ਅਕਾਲ ਤਖ਼ਤ ਸਾਹਿਬ ਦੇ ਮੁਤਵਾਜ਼ੀ ਜਥੇਦਾਰ ਭਾਈ ਹਵਾਰਾ ਨੇ ਵਰਲਡ ਸਿੱਖ ਪਾਰਲੀਮੈਂਟ ਬਣਾਉਣ ਦਾ ਕੀਤਾ ਐਲਾਨ

ਅਕਾਲ ਤਖ਼ਤ ਸਾਹਿਬ ਦੇ ਮੁਤਵਾਜ਼ੀ ਜਥੇਦਾਰ ਭਾਈ ਹਵਾਰਾ ਨੇ ਵਰਲਡ ਸਿੱਖ ਪਾਰਲੀਮੈਂਟ ਬਣਾਉਣ ਦਾ ਕੀਤਾ ਐਲਾਨ

ਵਿਦੇਸ਼ਾਂ ਵਿੱਚੋਂ 150 ਪ੍ਰਤੀਨਿਧਾਂ ਦੀ ਚੋਣ ਲਈ ਬਣਾਈ 15 ਮੈਂਬਰੀ 
ਤਾਲਮੇਲ ਕਮੇਟੀ ‘ਚ ਡਾ. ਅਮਰਜੀਤ ਸਿੰਘ ਤੇ ਹਿੰਮਤ ਸਿੰਘ ਸ਼ਾਮਲ

ਭਾਈ ਜਗਤਾਰ ਸਿੰਘ ਹਵਾਰਾ ਦੀ ਸਲਾਹਕਾਰ ਕਮੇਟੀ ਦੇ ਮੈਂਬਰ ਵਰਲਡ ਸਿੱਖ ਪਾਰਲੀਮੈਂਟ ਬਣਾਉਣ ਦਾ ਐਲਾਨ ਕਰਦੇ ਹੋਏ।  

ਚੰਡੀਗੜ੍ਹ/ਬਿਊਰੋ ਨਿਊਜ਼:
ਪੰਜਾਬ ਦੇ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੇ ਹੱਤਿਆ ਕਾਂਡ ਵਿੱਚ ਤਿਹਾੜ ਜੇਲ੍ਹ ਵਿੱਚ ਬੰਦ ਤੇ ਸਰਬੱਤ ਖ਼ਾਲਸਾ ਵੱਲੋਂ ਥਾਪੇ ਅਕਾਲ ਤਖ਼ਤ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਨੇ ਵਰਲਡ ਸਿੱਖ ਪਾਰਲੀਮੈਂਟ (ਡਬਲਿਊਐੱਸਪੀ) ਬਣਾਉਣ ਦਾ ਐਲਾਨ ਕੀਤਾ ਹੈ। ਡਬਲਿਊਐੱਸਪੀ ਭਾਰਤ ਅਤੇ ਵਿਦੇਸ਼ਾਂ ਦੇ 150-150 ਪ੍ਰਤੀਨਿਧਾਂ ‘ਤੇ ਆਧਾਰਿਤ ਹੋਵੇਗੀ ਅਤੇ 25 ਨਵੰਬਰ ਤੱਕ ਵਿਦੇਸ਼ਾਂ ਦੇ ਪ੍ਰਤੀਨਿਧਾਂ ਦੀ ਚੋਣ ਪਿੱਛੋਂ ਭਾਰਤ ‘ਚੋਂ ਸਮੂਹ ਪੰਥ ਹਿਤੈਸ਼ੀ ਸੰਸਥਾਵਾਂ ਦੇ 150 ਪ੍ਰਤੀਨਿਧ ਚੁਣੇ ਜਾਣਗੇ।
