ਸਿੱਖਾਂ ਤੇ ਇਸਾਈਆਂ ਵਿਚਾਲੇ ਵਿਵਾਦ ਸੁਲਝਾਉਣ ਲਈ ਇਸਾਈ ਆਗੂ ਅਕਾਲ ਤਖ਼ਤ ਦੇ ਜਥੇਦਾਰ ਨੂੰ ਮਿਲੇ

ਸਿੱਖਾਂ ਤੇ ਇਸਾਈਆਂ ਵਿਚਾਲੇ ਵਿਵਾਦ ਸੁਲਝਾਉਣ ਲਈ ਇਸਾਈ ਆਗੂ ਅਕਾਲ ਤਖ਼ਤ ਦੇ ਜਥੇਦਾਰ ਨੂੰ ਮਿਲੇ

punjab page;A delegation of Christian organisations meeting with Giani Gurbachan Singh Jathedar Akal Takht in Amritsar on Friday photo vishal kumar

ਕੈਪਸ਼ਨ : ਅੰਮ੍ਰਿਤਸਰ ਵਿੱਚ ਗਿਆਨੀ ਗੁਰਬਚਨ ਸਿੰਘ ਨਾਲ ਮੁਲਾਕਾਤ ਕਰਦੇ ਹੋਏ ਇਸਾਈ ਭਾਈਚਾਰੇ ਦੇ ਆਗੂ।
ਅੰਮ੍ਰਿਤਸਰ/ਬਿਊਰੋ ਨਿਊਜ਼:
ਇਸਾਈ ਅਤੇ ਸਿੱਖ ਭਾਈਚਾਰੇ ਵਿਚਾਲੇ ਪਿਛਲੇ ਕੁਝ ਦਿਨਾਂ ਤੋਂ ਵੱਧ ਰਹੇ ਵਿਵਾਦ ਨੂੰ ਖ਼ਤਮ ਕਰਨ ਦੇ ਮੰਤਵ ਨਾਲ ਸ਼ੁਕਰਵਾਰ ਨੂੰ ਡਾਇਸਿਸ ਆਫ ਜਲੰਧਰ ਦੇ ਆਗੂਆਂ ਨੇ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨਾਲ ਮੁਲਾਕਾਤ ਕੀਤੀ ਹੈ। ਦੋਵਾਂ ਧਰਮਾਂ ਦੇ ਆਗੂਆ ਵੱਲੋਂ ਵਿਚਾਰ-ਵਟਾਂਦਰੇ ਮਗਰੋਂ ਆਪੋ ਆਪਣੀ ਕੌਮ ਦੇ ਲੋਕਾਂ ਨੂੰ ਆਪਸੀ ਭਾਈਚਾਰਾ ਤੇ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਕੀਤੀ ਗਈ ਹੈ।
ਸ੍ਰੀ ਅਕਾਲ ਤਖਤ ਦੇ ਸਕੱਤਰੇਤ ਵਿਖੇ ਆਏ ਮਸੀਹ ਭਾਈਚਾਰੇ ਦੇ ਆਗੂਆਂ ਵਿੱਚ ਜਲੰਧਰ ਡਾਇਸਿਸ ਦੇ ਬਿਸ਼ਪ ਫਰੈਂਕੋ ਮੁਲੱਕਲ, ਫਾਦਰ ਪੀਟਰ ਕਾਵੁਮਪੁਰਮ ਤੇ ਹੋਰ ਸ਼ਾਮਲ ਸਨ। ਇਨ੍ਹਾਂ ਨੇ ਪਿਛਲੇ ਦਿਨੀਂ ਸਿੱਖ ਆਗੂ ਪਰਮਜੀਤ ਸਿੰਘ ਅਕਾਲੀ ਵੱਲੋਂ ਪ੍ਰਭੂ ਯਸੂ ਮਸੀਹ ਖ਼ਿਲਾਫ਼ ਵਰਤੀ ਇਤਰਾਜ਼ਯੋਗ ਸ਼ਬਦਾਵਲੀ ਦਾ ਮੁੱਦਾ ਉਠਾਇਆ, ਜਿਸ ਕਾਰਨ ਬਾਅਦ ਵਿੱਚ ਜਲੰਧਰ ਖੇਤਰ ਵਿੱਚ ਭੰਨ-ਤੋੜ ਦੀਆਂ ਘਟਨਾਵਾਂ ਵੀ ਹੋਈਆਂ। ਇਸ ਸਬੰਧ ਵਿੱਚ ਪਰਮਜੀਤ ਸਿੰਘ ਸਮੇਤ ਹੋਰ ਸਿੱਖ ਕਾਰਕੁਨਾਂ ਨੂੰ ਪੁਲੀਸ ਨੇ ਗ੍ਰਿਫ਼ਤਾਰ ਵੀ ਕੀਤਾ ਹੈ। ਉਨ੍ਹਾਂ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਅਪੀਲ ਕੀਤੀ ਕਿ ਮੌਜੂਦਾ ਫਿਰਕੂ ਘਟਨਾਵਾਂ ਨੂੰ ਧਿਆਨ ਵਿੱਚ ਰੱਖਦਿਆਂ ਦੋਵਾਂ ਫਿਰਕਿਆਂ ਨੂੰ ਸਾਂਝੇ ਤੌਰ ‘ਤੇ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਕੀਤੀ ਜਾਵੇ। ਉਨ੍ਹਾਂ ਆਖਿਆ ਕਿ ਇਸਾਈ ਭਾਈਚਾਰਾ ਸ਼ਾਂਤੀ ਤੇ ਪਿਆਰ ਵਿੱਚ ਵਿਸ਼ਵਾਸ ਰੱਖਣ ਵਾਲਾ ਹੈ ਅਤੇ ਉਹ ਭਾਈਚਾਰਕ ਸਾਂਝ ਨੂੰ ਤਰਜੀਹ ਦਿੰਦੇ ਹਨ, ਪਰ ਫਿਰਕਿਆਂ ਵਿੱਚ ਕੁਝ ਸ਼ਰਾਰਤੀ ਅਨਸਰ ਵੀ ਹੁੰਦੇ ਹਨ, ਜੋ ਭਾਈਚਾਰਕ ਸਾਂਝ ਨੂੰ ਤਾਰਪੀਡੋ ਕਰਨਾ ਚਾਹੁੰਦੇ ਹਨ। ਇਸ ਲਈ ਅਜਿਹੇ ਅਨਸਰਾਂ ਤੋਂ ਸੁਚੇਤ ਰਹਿਣ ਦੀ ਲੋੜ ਹੈ। ਉਨ੍ਹਾਂ ਇਸਾਈ ਭਾਈਚਾਰੇ ਨੂੰ ਅਪੀਲ ਕੀਤੀ ਕਿ ਉਹ ਸ਼ਾਂਤੀ ਬਣਾਏ ਰੱਖਣ ਅਤੇ ਸਰਕਾਰ ਨੂੰ ਆਪਣਾ ਕੰਮ ਕਰਨ ਵਿੱਚ ਸਹਿਯੋਗ ਦੇਣ।
ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਆਖਿਆ ਕਿ ਸਿੱਖ ਕੌਮ ਆਪਸੀ ਪ੍ਰੇਮ ਅਤੇ ਭਾਈਚਾਰੇ ਨੂੰ ਕਾਇਮ ਰੱਖਣ ਦੀ ਸਮਰਥਕ ਹੈ। ਸਿੱਖ ਧਰਮ ਹੋਰਨਾਂ ਧਰਮਾਂ ਦਾ ਸਤਿਕਾਰ ਕਰਦਾ ਹੈ ਪਰ ਜੋ ਲੋਕ ਧਰਮ ਅਤੇ ਲੋਕ ਵਿਰੋਧੀ ਕੰਮ ਕਰਦੇ ਹਨ, ਉਨ੍ਹਾਂ ਦਾ ਸਾਥ ਨਾ ਦਿੱਤਾ ਜਾਵੇ। ਉਨ੍ਹਾਂ ਸਿੱਖ ਕੌਮ ਨੂੰ ਅਪੀਲ ਕੀਤੀ ਹੈ ਕਿ ਆਪਸੀ ਸਾਂਝ, ਸ਼ਾਂਤੀ ਅਤੇ ਭਾਈਚਾਰਾ ਬਣਾ ਕੇ ਰੱਖਿਆ ਜਾਵੇ। ਕਿਸੇ ਤਰ੍ਹਾਂ ਦੀ ਭੜਕਾਊ ਬਿਆਨਬਾਜ਼ੀ ਨਾ ਕੀਤੀ ਜਾਵੇ।
ਇਸ ਸਬੰਧੀ ਗੱਲ ਕਰਦਿਆਂ ਫਾਦਰ ਪੀਟਰ ਨੇ ਆਖਿਆ ਕਿ ਇਸਾਈ ਭਾਈਚਾਰੇ ਦੀ ਇੱਕ ਔਰਤ ਵੱਲੋਂ ਜੋ ਇਤਰਾਜ਼ਯੋਗ ਸ਼ਬਦਾਵਾਲੀ ਵਾਲੀ ਵੀਡੀਓ ਵਾਇਰਲ ਹੋਈ ਹੈ, ਉਸ ਦੇ ਨਿਪਟਾਰੇ ਲਈ ਵੀ ਯਤਨ ਕੀਤੇ ਜਾ ਰਹੇ ਹਨ। ਉਹ ਉਸ ਔਰਤ ਨੂੰ ਮਿਲ ਕੇ ਮੁਆਫੀ ਮੰਗਣ ਲਈ ਦਬਾਅ ਪਾਉਣਗੇ।