ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੇ ਪਾਕਿ ਸਰਕਾਰ ਵੱਲੋਂ ਬਾਬਾ ਨਾਨਕ ਵਰਲਡ ਕਬੱਡੀ ਕੱਪ ਵਿਸਾਖੀ ‘ਤੇ ਕਰਨ ਦਾ ਐਲਾਨ

ਲਾਹੌਰ/ਬਿਊਰੋ ਨਿਊਜ਼ :
ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਮਰੀਕਾ ਦੇ ਕਨਵੀਨਰ ਸ. ਬੂਟਾ ਸਿੰਘ ਖੜੌਦ ਤੇ ਮੁੱਖ ਬੁਲਾਰਾ ਸਰਬਜੀਤ ਸਿੰਘ ਨਿਊਯਾਰਕ ਵੱਲੋਂ ਪਾਕਿਸਤਾਨ ਪੰਜਾਬ ਦੇ ਮੁੱਖ ਮੰਤਰੀ ਮੀਆਂ ਸ਼ਹਿਬਾਜ ਸ਼ਰੀਫ ਦੇ ਗ੍ਰਹਿ ਮਾਡਲ ਟਾਊਨ ਵਿਖੇ ਮੁਲਾਕਾਤ ਕੀਤੀ ਗਈ। ਵਫਦ ਵੱਲੋਂ ਪੰਜਾਬ ਪਾਕਿਸਤਾਨ ਦੇ ਮੁੱਖ ਮੰਤਰੀ ਮੀਆਂ ਸ਼ਹਿਬਾਜ ਸ਼ਰੀਫ ਅੱਗੇ ਗੁਰੂ ਨਾਨਕ ਸਾਹਿਬ ਦੀ ਪਵਿੱਤਰ ਯਾਦ ਵਿੱਚ ਵਿਸ਼ਵ ਕਬੱਡੀ ਕੱਪ ਕਰਵਾਉਣ ਦੀ ਮੰਗ ਕੀਤੀ ਗਈ ਜਿਸ ਨੂੰ ਫੌਰੀ ਤੌਰ ‘ਤੇ ਪ੍ਰਵਾਨਗੀ ਦੇ ਦਿੱਤੀ ਗਈ। ਮੀਆਂ ਸ਼ਹਿਬਾਜ਼ ਸ਼ਰੀਫ ਵੱਲੋਂ ਖਾਲਸੇ ਦੇ ਜਨਮ ਦਿਹਾੜੇ ਵਿਸਾਖੀ ਮੌਕੇ ਪਾਕਿਸਤਾਨ ਹਕੂਮਤ ਵੱਲੋਂ ਬਾਬਾ ਨਾਨਕ ਵਿਸ਼ਵ ਕਬੱਡੀ ਕੱਪ ਕਰਵਾਉਣ ਦਾ ਐਲਾਨ ਕੀਤਾ ਗਿਆ। ਇਸ ਐਲਾਨ ਨੂੰ ਅਮਲੀ ਰੂਪ ਦਿੰਦੇ ਹੋਏ ਪਾਕਿਸਤਾਨ ਸਰਕਾਰ ਵੱਲੋਂ ਖੇਡ ਵਿਭਾਗ ਦੇ ਡਾਇਰੈਕਟਰ ਨੂੰ ਇਸ ਕਬੱਡੀ ਕੱਪ ਦਾ ਪ੍ਰਬੰਧ ਕਰਨ ਦੇ ਆਦੇਸ਼ ਦਿੱਤੇ ਗਏ। ਇਸ ਐਲਾਨ ਤੋਂ ਬਾਅਦ ਵਫਦ ਵੱਲੋਂ ਪਾਕਿਸਤਾਨ ਖੇਡ ਵਿਭਾਗ ਅਤੇ ਵਰਲਡ ਕਬੱਡੀ ਐਸੋਸੀਏਸ਼ਨ ਵਿਚਾਲੇ ਲਗਾਤਾਰ ਤਿੰਨ ਮੀਟਿੰਗਾਂ ਹੋਈਆਂ ਜਿਸ ਵਿੱਚ ਇਹ ਫੈਸਲਾ ਕੀਤਾ ਗਿਆ ਕਿ ਬਾਬਾ ਨਾਨਕ ਵਿਸ਼ਵ ਕਬੱਡੀ ਕੱਪ ਕਰਵਾਉਣ ਲਈ ਅੰਤਰਰਾਸ਼ਟਰੀ ਪ੍ਰਬੰਧਕੀ ਕਮੇਟੀ ਬਣਾਈ ਜਾਵੇਗੀ ਜਿਸ ਵਿੱਚ ਅੱਧੇ ਮੈਂਬਰ ਸਿੱਖ ਕੌਮ ਦੇ ਲਏ ਜਾਣਗੇ ਅਤੇ ਅੱਧੇ ਮੈਂਬਰ ਪਾਕਿਸਤਾਨ ਸਰਕਾਰ ਆਪਣੇ ਵੱਲੋਂ ਦੇਵੇਗੀ। ਇਸ ਦੇ ਨਾਲ ਹੀ ਪਾਕਿਸਤਾਨ ਸਰਕਾਰ ਵੱਲੋਂ ਇਹ ਵੀ ਐਲਾਨ ਕੀਤਾ ਗਿਆ ਕਿ ਵਿਸ਼ਵ ਭਰ ਵਿੱਚੋਂ ਬਾਬਾ ਨਾਨਕ ਵਿਸ਼ਵ ਕਬੱਡੀ ਕੱਪ ਵਿੱਚ ਵੱਡੀ ਗਿਣਤੀ ਵਿੱਚ ਸਿੱਖ ਕੌਮ ਦੀ ਸ਼ਮੂਲੀਅਤ ਨੂੰ ਯਕੀਨੀ ਬਣਾਉਣ ਲਈ ਵੱਖ ਵੱਖ ਦੇਸ਼ਾਂ ਵਿੱਚੋਂ ਸਿੱਖ ਭਾਈਚਾਰੇ ਨੂੰ ਖੁੱਲ੍ਹੇ ਰੂਪ ਵਿੱਚ ਵੀਜ਼ੇ ਜਾਰੀ ਕੀਤੇ ਜਾਣਗੇ। ਇਸ ਦੇ ਨਾਲ ਹੀ ਵਿਸ਼ਵ ਭਰ ਵਿਚੋਂ ਕਬੱਡੀ ਕੱਪ ਵਿੱਚ ਆਉਣ ਵਾਲੇ ਖਿਡਾਰੀਆਂ ਅਤੇ ਕਬੱਡੀ ਪ੍ਰੇਮੀਆਂ ਦੀ ਸੁਰੱਖਿਆ, ਰਿਹਾਇਸ਼ ਅਤੇ ਉਨ੍ਹਾਂ ਦੇ ਪਾਕਿਸਤਾਨ ਦੀਆਂ ਇਤਿਹਾਸਕ ਅਤੇ ਦਿਲ ਖਿੱਚਵੀਆਂ ਥਾਂਵਾਂ ‘ਤੇ ਸ਼ੈਰ ਸਪਾਟਾ ਕਰਨ ਲਈ ਪੁਖਤਾ ਪ੍ਰਬੰਧ ਕੀਤੇ ਜਾਣਗੇ।
ਪਾਕਿਸਤਾਨ ਸਰਕਾਰ ਵੱਲੋਂ ਗੁਰਧਾਮਾਂ ਦੀ ਬਹੁਤ ਵਧੀਆ ਢੰਗ ਨਾਲ ਕੀਤੀ ਜਾ ਰਹੀ ਸੇਵਾ ਸੰਭਾਲ ਤੇ ਨਾਲ ਹੀ ਪਾਕਿਸਤਾਨ ਸਰਕਾਰ ਵੱਲੋਂ ਅਨੰਦ ਮੈਰਿਜ ਐਕਟ, ਨਨਕਾਣਾ ਸਾਹਿਬ ਨੂੰ ਪਵਿੱਤਰ ਦਰਜਾ ਦੇਣ, ਸਿੱਖਾਂ ਨੂੰ ਪੁਲੀਸ ਫੌਜ ਤੇ ਸਰਕਾਰੀ ਨੌਕਰੀਆਂ ਵਿੱਚ ਉਨ੍ਹਾਂ ਦੀ ਧਾਰਮਿਕ ਆਜ਼ਾਦੀ ਦੇ ਨਾਲ ਦਾੜ੍ਹਾ ਪ੍ਰਕਾਸ਼ ਕਰਕੇ ਕੰਮ ਕਰਨ ਦੇ ਕੀਤੇ ਅਹਿਮ ਐਲਾਨਾਂ ਦੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਮਰੀਕਾ ਦੇ ਆਗੂਆਂ ਨੇ ਸ਼ਲਾਘਾ ਕੀਤੀ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕੌਮੀ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਵੱਲੋਂ ਭੇਜੇ ਗਏ ਅਮਰੀਕਾ ਇਕਾਈ ਦੇ ਵਫਦ ਨੇ ਪਾਕਿਸਤਾਨ ਸਰਕਾਰ ਦਾ ਤਹਿ ਦਿਲੋਂ ਧੰਨਵਾਦ ਕੀਤਾ।
ਵਫਦ ਨੇ ਮੀਆਂ ਸ਼ਹਿਬਾਜ ਸ਼ਰੀਫ ਨੂੰ ਗੁਰਦੁਆਰਾ ਡੇਰਾ ਸਾਹਿਬ ਲਾਹੌਰ ਵਿਖੇ ਸ਼ਰਧਾਲੂਆਂ ਨੂੰ ਜਗ੍ਹਾ ਦੀ ਘਾਟ ਕਾਰਨ ਉੱਥੇ ਠਹਿਰਣ ਵਿੱਚ ਆਉਂਦੀਆਂ ਮੁਸ਼ਕਲਾਂ ਤੋਂ ਵੀ ਜਾਣੂ ਕਰਵਾਇਆ। ਇਸ ‘ਤੇ ਮੀਆਂ ਸ਼ਹਿਬਾਜ ਸ਼ਰੀਫ ਵੱਲੋਂ ਗੁਰਦੁਆਰਾ ਡੇਰਾ ਸਾਹਿਬ ਲਾਹੌਰ ਅਤੇ ਆਲੇ ਦੁਆਲੇ ਦੇ ਸੁੰਦਰੀਕਰਨ, ਰਿਹਾਇਸ਼ੀ ਕਮਰਿਆਂ, ਲੰਗਰ ਹਾਲ ਦੀਆਂ ਇਮਾਰਤਾਂ ਅਤੇ ਗੁਰਦੁਆਰਾ ਸਾਹਿਬ ਨੂੰ ਜਾਂਦੀਆਂ ਸੜਕਾਂ ਬਣਾਉਣ ਲਈ 5 ਅਰਬ ਰੁਪਏ ਦੀ ਲਾਗਤ ਨਾਲ ਪੂਰੇ ਹੋਣ ਵਾਲੇ ਪ੍ਰੋਜੈਕਟ ਦਾ ਐਲਾਨ ਕੀਤਾ ਗਿਆ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਮਰੀਕਾ ਨੇ ਸ. ਸਿਮਰਨਜੀਤ ਸਿੰਘ ਮਾਨ ਅਤੇ ਸਮੁੱਚੀ ਪਾਰਟੀ ਵੱਲੋਂ ਪਾਕਿਸਤਾਨ ਸਰਕਾਰ ਦਾ ਧੰਨਵਾਦ ਕੀਤਾ ਗਿਆ।
ਵਫਦ ਨੇ ਮੁੱਖ ਮੰਤਰੀ ਨੂੰ ਇਹ ਵੀ ਦੱਸਿਆ ਕਿ ਵਿਸ਼ਵ ਭਰ ਵਿੱਚ ਵਸਦੀਆਂ ਸਿੱਖ ਸੰਗਤਾਂ ਨੂੰ ਪਾਕਿਸਤਾਨ ਗੁਰਧਾਮਾਂ ਦੇ ਦਰਸ਼ਨ ਦਿਦਾਰ ਲਈ ਕੇਵਲ ਚਾਰ ਮੁੱਖ ਸਮਾਗਮਾਂ ‘ਤੇ ਹੀ ਵੀਜ਼ੇ ਜਾਰੀ ਕੀਤੇ ਜਾਂਦੇ ਹਨ, ਜਿਸ ਨਾਲ ਸਿੱਖ ਕੌਮ ਨੂੰ ਗੁਰਧਾਮਾਂ ਦੀ ਯਾਤਰਾ ਵਿੱਚ ਬਹੁਤ ਵੱਡੀ ਮੁਸ਼ਕਲ ਆਉਂਦੀ ਹੈ ਅਤੇ ਵੱਡੀ ਗਿਣਤੀ ਵਿੱਚ ਸਿੱਖ ਭਾਈਚਾਰਾ ਪਾਕਿਸਤਾਨ ਵਿੱਚ ਮੌਜੂਦ ਗੁਰਧਾਮਾਂ ਦੇ ਦਰਸ਼ਨਾਂ ਤੋਂ ਵਾਂਝਾ ਰਹਿ ਜਾਂਦਾ ਹੈ । ਇਸ ‘ਤੇ ਪਾਕਿਸਤਾਨ ਸਰਕਾਰ ਵਲੋਂ ਪੂਰਾ ਸਾਲ ਖੁੱਲ੍ਹੇ ਰੂਪ ਵਿੱਚ ਵਿਸ਼ਵ ਭਰ ਦੇ ਸਿੱਖਾਂ ਨੂੰ ਵੀਜ਼ੇ ਜਾਰੀ ਕਰਨ ਦਾ ਅਹਿਮ ਐਲਾਨ ਕੀਤਾ ਗਿਆ ਅਤੇ ਨਾਲ ਹੀ ਵਿਸ਼ਵ ਭਰ ਦੇ ਮੁਲਕਾਂ ਵਿੱਚ ਮੌਜੂਦ ਪਾਕਿਸਤਾਨ ਅੰਬੈਸੀਆਂ ਵਿੱਚ ਲੱਗੇ ਹੋਏ ਸਾਈਨ ਬੋਰਡਾਂ ‘ਤੇ ਉਰਦੂ, ਅੰਗਰੇਜ਼ੀ ਦੇ ਨਾਲ ਗੁਰਮੁਖੀ ਭਾਸ਼ਾ ਵਿੱਚ ਵੀ ਦਰਜ ਕਰਨ ਦਾ ਅਹਿਮ ਐਲਾਨ ਕੀਤਾ ਗਿਆ। ਵਫਦ ਨੇ ਪਾਕਿਸਤਾਨ ਸਰਕਾਰ ਨੂੰ ਉਨ੍ਹਾਂ ਦੇ ਨੇਕ ਕੰਮਾਂ ਲਈ ਵਧਾਈ ਦਿੱਤੀ ਅਤੇ ਧੰਨਵਾਦ ਕੀਤਾ।