ਪੁਲੀਸ ਵਧੀਕੀ ਦਾ ਸ਼ਿਕਾਰ ਫੁਟਬਾਲਰ ਅਫ਼ਸ਼ਾਂ ਨੇ ਚੁੱਕੇ ਪੱਥਰ

ਪੁਲੀਸ ਵਧੀਕੀ ਦਾ ਸ਼ਿਕਾਰ ਫੁਟਬਾਲਰ ਅਫ਼ਸ਼ਾਂ ਨੇ ਚੁੱਕੇ ਪੱਥਰ

ਕਿਹਾ-ਜੇ ਅਗਾਂਹ ਵੀ ਅਜਿਹਾ ਹੋਇਆ ਤਾਂ ਪੱਥਰ ਚੁੱਕਣ ਤੋਂ ਸੰਗੇਗੀ ਨਹੀਂ
ਸ੍ਰੀਨਗਰ/ਬਿਊਰੋ ਨਿਊਜ਼ :
ਫੁਟਬਾਲਰ ਅਫ਼ਸ਼ਾਨ ਆਸ਼ਿਕ, ਜਿਸ ਨੂੰ ਇਸ ਖੇਡ ਦਾ ਹੁਨਰ ਰੱਬੀ ਦਾਤ ਹੈ, ਨੇ ਤਿੰਨ ਹਫ਼ਤੇ ਪਹਿਲਾਂ ਆਪਣੀ ਜ਼ਿੰਦਗੀ ਵਿੱਚ ਪਹਿਲੀ ਵਾਰ ਪੱਥਰ ਚੁੱਕਿਆ। ਪੁਲੀਸ ਮੁਲਾਜ਼ਮਾਂ ‘ਤੇ ਪੱਥਰ ਸੁਟਦਿਆਂ ਦੀ ਕੈਮਰੇ ਵਿਚ ਕੈਦ ਉਹਦੀ ਤਸਵੀਰ ਵਾਦੀ ਵਿੱਚ ਪੱਥਰਬਾਜ਼ਾਂ ਦੀ ਦਿੱਖ ਨੂੰ ਨਵੇਂ ਰੂਪ ਵਿਚ ਪਰਿਭਾਸ਼ਤ ਕਰਦੀ ਹੈ। 21 ਸਾਲਾਂ ਨੂੰ ਢੁੱਕੀ ਫੁਟਬਾਲ ਕੋਚ ਨੇ ਬੀਤੇ ਦਿਨ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨਾਲ ਟੂਰਿਸਟ ਰਿਸੈਪਸ਼ਨ ਸੈਂਟਰ ਦੇ ਮੈਦਾਨ ‘ਤੇ ਮੁਲਾਕਾਤ ਕੀਤੀ। ਰਾਜ ਦੀ ਮੁੱਖ ਮੰਤਰੀ ਨਾਲ ਗੁਫ਼ਤਗੂ ਦੌਰਾਨ ਅਫ਼ਸ਼ਾਨ ਨੇ ਜਿੱਥੇ ਉਸ ਨੇ ਪੱਥਰ ਚੁੱਕਣ ਨੂੰ ਲੈ ਕੇ ਆਪਣੇ ਹਿੱਸੇ ਦੀ ਕਹਾਣੀ ਬਿਆਨ ਕੀਤੀ, ਉਥੇ ਖਿਡਾਰੀਆਂ ਖ਼ਾਸ ਕਰਕੇ ਲੜਕੀਆਂ ਲਈ ਬਿਹਤਰ ਬੁਨਿਆਦੀ ਢਾਂਚਾ ਯਕੀਨੀ ਬਣਾਉਣ ਦੀ ਅਪੀਲ ਕੀਤੀ। ਮੁੱਖ ਮੰਤਰੀ ਇਥੇ ਵਿਸ਼ੇਸ਼ ਬੱਚਿਆਂ ਤੇ ਫੁਟਬਾਲਰਾਂ ਲਈ ਲੱਗੇ ਵਿਸ਼ੇਸ਼ ਕੈਂਪ ਦੌਰਾਨ ਉਨ੍ਹਾਂ ਨੂੰ ਮਿਲਣ ਲਈ ਹੀ ਮੈਦਾਨ ‘ਤੇ ਆਏ ਸਨ।
ਪਟਿਆਲਾ ਦੇ ਉੱਘੇ ਨੈਸ਼ਨਲ ਇੰਸਟੀਚਿਊਟਸ ਆਫ਼ ਸਪੋਰਟਸ (ਐਨਆਈਐਸ) ਤੋਂ ਸਿਖਲਾਈ ਯਾਫ਼ਤਾ ਆਸ਼ਿਕ ਨੇ ਕਿਹਾ, ‘ਮੈਂ ਉਸ ਮੰਦਭਾਗੇ ਦਿਨ ਜੋ ਕੁਝ ਕੀਤਾ, ਮੈਨੂੰ ਉਸ ਬਾਰੇ ਕੋਈ ਪਛਤਾਵਾ ਨਹੀਂ। ਉਹ ਤਾਂ ਮੌਕੇ ਤੇ ਹਾਲਾਤ ਮੁਤਾਬਕ ਮੇਰੇ ਵੱਲੋਂ ਦਿੱਤਾ ਗਿਆ ਜਵਾਬ (ਪ੍ਰਤੀਕਰਮ) ਸੀ।’ ਫੁਟਬਾਲਰ, ਜੋ ਕਿ ਕਸ਼ਮੀਰ ਐਫ਼ਸੀ ਅਕੈਡਮੀ ਨਾਂ ਦੀ ਸੰਸਥਾ ਚਲਾਉਂਦੀ ਹੈ, ਵੱਲੋਂ 70 ਨੌਜਵਾਨਾਂ (ਜਿਨ੍ਹਾਂ ਵਿੱਚ 40 ਲੜਕੀਆਂ ਤੇ 30 ਲੜਕੇ ਹਨ) ਨੂੰ ਕੋਚਿੰਗ ਦਿੱਤੀ ਜਾਂਦੀ ਹੈ। ਹਾਲਾਂਕਿ ਕੋਚਿੰਗ ਦੇ ਨਾਲ ਹੀ ਉਹ ਮੌਲਾਨਾ ਆਜ਼ਾਦ ਰੋਡ ‘ਤੇ ਮਹਿਲਾ ਕਾਲਜ ਵਿੱਚ ਗਰੈਜੂਏਸ਼ਨ ਦੀ ਡਿਗਰੀ ਵੀ ਕਰ ਰਹੀ ਹੈ। ਵਿਦਿਆਰਥੀਆਂ ਤੇ ਸਲਾਮਤੀ ਦਸਤਿਆਂ ਦਰਮਿਆਨ ਸ਼ਹਿਰ ਦੇ ਵਿੱਚੋ ਵਿੱਚ ਹੋਏ ਟਕਰਾਅ ਮੌਕੇ ਖਿੱਚੀ ਗਈ ਉਹਦੀ ਤਸਵੀਰ ਕਈ ਮੁਕਾਮੀ ਤੇ ਕੌਮੀ ਅਖ਼ਬਾਰਾਂ ਵਿੱਚ ਨਸ਼ਰ ਹੋਣ ਦੇ ਨਾਲ ਸੋਸ਼ਨ ਨੈੱਟਵਰਕਿੰਗ ਸਾਈਟਾਂ ‘ਤੇ ਵੀ ਵਾਇਰਲ ਹੋ ਚੁੱਕੀ ਹੈ।
ਆਸ਼ਿਕ ਨੇ ਦੱਸਿਆ, ‘ਮੈਂ ਅਤੇ ਕੁਝ ਵਿਦਿਆਰਥੀਆਂ ਦਾ ਗੁੱਟ ਪ੍ਰੈਕਟਿਸ ਲਈ ਟੀਆਰਸੀ ਗਰਾਊਂਡ ਜਾ ਰਿਹਾ ਸੀ ਕਿ ਅਸੀਂ ਵਿਦਿਆਰਥੀਆਂ ਤੇ ਸਲਾਮੀ ਦਸਤਿਆਂ ਵਿੱਚ ਚੱਲ ਰਹੇ ਟਕਰਾਅ ਵਿੱਚ ਫ਼ਸ ਗਏ। ਇਕ ਪੁਲੀਸ ਮੁਲਾਜ਼ਮ ਨੇ ਸਾਨੂੰ ਕੁਝ ਬੁਰਾ ਭਲਾ ਕਿਹਾ ਤੇ ਮੇਰੇ ਇਕ ਵਿਦਿਆਰਥੀ ਨੂੰ ਥੱਪੜ ਜੜ ਦਿੱਤਾ। ਮੈਨੂੰ ਇਸ ਨਾਲ ਗੁੱਸਾ ਆ ਗਿਆ।’ ਉਸ ਨੇ ਕਿਹਾ, ‘ਅਸੀਂ ਪੱਥਰਬਾਜ਼ੀ ਆਪਣੇ ਬਚਾਅ ਅਤੇ ਇਹ ਸੁਨੇਹਾ ਦੇਣ ਲਈ ਕੀਤੀ ਸੀ ਕਿ ਲੜਕੀਆਂ ਨੂੰ ਕਿਸੇ ਪੱਖੋਂ ਵੀ ਕਮਜ਼ੋਰ ਨਾ ਸਮਝਿਆ ਜਾਵੇ।’ ਆਸ਼ਿਕ ਨੇ ਕਿਹਾ ਕਿ ਉਸ ਨੂੰ ਵਧੇਰੇ ਪੀੜ ਇਸ ਗੱਲ ਦੀ ਹੋਈ ਕਿ ਬੁਰਾ ਭਲਾ ਕਹਿਣ ਵਾਲਾ ਪੁਲੀਸਵਾਲਾ ਕਸ਼ਮੀਰੀ ਹੋਣ ਦੇ ਨਾਲ ਨਾਲ ਮੁਸਲਮਾਨ ਵੀ ਸੀ। ਉਸ ਨੇ ਕਿਹਾ, ‘ਅਸੀਂ ਕਿਸੇ ਸੀਆਰਪੀਐਫ਼ ਜਾਂ ਫ਼ੌਜੀ ਨੂੰ ਨਿਸ਼ਾਨਾ ਨਹੀਂ ਬਣਾਇਆ ਤੇ ਇਹ ਤਾਂ ਪੁਲੀਸ ਵਧੀਕੀਆਂ ਖ਼ਿਲਾਫ਼ ਸਾਡਾ ਸਹਿਜ ਸੁਭਾਅ ਪ੍ਰਤੀਕਰਮ ਸੀ।’ ਅਫ਼ਸ਼ਾਨਾ ਨੇ ਕਿਹਾ, ‘ਮੈਂ ਇਕ ਖਿਡਾਰੀ ਹਾਂ ਤੇ ਮੇਰਾ ਹੋਰ ਕਿਸੇ ਚੀਜ਼ ਨਾਲ ਕੋਈ ਲਾਗਾ ਦੇਗਾ ਨਹੀਂ। ਮੈਂ ਸਰਕਾਰ ਖ਼ਿਲਾਫ਼ ਨਹੀਂ ਹਾਂ।’ ਹਾਲਾਂਕਿ ਨੌਜਵਾਨ ਕੋਚ ਨੇ ਕਿਹਾ ਕਿ ਜੇਕਰ ਉਸ ਨੂੰ ਲੱਗਿਆ ਕਿ ਉਸ ਦੇ ਵਿਦਿਆਰਥੀਆਂ ਨੂੰ ਕਿਸੇ ਤਰ੍ਹਾਂ ਦਾ ਖ਼ਤਰਾ ਹੈ ਤਾਂ ਉਹ ਮੁੜ ਪੱਥਰ ਚੁੱਕਣ ਤੋਂ ਨਹੀਂ ਸੰਗੇਗੀ। ਉਂਜ ਅਫ਼ਸ਼ਾਨਾ ਨੇ ਕਿਹਾ ਕਿ ਮੁੱਖ ਮੰਤਰੀ ਨੇ ਉਸ ਦੀ ਗੱਲ ਸੁਣਨ ਮਗਰੋਂ ਆਪਣੇ ਵਿਦਿਆਰਥੀਆਂ ਦੀ ਰੱਖਿਆ ਕਰਨ ਲਈ ਉਹਨੂੰ ਹੱਲਾਸ਼ੇਰੀ ਦਿੱਤੀ। ਮੁੱਖ ਮੰਤਰੀ ਨੇ ਮਹਿਲਾਵਾਂ ਨੂੰ ਖੇਡਾਂ ਵਿਚ ਵਧੇਰੇ ਬਿਹਤਰ ਸਹੂਲਤਾਂ ਤੇ ਪੱਕੀ ਨੌਕਰੀ ਦੇਣ ਦੀ ਅਫ਼ਸ਼ਾਨਾ ਦੀ ਮੰਗ ਨੂੰ ਵਿਚਾਰਨ ਦਾ ਵੀ ਭਰੋਸਾ ਦਿੱਤਾ ਹੈ।