ਰਾਣਾ ਗੁਰਜੀਤ ਖ਼ਿਲਾਫ਼ ਕਾਰਵਾਈ ਦੀ ਮੰਗ ਨੂੰ ਲੈ ਕੇ ‘ਆਪ’ ਵਿਧਾਇਕਾਂ ਨੇ ਦਿੱਤੀਆਂ ਗ੍ਰਿਫ਼ਤਾਰੀਆਂ

ਰਾਣਾ ਗੁਰਜੀਤ ਖ਼ਿਲਾਫ਼ ਕਾਰਵਾਈ ਦੀ ਮੰਗ ਨੂੰ ਲੈ ਕੇ ‘ਆਪ’ ਵਿਧਾਇਕਾਂ ਨੇ ਦਿੱਤੀਆਂ ਗ੍ਰਿਫ਼ਤਾਰੀਆਂ

ਵਿਧਾਇਕਾਂ ਨੇ ਕੈਪਟਨ ਦੀ ਕੋਠੀ ਵੱਲ ਦੌੜ ਕੇ ਪੁਲੀਸ ਦੇ ਪਸੀਨੇ ਛੁਡਾਏ
ਚੰਡੀਗੜ੍ਹ/ਬਿਊਰੋ ਨਿਊਜ਼ :
‘ਆਪ’ ਅਤੇ ਲੋਕ ਇਨਸਾਫ਼ ਪਾਰਟੀ ਦੇ ਵਿਧਾਇਕਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕੋਠੀ ਵੱਲ ਮਾਰਚ ਦੌਰਾਨ ਪੁਲੀਸ ਨੂੰ ਭਾਜੜਾਂ ਪਾਈ ਰੱਖੀਆਂ। ਬਾਅਦ ਵਿੱਚ ਪੁਲੀਸ ਨੇ ਵਿਧਾਇਕਾਂ ਨੂੰ ਸੈਕਟਰ-2 ਤੇ 3 ਦੇ ਚੌਕ ਨੇੜੇ ਹਿਰਾਸਤ ਵਿਚ ਲੈ ਕੇ ਥਾਣੇ ਡੱਕ ਦਿੱਤਾ। ਪ੍ਰਾਪਤ ਜਾਣਕਾਰੀ ਅਨੁਸਾਰ ‘ਆਪ’ ਅਤੇ ਲੋਕ ਇਨਸਾਫ ਪਾਰਟੀ ਨੇ ਬਿਜਲੀ ਤੇ ਸਿੰਜਾਈ ਮੰਤਰੀ ਰਾਣਾ ਗੁਰਜੀਤ ਸਿੰਘ ਨੂੰ ਮਾਈਨਿੰਗ ਦੀ ਬੋਲੀ ਦੇ ਮਾਮਲੇ ਵਿੱਚ ਮੰਤਰੀ ਮੰਡਲ ਵਿਚੋਂ ਕੱਢਣ ਅਤੇ ਸ੍ਰੀ ਰਾਣਾ ਦੇ ਖਾਨਸਾਮਿਆਂ ਵੱਲੋਂ ਮਾਈਨਿੰਗ ਦੀਆਂ ਖੱਡਾਂ ਖਰੀਦਣ ਦੇ ਮਾਮਲੇ ਦੀ ਜਾਂਚ ਲਈ ਜਸਟਿਸ ਜੇਐੱਸ ਨਾਰੰਗ ਦੀ ਅਗਵਾਈ ਹੇਠ ਬਣਾਏ ਕਮਿਸ਼ਨ ਨੂੰ ਰੱਦ ਕਰਕੇ ਕਿਸੇ ਮੌਜੂਦਾ ਜੱਜ ਦੀ ਅਗਵਾਈ ਹੇਠ ਕਮਿਸ਼ਨ ਬਣਾਉਣ ਦੀ ਮੰਗ ਨੂੰ ਲੈ ਕੇ ਮੁੱਖ ਮੰਤਰੀ ਦੀ ਕੋਠੀ ਵੱਲ ਮਾਰਚ ਦਾ ਪ੍ਰੋਗਰਾਮ ਸੀ। ‘ਆਪ’ ਪੰਜਾਬ ਦੇ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ ਅਤੇ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਆਗੂ ਐਡਵੋਕੇਟ ਐੱਚਐੱਸ ਫੂਲਕਾ ਦੀ ਅਗਵਾਈ ਹੇਠ ਵਿਧਾਇਕਾਂ ਨੇ ਪੰਜਾਬ ਵਿਧਾਨ ਸਭਾ ਤੋਂ ਕੈਪਟਨ ਦੀ ਕੋਠੀ ਵੱਲ ਰੋਸ ਮਾਰਚ ਸ਼ੁਰੂ ਕੀਤਾ। ਵਿਧਾਇਕ ਅੱਗੇ ਵਧੇ ਤਾਂ ਡੀਐੱਸਪੀ ਰਾਮ ਗੋਪਾਲ ਦੀ ਅਗਵਾਈ ਹੇਠ ਪੁਲੀਸ ਨੇ ਵਿਧਾਨ ਸਭਾ ਦਾ ਬਾਹਰਲਾ ਗੇਟ ਬੰਦ ਕਰ ਦਿੱਤਾ, ਪਰ ਮਾਨਸਾ ਦੇ ਵਿਧਾਇਕ ਨਾਜਰ ਸਿੰਘ ਮਨਸ਼ਾਹੀਆ ਤੇ ਗੜ੍ਹਸ਼ੰਕਰ ਦੇ ਵਿਧਾਇਕ ਜੈ ਕ੍ਰਿਸ਼ਨ ਰੋੜੀ ਗੇਟ ਟੱਪ ਗਏ। ਤਲਵੰਡੀ ਸਾਬੋ ਦੀ ਵਿਧਾਇਕਾ ਪ੍ਰੋ. ਬਲਜਿੰਦਰ ਕੌਰ ਤੇ ਬੁਢਲਾਡਾ ਦੇ ਵਿਧਾਇਕ ਬੁੱਧ ਰਾਮ ਨੇ ਵੀ ਗੇਟ ਟੱਪਣ ਦਾ ਯਤਨ ਕੀਤਾ ਅਤੇ ਸਮੂਹ ਵਿਧਾਇਕਾਂ ਨੇ ਪੁਲੀਸ ਨੂੰ ਪਿੱਛੇ ਧੱਕ ਕੇ ਗੇਟ ਖੋਲ੍ਹ ਦਿੱਤਾ। ਪੁਲੀਸ ਵੱਲੋਂ ਮੁੜ ਘੇਰਾਬੰਦੀ ਕਰਨ ‘ਤੇ ਵਿਧਾਇਕਾਂ ਨੇ ਗ੍ਰਿਫ਼ਤਾਰੀਆਂ ਦੇ ਦਿੱਤੀਆਂ। ਇਸ ਦੌਰਾਨ ਭਗਵੰਤ ਮਾਨ ਨੇ ਐਲਾਨ ਕੀਤਾ ਕਿ ਉਹ ਇਹ ਮੁੱਦਾ ਪੰਜਾਬ ਦੇ ਰਾਜਪਾਲ ਵੀਪੀ ਸਿੰਘ ਬਦਨੌਰ ਕੋਲ ਲੈ ਕੇ ਜਾਣਗੇ ਅਤੇ 5 ਜੂਨ ਨੂੰ ਪੰਜਾਬ ਭਰ ਵਿੱਚ ਜ਼ਿਲ੍ਹਾ ਪੱਧਰੀ ਮੁਜ਼ਾਹਰੇ ਹੋਣਗੇ। ਸ੍ਰੀ ਫੂਲਕਾ ਨੇ ਮੁੱਖ ਮੰਤਰੀ ਨੂੰ ਮਿਲਣ ਜਾ ਰਹੇ ਵਿਧਾਇਕਾਂ ਨੂੰ ਕੈਦੀ ਬਣਾਉਣ ਨਾਲ ਕੈਪਟਨ ਸਰਕਾਰ ਦਾ ਅਸਲ ਚਿਹਰਾ ਸਾਹਮਣੇ ਆ ਗਿਆ ਹੈ। ਡੀਐੱਸਪੀ ਰਾਮ ਗੋਪਾਲ ਨੇ ਵਿਧਾਇਕਾਂ ਨੂੰ ਜਦੋਂ ਧੁੱਪੇ ਖੜ੍ਹੀ ਬੱਸ ਵਿੱਚ ਹੀ 25 ਮਿੰਟ ਬੰਦ ਰੱਖਿਆ ਤਾਂ ਵਿਧਾਇਕਾ ਪ੍ਰੋ. ਬਲਜਿੰਦਰ ਕੌਰ, ਪੰਜਾਬ ਦੇ ਮੀਤ ਪ੍ਰਧਾਨ ਤੇ ਵਿਧਾਇਕ ਅਮਨ ਅਰੋੜਾ, ਵਿਧਾਇਕ ਸੁਖਪਾਲ ਖਹਿਰਾ, ਕੁਲਵੰਤ ਸਿੰਘ ਪੰਡੋਰੀ ਅਤੇ ਲੋਕ ਇਨਸਾਫ ਪਾਰਟੀ ਦੇ ਵਿਧਾਇਕ ਬਲਵਿੰਦਰ ਸਿੰਘ ਬੈਂਸ ਆਦਿ ਨੇ ਬੱਸ ਵਿੱਚੋਂ ਉਤਰ ਕੇ ਕੈਪਟਨ ਦੀ ਕੋਠੀ ਵੱਲ ਸ਼ੂਟ ਵੱਟ ਲਈ। ਜਿਸ ਮਗਰੋਂ ਪੁਲੀਸ ਨੇ ਇਕ ਕਿਲੋਮੀਟਰ ਤੱਕ ਪਿੱਛਾ ਕਰਕੇ ਸੈਕਟਰ-2 ਤੇ 3 ਦੇ ਚੌਕ ‘ਤੇ ਬੜੀ ਮੁਸ਼ਕਲ ਨਾਲ ਉਨ੍ਹਾਂ ਨੂੰ ਘੇਰਿਆ। ਵਿਧਾਇਕ ਉਥੇ ਹੀ ਸੜਕ ‘ਤੇ ਧਰਨਾ ਮਾਰ ਕੇ ਬੈਠ ਗਏ ਤੇ ਚੁਫੇਰੇ ਜਾਮ ਲੱਗ ਗਿਆ। ਪੁਲੀਸ ਨੇ ਵਿਧਾਇਕਾਂ ਨੂੰ ਘੜੀਸ ਕੇ ਵਾਹਨਾਂ ਵਿਚ ਸੁੱਟਿਆ ਅਤੇ ਸੈਕਟਰ-17 ਦੇ ਥਾਣੇ ਬੰਦ ਕਰ ਦਿੱਤਾ। ਅਖੀਰ ਬਾਅਦ ਦੁਪਹਿਰ 2 ਵਜੇ ਦੇ ਕਰੀਬ ਵਿਧਾਇਕਾਂ ਨੂੰ ਰਿਹਾਅ ਕੀਤਾ ਗਿਆ।
‘ਆਪ’ ਪੰਜਾਬ ਦੇ ਨਵਨਿਯੁਕਤ ਪ੍ਰਧਾਨ ਭਗਵੰਤ ਮਾਨ ਦੀ ਅਗਵਾਈ ਹੇਠ ਸਮੁੱਚੀ ਪਾਰਟੀ ਮੰਗਲਵਾਰ ਨੂੰ ਲੰਮੇ ਸਮੇਂ ਬਾਅਦ ਇਕਜੁੱਟ ਨਜ਼ਰ ਆਈ। ਦੱਸਣਯੋਗ ਹੈ ਕਿ ਅੰਮ੍ਰਿਤਸਰ ਵਿੱਚ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਵੱਲੋਂ ਕੀਤੀ ਰੈਲੀ ਦੌਰਾਨ ਵੀ ਪਹਿਲਾਂ ਦੇ ਉਲਟ ਸਟੇਜ ਜਾਂ ਹਾਲ ਵਿੱਚ ਕਿਸੇ ਤਰ੍ਹਾਂ ਦੀ ਆਪਾਧਾਪੀ ਨਜ਼ਰ ਨਹੀਂ ਆਈ।