ਜ਼ਮੀਨੀ ਵਿਵਾਦ ਕਾਰਨ ਪਰਵਾਸੀ ਭਾਰਤੀ ਦਾ ਕਤਲ

ਜ਼ਮੀਨੀ ਵਿਵਾਦ ਕਾਰਨ ਪਰਵਾਸੀ ਭਾਰਤੀ ਦਾ ਕਤਲ

ਅਬੋਹਰ/ਬਿਊਰੋ ਨਿਊਜ਼ :
ਪਿੰਡ ਬੱਲੂਆਣਾ ਨੇੜੇ ਢਾਣੀ ਠਾਕੁਰ ਸਿੰਘ ਵਿੱਚ ਕੁੱਝ ਕਾਰ ਸਵਾਰਾਂ ਨੇ ਪਰਵਾਸੀ ਭਾਰਤੀ (ਕੈਨੇਡਾ) ਬਲਕਰਨ ਸਿੰਘ ਭੁੱਲਰ (57) ਨੂੰ ਉਨ੍ਹਾਂ ਦੇ ਫਾਰਮਹਾਊਸ ਬਾਹਰ ਗੋਲੀਆਂ ਮਾਰ ਕੇ ਮਾਰ ਦਿੱਤਾ। ਮੁੱਢਲੀ ਜਾਂਚ ਵਿੱਚ ਪਤਾ ਚੱਲਿਆ ਕਿ ਘੱਟੋ ਘੱਟ ਚਾਰ ਹਮਲਾਵਰ ਸਨ, ਜਿਨ੍ਹਾਂ ਵਿਚੋਂ ਇਕ ਨੇ ਦਸਤਾਰ ਬੰਨ੍ਹੀ ਹੋਈ ਸੀ ਅਤੇ ਉਨ੍ਹਾਂ 12 ਤੇ 315 ਬੋਰ ਦੇ ਰਾਈਫਲਾਂ ਨਾਲ ਸੱਤ ਗੋਲੀਆਂ ਚਲਾਈਆਂ। ਸੂਚਨਾ ਮਿਲਣ ਤੋਂ ਕੁੱਝ ਮਿੰਟਾਂ ਵਿੱਚ ਹੀ ਪੁਲੀਸ ਮੌਕੇ ਉਤੇ ਪੁੱਜ ਗਈ। ਬਲਕਰਨ ਦੇ ਛੋਟੇ ਭਰਾ ਬਲਜੀਤ ਸਿੰਘ ਨੇ ਦੱਸਿਆ ਕਿ ਜਦੋਂ ਹਮਲਾ ਹੋਇਆ ਤਾਂ ਉਹ ਫਾਰਮਹਾਊਸ ਵੱਲ ਆ ਰਿਹਾ ਸੀ। ਹਮਲਾਵਰ ਭੱਜਣ ਤੋਂ ਪਹਿਲਾਂ ਉਸ ਦਾ 32 ਬੋਰ ਦਾ ਲਾਇਸੈਂਸੀ ਪਿਸਤੌਲ ਵੀ ਲੈ ਗਏ। ਪੁਲੀਸ ਨੇ ਕੇਸ ਦਰਜ ਕਰ ਲਿਆ ਹੈ।
ਪਿੰਡ ਪੱਕੀ ਟੱਬੀ ਦੇ ਮੂਲ ਵਾਸੀ ਤੇ ਹੁਣ ਸੁੰਦਰ ਨਗਰੀ ਵਿੱਚ ਰਹਿੰਦੇ ਬਲਜੀਤ ਨੇ ਕਤਲ ਦਾ ਦੋਸ਼ ਸੂਰਜ ਨਗਰੀ ਦੇ ਸਮਰਬੀਰ ਸਿੰਘ ਸੈਮੀ ਤੇ ਉਸ ਦੇ ਭਰਾ ਕੁਲਬੀਰ ਸਿੰਘ, ਗੁਰਨੇਕ ਸਿੰਘ ਤੇ ਗੁਰਸ਼ੇਤਰ ਸਿੰਘ ਵਾਸੀ ਅਜ਼ੀਮਗੜ੍ਹ ਅਤੇ ਪੰਜ-ਛੇ ਅਣਪਛਾਤੇ ਵਿਅਕਤੀਆਂ ਉਤੇ ਲਾਇਆ। ਉਸ ਨੇ ਦਾਅਵਾ ਕੀਤਾ ਕਿ ਬਲਕਰਨ ਸਿੰਘ ਨਾਲ ਚਲਦਾ ਜਾਇਦਾਦ ਦਾ ਕੇਸ ਸਮਰਬੀਰ ਸਿੰਘ ਹਾਰ ਗਿਆ ਸੀ। ਇਸ ਦਾ ਬਦਲਾ ਲੈਣ ਲਈ ਉਸ ਨੇ ਕਤਲ ਦੀ ਯੋਜਨਾ ਬਣਾਈ। ਐਸਐਸਪੀ ਡਾ. ਕੇਤਨ ਬਲੀਰਾਮ ਪਾਟਿਲ, ਐਸਪੀ ਮੁਖਤਿਆਰ ਸਿੰਘ ਤੇ ਅਮਰਜੀਤ ਸਿੰਘ ਮਤਵਾਨੀ ਨੇ ਮੌਕਾ-ਏ-ਵਾਰਦਾਤ ਦਾ ਦੌਰਾ ਕੀਤਾ। ਪੁਲੀਸ ਨੇ ਮੌਕੇ ਤੋਂ ਗੋਲੀਆਂ ਦੇ ਖੋਲ੍ਹ ਵੀ ਇਕੱਤਰ ਕੀਤੇ। ਮ੍ਰਿਤਕ ਵੱਲੋਂ ਵਰਤੇ ਫੋਨ ਦੀ ਕਾਲ ਡਿਟੇਲ ਦੀ ਵੀ ਘੋਖ ਕੀਤੀ ਜਾ ਰਹੀ ਹੈ। ਲਾਸ਼ ਨੂੰ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਗਿਆ।