‘ਪੰਜਾਬੀਆਂ ਦੇ ਦਿਲਾਂ ਵਿੱਚ ਸਾਕਾ ਨੀਲਾ ਤਾਰਾ ਦੇ ਜ਼ਖ਼ਮ ਹਾਲੇ ਵੀ ਅੱਲ੍ਹੇ’

‘ਪੰਜਾਬੀਆਂ ਦੇ ਦਿਲਾਂ ਵਿੱਚ ਸਾਕਾ ਨੀਲਾ ਤਾਰਾ ਦੇ ਜ਼ਖ਼ਮ ਹਾਲੇ ਵੀ ਅੱਲ੍ਹੇ’

ਖਾਲਿਸਤਾਨੀ ਲਹਿਰ ਨਾਕਾਰ ਚੁੱਕੇ ਹਨ ਕੈਨੇਡੀਅਨ ਪੰਜਾਬੀ: ਰਚਨਾ ਸਿੰਘ
ਜਲੰਧਰ/ਬਿਊਰੋ ਨਿਊਜ਼ :
ਪੰਜਾਬ ਦੌਰੇ ‘ਤੇ ਆਈ ਬ੍ਰਿਟਿਸ਼ ਕੋਲੰਬੀਆ ਦੇ ਰਚਨਾ ਸਿੰਘ ਹੈ ਕਿ ਕੈਨੇਡਾ ਦੇ ਪੰਜਾਬੀ ਖਾਲਿਸਤਾਨ ਦੀ ਲਹਿਰ ਨੂੰ ਨਾਕਾਰ ਚੁੱਕੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਪੰਜਾਬੀਆਂ ਦੇ ਦਿਲਾਂ ਵਿੱਚ ਸਾਕਾ ਨੀਲਾ ਤਾਰਾ ਦੇ ਜ਼ਖ਼ਮ ਹਾਲੇ ਵੀ ਅੱਲ੍ਹੇ ਹਨ ਪਰ ਉਸ ਨੂੰ ਖਾਲਿਸਤਾਨ ਨਾਲ ਨਹੀਂ ਜੋੜਿਆ ਜਾ ਸਕਦਾ।
ਰਚਨਾ ਸਿੰਘ ਨੇ ਕਿਹਾ ਕਿ ਜਦੋਂ 2001 ਵਿੱਚ ਉਹ ਕੈਨੇਡਾ ਗਈ ਸੀ ਤਾਂ ਉਸ ਨੂੰ ਲੱਗਦਾ ਸੀ ਕਿ ਉੱਥੇ ਖਾਲਿਸਤਾਨ ਪੱਖੀ ਕੁਝ ਲੋਕ ਵਸਦੇ ਹਨ ਪਰ ਹੁਣ ਅਜਿਹਾ ਕੁਝ ਨਹੀਂ ਹੈ। ਸਰੀ ਦੀ ਸਿੱਖ ਪਰੇਡ ਬਾਰੇ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਨਗਰ ਕੀਰਤਨ ਹਰ ਸਾਲ ਕੱਢਿਆ ਜਾਂਦਾ ਹੈ ਅਤੇ ਉਹ ਵੀ ਮੁੱਖ ਸਟੇਜ ‘ਤੇ ਮੌਜੂਦ ਸਨ ਪਰ ਉੱਥੇ ਖਾਲਿਸਤਾਨ ਪੱਖੀ ਕੋਈ ਗੱਲ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਪੰਜਾਬ ਅਤੇ ਕੈਨੇਡਾ ਵਿੱਚ ਉਨ੍ਹਾਂ ਨੂੰ ਖਾਲਿਸਤਾਨ ਪੱਖੀ ਕੋਈ ਲਹਿਰ ਦਿਖਾਈ ਨਹੀਂ ਦੇ ਰਹੀ ਹੈ, ਜੋ ਲਹਿਰ ਅੱਸੀਵਿਆਂ ਵਿੱਚ ਚੱਲੀ ਸੀ, ਉਸ ਨੂੰ ਲੋਕ ਨਕਾਰ ਚੁੱਕੇ ਹਨ। ਉਨ੍ਹਾਂ ਕਿਹਾ ਕਿ ਕੁਝ ਗੁਰਦੁਆਰਿਆਂ ਵਿੱਚ ਗਰਮ ਖਿਆਲੀਆਂ ਦੀਆਂ ਤਸਵੀਰਾਂ ਲੱਗੀਆਂ ਹੋਈਆਂ ਸਨ, ਹੁਣ ਉਨ੍ਹਾਂ ਨੂੰ ਵੀ ਉਤਾਰਿਆ ਜਾ ਚੁੱਕਾ।
