ਕਿਸਾਨਾਂ ਨੇ ਮੰਗਿਆ ਮੁਆਵਜ਼ਾ, ਕੈਪਟਨ ਨੇ ਕੀਤਾ ਇਨਕਾਰ

ਕਿਸਾਨਾਂ ਨੇ ਮੰਗਿਆ ਮੁਆਵਜ਼ਾ, ਕੈਪਟਨ ਨੇ ਕੀਤਾ ਇਨਕਾਰ

ਮਾਨਸਾ ਪੁੱਜੇ ਕੈਪਟਨ-ਚਿੱਟੀ ਮੱਖੀ ਤੇ ਭੂਰੀ ਜੂੰ ਦੇ ਹਮਲੇ ਨਾਲ ਖਰਾਬ ਫ਼ਸਲ ਦਾ ਜਾਇਜ਼ਾ ਲਿਆ
ਕਿਹਾ-ਇਕ ਫ਼ੀਸਦੀ ਹੀ ਖ਼ਰਾਬ ਹੈ ਫ਼ਸਲ
‘ਮਾਮੂਲੀ ਨੁਕਸਾਨ ਨੂੰ ਮੀਡੀਆ ਨੇ ਵਧਾ-ਚੜ੍ਹਾ ਕੇ ਪੇਸ਼ ਕੀਤਾ, ਕਿਸਾਨਾਂ ਨੇ ਦੂਸਰੇ ਸੂਬਿਆਂ ਤੋਂ ਗੈਰ ਪ੍ਰਮਾਣਤ ਬੀਜ ਲਿਆ ਕੇ ਬੀਜੇ, ਇਸ ਲਈ ਆਈ ਸਮੱਸਿਆ’
ਮਾਨਸਾ/ਬਿਊਰੋ ਨਿਊਜ਼ :
ਸ਼ੁੱਕਰਵਾਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਮਾਨਸਾ ਜ਼ਿਲ੍ਹੇ ਦਾ ਦੌਰਾ ਕਿਸਾਨਾਂ ਲਈ ਕੋਈ ਰਾਹਤ ਨਹੀਂ ਲੈ ਕੇ ਆਇਆ। ਚਿੱਟੀ ਮੱਖੀ ਤੇ ਭੂਰੀ ਜੂੰ ਦੇ ਹਮਲੇ ਨਾਲ ਖ਼ਰਾਬ ਹੋਈ ਨਰਮੇ ਦੀ ਫਸਲ ਦੇ ਮੁਆਵਜ਼ੇ ਦੀ ਮੰਗ ਕਰ ਰਹੇ ਕਿਸਾਨਾਂ ਨੂੰ ਮੁੱਖ ਮੰਤਰੀ ਨੇ ਮੁਆਵਜ਼ਾ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਉਨ੍ਹਾਂ ਕਿਹਾ, ‘ਖਰਾਬ ਹੋਈ ਫ਼ਸਲ ਨੂੰ ਹੁਣ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਖੁਦ ਦੇਖਣਗੇ।’ ਉਨ੍ਹਾਂ ਕਿਹਾ, ‘ਕਿਸਾਨ ਆਪਣੀ ਫਸਲ ਨੂੰ ਨਸ਼ਟ ਨਾ ਕਰਨ।’ ਮੁੱਖ ਮੰਤਰੀ ਮਾ3ਨਸਾ ਜ਼ਿਲ੍ਹੇ ਦੇ ਦੋ ਪਿੰਡਾਂ ਖਿਆਲਾ ਕਲਾਂ ਤੇ ਸਾਹਨੇਵਾਲੀ ਵਿਚ ਬਰਬਾਦ ਫ਼ਸਲ ਦਾ ਜਾਇਜ਼ਾ ਲੈਣ ਪਹੁੰਚੇ ਸਨ। ਉਨ੍ਹਾਂ ਦੇ ਨਾਲ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਵੀ ਮੌਜੂਦ ਸਨ।
ਪਿੰਡ ਖਿਆਲਾ ਕਲਾਂ ਵਿਚ ਕੈਪਟਨ ਕਿਸਾਨ ਮਲਕੀਤ ਸਿੰਘ ਦੇ ਖੇਤ ਵਿਚ ਪਹੁੰਚੇ ਤਾਂ ਉਸ ਨੇ ਮੁੱਖ ਮੰਤਰੀ ਨੂੰ ਬੀਜ, ਕੀਟਨਾਸ਼ਕ ਦਵਾਈਆਂ ਦੇ ਬਿਲ ਦਿਖਾਉਂਦੇ ਹੋਏ ਬਰਬਾਦ ਫ਼ਸਲ ਦਾ 40 ਹਜ਼ਾਰ ਪ੍ਰਤੀ ਏਕੜ ਮੁਆਵਜ਼ਾ ਮੰਗਿਆ। ਕੈਪਟਨ ਨੇ ਕਿਹਾ, ਨੂੰਨਰਮੇ ਦੀ ਫ਼ਸਲ ‘ਤੇ ਹਮਲਾ ਇਕ ਪ੍ਰਤੀਸ਼ਤ ਹੀ ਹੈ। ਆਪਣੀ ਫ਼ਸਲ ਨੂੰ ਨਸ਼ਟ ਨਾ ਕਰੋ ਤੇ ਖੇਤੀਬਾੜੀ ਵਿਭਾਗ ਉਸ ਦੀ ਫ਼ਸਲ ‘ਤੇ ਹੋਏ ਹਮਲੇ ਨੂੰ ਕੰਟਰੋਲ ਕਰਕੇ ਪੂਰਾ ਝਾੜ ਦਿਵਾਏਗੀ। ਉਨ੍ਹਾਂ ਕਿਹਾ ਕਿ ਨਰਮੇ ਦੀ ਫ਼ਸਲ ‘ਤੇ ਹੋਏ ਮਾਮਲੂ ਨੁਕਸਾਨ ਨੂੰ ਮੀਡੀਆ ਵਲੋਂ ਵਧਾ ਚੜ੍ਹਾ ਕੇ ਪੇਸ਼ ਕੀਤਾ ਜਾ ਰਿਹਾ ਹੈ। ਕੈਪਟਨ ਨੇ ਕਿਹਾ, ‘ਗੈਰ ਪ੍ਰਮਾਣਤ ਕਿਸਮਾਂ ਦੀ ਬੀਜ ਕਿਸਾਨਾਂ ਵਲੋਂ ਆਪਣੇ ਪੱਧਰ ‘ਤੇ ਗੁਜਰਾਤ ਤੇ ਹੋਰਨਾਂ ਸੂਬਿਆਂ ਤੋਂ ਲਿਆ ਕੇ ਬਿਜਾਈ ਕਰ ਲੈਣ ਦੇ ਚਲਦਿਆਂ ਅਜਿਹੀ ਸਮੱਸਿਆ ਸਾਹਮਣੇ ਆਉਂਦੀ ਹੈ। ਕਿਸਾਨ ਬਲਬੀਰ ਸਿੰਘ ਨੇ ਦੱਸਿਆ ਕਿ ਉਸ ਨੇ 4 ਏਕੜ ਜ਼ਮੀਨ 40 ਹਜ਼ਾਰ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਠੇਕੇ ‘ਤੇ ਲਈ ਹੈ। ਜਿਸ ‘ਤੇ ਨਰਮੇ ਦੀ ਫ਼ਸਲ ਬਿਜਾਈ ਕਰਨ ਵਿਚ ਉਸ ਦਾ ਪ੍ਰਤੀ ਏਕੜ 15 ਹਜ਼ਾਰ ਰੁਪਏ ਦਾ ਖ਼ਰਚ ਹੋਏ ਹਨ। ਮੱਛਰ ਵਲੋਂ ਬਰਬਾਦ ਕਰ ਦੇਣ ਦੇ ਚਲਦਿਆਂ ਉਸ ਨੂੰ ਵੀ ਆਪਣੀ ਫ਼ਸਲ ਨਸ਼ਟ ਕਰਨੀ ਪੈ ਰਹੀ ਹੈ। ਜ਼ਿਕਰਯੋਗ ਹੈ ਕਿ ਖਿਆਲਾ ਕਲਾਂ ਦੇ 700 ਏਕੜ ਰਕਬੇ ਵਿਚ ਨਰਮੇ ਦੀ ਬਿਜਾਈ ਕੀਤੀ ਗਈ ਹੈ। ਜਿਸ ਵਿਚ 50 ਤੋਂ 60 ਫ਼ੀਸਦੀ ਫ਼ਸਲ ਖਰਾਬ ਹੋਣ ਦਾ ਖਦਸ਼ਾ ਜ਼ਾਹਰ ਕੀਤਾ ਹੈ।
ਕਿਸਾਨ ਨੇਤਾ ਬੋਲੇ-ਜੇ ਕੁਝ ਦੇਣਾ ਨਹੀਂ ਸੀ ਤਾਂ ਕਿਉਂ ਆਏ :
ਭਾਰਤੀ ਕਿਸਾਨ ਯੂਨੀਅਨ ਡਕੌਂਦਾ ਧਿਰ ਦੇ ਨੇਤਾ ਲਾਭ ਸਿੰਘ ਤੇ ਬਲਵਿੰਦਰ ਸ਼ਰਮਾ ਨੇ ਕਿਹਾ ਕਿ ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਬਰਬਾਦ ਹੋਈ ਫ਼ਸਲ ਨੂੰ ਲੈ ਕੇ ਮੁਆਵਜ਼ੇ ਦਾ ਕੋਈ ਐਲਾਨ ਨਹੀਂ ਕਰਨਾ ਸੀ, ਤਾਂ ਕਿਸਾਨਾਂ ਕੋਲ ਜਾ ਕੇ ਅਜਿਹੀ ਵਾਹਵਾਹ ਲੁੱਟਣ ਦਾ ਕੋਈ ਮਤਲਬ ਨਹੀਂ ਹੈ।
ਸਾਹਨੇਵਾਲੀ ‘ਚ ਕਿਸਾਨਾਂ ਨੇ ਨਾਅਰੇਬਾਜ਼ੀ ਕੀਤੀ ਤਾਂ ਕੈਪਟਨ ਫ਼ਸਲ ਦੇਖਣ ਪਹੁੰਚੇ :
ਪਿੰਡ ਸਾਹਨੇਵਾਲੀ ਵਿਚ ਪੀੜਤ ਕਿਸਾਨਾਂ ਨੂੰ ਕੈਪਟਨ ਨੂੰ ਨਾ ਮਿਲਣ ਦੇਣ ‘ਤੇ ਕਿਸਾਨਾਂ ਨੇ ਪੰਜਾਬ ਸਰਕਾਰ ਤੇ ਖੇਤੀਬਾੜੀ ਵਿਭਾਗ ਦੇ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਜਿਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਮਾਮਲੇ ਨੂੰ ਸ਼ਾਂਤ ਕਰਨ ਲਈ ਵਿਰੋਧ ਕਰ ਰਹੇ ਕਿਸਾਨਾਂ ਦੇ ਖੇਤਾਂ ਵਿਚ ਜਾ ਕੇ ਫ਼ਸਲ ਦਾ ਜਾਇਜ਼ਾ ਲਿਆ। ਇਥੇ ਕਿਸਾਨਾਂ ਨੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਦੀ ਕਿਸਾਨਾਂ ਪ੍ਰਤੀ ਲਾਪ੍ਰਵਾਹੀ ਬਾਰੇ ਉਨ੍ਹਾਂ ਨੂੰ ਜਾਣੂ ਕਰਵਾਉਂਦਿਆਂ ਉਨ੍ਹਾਂ ਖ਼ਿਲਾਫ਼ ਕਾਰਵਾਈ ਦੀ ਮੰਗ ਰੱਖੀ।

ਖ਼ੁਦਕੁਸ਼ੀਆਂ ਦੀ ਫ਼ਸਲ : ਇਸ ਹਫ਼ਤੇ 8 ਕਿਸਾਨਾਂ ਵਲੋਂ ਖ਼ੁਦਕੁਸ਼ੀ
ਫਸਲਾਂ ਦੇਖ ਅਫ਼ਸਰਾਂ ਨੂੰ ‘ਝਾੜਾਂ’ ਪਾਉਂਦੇ ਰਹੇ ਪਰ ਜਸਵੀਰ ਸਿੰਘ ਦੇ ਬਲਦੇ ਸਿਵੇ ਕੋਲੋਂ ਦੀ ਲੰਘ ਗਏ ਕੈਪਟਨ
ਬਠਿੰਡਾ/ਬਿਊਰੋ ਨਿਊਜ਼ :
ਜਦੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਪਾਹ ਪੱਟੀ ਵਿੱਚ ਟੁੱਟੀ ਕਿਸਾਨੀ ਦੇ ਖੇਤਾਂ ਵਿੱਚ ਮੁਰਝਾਇਆ ਨਰਮਾ ਵੇਖ ਰਹੇ ਸਨ ਤਾਂ ਠੀਕ ਉਦੋਂ ਇਨ੍ਹਾਂ ਖੇਤਾਂ ਦੇ ਨੌਜਵਾਨ ਪੁੱਤ ਦਾ ਸਿਵਾ ਲਟ ਲਟ ਬਲ ਰਿਹਾ ਸੀ। ਜ਼ਿੰਦਗੀ ਦੀ ਡੰਡੀ ਤੋਂ ਚੜ੍ਹਨ ਤੋਂ ਪਹਿਲਾਂ ਹੀ ਨੌਜਵਾਨ ਜਸਵੀਰ ਸਿੰਘ ਖ਼ੁਦਕੁਸ਼ੀ ਦੇ ਰਾਹ ਚਲਾ ਗਿਆ।
ਬਠਿੰਡਾ ਦੇ ਪਿੰਡ ਗੁਰਥੜੀ ਦਾ ਹਰ ਨਿਆਣਾ ਸਿਆਣਾ ਇਸ ਨੌਜਵਾਨ ਦੇ ਸਸਕਾਰ ਮੌਕੇ ਹਾਜ਼ਰ ਸੀ। ਮਿਲਾਪੜੇ ਸੁਭਾਅ ਦੇ ਇਸ ਨੌਜਵਾਨ ਕਿਸਾਨ ਨੇ ਪੈਲੀ ਦੇ ਬਚਾਓ ਲਈ ਹਰ ਹੀਲਾ ਵਸੀਲਾ ਕੀਤਾ। ਜਦੋਂ ਫਸਲਾਂ ਨੇ ਹੰਭਾ ਦਿੱਤਾ ਤਾਂ ਉਸ ਨੇ ਜ਼ਿੰਦਗੀ ਨੂੰ ਅਲਵਿਦਾ ਆਖ ਦਿੱਤਾ। ਉਸ ਨੇ ਫਸਲਾਂ ਬਚਾਉਣ ਲਈ ਲਿਆਂਦਾ ਕੀਟਨਾਸ਼ਕ ਪੀ ਕੇ ਜਾਨ ਦੇ ਦਿੱਤੀ। ਮਾਪਿਆਂ ਕੋਲ ਹੁਣ ਕਰਜ਼ਾ ਬਚਿਆ ਹੈ ਜਾਂ ਫਿਰ ਅਲਾਮਤਾਂ ਦੇ ਝੰਬੇ ਹੋਏ ਖੇਤ। ਨੌਜਵਾਨ ਕਿਸਾਨ ਜਸਵੀਰ ਸਿੰਘ ਦੀ ਮਾਂ ਜਸਪਾਲ ਕੌਰ ਦੇ ਹੰਝੂ ਖੇਤਾਂ ਦੀ ਉਲਝੀ ਤਾਣੀ ਦੀ ਗਵਾਹੀ ਭਰ ਰਹੇ ਸਨ। ਪਿੰਡ ਗੁਰਥੜੀ ਦੀ ਮਹਿਲਾ ਸਰਪੰਚ ਕਰਮਜੀਤ ਕੌਰ ਨੇ ਦੱਸਿਆ ਕਿ ਬਹੁਤ ਹੀ ਮਿਲਾਪੜੇ ਨੌਜਵਾਨ ਦੇ ਚਲੇ ਜਾਣ ‘ਤੇ ਕਿਸੇ ਘਰ ਦਾ ਚੁੱਲ੍ਹਾ ਨਹੀਂ ਬਲਿਆ। ਉਹ ਦੱਸਦੀ ਹੈ ਕਿ ਨੌਜਵਾਨ ਕਿਰਤ ਤੇ ਮਿਹਨਤ ਨਾਲ ਖੇਤਾਂ ਵਿੱਚ ਜੁਟਿਆ ਰਹਿੰਦਾ ਸੀ। ਕੈਪਟਨ ਅਮਰਿੰਦਰ ਸਿੰਘ ਨੂੰ ਮ੍ਰਿਤਕ ਕਿਸਾਨ ਦੇ ਪਰਿਵਾਰ ਨੂੰ ਢਾਰਸ ਦੇਣ ਲਈ ਪੁੱਜਣਾ ਚਾਹੀਦਾ ਸੀ।
ਵੇਰਵਿਆਂ ਅਨੁਸਾਰ ਪਿੰਡ ਦੇ ਜਗਤਾਰ ਸਿੰਘ ਦੇ ਦੋ ਨੌਜਵਾਨ ਬੇਟੇ ਹੀ ਹਨ, ਜਿਨ੍ਹਾਂ ਵਿਚੋਂ ਛੋਟਾ ਲੜਕਾ ਜਸਵੀਰ ਸਿੰਘ ਖੇਤਾਂ ਦਾ ਬੋਝ ਝੱਲ ਨਹੀਂ ਸਕਿਆ। ਉਸ ਦੇ ਪਰਿਵਾਰ ਸਿਰ ਕਰੀਬ 12 ਲੱਖ ਦਾ ਕਰਜ਼ਾ ਹੈ। ਜਦੋਂ ਕਰਜ਼ੇ ਦੀ ਪੰਡ ਵਿੱਤੋਂ ਬਾਹਰ ਹੋ ਗਈ ਸੀ ਤਾਂ ਦੋ ਸਾਲ ਪਹਿਲਾਂ ਉਸ ਨੇ 7 ਕਨਾਲਾਂ ਜ਼ਮੀਨ ਵੇਚ ਕੇ ਕਰਜ਼ੇ ਦਾ ਭਾਰ ਹੌਲਾ ਕੀਤਾ। ਦੋ ਫਸਲਾਂ ਲਗਾਤਾਰ ਜੁਆਬ ਦੇ ਗਈਆਂ, ਜਿਸ ਕਰ ਕੇ ਕਰਜ਼ਾ ਮੁੜ ਵਧ ਗਿਆ। ਹੁਣ ਜਦੋਂ ਨਰਮੇ ਤੇ ਝੋਨੇ ਦੀ ਫਸਲ ਮੁਰਝਾ ਗਈ ਤਾਂ ਇਸ ਕਿਸਾਨ ਨੇ ਹਫ਼ਤਾ ਪਹਿਲਾਂ ਹਰ ਤਰ੍ਹਾਂ ਦੀ ਵਾਹ ਲਈ। ਆਖਰ ਉਹ ਹਾਰ ਮੰਨ ਗਿਆ। ਮ੍ਰਿਤਕ ਕਿਸਾਨ ਦੇ ਚਾਚੇ ਗੁਰਮੀਤ ਸਿੰਘ ਦਾ ਕਹਿਣਾ ਸੀ ਕਿ ਜਦੋਂ ਮੁੱਖ ਮੰਤਰੀ ਨਰਮੇ ਕਪਾਹ ਦੇ ਖੇਤ ਵੇਖਣ ਆਏ ਸਨ ਤਾਂ ਉਨ੍ਹਾਂ ਨੂੰ ਗੁਰਥੜੀ ਆ ਕੇ ਕਿਸਾਨੀ ਦਾ ਹਾਲ ਵੇਖਣਾ ਚਾਹੀਦਾ ਸੀ। ਉਨ੍ਹਾਂ ਆਖਿਆ ਕਿ ਮੁੱਖ ਮੰਤਰੀ ਪਿੰਡ ਗੁਰਥੜੀ ਆਉਂਦੇ ਤਾਂ ਉਹ ਕਿਸਾਨਾਂ ਦਾ ਦਰਦ ਅੱਖੀਂ ਵੇਖ ਲੈਂਦੇ।
ਗਠਜੋੜ ਸਰਕਾਰ ਸਮੇਂ ਕੈਪਟਨ ਅਮਰਿੰਦਰ ਸਿੰਘ ਨਰਮਾ ਪੱਟੀ ਵਿੱਚ ਰਾਹੁਲ ਗਾਂਧੀ ਦੀ ਫੇਰੀ ਮੌਕੇ ਆਏ ਸਨ ਅਤੇ ਉਹ ਇਕ ਖ਼ੁਦਕੁਸ਼ੀ ਕਰ ਗਏ ਕਿਸਾਨ ਦੇ ਪਰਿਵਾਰ ਕੋਲ ਵੀ ਗਏ ਸਨ। ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਦਾ ਕਹਿਣਾ ਸੀ ਕਿ ਜੇ ਕੈਪਟਨ ਅਮਰਿੰਦਰ ਸਿੰਘ ਸੱਚਮੁੱਚ ਸੁਹਿਰਦ ਹੁੰਦੇ ਤਾਂ ਖ਼ੁਦਕੁਸ਼ੀ ਕਰਨ ਵਾਲੇ ਕਿਸਾਨਾਂ ਦੇ ਘਰਾਂ ਵਿੱਚ ਜ਼ਰੂਰ ਜਾਂਦੇ। ਉਨ੍ਹਾਂ ਆਖਿਆ ਕਿ ਪੀੜਤਾਂ ਪਰਿਵਾਰਾਂ ਨੂੰ ਉਮੀਦ ਸੀ ਕਿ ਅਮਰਿੰਦਰ ਸਿੰਘ ਉਨ੍ਹਾਂ ਦੇ ਘਰਾਂ ਦੇ ਠੰਢੇ ਹੋਏ ਚੁੱਲ੍ਹੇ ਵੇਖਣ ਲਾਜ਼ਮੀ ਆਉਣਗੇ।
ਪਿੰਡ ਗੁਰੂਸਰ ਦੇ ਕਿਸਾਨ ਵਲੋਂ ਖ਼ੁਦਕੁਸ਼ੀ
ਪਿੰਡ ਗੁਰੂਸਰ ਦੇ ਕਰਜ਼ਾਈ ਕਿਸਾਨ ਹਰਦੀਪ ਸਿੰਘ ਪੁੱਤਰ ਉਜਾਗਰ ਸਿੰਘ ਨੇ ਸਲਫਾਸ ਦੀਆਂ ਗੋਲੀਆਂ ਖਾ ਕੇ ਖੁਦਕੁਸ਼ੀ ਕਰ ਲਈ। ਜਾਣਕਾਰੀ ਅਨੁਸਾਰ ਹਰਦੀਪ ਸਿੰਘ (47) ਪੁੱਤਰ ਉਜਾਗਰ ਸਿੰਘ ਵਾਸੀ ਪਿੰਡ ਗੁਰੂਸਰ ਜੋ ਕਰੀਬ ਢਾਈ ਏਕੜ ਜੱਦੀ ਜ਼ਮੀਨ ਦਾ ਮਾਲਕ ਸੀ ਤੇ ਪਿਛਲੇ ਲੰਬੇ ਸਮੇਂ ਤੋਂ ਪਿੰਡ ਰਣ ਸਿੰਘ ਵਾਲਾ ਵਿਖੇ ਬੂਟਾ ਸਿੰਘ ਪੁੱਤਰ ਭਗਵਾਨ ਸਿੰਘ ਦੀ ਲਗਭਗ 14 ਏਕੜ ਜ਼ਮੀਨ ਠੇਕੇ ‘ਤੇ ਲੈ ਕੇ ਖੇਤੀ ਕਰਦਾ ਸੀ। ਹਰਦੀਪ ਸਿੰਘ ਲਗਭਗ 4 ਲੱਖ ਤੋਂ ਉੱਪਰ ਬੈਂਕ ਅਤੇ ਆੜ੍ਹਤੀ ਦਾ ਕਰਜ਼ਾਈ ਸੀ, ਜਿਸ ਨੂੰ ਲੈ ਕੇ ਉਹ ਪਿਛਲੇ ਸਮੇਂ ਤੋਂ ਪ੍ਰੇਸ਼ਾਨ ਚੱਲਿਆ ਆ ਰਿਹਾ ਸੀ, ਜਿਸ ਕਾਰਨ ਉਸ ਨੇ ਰਣ ਸਿੰਘ ਵਾਲਾ ਵਿਖੇ ਆਪਣੇ ਠੇਕੇ ‘ਤੇ ਲਈ ਜ਼ਮੀਨ ਦੇ ਮੋਟਰ ਵਾਲੇ ਕਮਰੇ ਵਿਚ ਸਲਫਾਸ ਦੀਆਂ ਗੋਲੀਆਂ ਖਾ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ। ਜਦੋਂ ਇਸ ਘਟਨਾ ਦਾ ਪਤਾ ਲੱਗਾ ਤਾਂ ਇਸ ਸਬੰਧੀ ਪੁਲੀਸ ਚੌਕੀ ਬਰਗਾੜੀ ਨੂੰ ਸੂਚਨਾ ਦਿੱਤੀ ਤਾਂ ਉਨ੍ਹਾਂ ਨੇ ਮੌਕੇ ‘ਤੇ ਪਹੁੰਚ ਕੇ ਲੋੜੀਂਦੀ ਕਾਰਵਾਈ ਕਰਕੇ ਲਾਸ਼ ਪੋਸਟਮਾਰਟਮ ਲਈ ਭੇਜ ਦਿੱਤੀ।
ਪਿੰਡ ਜਿਉਂਦ ਦੇ ਟੇਕ ਸਿੰਘ ਵਲੋਂ ਖ਼ੁਦਕੁਸ਼ੀ
ਚਾਉਕੇ : ਪਿੰਡ ਜਿਉਂਦ ਵਿਚ ਇਕ ਕਿਸਾਨ ਨੇ ਆਰਥਿਕ ਤੰਗੀ ਤੇ ਕਰਜ਼ੇ ਦੇ ਬੋਝ ਕਾਰਨ ਖੁਦਕੁਸ਼ੀ ਕਰ ਲਈ। ਜਾਣਕਾਰੀ ਅਨੁਸਾਰ ਪਿੰਡ ਜਿਉਂਦ ਦੇ ਕਿਸਾਨ ਟੇਕ ਸਿੰਘ ਪੁੱਤਰ ਪ੍ਰਤਾਪ ਸਿੰਘ ਰਾਜਾ ਸਿੱਖ ਵਾਸੀ ਪਿੰਡ ਜਿਉਂਦ ਠੇਕੇ ‘ਤੇ ਜ਼ਮੀਨ ਲੈ ਕੇ ਵਾਹੀ ਕਰਦਾ ਸੀ। ਉਕਤ ਕਿਸਾਨ ਸਿਰ ਸਰਕਾਰੀ ਤੇ ਗੈਰ-ਸਰਕਾਰੀ ਕਈ ਲੱਖ ਦਾ ਕਰਜ਼ਾ ਸੀ, ਜਿਸ ਕਾਰਨ ਉਹ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਰਹਿੰਦਾ ਸੀ। ਕਿਸਾਨ ਨੇ ਆਰਥਿਕ ਤੰਗੀ ਕਾਰਨ ਜ਼ਹਿਰੀਲੀ ਚੀਜ਼ ਖਾ ਕੇ ਖੁਦਕੁਸ਼ੀ ਕਰ ਲਈ। ਸੂਤਰਾਂ ਅਨੁਸਾਰ ਮ੍ਰਿਤਕ ਕਿਸਾਨ ਦੀ ਜੇਬ ਵਿਚੋਂ ਇਕ ਖੁਦਕੁਸ਼ੀ ਨੋਟ ਵੀ ਮਿਲਿਆ, ਜਿਸ ਵਿਚ ਉਸ ਨੇ ਰਾਮਪੁਰਾ ਮੰਡੀ ਦੇ ਇਕ ਆੜ੍ਹਤੀ ਨੂੰ ਆਪਣੀ ਮੌਤ ਦਾ ਜ਼ਿੰਮੇਵਾਰ ਦੱਸਿਆ ਹੈ ਤੇ ਮੁੱਖ ਮੰਤਰੀ ਤੋਂ ਉਕਤ ਆੜ੍ਹਤੀ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਅਤੇ ਆਪਣੇ ਪਰਿਵਾਰ ਨੂੰ ਸਹਾਇਤਾ ਅਤੇ ਆਪਣੇ ਪੁੱਤਰ ਨੂੰ ਸਰਕਾਰੀ ਨੌਕਰੀ ਦੇਣ ਦੀ ਮੰਗ ਵੀ ਕੀਤੀ ਹੈ। ਭਾਕਿਯੂ ਏਕਤਾ ਉਗਰਾਹਾਂ ਬਲਾਕ ਰਾਮਪੁਰਾ ਦੇ ਪ੍ਰਧਾਨ ਮਾਸਟਰ ਸੁਖਦੇਵ ਸਿੰਘ ਜਵੰਧਾ ਨੇ ਸਰਕਾਰ ਤੋਂ ਪੁਰਜ਼ੋਰ ਮੰਗ ਕਰਦਿਆਂ ਆਖਿਆ ਕਿ ਕੈਪਟਨ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਕਿਸਾਨਾਂ ਦੀ ਸਾਰਾ ਕਰਜ਼ਾ ਮੁਆਫ਼ ਕਰਨ ਦਾ ਵਾਅਦਾ ਕੀਤਾ ਸੀ ਪਰ ਸਰਕਾਰ ਨੇ ਅਜੇ ਤੱਕ ਕਿਸਾਨਾਂ ਦੀ ਬਾਂਹ ਨਹੀਂ ਫੜੀ। ਥਾਣਾ ਸਦਰ ਰਾਮਪੁਰਾ ਦੇ ਇੰਚਾਰਜ ਜਸਵਿੰਦਰ ਸਿੰਘ ਨੇ ਦੱਸਿਆ ਕਿ ਰਾਮਪੁਰਾ ਮੰਡੀ ਦੇ ਇਕ ਆੜ੍ਹਤੀ ਖ਼ਿਲਾਫ਼ ਪਰਚਾ ਦਰਜ ਕਰ ਦਿੱਤਾ ਗਿਆ ਹੈ।
ਪਿੰਡ ਪੱਕਾ ਕਲਾਂ ਦੇ ਕਿਸਾਨ ਨੇ ਨਿਗਲੀ ਜ਼ਹਿਰ
ਸੰਗਤ ਮੰਡੀ : ਪਿੰਡ ਪੱਕਾ ਕਲਾਂ ਵਿਖੇ ਕਰਜ਼ੇ ਦੇ ਸਤਾਏ ਇਕ ਕਿਸਾਨ ਨੇ ਜ਼ਹਿਰੀਲੀ ਦਵਾਈ ਪੀ ਕੇ ਖ਼ੁਦਕੁਸ਼ੀ ਕਰ ਲਈ ਹੈ। ਮ੍ਰਿਤਕ ਕਿਸਾਨ ਸੁਖਦੇਵ ਸਿੰਘ ਪੱਪੀ ਪੁੱਤਰ ਮੁਖਤਿਆਰ ਸਿੰਘ ਦੇ ਪਰਿਵਾਰਕ ਮੈਂਬਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਸੁਖਦੇਵ ਸਿੰਘ ਦਾ ਕਰੀਬ 27-28 ਸਾਲ ਪਹਿਲਾਂ ਰਾਮਾਂ ਮੰਡੀ ਦੇ ਇਕ ਆੜ੍ਹਤੀ ਨਾਲ ਲੈਣ-ਦੇਣ ਚੱਲਦਾ ਸੀ। ਉਨ੍ਹਾਂ ਕਿਹਾ ਕਿ ਆੜ੍ਹਤੀ ਨਾਲ ਇਸ ਲੈਣ ਦੇਣ ਸਬੰਧੀ ਮ੍ਰਿਤਕ ਕਿਸਾਨ ਦੀ ਕੁਰਕੀ ਦਾ ਨੋਟਿਸ ਕੁਝ ਦਿਨ ਪਹਿਲਾਂ ਆੜ੍ਹਤੀ ਵੱਲੋਂ ਪਿੰਡ ਦੀ ਸਾਂਝੀ ਜਗ੍ਹਾ ‘ਤੇ ਲੱਗਾ ਦਿੱਤਾ ਗਿਆ ਸੀ। ਜਦੋਂ ਉਕਤ ਕਿਸਾਨ ਨੂੰ ਕੁਰਕੀ ਦੇ ਨੋਟਿਸ ਸਬੰਧੀ ਪਤਾ ਲੱਗਿਆ ਤਾਂ ਉਸ ਨੇ ਨੋਟਿਸ ਪੜ੍ਹ ਕੇ ਫਾੜ ਦਿੱਤਾ ਅਤੇ ਘਰ ਆ ਕੇ ਕੋਈ ਜ਼ਹਿਰੀਲੀ ਚੀਜ਼ ਪੀ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਕਿਸਾਨ ਆਪਣੀ ਬਿਰਧ ਮਾਂ ਨਾਲ ਇਕੱਲਾ ਹੀ ਰਹਿੰਦਾ ਸੀ ਅਤੇ ਉਸ ਕੋਲ ਕੁਝ 5 ਕਨਾਲਾਂ ਜ਼ਮੀਨ ਸੀ ਜਿਨ੍ਹਾਂ ਵਿਚੋਂ 2 ਕਨਾਲਾਂ ਕੁਝ ਸਮਾਂ ਪਹਿਲਾਂ ਵੇਚ ਦਿੱਤੀਆਂ ਸਨ ਤੇ ਉਸ ਦੀ 15 ਲੱਖ ਰੁਪਏ ਕੁਰਕੀ ਦਾ ਨੋਟਿਸ ਲਾਇਆ ਸੀ। ਜਾਣਕਾਰੀ ਅਨੁਸਾਰ ਆੜ੍ਹਤੀ ਨੇ ਆਪਣਾ ਅਸਰ-ਰਸੂਖ ਵਰਤਦਿਆਂ ਪੁਲੀਸ ਅਤੇ ਕੁਝ ਲੋਕਾਂ ਨਾਲ ਕਥਿਤ ਤੌਰ ‘ਤੇ ਗੰਡ-ਤੁੱਪ ਕਰਕੇ ਮ੍ਰਿਤਕ ਕਿਸਾਨ ਸੁਖਦੇਵ ਸਿੰਘ ਪੱਪੀ ਦਾ ਪੋਸਟ ਮਾਰਟਮ ਨਹੀਂ ਹੋਣ ਦਿੱਤਾ, ਜਦੋਂ ਪੁਲਿਸ ਦਾ ਪੱਖ ਜਾਣਨ ਲਈ ਐਸ.ਐਚ.ਓ. ਰਾਮਾਂ ਦੇ ਸਰਕਾਰੀ ਨੰਬਰ ‘ਤੇ ਫ਼ੋਨ ਕੀਤਾ ਤਾਂ ਉਨ੍ਹਾਂ ਫ਼ੋਨ ਨਹੀ ਚੁੱਕਿਆ ਅਤੇ ਡੀ.ਐਸ.ਪੀ. ਤਲਵੰਡੀ ਸਾਬੋ ਨੇ ਇਹ ਕਹਿ ਕੇ ਪੱਲਾ ਝਾੜ ਦਿੱਤਾ ਕਿ ਸਾਨੂੰ ਤੁਹਾਡੀ ਸਮਝ ਨਹੀਂ ਆਉਂਦੀ।
