 25 ਮਈ ਨੂੰ ਦਿੱਲੀ ਵਿਚ ਵੱਡੇ ਪੱਧਰ ‘ਤੇ ਅੰਦੋਲਨ ਸ਼ੁਰੂ ਕਰਾਂਗੇ।’
ਉਨ੍ਹਾਂ ਕਿਹਾ ਕਿ ਤਾਮਿਲਨਾਡੂ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਐਮ.ਕੇ. ਸਟਾਲਿਨ, ਐਮ.ਡੀ.ਐਮ.ਕੇ. ਨੇਤਾ ਪ੍ਰੇਮਲਤਾ ਵਿਜਯਕਾਂਤ, ਤਮਿਲ ਮਨੀਲਾ ਕਾਂਗਰਸ ਮੁਖੀ ਜੀ.ਕੇ. ਵਾਸਨ ਤੇ ਭਾਜਪਾ ਦੇ ਪੀ. ਰਾਧਾਕ੍ਰਿਸ਼ਨਣ ਦੇ ਭਰੋਸੇ ਦੇ ਆਧਾਰ ‘ਤੇ ਇਹ ਫ਼ੈਸਲਾ ਕੀਤਾ ਗਿਆ।
ਕਿਸਾਨ ਪਿਛਲੇ 41 ਦਿਨਾਂ ਤੋਂ ਇਹ ਅੰਦੋਲਨ ਕਰ ਰਹੇ ਸਨ। ਉਹ 40000 ਕਰੋੜ ਰੁਪਏ ਦੇ ਸੋਕਾ ਰਾਹਤ ਪੈਕੇਜ, ਫਸਲ ਕਰਜ਼ਾ ਮੁਆਫ਼ੀ ਤੇ ਕਾਵੇਰੀ ਪ੍ਰਬੰਧਨ ਬੋਰਡ ਦੀ ਸਥਾਪਨਾ ਦੀ ਮੰਗ ਕਰ ਰਹੇ ਹਨ। ਇਸ ਤੋਂ ਪਹਿਲਾਂ ਉਨ੍ਹਾਂ ਨੇ ਵੱਖ ਵੱਖ ਸਿਆਸੀ ਦਲਾਂ ਦੇ ਆਗੂਆਂ ਤੋਂ ਇਲਾਵਾ ਕਈ ਕੇਂਦਰੀ ਤੇ ਸੂਬਾਈ ਮੰਤਰੀਆਂ ਦੀ ਬੇਨਤੀ ਮਗਰੋਂ ਵੀ ਅੰਦੋਲਨ ਸਮਾਪਤ ਕਰਨ ਤੋਂ ਇਨਕਾਰ ਕਰ ਦਿੱਤਾ ਸੀ।