ਰਚਨਾ ਸਿੰਘ ਨੇ ਕਿਹਾ ਕਿ 1984 ਵਿੱਚ ਵਾਪਰੇ ਘਟਨਾਕ੍ਰਮ ਬਾਰੇ ਪੰਜਾਬੀਆਂ ਦੇ ਦਿਲਾਂ ਨੂੰ ਭਾਰੀ ਠੇਸ ਪਹੁੰਚੀ ਸੀ ਅਤੇ ਜੋ ਮਨੁੱਖੀ ਅਧਿਕਾਰ ਦਾ ਘਾਣ ਹੋਇਆ ਸੀ, ਉਸ ਦੀ ਕਸਕ ਹਾਲੇ ਵੀ ਪੰਜਾਬੀਆਂ ਦੇ ਦਿਲਾਂ ਵਿੱਚ ਹੈ। ਉਨ੍ਹਾਂ ਕਿਹਾ ਕਿ ਇਨਸਾਫ਼ ਨਾ ਮਿਲਣ ਦੀ ਇਸ ਨਿਰਾਸ਼ਾ ਨੂੰ ਖਾਲਿਸਤਾਨ ਨਾਲ ਨਹੀਂ ਜੋੜਿਆ ਜਾ ਸਕਦਾ ਹੈ। ਰਚਨਾ ਸਿੰਘ ਨੇ ਦੱਸਿਆ ਕਿ ਬ੍ਰਿਟਿਸ਼ ਕੋਲੰਬੀਆ ਵਿੱਚ ਨਵੀਂ ਬਣੀ ਸਰਕਾਰ ਦੇ ਸਨਅਤ ਮੰਤਰੀ ਵੀ ਜਲਦੀ ਭਾਰਤ ਦੌਰੇ ‘ਤੇ ਆਉਣਗੇ।
‘ਮੋਦੀ ਧਰਮ ਨਿਰਪੱਖਤਾ ਦੇ ਏਜੰਡੇ ਉਤੇ ਪਹਿਰਾ ਦੇਣ’
ਰਚਨਾ ਸਿੰਘ ਨੇ ਕਿਹਾ ਕਿ ਦੁਨੀਆ ਭਰ ਵਿੱਚ ਨਸਲੀ ਨਫ਼ਰਤ ਵਧਣ ਦੇ ਨਾਲ ਨਾਲ ਭਾਰਤ ਵਿਚ ਨਸਲੀ ਹਿੰਸਾ ਵਿੱਚ ਵਾਧਾ ਹੋ ਰਿਹਾ ਹੈ। ਰਚਨਾ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਜ਼ਬੂਤ ਨੇਤਾ ਹੋਣ ਨਾਤੇ ਭਾਰਤ ਦੇ ਧਰਮ ਨਿਰਪੱਖਤਾ ਦੇ ਏਜੰਡੇ ‘ਤੇ ਸਖ਼ਤੀ ਨਾਲ ਪਹਿਰਾ ਦੇਣਾ ਚਾਹੀਦਾ ਹੈ। ਰਚਨਾ ਸਿੰਘ ਨੇ ਕਿਹਾ ਕਿ ਟਰੰਪ ਦੇ ਅਮਰੀਕਾ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਨਸਲੀ ਹਿੰਸਾ ਵਧੀ ਹੈ, ਜਿਸ ਦਾ ਕੁਝ ਅਸਰ ਕੈਨੇਡਾ ਦੇ ਨਾਲ ਨਾਲ ਪੂਰੀ ਦੁਨੀਆ ‘ਤੇ ਹੋ ਰਿਹਾ ਹੈ ਅਤੇ ਇਸ ਨਾਲ ਨਜਿੱਠਣਾ ਵੱਡੀ ਚੁਣੌਤੀ ਹੈ।