ਸੁਖਬੀਰ ਦੇ ਸ਼ਾਹੀ ਹੋਟਲ ‘ਸੁਖਵਿਲਾਸ’ ਨੂੰ ਜਾਂਦੀ ਸੜਕ ਦੀ ਵਿਧਾਨ ਸਭਾ ‘ਚ ਗੂੰਜ ਗੰਭੀਰ ਸਵਾਲ

ਸੁਖਬੀਰ ਦੇ ਸ਼ਾਹੀ ਹੋਟਲ ‘ਸੁਖਵਿਲਾਸ’ ਨੂੰ ਜਾਂਦੀ ਸੜਕ ਦੀ ਵਿਧਾਨ ਸਭਾ ‘ਚ ਗੂੰਜ ਗੰਭੀਰ ਸਵਾਲ

ਕੈਪਸ਼ਨ : ਵਿਧਾਨ ਸਭਾ ਵਿੱਚ ਰੋਸ ਮੁਜ਼ਾਹਰਾ ਕਰਦੇ ਹੋਏ ਅਕਾਲੀ-ਭਾਜਪਾ ਆਗੂ।
ਚੰਡੀਗੜ੍ਹ/ਬਿਊਰੋ ਨਿਊਜ਼:
ਪੰਜਾਬ ਵਿਧਾਨ ਸਭਾ ਦੇ ਸਰਦ ਰੁੱਤ ਸੈਸ਼ਨ ਦੇ ਅਖੀਰਲੇ ਦਿਨ ਬੁੱਧਵਾਰ ਨੂੰ  ਪ੍ਰਸ਼ਨ-ਕਾਲ ਦੌਰਾਨ ਸ਼ੁਰੂ ਵਿੱਚ ਹੀ ਸੱਤਾਧਾਰੀ ਕਾਂਗਰਸ ਅਤੇ ਵਿਰੋਧੀ ਧਿਰਾਂ ਆਮ ਆਦਮੀ ਪਾਰਟੀ (ਆਪ) ਤੇ ਅਕਾਲੀ ਦਲ-ਭਾਜਪਾ ਗੱਠਜੋੜ ਵਿਚਕਾਰ ਸ਼ਬਦੀ ਜੰਗ ਸ਼ੁਰੂ ਹੋ ਗਈ।
ਭਾਵੇਂ ਕੱਲ੍ਹ ਦੇ ਉਲਟ ਪ੍ਰਸ਼ਨ-ਕਾਲ ਦੌਰਾਨ ਲੋਕ ਦਬਾਅ ਕਾਰਨ ਦੋਵੇਂ ਵਿਰੋਧੀ ਧਿਰਾਂ ਨੇ ਖਾਸ ਕਰ ਕੇ ਰੌਲਾ ਪਾਉਣ ਦੀ ਥਾਂ ਸ਼ਾਂਤੀ ਬਣਾ ਕੇ ਰੱਖੀ ਪਰ ਵੱਖ-ਵੱਖ ਸਵਾਲਾਂ ਉਪਰ ਚੰਗੇ ਸਿਆਸੀ ਭੇੜ ਹੁੰਦੇ ਰਹੇ। ‘ਆਪ’ ਵਿਧਾਇਕ ਕੰਵਰ ਸੰਧੂ ਨੇ ਜਦੋਂ ਚੰਡੀਗੜ੍ਹ-ਸਿਸਵਾਂ-ਕੁਰਾਲੀ ਮਾਰਗ ਉਪਰ ਬੜੌਦੀ ਵਿਖੇ ਲੱਗੇ ਟੋਲ ਪਲਾਜ਼ੇ ਦਾ ਮੁੱਦਾ ਉਠਾਇਆ ਤਾਂ ਇਸ ਸੜਕ ਨੂੰ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਹੋਟਲ ਸੁੱਖਵਿਲਾਸ ਨਾਲ ਜੋੜ ਕੇ ‘ਆਪ’ ਅਤੇ ਕਾਂਗਰਸ ਦੇ ਵਿਧਾਇਕਾਂ ਨੇ ਸਿਆਸੀ ਹਮਲੇ ਕੀਤੇ। ਸ੍ਰੀ ਸੰਧੂ ਨੇ ਕਿਹਾ ਕਿ ਇਹ ਸੜਕ ਨਾ ਤਾਂ ਰਾਜ ਮਾਰਗ ਹੈ ਅਤੇ ਨਾ ਹੀ ਕੌਮੀ ਮਾਰਗ ਪਰ ਇਸ ਦੇ ਬਾਵਜੂਦ ਇਥੇ ਟੌਲ ਪਲਾਜ਼ਾ ਲਗਾਇਆ ਗਿਆ ਹੈ। ਇਥੇ ਇੱਕ ਸੁੱਖਵਿਲਾਸ ਨਾਂ ਦਾ ਹੋਟਲ ਹੈ, ਜਿਸ ਦੇ ਨਾਲ ਇਹ ਸ਼ਾਨਦਾਰ ਸੜਕ ਬਣਾਈ ਗਈ ਹੈ। ਇਸ ਲਈ ਲੋਕਾਂ ਕੋਲੋਂ ਟੌਲ ਪਲਾਜ਼ੇ ‘ਤੇ ਪੈਸੇ ਲਏ ਜਾਣ ਦੀ ਥਾਂ ਇਸ ਹੋਟਲ ਕੋਲੋਂ ਵਸੂਲੇ ਜਾਣ। ਕਾਂਗਰਸ ਦੇ ਵਿਧਾਇਕ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਪਹਿਲਾਂ ਪਤਾ ਲਾਇਆ ਜਾਵੇ ਕਿ ਇਹ ਸੜਕ ਲੋਕਾਂ ਲਈ ਬਣਾਈ ਗਈ ਹੈ ਜਾਂ ਹੋਟਲ ਲਈ ਉਸਾਰੀ ਗਈ ਹੈ ਕਿਉਂਕਿ ਇਹ ਸੜਕ ਕੇਵਲ ਹੋਟਲ ਤੱਕ ਸੀਮਤ ਹੈ। ਕਾਂਗਰਸੀ ਵਿਧਾਇਕ ਸੁਖਜਿੰਦਰ ਰੰਧਾਵਾ ਨੇ ਵੀ ਇਸ ਮਾਮਲੇ ਦੀ ਜਾਂਚ ਕਰਨ ਲਈ ਕਿਹਾ। ਸੰਸਦੀ ਮਾਮਲਿਆਂ ਬਾਰੇ ਮੰਤਰੀ ਬ੍ਰਹਮ ਮਹਿੰਦਰਾ ਨੇ ਕਿਹਾ ਕਿ ਇਸ ਸਬੰਧੀ ਜੇ ਮੈਂਬਰ ਲਿਖ ਕੇ ਭੇਜਣਗੇ ਤਾਂ ਪੜਤਾਲ ਕਰਵਾਈ ਜਾਵੇਗੀ।
ਵਿਰੋਧੀ ਧਿਰ ਦੇ ਆਗੂ ਸੁਖਪਾਲ ਖਹਿਰਾ ਨੇ ਢਿੱਲਵਾਂ ਨਗਰ ਪੰਚਾਇਤ ਦੇ ਸੀਵਰੇਜ ਟਰੀਟਮੈਂਟ ਪਲਾਂਟ ਦਾ ਮੁੱਦਾ ਉਠਾਉਂਦਿਆਂ ਦੱਸਿਆ ਕਿ ਇਸ ਦਾ ਕੰਮ ਸਾਲ 2008 ਵਿੱਚ ਸ਼ੁਰੂ ਹੋਇਆ ਸੀ ਤੇ ਇਸ ਉਪਰ 9.52 ਕਰੋੜ ਰੁਪਏ ਖਰਚ ਕੀਤੇ ਜਾ ਚੁੱਕੇ ਹਨ ਪਰ ਹਾਲੇ ਵੀ ਇਹ ਅੱਧਵਾਟੇ ਪਿਆ ਹੈ, ਜਿਸ ਦੀ ਪੜਤਾਲ ਕਰਵਾਈ ਜਾਵੇ। ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਇਸ ਦੀ ਵਿਭਾਗੀ ਪੜਤਾਲ ਕਰਵਾਉਣ ਅਤੇ ਕੈਪਟਨ ਅਮਰਿੰਦਰ ਸਿੰਘ ਨੇ ਲੋੜ ਪੈਣ ‘ਤੇ ਵਿਜੀਲੈਂਸ ਜਾਂਚ ਕਰਵਾਉਣ ਦਾ ਭਰੋਸਾ ਦਿੱਤਾ।
