ਕਪਿਲ ਮਿਸ਼ਰਾ ਦੇ ਦਾਅਵਿਆਂ ਦੀ ਨਿਕਲੀ ਹਵਾ

ਕਪਿਲ ਮਿਸ਼ਰਾ ਦੇ ਦਾਅਵਿਆਂ ਦੀ ਨਿਕਲੀ ਹਵਾ

ਪਾਰਟੀ ਨੂੰ ਚੈੱਕ ਦੇਣ ਵਾਲਾ ਵਿਅਕਤੀ ਆਇਆ ਸਾਹਮਣੇ
ਨਵੀਂ ਦਿੱਲੀ/ਬਿਊਰੋ ਨਿਊਜ਼ :
ਜਿਨ੍ਹਾਂ ਕਰੋੜਾਂ ਰੁਪਏ ਦੇ ਚੈੱਕਾਂ ਕਾਰਨ ਵਿਰੋਧੀ ਧਿਰਾਂ ਅਤੇ ਸਾਬਕਾ ‘ਆਪ’ ਵਿਧਾਇਕ ਕਪਿਲ ਮਿਸ਼ਰਾ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਭ੍ਰਿਸ਼ਟ ਗਰਦਾਨਣ ਦੀ ਕੋਸ਼ਿਸ਼ ਕਰ ਰਹੇ ਹਨ, ਪਾਰਟੀ ਨੂੰ ਉਹ ਚੈੱਕ ਦੇਣ ਵਾਲਾ ਵਿਅਕਤੀ ਸਾਹਮਣੇ ਆ ਗਿਆ ਹੈ। ਉੱਤਰੀ ਪੂਰਬੀ ਦਿੱਲੀ ਦੇ ਗੰਗਾ ਵਿਹਾਰ ਦਾ ਵਸਨੀਕ ਇਹ ਵਿਅਕਤੀ ਕਾਰੋਬਾਰੀ ਮੁਕੇਸ਼ ਸ਼ਰਮਾ ਹੈ ਜਿਸ ਨੇ ਸ੍ਰੀ ਕੇਜਰੀਵਾਲ ਦੀ ਭ੍ਰਿਸ਼ਟਾਚਾਰ ਵਿਰੋਧੀ  ਮੁਹਿੰਮ ਤੋਂ ਪ੍ਰਭਾਵਿਤ ਹੋ ਕੇ ਇਹ ਚੈੱਕ ਦਿੱਤੇ ਸਨ ਪਰ ਉਹ ਖ਼ੁਦ ਸ੍ਰੀ ਕੇਜਰੀਵਾਲ ਨੂੰ ਕਦੇ ਨਹੀਂ ਮਿਲਿਆ।
ਇੱਕ ਮੀਡੀਆ ਇੰਟਰਵਿਊ ਦੌਰਾਨ ਮੁਕੇਸ਼ ਨੇ ਸਾਫ਼ ਕੀਤਾ ਕਿ ਸਿਆਸੀ ਝਮੇਲੇ ਵਿੱਚ ਫਸਣ ਤੋਂ ਬਚਣ ਲਈ ਉਹ ਦੋ ਸਾਲਾਂ ਤੋਂ ਚੁੱਪ ਹੈ। ਇਸ ਤੋਂ ਪਹਿਲਾਂ ਸਾਲ 2014 ਵਿੱਚ ਵੀ ਪਰਵਾਸੀ ਪੰਜਾਬੀ ਪਰਿਵਾਰ ਵੱਲੋਂ ਦਿੱਤੇ ਚੈੱਕਾਂ ਨੂੰ ਲੈ ਕੇ ਉਸ ਸਮੇਂ ਵਿਰੋਧੀਆਂ ਨੂੰ ਮੂੰਹ ਦੀ ਖਾਣੀ ਪਈ ਸੀ ਜਦੋਂ ਉਸ ਪਰਿਵਾਰ ਨੇ ਸਥਿਤੀ ਸਾਫ਼ ਕਰ ਦਿੱਤੀ ਸੀ।
ਮੁਕੇਸ਼ ਸ਼ਰਮਾ ਨੇ ਕਿਹਾ ਕਿ ਉਸ ਦੀਆਂ ਚਾਰ ਕੰਪਨੀਆਂ ਜਾਅਲੀ ਨਹੀਂ ਹਨ ਤੇ ਇਹ ਚੰਦਾ ਡਰਾਫ਼ਟ ਦੇ ਰੂਪ ਵਿੱਚ ਅਪ੍ਰੈਲ 2014 ਵਿੱਚ ਦਿੱਤਾ ਗਿਆ ਸੀ। ਮੁਕੇਸ਼ ਮੁਤਾਬਕ ਉਸ ਨੇ ਕਿਸੇ ਰੱਫੜ ਵਿੱਚ ਪੈਣ ਤੋਂ ਬਚਣ ਲਈ ਆਖਿਆ ਹੋਇਆ ਸੀ ਕਿ ਕੋਈ ਪੁੱਛੇ ਤਾਂ ਦੱਸਣਾ ਕਿ ਇੱਥੇ ਕੋਈ ਅਜਿਹੀ ਕੰਪਨੀ ਨਹੀਂ ਹੈ। ਉਸ ਦੀਆਂ ਚਾਰਾਂ ਕੰਪਨੀਆਂ ਵਿੱਚੋਂ ਤਿੰਨ ਕਰਾਵਲ ਨਗਰ ਅਤੇ ਇੱਕ ਅਲੀਪੁਰ ਨਰੇਲਾ ਵਿੱਚ ਰਜਿਸਟਰਡ ਹੈ। ਇਹ ਕੰਪਨੀਆਂ ਜ਼ਮੀਨ ਦੀ ਖ਼ਰੀਦੋ-ਫਰੋਖ਼ਤ ਅਤੇ ਕਰਜ਼ੇ ਲੈਣ-ਦੇਣ ਨਾਲ ਜੁੜੀਆਂ ਹੋਈਆਂ ਹਨ। ਕੰਪਨੀਆਂ ਤੋਂ ਚੰਦਾ ਲੈਣ ਲਈ ਆਮ ਆਦਮੀ ਪਾਰਟੀ ਦੇ ਸਕੱਤਰ ਪੰਕਜ ਗੁਪਤਾ ਤੇ ਖ਼ਜ਼ਾਨਚੀ ਸੰਜੂ ਕਾਰੋਬਾਰੀ ਨੂੰ ਮਿਲਣ ਆਏ ਸਨ ਤੇ ਉਹ ਖ਼ੁਦ ਕਦੇ ਅਰਵਿੰਦ ਕੇਜਰੀਵਾਲ ਨੂੰ ਨਹੀਂ ਮਿਲਿਆ।