ਦਿੱਲੀ ਕਾਰਪੋਰੇਸ਼ਨ ਚੋਣਾਂ ‘ਚ ਭਾਜਪਾ ਦੀ ਵੱਡੀ ਜਿੱਤ

ਦਿੱਲੀ ਕਾਰਪੋਰੇਸ਼ਨ ਚੋਣਾਂ ‘ਚ ਭਾਜਪਾ ਦੀ ਵੱਡੀ ਜਿੱਤ

ਆਮ ਆਦਮੀ ਪਾਰਟੀ ਨੂੰ ਕਰਾਰੀ ਹਾਰ ਦਾ ਸਾਹਮਣਾ
ਨਵੀਂ ਦਿੱਲੀ/ਬਿਊਰੋ ਨਿਊਜ਼:
ਭਾਰਤ ਦੀ ਕੇਂਦਰ ਸਰਕਾਰ ਦੀ ਸੱਤਾਧਾਰੀ ਭਾਰਤੀ ਜਨਤਾ ਪਾਰਟੀ ਨੇ ਦੇਸ ਦੀ ਰਾਜਧਾਨੀ ਵਾਲੇ ਸ਼ਹਿਰ ਦਿੱਲੀ ਦੀਆਂ ਮਿਉਂਸਪਲ ਚੋਣਾਂ ਵਿੱਚ ਹੂੰਝਾ ਫੇਰੂ ਜਿੱਤ ਹਾਸਲ ਕਰਦਿਆਂ ਅਰਵਿੰਦ ਕੇਜਰੀਵਾਲ ਦੀ ਆਮ ਆਦਮ ਪਾਰਟੀ ਦਾ ਰਾਜਸੀ ਤੌਰ ਉੱਤੇ ਸਫ਼ਾਇਆ ਹੋਣ ਦਾ ਮੁੱਢ ਇੱਕ ਤਰ੍ਹਾਂ ਨਾਲ ਬੰਨ੍ਹ ਦਿੱਤਾ ਹੈ।
ਦਿੱਲੀ ਮਿਉਂਸਪਲ ਕਾਰਪੋਰੇਸ਼ਨ, ਜਿਹੜੀ ਤਿੰਨ ਭਾਗਾਂ ਉੱਤਰੀ, ਦੱਖਣੀ ਅਤੇ ਪੂਰਬੀ ਵਿੱਚ ਵੰਡੀ ਹੋਈ, ਦੀਆਂ ਹਾਲ ਵਿੱਚ ਹੀ ਹੋਈਆਂ ਚੋਣਾਂ ਦੇ ਬੁੱਧਵਾਰ ਬਾਅਦ ਦੁਪਹਿਰ ਤੱਕ ਸਾਹਮਣੇ ਆਏ ਚੋਣ ਨਤੀਜਿਆਂ ਅਤੇ ਰੁਝਾਨਾਂ ਅਨੁਸਾਰ ਸਾਰੇ ਹੀ ਇਲਾਕਿਆਂ ਵਿੱਚ ਭਾਰਤੀ ਜਨਤਾ ਪਾਰਟੀ ਨੇ ਬੜੇ ਵੱਡੇ ਫ਼ਰਕ ਨਾਲ ਜਿੱਤ ਵਲ ਅੱਗੇ ਵਧਦਿਆਂ ਦਿੱਲੀ ਸਰਕਾਰ ਉੱਤੇ ਕਾਬਜ਼ ਆਮ ਆਦਮੀ ਪਾਰਟੀ ਨੂੰ ਕਰਾਰੀ ਹਾਰ ਦਾ ਮੂੰਹ ਵਿਖਾਉਂਦਿਆਂ ਦੂਜੀ ਥਾਂ ਉੱਤੇ ਧੱਕ ਦਿੱਤਾ । ਦੂਜੇ ਪਾਸੇ ਕਿ ਕਾਂਗਰਸ ਤਾਂ ਮਸਾਂ ਤੀਜੇ ਥਾਂ ਬਚਾਉਂਦੀ ਨਜ਼ਰ ਆ ਰਹੀ ਸੀ।
ਤਿੰਨਾਂ ਕਾਰਪੋਰੇਸ਼ਨਾਂ ਦੀਆਂ 270 ਸੀਟਾਂ ਦੀਆਂ ਵੋਟਾਂ ਦੀ ਗਿਣਤੀ ਬੁੱਧਵਾਰ ਸਵੇਰੇ ਸ਼ੁਰੂ ਹੋਈ। ਸਾਰੇ ਹਲਕਿਆਂ ਵਿੱਚ ਵੋਟਾਂ ਪੈਣ ਦਾ ਕੰਮ ਐਤਵਾਰ ਨੂੰ ਮੁਕੰਮਲ ਹੋਇਆ ਸੀ।
ਆਖ਼ਰੀ ਖ਼ਬਰਾਂ ਮਿਲਣ ਵੇਲੇ ਤੱਕ ਉੱਤਰੀ ਦਿੱਲੀ ਦੇ 104 ਹਲਕਿਆਂ ਵਿਚੋਂ 103 ਹਲਕਿਆਂ ਦੇ ਰੁਝਾਨਾਂ ਅਨੁਸਾਰ ਭਾਜਪਾ ਨੇ 66 ਆਪ ਨੇ 21 ਅਤੇ ਕਾਂਗਰਸ ਨੇ 13 ਸੀਟਾਂ ਜਿੱਤੀਆਂ ਜਾਂ ਇਨ੍ਹਾਂ ਦੇ ਉਮੀਦਵਾਰ ਕਾਫ਼ੀ ਅੱਗੇ ਚੱਲ ਰਹੇ ਸਨ। ਬਾਕੀ 3 ਹਲਕਿਆਂ ਉੱਤੇ ਹੋਰ ਉਮੀਦਵਾਰ ਜੇਤੂ ਰਹੇ।
ਪੂਰਬੀ ਦਿੱਲੀ ਦੇ 64 ਹਲਕਿਆਂ ਵਿਚੋਂ 63 ਹਲਕਿਆਂ ਦੇ ਰੁਝਾਨਾਂ ਅਨੁਸਾਰ ਭਾਜਪਾ 49 ਆਪ 9 ਤੇ ਕਾਂਗਰਸ 2 ਸੀਟਾਂ ਉੱਤੇ ਜੇਤੂ ਜਾਂ ਅੱਗੇ ਸੀ। ਬਾਕੀ 2 ਹਲਕਿਆਂ ਉੱਤੇ ਹੋਰ ਉਮੀਦਵਾਰ ਅੱਗੇ ਸਨ।
ਦੱਖਣੀ ਦਿੱਲੀ ਦੇ 104 ਹਲਕਿਆਂ ਵਿਚੋਂ  103 ਹਲਕਿਆਂ ਦੇ ਰੁਝਾਨਾਂ ਅਨੁਸਾਰ ਭਾਜਪਾ 65 ਆਪ  ਅਤੇ 16 ਕਾਂਗਰਸ 13 ਉੱਤੇ ਜੇਤੂ ਜਾਂ ਅੱਗੇ ਸੀ। ਅਤੇ ਬਾਕੀ 6 ਹਲਕਿਆਂ ਉੱਤੇ ਹੋਰ ਉਮੀਦਵਾਰ ਅੱਗੇ ਦੱਸੇ ਜਾ ਰਹੇ ਸਨ।