ਇਸ ਐਲਾਨ ਤੋਂ ਸਪੱਸ਼ਟ ਸੰਕੇਤ ਦਿੱਤੇ ਗਏ ਹਨ ਕਿ ਡਬਲਿਊਐੱਸਪੀ ਸ਼੍ਰੋਮਣੀ ਅਕਾਲੀ ਦਲ ਲਈ ਵੱਡੀ ਸਿਆਸੀ ਚੁਣੌਤੀ ਹੋਵੇਗੀ।  ਹਵਾਰਾ ਦੀ 7 ਮੈਂਬਰੀ ਨਿੱਜੀ ਸਲਾਹਕਾਰ ਕਮੇਟੀ ਦੇ ਚਾਰ ਮੈਂਬਰਾਂ ਸੀਨੀਅਰ ਵਕੀਲ ਅਮਰ ਸਿੰਘ ਚਾਹਲ, ਗਿਆਨੀ ਗੁਰਚਰਨ ਸਿੰਘ, ਹਰਮਿੰਦਰ ਸਿੰਘ ਦਿੱਲੀ ਤੇ ਬਗੀਚਾ ਸਿੰਘ ਰੱਤਾਖੇੜਾ ਨੇ ਸੋਮਵਾਰ ਨੂੰ ਇੱਥੇ ਇਹ ਐਲਾਨ ਕਰਦਿਆਂ ਕਿਹਾ ਕਿ ਡਬਲਿਊਐੱਸਪੀ ਰਾਹੀਂ ਸਿੱਖ ਕੌਮ ‘ਤੇ ਹੋ ਰਹੇ ਹਮਲਿਆਂ ਦਾ ਹਰੇਕ ਪੱਖੋਂ ਮੁਕਾਬਲਾ ਕੀਤਾ ਜਾਵੇਗਾ। ਸਰਬੱਤ ਖ਼ਾਲਸਾ ਵੱਲੋਂ ਥਾਪੇ ਹੋਰ ਜਥੇਦਾਰਾਂ ਦੀ ਥਾਂ ਸ੍ਰੀ ਹਵਾਰਾ ਵੱਲੋਂ ਇਹ ਅਹਿਮ ਐਲਾਨ ਆਪਣੇ ਨਿੱਜੀ ਸਲਾਹਕਾਰਾਂ ਰਾਹੀਂ ਕਰਵਾਉਣ ‘ਤੇ ਕਈ ਤਰ੍ਹਾਂ ਦੇ ਸਵਾਲ ਵੀ ਉਠਾਏ ਜਾ ਰਹੇ ਹਨ। ਯਾਦ ਰਹੇ ਕਿ ਪਹਿਲਾਂ ਵੀ ਸ੍ਰੀ ਹਵਾਰਾ ਅਤੇ ਹੋਰ ਜਥੇਦਾਰਾਂ ਵਿਚਾਲੇ ਕੁਝ ਮੁੱਦਿਆਂ ‘ਤੇ ਮਤਭੇਦ ਹੋ ਚੁੱਕੇ ਸਨ। ਸ੍ਰੀ ਹਵਾਰਾ ਦੀ ਸਲਾਹਕਾਰ ਕਮੇਟੀ ਦੇ ਚਾਰ ਮੈਂਬਰ ਇਹ ਐਲਾਨ ਜਥੇਦਾਰਾਂ ਰਾਹੀਂ ਨਾ ਕਰਵਾਉਣ ਦੇ ਸਵਾਲ ਦਾ ਕੋਈ ਸਪੱਸ਼ਟ ਜਵਾਬ ਨਹੀਂ ਦੇ ਸਕੇ। ਉਨ੍ਹਾਂ ਤਿਹਾੜ ਜੇਲ੍ਹ ‘ਚੋਂ ਸ੍ਰੀ ਹਵਾਰਾ ਵੱਲੋਂ ਭੇਜਿਆ ਸੰਦੇਸ਼ ਦੱਸਦਿਆਂ ਕਿਹਾ ਕਿ ਸਿੱਖ ਪਾਰਲੀਮੈਂਟ ਕੌਮ ਦੇ ਮਸਲਿਆਂ ਦੇ ਸਦੀਵੀ ਹੱਲ ਲਈ ਬਣਾਈ ਜਾ ਰਹੀ ਹੈ, ਜੋ ਅਕਾਲ ਤਖ਼ਤ ਸਾਹਿਬ ਦੀ ਛਤਰ ਛਾਇਆ ਹੇਠ ਚੱਲੇਗੀ। ਉਨ੍ਹਾਂ ਆਪਣੇ ਸੰਦੇਸ਼ ਵਿੱਚ ਮੰਨਿਆ ਹੈ ਕਿ ਸਿੱਖ ਪਾਰਲੀਮੈਂਟ ਬਾਰੇ ਥੋੜ੍ਹੀ ਮੁਸ਼ਕਲ ਤੋਂ ਬਾਅਦ ਸਰਬ ਸਹਿਮਤੀ ਹੋ ਗਈ ਹੈ।
ਵਿਦੇਸ਼ਾਂ ਵਿੱਚੋਂ ਸਿੱਖ ਪਾਰਲੀਮੈਂਟ ਲਈ 150 ਪ੍ਰਤੀਨਿਧਾਂ ਦੀ ਚੋਣ ਕਰਨ ਲਈ 15 ਮੈਂਬਰੀ ਤਾਲਮੇਲ ਕਮੇਟੀ ਬਣਾਈ ਗਈ ਹੈ, ਜਿਸ ਵਿੱਚ ਯੂਐੱਸਏ ਤੋਂ ਹਿੰਮਤ ਸਿੰਘ ਤੇ ਡਾ. ਅਮਰਜੀਤ ਸਿੰਘ, ਕੈਨੇਡਾ ਤੋਂ ਭਗਤ ਸਿੰਘ ਤੇ ਮਹਿੰਦਰਪਾਲ ਸਿੰਘ, ਯੂ.ਕੇ. ਤੋਂ ਜੋਗਾ ਸਿੰਘ, ਮਨਪ੍ਰੀਤ ਸਿੰਘ, ਅਮਰੀਕ ਸਿੰਘ ਤੇ ਦਬਿੰਦਰਜੀਤ ਸਿੰਘ, ਜਰਮਨ ਤੋਂ ਗੁਰਮੀਤ ਸਿੰਘ, ਸੁਖਦੇਵ ਸਿੰਘ, ਜਸਵਿੰਦਰ ਸਿੰਘ ਤੇ ਰੇਸ਼ਮ ਸਿੰਘ ਅਤੇ ਆਸਟਰੇਲੀਆ ਤੋਂ ਸ਼ਾਮ ਸਿੰਘ ਤੇ ਗੁਰਵਿੰਦਰ ਸਿੰਘ ਸ਼ਾਮਲ ਹਨ।  ਸ੍ਰੀ ਚਾਹਲ ਨੇ ਦੱਸਿਆ ਕਿ ਹੁਣ ਦਿੱਲੀ ਵਿੱਚ ਸ੍ਰੀ ਹਵਾਰਾ ਵਿਰੁੱਧ ਕੋਈ ਕੇਸ ਪੈਂਡਿੰਗ ਨਾ ਹੋਣ ਕਾਰਨ ਉਨ੍ਹਾਂ ਨੂੰ ਤਿਹਾੜ ਜੇਲ੍ਹ ਵਿੱਚ ਰੱਖਣਾ ਸਰਾਸਰ ਗ਼ਲਤ ਹੈ।
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਮਿਲਣ ਦੇ ਬਾਵਜੂਦ ਸ੍ਰੀ ਹਵਾਰਾ ਨੂੰ ਪੰਜਾਬ ਦੀ ਕਿਸੇ ਜੇਲ੍ਹ ਵਿੱਚ ਤਬਦੀਲ ਨਹੀਂ ਕੀਤਾ ਗਿਆ। ਹਰਮਿੰਦਰ ਸਿੰਘ ਦਿੱਲੀ ਨੇ ਦੱਸਿਆ ਕਿ ਤਿਹਾੜ ਜੇਲ੍ਹ ਦਾ ਪ੍ਰਸ਼ਾਸਨ ਸ੍ਰੀ ਹਵਾਰਾ ਦੀ ਰੀੜ ਦੀ ਹੱਡੀ ਦਾ ਇਲਾਜ ਕਰਵਾਉਣ ਤੋਂ ਵੀ ਇਨਕਾਰੀ ਹੈ।