ਭੁੱਖ ਹੜਤਾਲ ‘ਤੇ ਬੈਠੇ ਕਪਿਲ ਮਿਸ਼ਰਾ ‘ਤੇ ਹਮਲਾ

ਭੁੱਖ ਹੜਤਾਲ ‘ਤੇ ਬੈਠੇ ਕਪਿਲ ਮਿਸ਼ਰਾ ‘ਤੇ ਹਮਲਾ

ਨਵੀਂ ਦਿੱਲੀ/ਬਿਊਰੋ ਨਿਊਜ਼ :
ਭੁੱਖ ਹੜਤਾਲ ‘ਤੇ ਬੈਠੇ ‘ਆਪ’ ਵੱਲੋਂ ਮੁਅੱਤਲ ਨੇਤਾ ਕਪਿਲ ਮਿਸ਼ਰਾ ‘ਤੇ ਅਚਾਨਕ ਇਕ ਵਿਅਕਤੀ ਨੇ ਹਮਲਾ ਕਰ ਦਿੱਤਾ। ਹਮਲਾਵਰ ਨੂੰ ਤੁਰੰਤ ਗ੍ਰਿਫਤਾਰ ਕਰਕੇ ਪੁਲੀਸ ਸਟੇਸ਼ਨ ਲਿਜਾਇਆ ਗਿਆ ਹੈ। ਕਪਿਲ ਮਿਸ਼ਰਾ ‘ਤੇ ਹਮਲਾ ਕਰਨ ਵਾਲੇ ਵਿਅਕਤੀ ਨੇ ਆਪਣਾ ਨਾਂਅ ਅੰਕਿਤ ਭਾਰਦਵਾਜ਼ ਦੱਸਿਆ ਹੈ ਤੇ ਉਹ ਆਪਣੇ ਆਪ ਨੂੰ ਆਮ ਆਦਮੀ ਪਾਰਟੀ ਦਾ ਵਰਕਰ ਦੱਸ ਰਿਹਾ ਹੈ। ਦਰਅਸਲ ਕਪਿਲ ਮਿਸ਼ਰਾ ‘ਆਪ’ ਨੇਤਾਵਾਂ ਦੀਆਂ ਵਿਦੇਸ਼ ਯਾਤਰਾਵਾਂ ਸਬੰਧੀ ਜਾਣਕਾਰੀ ਜਨਤਕ ਕਰਨ ਦੀ ਮੰਗ ਨੂੰ ਲੈ ਕੇ ਧਰਨੇ ‘ਤੇ ਬੈਠੇ ਹਨ। ਇਸ ਦੌਰਾਨ ‘ਆਪ’ ਨੇਤਾਵਾਂ ਨੇ ਆਪਣੀ ਪ੍ਰਤੀਕਿਰਿਆ ਜ਼ਾਹਰ ਕਰਦੇ ਹੋਏ ਹਮਲਾਵਰ ਦਾ ‘ਆਪ’ ਪਾਰਟੀ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਉਨ੍ਹਾਂ ਕਿਹਾ ਕਿ ਅਜਿਹੇ ਤਰੀਕਿਆਂ ਦੀ ਮਦਦ ਨਾਲ ਪਾਰਟੀ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਿਖ਼ਲਾਫ਼ ਬਗ਼ਾਵਤੀ ਸੁਰਾਂ ਅਲਾਪਣ ਵਾਲੇ ਦਿੱਲੀ ਸਰਕਾਰ ਦੇ ਸਾਬਕਾ ਮੰਤਰੀ ਕਪਿਲ ਮਿਸ਼ਰਾ ‘ਆਪ’ ਦੇ ਪੰਜ ਨੇਤਾਵਾਂ ਦੇ ਵਿਦੇਸ਼ ਦੌਰਿਆਂ ਸਬੰਧੀ ਜਾਣਕਾਰੀ ਜਨਤਕ ਕਰਨ ਦੀ ਮੰਗ ਨੂੰ ਲੈ ਕੇ ਸਿਵਲ ਲਾਈਨ ਸਥਿਤ ਆਪਣੇ ਸਰਕਾਰੀ ਘਰ ਵਿਚ ਹੀ ਭੁੱਖ ਹੜਤਾਲ ‘ਤੇ ਬੈਠੇ ਹਨ। ਜਿਵੇਂ ਕਿ ਆਪਣੀ ਭੁੱਖ ਹੜਤਾਲ ਲਈ ਮੰਗ ਨੂੰ ਪਹਿਲਾਂ ਹੀ ਜਨਤਕ ਤੌਰ ‘ਤੇ ਐਲਾਨ ਕਰਦਿਆਂ ਕਪਿਲ ਮਿਸ਼ਰਾ ਕਹਿ ਚੁੱਕੇ ਹਨ ਕਿ ਜਦੋਂ ਤੱਕ ਆਮ ਆਦਮੀ ਪਾਰਟੀ ਆਪਣੇ 5 ਨੇਤਾਵਾਂ ਦੇ ਵਿਦੇਸ਼ ਦੌਰਿਆਂ ਦੀ ਜਾਣਕਾਰੀ ਜਨਤਕ ਨਹੀਂ ਕਰਦੀ ਉਹ ਭੁੱਖ ਹੜਤਾਲ ‘ਤੇ ਬੈਠੇ ਰਹਿਣਗੇ। ਇਹ ਪੰਜ ਨੇਤਾ ਸੰਜੈ ਸਿੰਘ, ਸਤਿੰਦਰ ਜੈਨ, ਆਸ਼ੀਸ਼ ਖੇਤਾਨ, ਰਾਘਵ ਚੱਢਾ ਤੇ ਦੁਰਗੇਸ਼ ਪਾਠਕ ਹਨ। ਕਪਿਲ ਮਿਸ਼ਰਾ ਨੇ ਕਿਹਾ ਕਿ ਇਹ ਭੁੱਖ ਹੜਤਾਲ ਨਹੀਂ ਬਲਕਿ ਸਤਿਆਗ੍ਰਹਿ ਹੈ ਤੇ ਕੇਜਰੀਵਾਲ ਜਦ ਤੱਕ ਉਕਤ ਨੇਤਾਵਾਂ ਦੀਆਂ ਵਿਦੇਸ਼ ਯਾਤਰਾਵਾਂ ਸਬੰਧੀ ਸਾਰਾ ਬਿਓਰਾ ਜਨਤਕ ਨਹੀਂ ਕਰਦੇ ਉਹ ਇਸੇ ਤਰ੍ਹਾਂ ਭੁੱਖ ਹੜਤਾਲ ‘ਤੇ ਬੈਠੇ ਰਹਿਣਗੇ।
ਸੰਜੇ ਸਿੰਘ ਨੇ ਦਿੱਤੀ ਵਿਦੇਸ਼ ਦੌਰਿਆਂ ਸਬੰਧੀ ਸਫ਼ਾਈ :
ਕਪਿਲ ਮਿਸ਼ਰਾ ਵੱਲੋਂ ਪਾਰਟੀ ਨੇਤਾਵਾਂ ਦੇ ਵਿਦੇਸ਼ ਦੌਰਿਆਂ ‘ਤੇ ਚੁੱਕੇ ਗਏ ਸਵਾਲਾਂ ਦੇ ਜਵਾਬ ਦੇਣ ਲਈ ਸੰਜੇ ਸਿੰਘ ਨੇ ਇਕ ਪ੍ਰੈੱਸ ਕਾਨਫਰੰਸ ਕੀਤੀ, ਜਿਸ ਵਿਚ ਸੰਜੇ ਸਿੰਘ ਨੇ ਕਿਹਾ ਹੈ ਕਿ ਉਨ੍ਹਾਂ ਦੇ ਸਿਆਸੀ ਗੁਰੂ ਰਘੁਰ ਠਾਕੁਰ ਹਨ ਤੇ ਮੈਂ ਉਨ੍ਹਾਂ ਕੋਲੋਂ ਹੀ ਸਭ ਕੁਝ ਸਿੱਖਿਆ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਗਰੀਬਾਂ ਦੀ ਆਵਾਜ਼ ਚੁੱਕ ਰਹੀ ਹੈ, ਪਰ ਫਿਰ ਵੀ ਉਨ੍ਹਾਂ ‘ਤੇ ਹਮਲਾ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਬਾਰੇ ਕਿਹਾ ਜਾਂਦਾ ਹੈ ਕਿ ਉਨ੍ਹਾਂ ਕੋਲ 5-5 ਕਰੋੜ ਦੇ ਬੰਗਲੇ ਹਨ, ਪਰ ਉਹ ਕਿਰਾਏ ਦੇ ਘਰ ਵਿਚ ਰਹਿੰਦੇ ਹਨ। ਸੰਜੇ ਸਿੰਘ ਨੇ ਕਿਹਾ ਕਿ ਜੇਕਰ ਉਨ੍ਹਾਂ ਕੁਝ ਵੀ ਗਲਤ ਕੀਤਾ ਹੋਵੇ ਤਾਂ ਉਹ ਰਾਜਨੀਤੀ ਵਿਚੋਂ ਸੰਨਿਆਸ ਲੈ ਲੈਣਗੇ। ਇਸ ਦੌਰਾਨ ਉਨਾਂ ਦੱਸਿਆ ਕਿ ਉਹ ਕੈਨੇਡਾ ਦੇ ਗੁਰਦੁਆਰੇ ਗਏ ਤੇ ਉਥੇ ਕੰਮ ਕੀਤਾ। ਅਮਰੀਕਾ ਵੀ ਉਹ ਪਾਰਟੀ ਦੇ ਕੰਮ ਤੋਂ ਹੀ ਗਏ ਸਨ। ਉਨ੍ਹਾਂ ਕਿਹਾ ਕਿ ਉਹ ਨਿਪਾਲ ਗਏ ਤੇ ਭੂਚਾਲ ਪੀੜਤਾਂ ਲਈ ਕੰਮ ਕੀਤਾ। ਕਪਿਲ ਮਿਸ਼ਰਾ ਵੱਲੋਂ ਰੂਸ ਯਾਤਰਾ ਬਾਰੇ ਪੁੱਛੇ ਸਵਾਲ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਉਹ ਉਥੇ ਆਪਣੇ ਦੋਸਤ ਦੇ ਬੇਟੇ ਦੇ ਵਿਆਹ ‘ਤੇ ਗਏ ਸਨ ਤੇ ਜਿਸ ਦੀ ਟਿਕਟ ਵੀ ਉਨ੍ਹਾਂ ਦੇ ਦੋਸਤ ਨੇ ਹੀ ਕਰਵਾਈ ਸੀ। ਇਸ ਮੌਕੇ ਉਨ੍ਹਾਂ ਨੇ ਫਿਰ ਭਾਜਪਾ ‘ਤੇ ਹਮਲਾ ਬੋਲਦੇ ਹੋਏ ਕਿਹਾ ਕਿ ਕਪਿਲ ਮਿਸਰਾ ਦੇ ਪਿੱਛੇ ਕੌਣ ਹੈ, ਇਸ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਜਿਸ ਦਿਨ ਉਹ ਦੇਸ਼ਧ੍ਰੋਹੀ ਹੋ ਜਾਣਗੇ, ਉਹ ਜ਼ਹਿਰ ਖਾਣਾ ਪਸੰਦ ਕਰਨਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀਆਂ ਵਿਦੇਸ਼ ਯਾਤਰਾਵਾਂ ਨੂੰ ਦੇਸ਼ਧ੍ਰੋਹ ਨਾਲ ਜੋੜਣਾ ਸ਼ਰਮਨਾਕ ਹੈ।