ਲੋਕਾਂ ਦੇ ਲਾਮਿਸਾਲ ਹੁੰਗਾਰੇ ਨਾਲ ਰਿਲੀਜ਼ ਹੋਈ ‘ਦਾ ਬਲੈਕ ਪ੍ਰਿੰਸ’

ਲੋਕਾਂ ਦੇ ਲਾਮਿਸਾਲ ਹੁੰਗਾਰੇ ਨਾਲ ਰਿਲੀਜ਼ ਹੋਈ ‘ਦਾ ਬਲੈਕ ਪ੍ਰਿੰਸ’

ਚੰਡੀਗੜ/ਬਿਊਰੋ ਨਿਊਜ਼:
ਸਿੱਖ ਸਾਮਰਾਜ ਦੇ ਆਖ਼ਰੀ ਮਹਾਰਾਜਾ ਦਲੀਪ ਸਿੰਘ ਦੇ ਜੀਵਨ ਕਹਾਣੀ ਉੱਤੇ ਅਧਾਰਿਤ ਅਤੇ ਕਾਫ਼ੀ ਚਿਰਾਂ ਤੋਂ ਚਰਚਾ ‘ਚ ਚੱਲ ਰਹੀ ਫ਼ਿਲਮ ‘ਦਾ ਬਲੈਕ ਪ੍ਰਿੰਸ’ ਦੁਨੀਆ ਭਰ ‘ਚ ਲੋਕਾਂ ਦੇ ਭਰਵੀਂ ਸ਼ਮੂਲੀਅਤ ਵਾਲੇ ਲਾਮਿਸਾਲ ਹੁੰਗਾਰੇ ਨਾਲ ਰਿਲੀਜ਼ ਹੋਈ। 21 ਜੁਲਾਈ  ਸ਼ੁਕਰਵਾਰ ਨੂੰ  ਚੰਡੀਗੜ੍ਹ ‘ਚ ਇਸ ਫਿਲਮ ਦੇ ਕਰਵਾਏ ਗਏ ਵਿਸ਼ੇਸ਼ ਸ਼ੋਅ  ‘ਚ ਵੱਖ-ਵੱਖ ਖੇਤਰਾਂ ਦੀਆਂ ਨਾਮੀਂ ਸ਼ਖ਼ਸੀਅਤਾਂ ਵੱਲੋਂ ਸ਼ਮੂਲੀਅਤ ਕੀਤੀ ਗਈ । ਇਸ ਮੌਕੇ ਫ਼ਿਲਮ ਵਿਚਲੀ ਪ੍ਰਮੁੱਖ ਅਦਾਕਾਰਾ ਤੇ ਮਹਾਰਾਣੀ ਜਿੰਦ ਕੌਰ ਦੀ ਭੂਮਿਕਾ ਨਿਭਾਉਣ ਵਾਲੀ ਬਾਲੀਵੁੱਡ ਦੀ ਪ੍ਰਸਿੱਧ ਅਦਾਕਾਰਾ ਸ਼ਬਾਨਾ ਆਜ਼ਮੀ, ਫ਼ਿਲਮ ‘ਚ ਮਹਾਰਾਜਾ ਦਲੀਪ ਸਿੰਘ ਦੀ ਭੂਮਿਕਾ ਨਿਭਾਉਣ ਵਾਲੇ ਪੰਜਾਬੀ ਦੇ ਪ੍ਰਸਿੱਧ ਗਾਇਕ ਸਤਿੰਦਰ ਸਰਤਾਜ, ਫ਼ਿਲਮ ਦੇ ਨਿਰਦੇਸ਼ਕ ਕਵੀ ਰਾਜ ਤੋਂ ਇਲਾਵਾ ਪੰਜਾਬ ਦੇ ਸੱਭਿਆਚਾਰਕ ਮਾਮਲਿਆਂ ਦੇ ਮੰਤਰੀ ਸ. ਨਵਜੋਤ ਸਿੰਘ ਸਿੱਧੂ, ਹਾਕੀ ਉਲੰਪੀਅਨ ਬਲਵੀਰ ਸਿੰਘ ਸੀਨੀਅਰ, ਸਾਬਕਾ ਮੁੱਖ ਮੰਤਰੀ ਪੰਜਾਬ ਬੀਬੀ ਰਾਜਿੰਦਰ ਕੌਰ ਭੱਠਲ, ਰਾਜ ਸਭਾ ਮੈਂਬਰ ਸ. ਪ੍ਰਤਾਪ ਸਿੰਘ ਬਾਜਵਾ, ਪੰਜਾਬ ਦੇ ਸਾਬਕਾ ਸਪੀਕਰ ਬੀਰਦਵਿੰਦਰ ਸਿੰਘ, ਪੰਜਾਬ ਤੋਂ ਵਿਧਾਇਕ ਗੁਰਕੀਰਤ ਸਿੰਘ ਕੋਟਲੀ, ਅਸ਼ੋਕ ਸਿੰਘ ਬਾਗੜੀਆਂ, ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਕਰਨੈਲ ਸਿੰਘ ਪੀਰਮੁਹੰਮਦ ਨੇ ਜਿਥੇ ਸ਼ਿਰਕਤ ਕੀਤੀ ਉਥੇ ਫ਼ਿਲਮ ਅਦਾਕਾਰ ਦਰਸ਼ਨ ਔਲਖ, ਉੱਘੇ ਲੇਖਕ ਗੁਲਜ਼ਾਰ ਸਿੰਘ ਸੰਧੂ, ਸਿੱਖ ਚਿੰਤਕ ਸ.ਅਜਮੇਰ ਸਿੰਘ, ਡਾ. ਆਸ਼ੂ ਕਟਾਰੀਆ, ਸਾਗਾ ਤੋਂ ਗੌਰਵ ਅਰੋੜਾ ਦੇ ਨਾਲ-ਨਾਲ ਫ਼ਿਲਮੀ ਤੇ ਸੰਗੀਤਕ ਖੇਤਰ ਦੀਆਂ ਸ਼ਖ਼ਸੀਅਤਾਂ ‘ਚ ਮਨਦੀਪ, ਹਰਮਨ, ਫੂਲਰਾਜ ਸਿੰਘ, ਅਕਵਿੰਦਰ ਗੋਸਲ, ਮੁਨੀਸ਼ ਸ਼ਰਮਾ, ਜਸਵੰਤ ਸਿੰਘ ਰਾਣਾ, ਕੁਲਜਿੰਦਰ ਸੂਦ ਸ਼ਖ਼ਸੀਅਤਾਂ ਵੀ ਇਸ ਮੌਕੇ ਪੁੱਜੀਆਂ ਹੋਈਆਂ ਸਨ ।
ਫਿਲਮ ਦੀ ਸਮਾਪਤੀ ਉਪਰੰਤ ਦਰਸ਼ਕਾਂ ਨਾਲ ਰੂ ਬ ਰੂ ਮੌਕੇ ਸ਼ਬਾਨਾ ਆਜ਼ਮੀ ਨੇ ਗੱਲ ਕਰਦਿਆਂ ਕਿਹਾ ਕਿ ਮਹਾਰਾਣੀ ਜਿੰਦ ਕੌਰ ਦਾ ਕਿਰਦਾਰ ਨਿਭਾਉਣ ਲਈ ਸਖ਼ਤ ਮਿਹਨਤ ਕਰਨੀ ਪਈ । ਸਤਿੰਦਰ ਸਰਤਾਜ ਨੇ ਕਿਹਾ ਕਿ ਉਹ ਫ਼ਿਲਮ ਪ੍ਰਤੀ ਬਿਲਕੁਲ ਨਰਵਸ ਨਹੀਂ ਹਨ । ਉਨ੍ਹਾਂ ਕਿਹਾ ਕਿ ਜਿਹੜੇ ਲੋਕ ਇਤਿਹਾਸ ਦੇ ਪੰਨੇ ਭੁੱਲ ਗਏ ਸੀ, ਇਸ ਫ਼ਿਲਮ ਦੇ ਜ਼ਰੀਏ ਮੁੜ ਇਤਿਹਾਸ ਨਾਲ ਜੁੜਨਗੇ । ਫ਼ਿਲਮ ਦੇ ਨਿਰਦੇਸ਼ਕ ਕਵੀ ਰਾਜ ਨੇ ਕਿਹਾ ਕਿ ਫ਼ਿਲਮ ਦਾ ਸਫਰ ਸੌਖਾ ਨਹੀਂ ਸੀ, ਪਰ ਉਨ੍ਹਾਂ ਹਿੰਮਤ ਨਹੀਂ ਛੱਡੀ। ਨਵਜੋਤ ਸਿੰਘ ਸਿੱਧੂ ਨੇ ਇਸ ਮੌਕੇ ਗੱਲ ਕਰਦਿਆਂ ਕਿਹਾ ਕਿ ਜਿਹੜੀਆਂ ਕੌਮਾਂ ਆਪਣੇ ਵਿਰਸੇ ਨੂੰ ਸੰਭਾਲ ਕੇ ਰੱਖਦੀਆਂ ਨੇ ਉਹੀ ਰਾਜ ਕਰਦੀਆਂ ਹਨ । ਉਨ੍ਹਾਂ ਇਹ ਵੀ ਕਿਹਾ ਕਿ ਗੁਰਦਾਸ ਮਾਨ, ਸਤਿੰਦਰ ਸਰਤਾਜ, ਪੰਮੀ ਬਾਈ ਤੇ ਹੋਰਨਾਂ ਨੇ ਪੰਜਾਬੀ ਸੱਭਿਆਚਾਰ ਨੂੰ ਪ੍ਰਫੁਲਿਤ ਕਰਨ ‘ਚ ਅਹਿਮ ਭੂਮਿਕਾ ਨਿਭਾਈ ਹੈ।