ਸ਼ਿਵਪਾਲ ਨੇ ਧਰਮ ਨਿਰਪੱਖ ਮੋਰਚਾ ਬਣਾਉਣ ਦਾ ਕੀਤਾ ਐਲਾਨ

ਸ਼ਿਵਪਾਲ ਨੇ ਧਰਮ ਨਿਰਪੱਖ ਮੋਰਚਾ ਬਣਾਉਣ ਦਾ ਕੀਤਾ ਐਲਾਨ

ਮੁਲਾਇਮ ਹੋਣਗੇ ਮੋਰਚੇ ਦੇ ਮੁਖੀ
ਲਖਨਊ/ਬਿਊਰੋ ਨਿਊਜ਼ :
ਉਤਰ ਪ੍ਰਦੇਸ਼ ਦੀ ਮੁੱਖ ਵਿਰੋਧੀ ਪਾਰਟੀ ਸਪਾ ਵਿੱਚ ਉਦੋਂ ਫੁੱਟ ਉਭਰ ਆਈ ਜਦੋਂ ਪਾਰਟੀ ਦੇ ਸੀਨੀਅਰ ਆਗੂ ਸ਼ਿਵਪਾਲ ਯਾਦਵ ਨੇ ਐਲਾਨ ਕੀਤਾ ਕਿ ਉਨ੍ਹਾਂ ਵੱਲੋਂ ਬਣਾਏ ਜਾਣ ਵਾਲੇ ਧਰਮਨਿਰਪੱਖ ਫਰੰਟ ਦੀ ਅਗਵਾਈ ਉਨ੍ਹਾਂ ਦੇ ਵੱਡੇ ਭਰਾ ਮੁਲਾਇਮ ਸਿੰਘ ਯਾਦਵ ਕਰਨਗੇ।
ਗ਼ੌਰਤਲਬ ਹੈ ਕਿ ਯੂਪੀ ਵਿਧਾਨ ਸਭਾ ਚੋਣਾਂ ਵਿੱਚ ਆਪਣੀ ਜਸਵੰਤਨਗਰ ਸੀਟ ਕਾਇਮ ਰੱਖਣ ਵਾਲੇ ਸ਼ਿਵਪਾਲ ਨੇ ਸਪਾ ਮੁਖੀ ਤੇ ਆਪਣੇ ਭਤੀਜੇ ਅਖਿਲੇਸ਼ ਯਾਦਵ ਨੂੰ ਅਲਟੀਮੇਟ ਦਿੱਤਾ ਸੀ ਕਿ ਜੇ ਉਸ ਨੇ ਪਾਰਟੀ ਦੀ ਪ੍ਰਧਾਨਗੀ ਮੁੜ ਆਪਣੇ ਪਿਤਾ ਮੁਲਾਇਮ ਨੂੰ ਨਾ ਸੌਂਪੀ ਤਾਂ ਉਹ ‘ਸੈਕੂਲਰ ਮੋਰਚਾ’ ਕਾਇਮ ਕਰਨਗੇ।
ਯਾਦਵਾਂ ਦੇ ਗੜ੍ਹ ਇਟਾਵਾ ਵਿੱਚ ਉਨ੍ਹਾਂ ਕਿਹਾ, ”ਸਮਾਜਿਕ ਨਿਆਂ ਲਈ ਸਮਾਜਵਾਦੀ ਸੈਕੂਲਰ ਮੋਰਚਾ ਬਣਾਇਆ ਜਾਵੇਗਾ ਤੇ ਨੇਤਾਜੀ (ਮੁਲਾਇਮ) ਇਸ ਦੇ ਕੌਮੀ ਪ੍ਰਧਾਨ ਹੋਣਗੇ।”
ਇਸ ਸਬੰਧੀ ਪੁੱਛੇ ਜਾਣ ਉਤੇ ਅਖਿਲੇਸ਼ ਨੇ ਕਿਹਾ ਕਿ ਉਸ ਨੂੰ ਇਸ ਦਾ ਪਤਾ ਮੀਡੀਆ ਤੋਂ ਹੀ ਲੱਗਾ ਹੈ। ਸ਼ਿਵਪਾਲ ਨੇ ਮੋਰਚੇ ਦਾ ਐਲਾਨ ਇਥੇ ਮੁਲਾਇਮ ਨਾਲ ਉਨ੍ਹਾਂ ਦੀ ਰਿਹਾਇਸ਼ ‘ਤੇ ਮੀਟਿੰਗ ਤੋਂ ਬਾਅਦ ਕੀਤਾ।