ਅਕਾਲੀ ਦਲ ਦੇ ਵਿਧਾਇਕ ਐਨ.ਕੇ. ਸ਼ਰਮਾ ਵੱਲੋਂ ਅੱਗ ਬੁਝਾਊ ਗੱਡੀਆਂ ਅਲਾਟ ਕਰਨ ਦੇ ਮੁੱਦੇ ਉਪਰ ਉਠਾਏ ਸਵਾਲ ਦੌਰਾਨ ਨਵਜੋਤ ਸਿੱਧੂ ਅਤੇ ਅਕਾਲੀ ਦਲ ਦੇ ਵਿਧਾਇਕ ਬਿਕਰਮ ਸਿੰਘ ਵਿਚਕਾਰ ਚੰਗੀ ਬਹਿਸ ਹੋਈ। ਜਦੋਂ ਸ੍ਰੀ ਮਜੀਠੀਆ ਨੇ ਪਿਛਲੇ ਦਿਨੀਂ ਲੁਧਿਆਣਾ ਅਗਨੀ ਕਾਂਡ ਦੌਰਾਨ ਫਾਇਰ ਵਿਭਾਗ ਦੀ ਕਥਿਤ ਅਣਗਹਿਲੀ ਦਾ ਮੁੱਦਾ ਉਠਾਇਆ ਤਾਂ ਸ੍ਰੀ ਸਿੱਧੂ ਭੜਕ ਉਠੇ। ਉਨ੍ਹਾਂ ਕਿਹਾ ਕਿ ਸਾਲ 2007 ਤੋਂ 2013 ਤੱਕ ਭਾਰਤ ਸਰਕਾਰ ਨੇ ਅੱਗ ਬੁਝਾਊ ਕਾਰਜਾਂ ਲਈ 32 ਕਰੋੜ ਰੁਪਏ ਦਿੱਤੇ ਸਨ ਪਰ ਉਸ ਵੇਲੇ ਦੀ ਅਕਾਲੀ-ਭਾਜਪਾ ਸਰਕਾਰ ਨੇ ਪੰਜੀ ਨਹੀਂ ਖਰਚੀ। ਭਾਰਤ ਸਰਕਾਰ ਨੇ ਬਾਅਦ ਵਿੱਚ 92 ਕਰੋੜ ਰੁਪਏ ਦੀ ਹੋਰ ਗਰਾਂਟ ਦਿੱਤੀ ਪਰ ਪਿਛਲੀ ਸਰਕਾਰ ਨੇ ਕੇਵਲ 17 ਕਰੋੜ ਰੁਪਏ ਹੀ ਖਰਚੇ ਜਦਕਿ 8 ਮਹੀਨਿਆਂ ਦੌਰਾਨ ਕੈਪਟਨ ਸਰਕਾਰ ਨੇ ਇਸ ਕੰਮ ਲਈ 45 ਕਰੋੜ ਰੁਪਏ ਜਾਰੀ ਕਰ ਦਿੱਤੇ ਹਨ।
ਵਿਧਾਇਕ ਦਿਨੇਸ਼ ਸਿੰਘ ਵੱਲੋਂ ਜ਼ਿਲ੍ਹਾ ਪਠਾਨਕੋਟ ਦੀ ਆਈਟੀਆਈ  ਨਿਆੜੀ ਦੀ ਉਸਾਰੀ ਦੇ ਉਠਾਏ ਮੁੱਦੇ ਉਪਰ ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਪਿਛਲੀ ਅਕਾਲੀ-ਭਾਜਪਾ ਸਰਕਾਰ ਕੇਂਦਰ ਤੋਂ ਤਕਨੀਕੀ ਸਿੱਖਿਆ ਲਈ ਆਈ ਰਾਸ਼ੀ ਹੋਰਨਾਂ ਕੰਮਾਂ ਲਈ ਵਰਤਦੀ ਰਹੀ ਹੈ। ‘ਆਪ’ ਦੇ ਵਿਧਾਇਕ ਬਲਦੇਵ ਸਿੰਘ ਵੱਲੋਂ ਸ਼ਗਨ ਸਕੀਮ ਸਬੰਧੀ ਉਠਾਏ ਮੁੱਦੇ ਉਪਰ ਵੀ ਅਕਾਲੀ ਦਲ ਦੇ ਪਵਨ ਟੀਨੂ ਅਤੇ ਸਮਾਜ ਭਲਾਈ ਮੰਤਰੀ ਸਾਧੂ ਸਿੰਘ ਧਰਮਸੋਤ ਵਿਚਾਲੇ ਬਹਿਸ ਹੋਈ। ‘ਆਪ’ ਦੇ ਵਿਧਾਇਕ ਅਮਨ ਅਰੋੜਾ ਨੇ ਕਿਹਾ ਕਿ ਕਾਂਗਰਸ ਨੇ ਸ਼ਗਨ ਸਕੀਮ ਤਹਿਤ 51 ਹਜ਼ਾਰ ਰੁਪਏ ਦੇਣ ਦਾ ਵਾਅਦਾ ਪੂਰਾ ਨਹੀਂ ਕੀਤਾ। ਸ੍ਰੀ ਧਰਮਸੋਤ ਨੇ ਕਿਹਾ ਕਿ ਪਿਛਲੀ ਸਰਕਾਰ ਵੱਲੋਂ ਖਜ਼ਾਨਾ ਖਾਲੀ ਕੀਤੇ ਜਾਣ ਕਾਰਨ ਹਾਲੇ ਸ਼ਗਨ ਦੀ ਰਾਸ਼ੀ 21 ਹਜ਼ਾਰ ਰੁਪਏ ਕੀਤੀ ਗਈ ਹੈ ਤੇ ਸਮਾਂ ਆਉਣ ‘ਤੇ 51 ਹਜ਼ਾਰ ਰੁਪਏ ਵੀ ਕਰ ਦਿੱਤੀ ਜਾਵੇਗੀ।
ਵਿਧਾਇਕ ਗੁਰਕੀਰਤ ਸਿੰਘ ਕੋਟਲੀ ਵੱਲੋਂ ਉਠਾਏ ਗਏ ਪਰਾਲੀ ਦੇ ਮੁੱਦੇ ਬਾਰੇ ਖ਼ੁਦ ਕੈਪਟਨ ਨੇ ਹੀ ਜਵਾਬ ਦਿੰਦਿਆਂ ਕਿਹਾ ਕਿ ਉਨ੍ਹਾਂ ਦੀ ਦੱਖਣੀ ਭਾਰਤ ਦੇ ਇੱਕ ਗਰੁੱਪ ਨਾਲ ਗੱਲ ਹੋ ਗਈ ਹੈ ਅਤੇ ਉਸ ਗਰੁੱਪ ਵੱਲੋਂ ਪੰਜਾਬ ‘ਚੋਂ ਪਰਾਲੀ ਚੁੱਕਣ ਦਾ ਵਾਅਦਾ ਕੀਤਾ ਗਿਆ ਹੈ। ਇਸ ਸਦਕਾ ਅਗਲੇ ਸੀਜ਼ਨ ਵਿੱਚ ਇਹ ਸਮੱਸਿਆ ਵੱਡੇ ਪੱਧਰ ‘ਤੇ ਹੱਲ ਹੋਣ ਦੇ ਆਸਾਰ ਹਨ।
10 ਮਿੰਟ ਪਹਿਲਾਂ ਪੁੱਜ ਕੇ ਕੈਪਟਨ ਨੇ ਕੀਤਾ ਹੈਰਾਨ

ਵਿਧਾਨ ਸਭਾ ਦੇ ਸੈਸ਼ਨ ਦੌਰਾਨ ਕੈਪਟਨ ਨੇ ਆਮ ਦੇ ਉਲਟ ਸਮੇਂ ਤੋਂ ਪਹਿਲਾਂ ਪੁੱਜ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਉਹ ਜਿਥੇ ਮੰਗਲਵਾਰ ਨੂੰ ਵਿਧਾਨ ਸਭਾ ਵਿੱਚ ਪੰਜ ਮਿੰਟ ਪਹਿਲਾਂ ਪੁੱਜੇ, ਉਥੇ ਬੁੱਧਵਾਰ ਨੂੰ ਉਹ 10 ਮਿੰਟ ਪਹਿਲਾਂ ਹੀ ਵਿਧਾਨ ਸਭਾ ਵਿੱਚ ਆ ਗਏ।