ਨਿਸ਼ਾਨੇਬਾਜ਼ੀ ਵਿਸ਼ਵ ਕੱਪ ‘ਚ ਜੀਤੂ ਤੇ ਹੀਨਾ ਦੀ ਜੋੜੀ ਨੇ ਸੋਨ ਤਗਮਾ ਜਿੱਤਿਆ

ਨਿਸ਼ਾਨੇਬਾਜ਼ੀ ਵਿਸ਼ਵ ਕੱਪ ‘ਚ ਜੀਤੂ ਤੇ ਹੀਨਾ ਦੀ ਜੋੜੀ ਨੇ ਸੋਨ ਤਗਮਾ ਜਿੱਤਿਆ

ਨਵੀਂ ਦਿੱਲੀ/ਬਿਊਰੋ ਨਿਊਜ਼ :
ਭਾਰਤ ਲਈ ਉਸ ਸਮੇਂ ਖ਼ੁਸ਼ੀ ਦਾ ਮੌਕਾ ਆਇਆ, ਜਦੋਂ ਜੀਤੂ ਰਾਏ ਤੇ ਹੀਨਾ ਸਿੱਧੂ ਨੇ ਇੱਥੇ ਆਈ.ਐਸ.ਐਸ.ਐਫ. ਵਿਸ਼ਵ ਕੱਪ ਨਿਸ਼ਾਨੇਬਾਜ਼ੀ ਦੀ 10 ਮੀਟਰ ਮਿਸ਼ਰਤ ਏਅਰ ਪਿਸਟਲ ਮੁਕਾਬਲੇ ਵਿਚ ਜਿੱਤ ਦਰਜ ਕੀਤੀ। ਹਾਲਾਂਕਿ, ਫਿਲਹਾਲ ਮਿਸ਼ਰਤ ਮੁਕਾਬਲੇ ਨੂੰ ਆਈ.ਓ.ਸੀ. ਦੇ 2020 ਦੇ ਟੋਕੀਓ ਉਲੰਪਿਕ ਪ੍ਰੋਗਰਾਮ ਵਿਚ ਲਿੰਗ ਸਮਾਨਤਾ ਹਾਸਲ ਕਰਨ ਦੇ ਉਦੇਸ਼ ਨਾਲ ਟਰਾਇਲ ਦੇ ਤੌਰ ‘ਤੇ ਇਸਤੇਮਾਲ ਕੀਤਾ ਜਾ ਰਿਹਾ ਹੈ। ਵਿਸ਼ਵ ਕੱਪ ਵਿਚ ਮਿਸ਼ਰਤ ਮੁਕਾਬਲੇ ਸ਼ਨਿਚਰਵਾਰ ਨੂੰ 10 ਮੀਟਰ ਏਅਰ ਰਾਇਫਲ ਮੁਕਾਬਲੇ ਤੋਂ ਸ਼ੁਰੂ ਹੋਏ ਜਿਸ ਵਿਚ ਚੀਨ ਨੇ ਜਾਪਾਨ ਨੂੰ ਪਛਾੜਦੇ ਹੋਏ ਸੋਨ ਤਗਮਾ ਜਿੱਤਿਆ। ਜੀਤੂ ਨੇ ਹੀਨਾ ਦੇ ਨਾਲ ਮਿਲ ਕੇ ਜਾਪਾਨ ਦੇ ਯੂਕਾਰੀ ਕੋਨਿਸ਼ੀ ਤੇ ਤੋਮਾਯੁਕੀ ਮਾਤਸੁਦਾ ਨੂੰ 5-3 ਨਾਲ ਹਰਾ ਕੇ ਸੋਨ ਤਗਮਾ ਜਿੱਤਿਆ। ਸਲੋਵੇਨੀਆ ਦੇ ਨਾਫਾਸਵਾਨ ਯਾਂਗਪਾਈਬੂਨ ਤੇ ਕੇਵਿਨ ਵੇਂਦਾ ਤੀਸਰੇ ਸਥਾਨ ‘ਤੇ ਰਹੇ। ਸੈਮੀਫਾਈਨਲ ਦੇ ਗੇੜ ਵਿਚ ਉਹ ਪਿਛੜ ਰਹੇ ਸਨ, ਪਰ ਉਨ੍ਹਾਂ ਨੇ ਸ਼ਾਨਦਾਰ ਪ੍ਰਦਰਸ਼ਨ ਦਿਖਾਉਂਦੇ ਹੋਏ ਵਾਪਸੀ ਕੀਤੀ ਤੇ ਸੋਨ ਤਗਮੇ ਦੇ ਮੁਕਾਬਲੇ ਵਿਚ ਪਹੁੰਚ ਗਏ। ਦੁਨੀਆ ਦੀ ਸਾਬਕਾ ਨੰਬਰ ਇਕ ਹੀਨਾ ਨੇ ਮੁਕਾਬਲੇ ਦੇ ਬਾਅਦ ਕਿਹਾ ਕਿ ਇਹ ਚੰਗਾ ਤੇ ਮਜ਼ੇਦਾਰ ਸੀ। ਇਸ ਬਾਰੇ ਰਾਏ ਅਜੇ ਵੀ ਵੱਖ-ਵੱਖ ਹੈ ਕਿਉਂਕਿ ਇਹ ਸ਼ੁਰੂਆਤੀ ਦੌਰ ਵਿਚ ਹੈ, ਇਸ ਵਿਚ ਸਮੇਂ ਲੱਗੇਗਾ, ਪਰ ਸਾਨੂੰ ਇਸ ਦੇ ਲਈ ਤਿਆਰੀ ਸ਼ੁਰੂ ਕਰ ਦੇਣੀ ਪਵੇਗੀ। ਉਨ੍ਹਾਂ ਕਿਹਾ ਕਿ ਅਸੀਂ ਮੰਨ ਕੇ ਚੱਲ ਰਹੇ ਹਾਂ ਕਿ ਇਹ ਉਲੰਪਿਕ ਤੇ ਵਿਸ਼ਵ ਚੈਂਪੀਅਨਸ਼ਿਪ ਦਾ ਹਿੱਸਾ ਹੋਵੇਗੀ।