ਪਿੰਡ ਧੂੜਕੋਟ ਦੇ ਕਿਸਾਨ ਨੇ ਖ਼ਤਮ ਕੀਤੀ ਜੀਵਨ ਲੀਲਾ
ਮੋਗਾ : ਇਥੇ ਥਾਣਾ ਨਿਹਾਲ ਸਿੰਘ ਵਾਲਾ ਅਧੀਨ ਪਿੰਡ ਧੂੜਕੋਟ ਵਿੱਚ ਕਰਜ਼ੇ ਦੀ ਵਧਦੀ ਪੰਡ ਤੋਂ ਤੰਗ ਕਿਸਾਨ ਨੇ ਜਹਿਰੀਲੀ ਚੀਜ਼ ਨਿਗਲ ਕੇ ਖ਼ੁਦਕੁਸ਼ੀ ਕਰ ਲਈ। ਕਿਸਾਨ ਦੀ ਪਛਾਣ ਰੂਪ ਸਿੰਘ (60) ਵਜੋਂ ਹੋਈ ਹੈ। ਇਕ ਏਕੜ ਦਾ ਮਾਲਕ ਰੂਪ ਸਿੰਘ ਡਰਾਈਵਰੀ ਵੀ ਕਰਦਾ ਸੀ ਤੇ ਛੜਾ ਸੀ। ਪੁਲੀਸ ਨੇ ਧਾਰਾ 174 ਤਹਿਤ ਕਾਰਵਾਈ ਕਰਦਿਆਂ ਲਾਸ਼ ਪੋਸਟ ਮਾਰਟਮ ਉਪਰੰਤ ਵਾਰਸਾਂ ਨੂੰ ਸੌਂਪ ਦਿੱਤੀ ਹੈ। ਮ੍ਰਿਤਕ ਸਿਰ ਸੱਤ ਲੱਖ ਰੁਪਏ ਦਾ ਕਰਜ਼ਾ ਸੀ।
ਪਿੰਡ ਬਹਾਦਰਪੁਰ ਦੇ ਕੁਲਵੰਤ ਸਿੰਘ ਨੇ ਕੀਤੀ ਖ਼ੁਦਕੁਸ਼ੀ
ਬਰੇਟਾ: ਇਥੋਂ ਨੇੜਲੇ ਪਿੰਡ ਬਹਾਦਰਪੁਰ ਦੇ ਕਿਸਾਨ ਕੁਲਵੰਤ ਸਿੰਘ ਨੇ ਸਪਰੇਅ ਪੀ ਕੇ ਖੁਦਕੁਸ਼ੀ ਕਰ ਲਈ। ਕਿਸਾਨ 3 ਏਕੜ ਜ਼ਮੀਨ ਦਾ ਮਾਲਕ ਸੀ ਤੇ ਉਸ ਨੇ ਕਰਜ਼ਾ ਲਾਹੁਣ ਲਈ 10 ਕਨਾਲ ਜ਼ਮੀਨ ਵੀ ਵੇਚੀ, ਪਰ ਫਿਰ ਵੀ ਉਸ ਦੇ ਸਿਰ 3 ਲੱਖ ਦਾ ਕਰਜ਼ਾ ਖੜ੍ਹਾ ਸੀ। ਮ੍ਰਿਤਕ ਦੇ ਪਰਿਵਾਰ ਵਿੱਚ ਪਿੱਛੇ ਪਤਨੀ ਤੋਂ ਇਲਾਵਾ ਦੋ ਬੱਚੇ ਹਨ।
ਪਿੰਡ ਰਾਮਸਰਾ ਦੇ ਕਿਸਾਨ ਨੇ ਖਾਧੀ ਸਲਫ਼ਾਸ
ਅਬੋਹਰ : ਉਪ ਮੰਡਲ ਦੇ ਪਿੰਡ ਰਾਮਸਰਾ ਵਿਚ ਇਕ ਕਰਜ਼ਾਈ ਕਿਸਾਨ ਨੇ ਸਲਫਾਸ ਦੀਆਂ ਗੋਲੀਆਂ ਖਾ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ। ਪੁਲੀਸ ਨੇ ਪੋਸਟਮਾਰਟਮ ਉਪਰੰਤ ਲਾਸ਼ ਵਾਰਸਾਂ ਨੂੰ ਸਾਪ ਦਿੱਤੀ। ਮ੍ਰਿਤਕ ਕਿਸਾਨ ਭੂਪ ਰਾਮ ਪੁੱਤਰ ਹਜ਼ਾਰੀ ਰਾਮ ਦੇ ਲੜਕੇ ਵਿਜੈਪਾਲ ਨੇ ਦੱਸਿਆ ਕਿ ਉਹ ਸੱਤ ਭੈਣ-ਭਰਾ ਹਨ ਤੇ ਉਨ੍ਹਾਂ ਕੋਲ 6 ਏਕੜ ਜ਼ਮੀਨ ਹੈ ਜੋ ਸੇਮ ਆਉਣ ਕਾਰਨ ਖ਼ਰਾਬ ਹੋਈ ਪਈ ਹੈ। ਉਨ੍ਹਾਂ ਦੇ ਪਿਤਾ ਸਿਰ ਬੈਂਕਾਂ ਦਾ ਲੱਖਾਂ ਰੁਪਏ ਦਾ ਕਰਜ਼ਾ ਸੀ ਤੇ ਉਹ ਪ੍ਰੇਸ਼ਾਨ ਸਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਪਿਤਾ ਨੇ ਖੇਤ ਵਿਚ ਜਾ ਕੇ ਸਲਫਾਸ ਦੀਆਂ ਗੋਲੀਆਂ ਖਾ ਲਈਆਂ। ਥਾਣਾ ਬਹਾਵਵਾਲਾ ਪੁਲਿਸ ਨੇ ਵਿਜੇ ਪਾਲ ਦੇ ਬਿਆਨਾਂ ‘ਤੇ 174 ਦੀ ਕਾਰਵਾਈ ਕਰਕੇ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ।
ਪਿੰਡ ਕੋਟਭਾਰਾ ਦੇ ਕਿਸਾਨ ਨੇ ਕੀਤੀ ਖ਼ੁਦਕੁਸ਼ੀ
