ਜਗਜੀਤ ਸਿੰਘ ਦੀ ਹੱਤਿਆ ਨੂੰ ਨਸਲੀ ਅਪਰਾਧ ਵਜੋਂ ਘੋਖ ਰਹੀ ਹੈ ਪੁਲੀਸ

ਜਗਜੀਤ ਸਿੰਘ ਦੀ ਹੱਤਿਆ ਨੂੰ ਨਸਲੀ ਅਪਰਾਧ ਵਜੋਂ ਘੋਖ ਰਹੀ ਹੈ ਪੁਲੀਸ

ਨਿਊਯਾਰਕ/  :
ਕੈਲੀਫੋਰਨੀਆ ਪੁਲੀਸ ਜਗਜੀਤ ਸਿੰਘ (32) ਦੀ ਹੱਤਿਆ ਦਾ ਮਾਮਲਾ ਨਸਲੀ ਅਪਰਾਧ ਦੇ ਨਜ਼ਰੀਏ ਨਾਲ ਕਰ ਰਹੀ ਹੈ। ਪੰਜਾਬ ਤੋਂ ਕਰੀਬ ਡੇਢ ਕੁ ਸਾਲ ਪਹਿਲਾਂ ਅਮਰੀਕਾ ਗਏ ਜਗਜੀਤ ਸਿੰਘ ਦੀ ਉਸ ਸਮੇਂ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ ਜਦੋਂ ਉਸ ਨੇ ਸਟੋਰ ‘ਤੇ ਇੱਕ ਵਿਅਕਤੀ ਨੂੰ ਜਾਇਜ਼ ਪਛਾਣ ਪੱਤਰ ਨਾ ਹੋਣ ‘ਤੇ ਸਿਗਰਟਾਂ ਵੇਚਣ ਤੋਂ ਮਨ੍ਹਾ ਕਰ ਦਿੱਤਾ ਸੀ। ਜਗਜੀਤ ਸਿੰਘ ਕੈਲੀਫੋਰਨੀਆ ਦੇ ਮੋਡੈਸਟੋ ਸ਼ਹਿਰ ਵਿਚ ਹੈਚ ਫੂਡ ਐਂਡ ਗੈਸ ਸਟੋਰ ‘ਤੇ ਕੰਮ ਕਰਦਾ ਸੀ। ਪੁਲੀਸ ਵਿਭਾਗ ਦੀ ਤਰਜਮਾਨ ਹੀਥਰ ਗਰੇਵਜ਼ ਨੇ ਐਨਬੀਸੀ ਨਿਊਜ਼ ਨੂੰ ਦੱਸਿਆ ਕਿ ਜਗਜੀਤ ਸਿੰਘ ਅਤੇ ਸ਼ੱਕੀ ਦਰਮਿਆਨ ਸਟੋਰ ਅੰਦਰ ਸੰਘਰਸ਼ ਹੋਇਆ ਸੀ। ਉਸ ਨੇ ਕਿਹਾ ਕਿ ਕੁੱਝ ਗਵਾਹਾਂ ਤੋਂ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ ਪਰ ਪੁਲੀਸ ਨੂੰ ਜਾਪਦਾ ਹੈ ਕਿ ਦੋਹਾਂ ਵਿਚਕਾਰ ਬਹਿਸ ਹੀ ਹੋਈ ਸੀ। ਨਫ਼ਰਤੀ ਅਪਰਾਧ ਦਾ ਮਾਮਲਾ ਹੋਣ ਸਬੰਧੀ ਪੁੱਛੇ ਜਾਣ ‘ਤੇ ਉਸ ਨੇ ਕਿਹਾ ਕਿ ਪੁਲੀਸ ਇਸ ਸੰਭਾਵਨਾ ਤੋਂ ਇਨਕਾਰ ਨਹੀਂ ਕਰ ਰਹੀ ਅਤੇ ਇਸ ਦੀ ਵੀ ਜਾਂਚ ਹੋ ਰਹੀ ਹੈ। ਪੁਲੀਸ ਨੇ ਜਗਜੀਤ ਸਿੰਘ ਨਾਲ ਬਹਿਸ ਕਰਨ ਵਾਲੇ ਵਿਅਕਤੀ ਦੀਆਂ ਤਸਵੀਰਾਂ ਨਸ਼ਰ ਕਰ ਦਿੱਤੀਆਂ ਹਨ। ਇਹ ਵਿਅਕਤੀ ਕਾਲੇ ਰੰਗ ਦਾ ਵਾਹਨ ਲੈ ਕੇ ਚਲਾ ਗਿਆ ਸੀ ਅਤੇ ਦੂਜੇ ਸ਼ੱਕੀ ਨਾਲ ਪਰਤਿਆ ਜਿਸ ਨੂੰ ਜਗਜੀਤ ਸਿੰਘ ਨੇ ਚਾਕੂ ਮਾਰਿਆ। ਪਿਛਲੇ ਇੱਕ ਹਫ਼ਤੇ ਦੌਰਾਨ ਅਮਰੀਕਾ ਵਿਚ ਭਾਰਤੀ ਮੂਲ ਦੇ ਚਾਰ ਵਿਅਕਤੀਆਂ ਨੂੰ ਨਿਸ਼ਾਨਾ ਬਣਾਇਆ ਜਾ ਚੁੱਕਿਆ ਹੈ।