ਪੰਜਾਬ ਯੂਨੀਵਰਸਿਟੀ ਨੇ ਸਤਿੰਦਰ ਸਰਤਾਜ ਨੂੰ ਆਪਣਾ ਬਰਾਂਡ ਅੰਬੈਸਡਰ ਬਣਾਇਆ

ਪੰਜਾਬ ਯੂਨੀਵਰਸਿਟੀ ਨੇ ਸਤਿੰਦਰ ਸਰਤਾਜ ਨੂੰ ਆਪਣਾ ਬਰਾਂਡ ਅੰਬੈਸਡਰ ਬਣਾਇਆ

ਚੰਡੀਗੜ੍ਹ/ਬਿਊਰੋ ਨਿਊਜ਼ :
ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਇਥੇ ਭਰਵੇਂ ਸਮਾਗਮ ਦੌਰਾਨ ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋ. ਅਰੁਣ ਗਰੋਵਰ ਵੱਲੋਂ ਪ੍ਰਸਿੱਧ ਗਾਇਕ ਤੇ ਅਦਾਕਾਰ ਸਤਿੰਦਰ ਸਰਤਾਜ ਨੂੰ ਪੰਜਾਬ ਯੂਨੀਵਰਸਿਟੀ ਦਾ ਬਰਾਂਡ ਅੰਬੈਸਡਰ ਐਲਾਨਿਆ ਗਿਆ। ਇਸ ਮੌਕੇ ਯੂਨੀਵਰਸਿਟੀ ਦੇ ਉਪ ਕੁਲਪਤੀ ਅਰੁਣ ਗਰੋਵਰ ਨੇ ਸਤਿੰਦਰ ਸਰਤਾਜ ਨੂੰ ਯੂਨੀਵਰਸਿਟੀ ਦੀ ਆਨਰੇਰੀ ਮੈਂਬਰਸ਼ਿਪ ਵੀ ਪ੍ਰਦਾਨ ਕੀਤੀ। ਸਤਿੰਦਰ ਸਰਤਾਜ ਇਥੇ ਪੰਜਾਬ ਯੂਨੀਵਰਸਿਟੀ ਅਲੂਮਨੀ ਐਸੋਸੀਏਸ਼ਨ ਵੱਲੋਂ ਕਰਵਾਏ ਗਏ ਸਮਾਗਮ ਦੌਰਾਨ ਪੁੱਜੇ ਸਨ। ਇਸ ਮੌਕੇ ਡੀਨ ਐਲੂਮਨੀ ਡਾ. ਅਨਿਲ ਮਾਗਾ, ਡਾ. ਮਹਿੰਦਰ ਪ੍ਰਸ਼ਾਦ, ਪ੍ਰੋ. ਪੰਕਜ, ਮੀਨਾਕਸ਼ੀ ਮਲਹੋਤਰਾ, ਪ੍ਰੋ. ਪਰਮਿੰਦਰ, ਪ੍ਰੋ. ਅਰਵਿੰਦ ਸ਼ਰਮਾ, ਨਵਦੀਪ ਕੌਰ, ਰਾਣੀ ਬਲਬੀਰ ਕੌਰ ਨੇ ਵੀ ਸ਼ਮੂਲੀਅਤ ਕੀਤੀ। ਉਪ ਕੁਲਪਤੀ ਨੇ ਇਸ ਮੌਕੇ ਕਿਹਾ ਕਿ ਫ਼ਿਲਮ ‘ਦਾ ਬਲੈਕ ਪ੍ਰਿੰਸ’ ਦੇ ਜ਼ਰੀਏ ਸਤਿੰਦਰ ਸਰਤਾਜ ਦੀ ਕਲਾ ਦਾ ਚੌਗਿਰਦਾ ਹੋਰ ਵੀ ਵਧਿਆ ਹੈ। ਉਨ੍ਹਾਂ ਕਿਹਾ ਕਿ ਸਤਿੰਦਰ ਸਰਤਾਜ ਦੀ ਇਸ ਫ਼ਿਲਮ ਨਾਲ ਪੰਜਾਬ ਯੂਨੀਵਰਸਿਟੀ ਦਾ ਵੀ ਮਾਣ ਵਧਿਆ। ਇਸ ਮੌਕੇ ਸਤਿੰਦਰ ਸਰਤਾਜ ਨੂੰ ਤਾਲੀਮ ਦੇਣ ਵਾਲੇ ਪ੍ਰੋਫ਼ੈਸਰਾਂ ਤੇ ਇੰਚਾਰਜਾਂ ਨੇ ਵੀ ਸਤਿੰਦਰ ਸਰਤਾਜ ਦੀਆਂ ਯੂਨੀਵਰਸਿਟੀ ਦੀ ਪੜ੍ਹਾਈ ਤੇ ਉਨ੍ਹਾਂ ਨਾਲ ਬਿਤਾਏ ਗਏ ਪਲਾਂ ਦੀਆਂ ਸਾਂਝਾ ਨੂੰ ਤਾਜ਼ਾ ਕੀਤਾ। ਸਤਿੰਦਰ ਸਰਤਾਜ ਨੇ ਪੰਜਾਬ ਯੂਨੀਵਰਸਿਟੀ ਵੱਲੋਂ ਆਨਰੇਰੀ ਮੈਂਬਰ ਤੇ ਬਰਾਂਡ ਅੰਬੈਸਡਰ ਦਾ ਮਾਣ ਦਿੱਤੇ ਜਾਣ ‘ਤੇ ਕਿਹਾ ਕਿ ਇਨ੍ਹਾਂ ਮਾਣ ਸਨਮਾਨਾਂ ਨਾਲ ਸਮਾਜ ਪ੍ਰਤੀ ਜ਼ਿੰਮੇਵਾਰੀ ਹੋਰ ਵੱਧ ਜਾਂਦੀ ਹੈ। ਸਤਿੰਦਰ ਸਰਤਾਜ ਨੇ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਆਪਣੇ ਮਕਬੂਲ ਗੀਤ ‘ਏਨੀ ਖ਼ੁਸ਼ਬੂਦਾਰ ਹੈ ਪੀ. ਯੂ. ਦੀ ਮਿੱਟੀ’ ਨਾਲ ਬਾਖ਼ੂਬੀ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਨੇ ਇਸ ਮੌਕੇ ਗੀਤ ‘ਫ਼ਿਲਹਾਲ ਹਵਾਵਾਂ ਰੁਮਕ ਦੀਆਂ ਜਦ ਝੱਖੜ ਝੁੱਲੂ ਵੇਖਾਂਗੇ, ਅਜੇ ਘੜਾ ਅਕਲ ਦਾ ਊਣਾ ਹੈ ਜਦ ਭਰ ਕੇ ਡੁੱਲੂ ਵੇਖਾਂਗੇ’ ਵੀ ਸਾਂਝੇ ਕੀਤੇ।