ਪਿੰਡ ਕੋਟਭਾਰਾ ਵਿਚ ਕਰਜ਼ੇ ਨੇ ਇਕ ਹੋਰ ਕਿਸਾਨ ਦੀ ਜਾਨ ਲੈ ਲਈ। ਪੀੜਤ ਪਰਿਵਾਰ ਨੇ ਦੱਸਿਆ ਕਿ 40 ਸਾਲਾ ਕਿਸਾਨ ਜਗਦੇਵ ਸਿੰਘ ਉਰਫ਼ ਜਨਕ ਕਰਜ਼ੇ ਕਾਰਨ ਪ੍ਰੇਸ਼ਾਨ ਹੋਣ ‘ਤੇ ਤਿੰਨ ਦਿਨ ਪਹਿਲਾਂ ਘਰੋਂ ਗ਼ਾਇਬ ਹੋ ਗਿਆ ਸੀ ਜਿਸ ਦੀ ਲਾਸ਼ ਰਾਜਸਥਾਨ ਵਿਚੋਂ ਹਨੂਮਾਨਗੜ੍ਹ ਕੋਲੋਂ ਨਹਿਰ ਵਿਚੋਂ ਬਰਾਮਦ ਕਰ ਲਈ ਗਈ। ਮ੍ਰਿਤਕ ਕਿਸਾਨ ਦੇ ਭਰਾ ਮਿਲਖਾ ਸਿੰਘ ਨੇ ਦੱਸਿਆ ਕਿ ਤਿੰਨ ਏਕੜ ਜ਼ਮੀਨ ਦੇ ਮਾਲਕ ਜਗਦੇਵ ਸਿੰਘ ਸਿਰ ਤਿੰਨ ਲੱਖ ਬੈਂਕ ਦੀ ਲਿਮਟ ਦਾ ਅਤੇ 5 ਲੱਖ ਗੈਰ-ਸਰਕਾਰੀ ਕਰਜ਼ਾ ਸੀ ਪਰ ਫ਼ਸਲ ਵਿਚ ਲਗਾਤਾਰ ਭਾਰੀ ਘਾਟਾ ਪੈਂਦਾ ਰਿਹਾ, ਜਿਸ ਤੋਂ ਤੰਗ ਆ ਕੇ ਉਸ ਨੇ ਨਹਿਰ ਵਿਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ।

ਕੈਪਟਨ ਸਰਕਾਰ ਦੇ 130 ਦਿਨਾਂ ‘ਚ 150 ਕਿਸਾਨਾਂ ਵਲੋਂ ਖ਼ੁਦਕੁਸ਼ੀ
ਸੰਗਰੂਰ/ਬਿਊਰੋ ਨਿਊਜ਼ :
ਪੰਜਾਬ ਵਿੱਚ ਨਵੀਂ ਸਰਕਾਰ ਆਉਣ ਤੋਂ ਬਾਅਦ 130 ਦਿਨਾਂ ਵਿੱਚ ਕਰੀਬ 150 ਕਿਸਾਨਾਂ ਨੇ ਖ਼ੁਦਕੁਸ਼ੀਆਂ ਕੀਤੀਆਂ ਹਨ। ਕਾਂਗਰਸ ਸਰਕਾਰ ਦੇ ਰਾਜ ਵਿੱਚ ਖ਼ੁਦਕੁਸ਼ੀਆਂ ਵਧੀਆਂ ਹਨ। ਇਹ ਦਾਅਵਾ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਖ਼ੁਦਕੁਸ਼ੀਆਂ ਦੀ ਸੂਚੀ ਜਾਰੀ ਕਰਦਿਆਂ ਕੀਤਾ ਹੈ।
ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਆਗੂ ਸੁਖਪਾਲ ਸਿੰਘ ਮਾਣਕ ਨੇ ਸੁਨਾਮ ਵਿੱਚ ਮੀਡੀਆ ਨੂੰ ਕਿਸਾਨ ਖ਼ੁਦਕੁਸ਼ੀਆਂ ਦੀ ਸੂਚੀ ਜਾਰੀ ਕਰਦਿਆਂ ਦਾਅਵਾ ਕੀਤਾ ਹੈ ਕਿ ਕਾਂਗਰਸ ਸਰਕਾਰ ਬਣਨ ਤੋਂ ਬਾਅਦ ਪੰਜਾਬ ਵਿੱਚ ਇਕ ਅਪਰੈਲ 2017 ਤੋਂ 10 ਅਗਸਤ 2017 ਤੱਕ 130 ਦਿਨਾਂ ਵਿੱਚ 150 ਕਿਸਾਨ ਖ਼ੁਦਕੁਸ਼ੀਆਂ ਕਰ ਗਏ ਹਨ, ਜਿਸ ਤੋਂ ਸਪਸ਼ਟ ਹੈ ਕਿ ਪੰਜਾਬ ਦੀ ਕਿਸਾਨੀ ਦੀ ਹਾਲਤ ਚਿੰਤਾਜਨਕ ਹੈ। ਸੂਚੀ ਮੁਤਾਬਕ ਸਭ ਤੋਂ ਵੱਧ ਖ਼ੁਦਕੁਸ਼ੀਆਂ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੇ ਲੋਕ ਸਭਾ ਹਲਕੇ ਬਠਿੰਡਾ ਵਿੱਚ ਹੋਈਆਂ ਹਨ, ਜਿੱਥੇ 130 ਦਿਨਾਂ ਵਿੱਚ 26 ਕਿਸਾਨਾਂ ਨੇ ਖ਼ੁਦਕੁਸ਼ੀ ਕੀਤੀ ਹੈ। ਇਸ ਤੋਂ ਇਲਾਵਾ ਜ਼ਿਲ੍ਹਾ ਬਰਨਾਲਾ ਵਿੱਚ 24, ਸੰਗਰੂਰ ਵਿੱਚ 21, ਮਾਨਸਾ ਵਿੱਚ 20, ਤਰਨ ਤਾਰਨ ਵਿੱਚ 9, ਫਿਰੋਜ਼ਪੁਰ ਵਿੱਚ 8, ਲੁਧਿਆਣਾ ਵਿੱਚ 7,  ਪਟਿਆਲਾ ਵਿੱਚ 5, ਮੋਗਾ ਵਿੱਚ 5, ਫਤਹਿਗੜ੍ਹ ਸਾਹਿਬ ਵਿੱਚ 4, ਮੁਕਤਸਰ ਸਾਹਿਬ ਵਿੱਚ 3, ਹੁਸ਼ਿਆਰਪੁਰ ਵਿੱਚ 3, ਗੁਰਦਾਸਪੁਰ ਵਿੱਚ 2, ਨਵਾਂ ਸ਼ਹਿਰ ਵਿੱਚ 2 ਤੇ ਅਬੋਹਰ ਵਿੱਚ ਇੱਕ ਕਿਸਾਨ ਨੇ ਖ਼ੁਦਕੁਸ਼ੀ ਕੀਤੀ ਹੈ। ਇਸ ਮੌਕੇ ਕਿਸਾਨ ਆਗੂ ਸੁਖਪਾਲ ਸਿੰਘ ਮਾਣਕ ਨੇ ਕਿਹਾ ਕਿ ਕਿਸਾਨ ਕਰਜ਼ੇ ਕਾਰਨ ਘਰਾਂ ਦਾ ਗੁਜ਼ਾਰਾ ਚਲਾਉਣ ਤੋਂ ਅਸਮਰੱਥ ਹਨ, ਜਿਸ ਕਾਰਨ ਉਹ ਮੌਤ ਨੂੰ ਗਲੇ ਲਾ ਰਹੇ ਹਨ। ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਹੈ ਕਿ ਜਥੇਬੰਦੀ ਵੱਲੋਂ ਕਿਸਾਨ ਖ਼ੁਦਕੁਸ਼ੀਆਂ ਦੀ ਸੂਚੀ ਰੋਜ਼ਾਨਾ ਅਖ਼ਬਾਰਾਂ ਵਿੱਚ ਪ੍ਰਕਾਸ਼ਿਤ ਹੋ ਰਹੀਆਂ ਖ਼ਬਰਾਂ ਦੇ ਆਧਾਰ ‘ਤੇ ਤਿਆਰ ਕੀਤੀ ਗਈ ਹੈ।

ਕਿਸਾਨਾਂ ਸਿਰ ਚੜ੍ਹੇ ਕਰਜ਼ੇ ‘ਚ ਹੱਥ ਵਟਾਉਣ ਲੱਗੇ ਪਰਵਾਸੀ ਭਰਾ
ਚੰਡੀਗੜ੍ਹ/ਬਿਊਰੋ ਨਿਊਜ਼ :
ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਦੇ ਸੱਦੇ ‘ਤੇ ਪਰਵਾਸੀ ਭਰਾਵਾਂ ਨੇ ਕਿਸਾਨਾਂ ਦੀ ਮਦਦ ਲਈ ਅੱਗੇ ਆਉਣਾ ਸ਼ੁਰੂ ਕਰ ਦਿੱਤਾ ਹੈ। ਖਹਿਰਾ ਨੇ ਦੱਸਿਆ ਕਿ ਜੀਤ ਸਿੰਘ ਕੁਲਾਰ (ਕੈਨੇਡਾ), ਰਾਜੂ ਪੁਰੇਵਾਲ (ਕੈਨੇਡਾ), ਦਸ਼ਮੇਸ਼ ਸਿੰਘ ਪੰਨੂ (ਕੈਨੇਡਾ) ਅਤੇ ਜਸਵਿੰਦਰ ਸਿੰਘ ਲਾਟੀ (ਇਟਲੀ) ਨੇ ਹਰੇਕ ਪੀੜਤ ਕਿਸਾਨ ਪਰਿਵਾਰ ਨੂੰ ਇਕ ਇਕ ਲੱਖ ਰੁਪਏ ਦੀ ਮਦਦ ਦਿੱਤੀ ਜਾਵੇਗੀ। ਮਨਜੀਤ ਸਿੰਘ ਘੁੰਮਣ (ਹਾਲੈਂਡ) ਨੇ ਦਲਿਤ ਖੇਤ ਮਜ਼ਦੂਰ ਪਰਿਵਾਰਾਂ ਦੀਆਂ ਵਿਧਵਾਵਾਂ ਨੂੰ ਪ੍ਰਤੀ ਮਹੀਨਾ 25-2500 ਰੁਪਏ ਪੈਨਸ਼ੈਨ ਦੇਣ ਦੀ ਗੱਲ ਕਹੀ ਹੈ। ਮੋਗਾ ਦੇ ਹੀ ਹੈਪੀ ਨੇ ਕਿਸੇ ਵੀ ਪੀੜਤ ਪਰਿਵਾਰ ਨੂੰ 25000 ਰੁਪਏ ਦੀ ਹਾਮੀ ਭਰੀ ਹੈ। ਖਹਿਰਾ ਨੇ ਦੱਸਿਆ ਕਿ ਉਨ੍ਹਾਂ ਨੇ ਕਪੂਰਥਲਾ ਦੇ ਮਜ਼ਦੂਰ ਪਰਿਵਾਰ ਨੂੰ 50,000 ਦੀ ਮਦਦ ਦਿੱਤੀ ਹੈ। ਇਸ ਪਰਿਵਾਰ ਦੇ 5 ਮੈਂਬਰਾਂ ਨੇ ਜੂਨ ਵਿਚ ਜ਼ਹਿਰੀਲੀ ਦਵਾਈ ਪੀ ਕੇ ਜਾਨ ਦੇ ਦਿੱਤੀ ਸੀ। ‘ਪੀੜਤ ਕਿਸਾਨ-ਮਜ਼ਦੂਰ ਬਚਾਓ ਮੁਹਿੰਮ’ ਤਹਿਤ ਖਹਿਰਾ ਨੇ ਪਰਵਾਸੀ ਪੰਜਾਬੀਆਂ ਨੂੰ ਖੁੱਲ੍ਹੇ ਦਿਲ ਨਾਲ ਕਿਸਾਨਾਂ ਤੇ ਮਜ਼ਦੂਰਾਂ ਦੀ ਮਦਦ ਕਰਨ ਵਾਸਤੇ ਅੱਗੇ ਆਉਣ ਲਈ ਅਪੀਲ ਕੀਤੀ ਹੈ। ਖਹਿਰਾ ਦੀ ਅਪੀਲ ਨੂੰ ਬੂਰ ਵੀ ਪੈਣ ਲੱਗਾ ਹੈ। ਵਿਦੇਸ਼ਾਂ ਵਿਚ ਵਸੇ ਅੱਧੀ ਦਰਜਨ ਤੋਂ ਵੱਧ ਪੰਜਾਬੀਆਂ ਨੇ ਕਿਸਾਨ-ਮਜ਼ਦੂਰਾਂ ਦੇ ਕਰਜ਼ੇ ਦੇ ਭਾਰ ਦੀ ਪੰਡ ਹੌਲੀ ਕਰਨ ਲਈ ਲੱਖਾਂ ਰੁਪਏ ਦੀ ਮਦਦ ਭੇਜੀ ਹੈ। ਆਸਟਰੇਲੀਆ ਰਹਿ ਰਹੇ ਭੋਗਪੁਰ ਨੇੜਲੇ ਪਿੰਡ ਚਰੜ ਦੇ ਰਛਪਾਲ ਸਿੰਘ ਨੇ ਖ਼ੁਦਕੁਸ਼ੀ ਕਰ ਚੁੱਕੇ ਕਿਸਾਨ ਦਵਿੰਦਰ ਸਿੰਘ ਦਾ ਕਰਜ਼ਾ ਉਤਾਰਨ ਲਈ ਦੋ ਲੱਖ ਰੁਪਏ ਭੇਜੇ ਹਨ। ਇਟਲੀ ਤੋਂ ਲਾਡੀ ਅਤੇ ਜੀਤ ਕੁਲਾਰ ਨੇ ਇੱਕ-ਇੱਕ ਲੱਖ ਰੁਪਏ ਅਤੇ ਕਈ ਹੋਰਾਂ ਨੇ ਪੰਜਾਹ-ਪੰਜਾਹ ਹਜ਼ਾਰ ਰੁਪਏ ਦੀ ਮੱਦਦ ਭੇਜੀ ਹੈ। ਪੀੜਤ ਪਰਿਵਾਰਾਂ ਨੂੰ ਮਦਦ ਦੇ ਇਹ ਚੈੱਕ ਸੌਂਪ ਦਿੱਤੇ ਹਨ।