ਹਾਕੀ ਵਿਚ ਕਿਸੇ ਭਾਰਤੀ ਦੇ ਹਿੱਸੇ ਨਹੀਂ ਆਇਆ ਔਸਕਰ

ਹਾਕੀ ਵਿਚ ਕਿਸੇ ਭਾਰਤੀ ਦੇ ਹਿੱਸੇ ਨਹੀਂ ਆਇਆ ਔਸਕਰ

ਚੰਡੀਗੜ੍ਹ/ਬਿਊਰੋ ਨਿਊਜ਼ :
ਬਰਤਾਨੀਆ ਦੇ ਜੌਹਨ ਜੌਹਨ ਡੋਹਮੈਨ ਅਤੇ ਹਾਲੈਂਡ ਦੀ ਨਾਓਮੀ ਵਾਨ ਐਸ ਨੂੰ ਸਾਲ 2016 ਦੇ ਬਿਹਤਰੀਨ ਪੁਰਸ਼ ਅਤੇ ਮਹਿਲਾ ਖਿਡਾਰੀਆਂ ਦੇ ਹਾਕੀ ਸਟਾਰਜ਼ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਪਰ ਹਾਕੀ ਦੇ ਔਸਕਰ ਵਜੋਂ ਜਾਣੇ ਜਾਂਦੇ ਇਨ੍ਹਾਂ ਇਨਾਮਾਂ ਵਿੱਚ ਕਿਸੇ ਭਾਰਤੀ ਨੂੰ ਥਾਂ ਨਹੀਂ ਮਿਲੀ।
ਹਾਕੀ ਇੰਡੀਆ (ਐਚਆਈ) ਵੱਲੋਂ ਇਥੇ ਹੋਏ ਸਨਮਾਨ ਸਮਾਗਮ ਵਿੱਚ ਖਿਡਾਰੀਆਂ ਨੂੰ ਇਨ੍ਹਾਂ ਇਨਾਮਾਂ ਨਾਲ ਸਨਮਾਨਿਤ ਕੀਤਾ ਗਿਆ, ਪਰ ਕਿਸੇ ਭਾਰਤੀ ਨੂੰ ਕੋਈ ਇਨਾਮ ਨਹੀਂ ਮਿਲਿਆ। ਵਿਸ਼ਵ ਦੇ ਸਰਵੋਤਮ ਗੋਲਕੀਪਰਾਂ ਵਿੱਚ ਸ਼ੁਮਾਰ ਭਾਰਤ ਦੇ ਆਰ ਪੀ ਸ੍ਰੀਜੇਸ਼ ਨੂੰ ਗੋਲਕੀਪਰ ਅਤੇ ਹਰਮਨਪ੍ਰੀਤ ਸਿੰਘ ਨੂੰ ਸਰਵੋਤਮ ਉਭਰਦੇ ਖਿਡਾਰੀ ਦੇ ਖ਼ਿਤਾਬ ਲਈ ਨਾਮਜ਼ਦ ਕੀਤਾ ਗਿਆ ਸੀ ਪਰ ਦੋਨਾਂ ਭਾਰਤੀਆਂ ਨੂੰ ਇਨਾਮ ਨਹੀਂ ਮਿਲਿਆ।
ਸ੍ਰੀਜੇਸ਼ ਦੀ ਅਗਵਾਈ ਵਿੱਚ ਭਾਰਤ ਨੇ ਏਸ਼ਿਆਈ ਚੈਂਪੀਅਨਜ਼ ਟਰਾਫੀ ਜਿੱਤੀ ਸੀ, ਜਦੋਂ ਕਿ ਟੀਮ ਪਿਛਲੇ ਸਾਲ ਚੈਂਪੀਅਨਜ਼ ਟਰਾਫੀ ਵਿੱਚ ਉਪਜੇਤੂ ਰਹੀ ਸੀ। ਦੂਜੇ ਪਾਸੇ ਡਰੈਗ ਫਲਿੱਕਰ ਹਰਮਨਪ੍ਰੀਤ ਨੇ ਲਖਨਊ ਵਿੱਚ ਜੂਨੀਅਰ ਵਿਸ਼ਵ ਕੱਪ ਵਿੱਚ ਭਾਰਤੀ ਟੀਮ ਦੀ ਖ਼ਿਤਾਬੀ ਜਿੱਤ ਵਿੱਚ ਅਹਿਮ ਭੂਮਿਕਾ ਨਿਭਾਈ ਸੀ।
ਕੌਮਾਂਤਰੀ ਹਾਕੀ ਫੈਡਰੇਸ਼ਨ (ਐਫਆਈਐਚ) ਨੇ ਖਿਡਾਰੀਆਂ, ਗੋਲਕੀਪਰ, ਰਾਇਜ਼ਿੰਗ ਸਟਾਰ, ਕੋਚ ਅਤੇ ਅੰਪਾਇਰਾਂ ਲਈ ਐਫਆਈਐਚ ਹਾਕੀ ਸਟਾਰਜ਼ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਪਹਿਲੀ ਵਾਰ ਇਨਾਮ ਵੰਡ ਸਮਾਗਮ ਭਾਰਤ ਦੇ ਇਕ ਪੰਜ ਸਿਤਾਰਾ ਹੋਟਲ ਵਿੱਚ ਹੋਇਆ। ਬਰਤਾਨੀਆ ਦੀ ਮੈਂਡੀ ਹਿੰਚ ਅਤੇ ਆਇਰਲੈਂਡ ਦੇ ਡੇਵਿਡ ਹਾਰਟੇ ਨੂੰ ਸਾਲ ਦਾ ਬਿਹਤਰੀਨ ਗੋਲਕੀਪਰ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਅਰਜਨਟੀਨਾ ਦੀ ਮਾਰੀਆ ਗ੍ਰੈਨਾਟੋ ਨੂੰ ਮਹਿਲਾ ਰਾਇਜ਼ਿੰਗ ਸਟਾਰ ਆਫ ਦ ਈਯਰ ਦੇ ਖ਼ਿਤਾਬ ਨਾਲ ਨਿਵਾਜ਼ਿਆ ਗਿਆ। ਮਾਰੀਆ ਨੇ 2016 ਦੀ ਹਾਕੀ ਚੈਂਪੀਅਨਜ਼ ਟਰਾਫੀ ਵਿੱਚ ਆਪਣੀ ਟੀਮ ਦੀ ਜਿੱਤ ਵਿੱਚ ਅਹਿਮ ਭੂਮਿਕਾ ਨਿਭਾਈ ਸੀ ਅਤੇ ਲੰਡਨ ਵਿੱਚ ਹੋਏ ਟੂਰਨਾਮੈਂਟ ਵਿੱਚ ਉਸ ਨੇ ਤਿੰਨ ਗੋਲ ਕੀਤੇ ਸੀ। ਉਸ ਨੂੰ ਨਵੰਬਰ ਵਿੱਚ ਹਾਕੀ ਜੂਨੀਅਰ ਵਿਸ਼ਵ ਕੱਪ ਚੈਂਪੀਅਨ ਅਤੇ ਸਰਵੋਤਮ ਜੂਨੀਅਰ ਖਿਡਾਰੀ ਦੇ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ।
ਬਰਤਾਨੀਆ ਨੂੰ ਪਹਿਲੀ ਵਾਰ ਮਹਿਲਾ ਓਲੰਪਿਕ ਸੋਨ ਤਗਮਾ ਦਿਵਾਉਣ ਵਾਲੀ ਕੋਚਿੰਗ ਟੀਮ ਦੇ ਡੈਰੇਨ ਕੈਰੀ ਅਤੇ ਕੈਰੇਨ ਬਰਾਉੂਨ ਨੂੰ ਸਾਲ ਦੇ ਸਰਵੋਤਮ ਪੁਰਸ਼ ਅਤੇ ਮਹਿਲਾ ਕੋਚ ਦੇ ਐਵਾਰਡ ਨਾਲ ਨਿਵਾਜ਼ਿਆ ਗਿਆ। ਬਰਾਊਨ ਨੂੰ ਲਗਾਤਾਰ ਦੂਜੇ ਵਰ੍ਹੇ ਇਹ ਇਨਾਮ ਮਿਲਿਆ ਹੈ। ਬਰਾਜ਼ੀਲ ਓਲੰਪਿਕ ਵਿੱਚ ਸਫਲਤਾ ਤੋਂ ਬਾਅਦ ਬਰਤਾਨੀਆ ਟੀਮ ਨੇ ਐਵਾਰਡ ਸਮਾਗਮ ਵਿੱਚ ਸਭ ਤੋਂ ਵੱਧ ਇਨਾਮ ਹਾਸਲ ਕੀਤੇ।
ਉਥੇ ਜਰਮਨੀ ਦੇ ਕ੍ਰਿਸਟੀਅਨ ਬਲਾਸ਼ ਨੂੰ ਐਫਆਈਐਚ ਅੰਪਾਇਰਿੰਗ ਸਮਿਤੀ ਵੱਲੋਂ ਸਰਵੋਤਮ ਅੰਪਾਇਰ ਦਾ ਸਨਮਾਨ ਦਿਤਾ ਗਿਆ। ਰੀਓ ਓਲੰਪਿਕ ਖੇਡਾਂ ਵਿੱਚ ਨੌਜਵਾਨ ਅਧਿਕਾਰੀ ਬੈਲਜੀਅਮ ਦੀ ਲਾਰੀਨਨ ਡੇਲਫੋਰਮ ਨੂੰ ਸਾਲ ਦੀ ਸਰਵੋਤਮ ਮਹਿਲਾ ਅੰਪਾਇਰ ਚੁਣਿਆ ਗਿਆ। ਐਫਆਈਐਚ ਦੇ ਚੇਅਰਮੈਨ ਨਰੇਂਦਰ ਧਰੁਵ ਨੇ ਜੇਤੂਆਂ ਨੂੰ ਵਧਾਈ ਦਿੱਤੀ। ਦੂਜੇ ਪਾਸੇ ਚੀਫ਼ ਕਾਰਜਕਾਰੀ ਅਫਸ਼ਰ ਜੇਸਨ ਮੈਕਕਰੈਕਨ ਨੇ ਕਿਹਾ ਕਿ ਇਹ ਖੇਡਾਂ ਲਈ ਬਿਹਤਰੀਨ ਵਰ੍ਹਾ ਰਿਹਾ।