ਛੇਵੇਂ ਵਿਸ਼ਵ ਕਬੱਡੀ ਕੱਪ ਦਾ ਰੋਪੜ ਤੋਂ ਰੰਗਾਰੰਗ ਆਗਾਜ਼

ਛੇਵੇਂ ਵਿਸ਼ਵ ਕਬੱਡੀ ਕੱਪ ਦਾ ਰੋਪੜ ਤੋਂ ਰੰਗਾਰੰਗ ਆਗਾਜ਼

ਪੁਰਸ਼ ਜੇਤੂ ਟੀਮ ਨੂੰ ਦੋ ਕਰੋੜ ਤੇ ਮਹਿਲਾ ਟੀਮ ਨੂੰ ਮਿਲੇਗਾ ਇਕ ਕਰੋੜ ਦਾ ਇਨਾਮ
ਰੂਪਨਗਰ/ਬਿਊਰੋ ਨਿਊਜ਼  :
ਪੰਜਾਬ ਸਰਕਾਰ ਵੱਲੋਂ ਕਰਵਾਏ ਜਾ ਰਹੇ ਛੇਵੇਂ ਕਬੱਡੀ ਵਿਸ਼ਵ ਕੱਪ ਦਾ  ਨਹਿਰੂ ਸਟੇਡੀਅਮ ਰੂਪਨਗਰ ਵਿਚ ਰੰਗਾਰੰਗ ਉਦਘਾਟਨੀ ਸਮਾਰੋਹ ਨਾਲ ਆਗਾਜ਼ ਹੋ ਗਿਆ। ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਵਿਸ਼ਵ ਕੱਪ ਦੀ ਸ਼ੁਰੂਆਤ ਦਾ ਰਸਮੀ ਉਦਘਾਟਨ ਕੀਤਾ ਜਦੋਂ ਕਿ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਸਾਰੀਆਂ ਟੀਮਾਂ ਦੇ ਕਪਤਾਨਾਂ ਨਾਲ ਸਟੇਜ ‘ਤੇ ਹੱਥ ਮਿਲਾ ਕੇ ਵਿਸ਼ਵ ਕੱਪ ਲਈ ਸ਼ੁਭਕਾਮਨਾਵਾਂ ਦਿੱਤੀਆਂ। ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਨੇ ਕਬੱਡੀ ਦਾ ਝੰਡਾ ਲਹਿਰਾਇਆ ਤੇ ਮਾਰਚ ਪਾਸਟ ਤੋਂ ਸਲਾਮੀ ਲਈ। ਵਿਸ਼ਵ ਕੱਪ ਦੇ ਉਦਘਾਟਨ ਤੋਂ ਬਾਅਦ ਸ. ਪ੍ਰਕਾਸ਼ ਸਿੰਘ ਬਾਦਲ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬੀਆਂ ਦੀ ਮਾਂ ਖੇਡ ਕਬੱਡੀ ਅੱਜ ਦੁਨੀਆ ਦੇ ਕੋਨੇ-ਕੋਨੇ ਵਿਚ ਪਹੁੰਚ ਚੁੱਕੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਖੇਡਾਂ ਤੇ ਖਿਡਾਰੀਆਂ ਲਈ ਸੂਬੇ ਵਿਚ ਸਿਹਤਮੰਦ ਤੇ ਵਿਸ਼ਵ ਪੱਧਰੀ ਖੇਡ ਢਾਂਚਾ ਸਿਰਜਿਆ ਹੈ।
ਪੰਜਾਬ ਸਰਕਾਰ ਨੇ ਖਿਡਾਰੀਆਂ ਨੂੰ ਕਲਾਸ ਵਨ ਨੌਕਰੀਆਂ ਦੇਣ ਤੋਂ ਇਲਾਵਾ ਲੱਖਾਂ ਦੇ ਨਕਦ ਇਨਾਮਾਂ ਨਾਲ ਸਨਮਾਨ ਵੀ ਕੀਤਾ ਹੈ। ਛੇਵੇਂ ਕਬੱਡੀ ਵਿਸ਼ਵ ਕੱਪ ਦੀ ਖਾਸੀਅਤ ਇਹ ਹੈ ਕਿ ਇਸ ਵਾਰ ਨਵੇਂ ਪਿੰਡਾਂ, ਕਸਬਿਆਂ ਵਿਚ ਮੈਚ ਕਰਵਾਏ ਜਾ ਰਹੇ ਹਨ। ਵੱਡੇ ਸ਼ਹਿਰਾਂ ਦੇ ਨਾਲ ਪਿੰਡਾਂ ਦੇ ਵਸਨੀਕ ਵੀ ਕਬੱਡੀ ਵਿਸ਼ਵ ਕੱਪ ਦੇ ਮੁਕਾਬਲਿਆਂ ਨੂੰ ਆਪਣੇ ਘਰ ਵਿਚ ਦੇਖਣਗੇ। ਉਨ੍ਹਾਂ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਦੀਆਂ ਕੋਸ਼ਿਸ਼ਾਂ ਸਦਕਾ ਪਿੰਡ ਪੱਧਰ ਦੀ ਖੇਡ ਵਿਸ਼ਵ ਦੀਆਂ ਵੱਡੀਆਂ ਖੇਡਾਂ ਵਿਚ ਸ਼ੁਮਾਰ ਹੋ ਗਈ ਹੈ। ਮੁੱਖ ਮੰਤਰੀ ਨੇ ਡਾ. ਅੰਬੇਡਕਰ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਕਿਹਾ ਕਿ ਇਹ ਕਬੱਡੀ ਕੱਪ ਉਨ੍ਹਾਂ ਦੇ 125ਵੇਂ ਜਨਮ ਦਿਵਸ ‘ਤੇ ਉਨ੍ਹਾਂ ਨੂੰ ਸਮਰਪਿਤ ਹੋਵੇਗਾ। ਉਨ੍ਹਾਂ ਡਾ. ਅੰਬੇਡਕਰ ਨੂੰ ਇਕ ਮਹਾਨ ਸਕਾਲਰ, ਅਰਥ ਸਾਸ਼ਤਰੀ, ਸਮਾਜ ਸੁਧਰਾਕ ਤੇ ਮਹਾਨ ਸ਼ਖ਼ਸੀਅਤ ਦੱਸਿਆ। ਉਨ੍ਹਾਂ ਲਗਾਤਾਰ ਛੇਵੀਂ ਵਾਰ ਕਬੱਡੀ ਦਾ ਵਿਸ਼ਵ ਕੱਪ ਕਰਵਾਉਣ ਲਈ ਉਪ ਮੁੱਖ ਮੰਤਰੀ ਨੂੰ ਵਧਾਈ ਦਿੱਤੀ। ਸੂਬਾ ਸਰਕਾਰ ਵੱਲੋਂ ਖੇਡਾਂ ਨੂੰ ਪ੍ਰਫੁੱਲਤ ਕਰਨ ਲਈ ਚੁੱਕੇ ਗਏ ਕਦਮਾਂ ਬਾਰੇ ਉਨ੍ਹਾਂ ਕਿਹਾ ਕਿ ਸਰਕਾਰ ਨੇ ਪੰਜਾਬ ਵਿਚ ਖੇਡਾਂ ਨੂੰ ਹਰਮਨ ਪਿਆਰੀਆਂ ਬਣਾਉਣ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ। ਅਖੀਰ ਵਿਚ ਮੁੱਖ ਮੰਤਰੀ ਵੱਲੋਂ ਰਸਮੀ ਤੌਰ ‘ਤੇ ਛੇਵੇਂ ਡਾ. ਬੀ. ਆਰ. ਅੰਬੇਡਕਰ ਕਬੱਡੀ ਕੱਪ ਟੂਰਨਾਮੈਂਟ ਅਰੰਭ ਕਰਨ ਦਾ ਐਲਾਨ ਕੀਤਾ। ਇਸ ਤੋਂ ਪਹਿਲਾਂ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ 7 ਸਾਲ ਪਹਿਲਾਂ ਸੁਪਨਾ ਲਿਆ ਸੀ ਕਿ ਇਸ ਮਾਂ ਖੇਡ ਕਬੱਡੀ ਨੂੰ ਸਿਖਰਾਂ ‘ਤੇ ਪਹੁੰਚਾਉਣਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਹਰਿਆਣਾ ਤੋਂ ਇਲਾਵਾ ਕਬੱਡੀ ਦਾ ਕੋਈ ਨਾਂ ਨਹੀਂ ਲੈਂਦਾ ਸੀ ਅਤੇ ਇਹ ਖੇਡ ਪਿੰਡਾਂ ਤੱਕ ਸੀਮਤ ਸੀ ਪਰ ਹੁਣ ਇਹ ਖੇਡ ਵਿਸ਼ਵ ਪੱਧਰ ‘ਤੇ ਪਹੁੰਚ ਚੁੱਕੀ ਹੈ ਜਿਸ ਦੀ ਬਦੌਲਤ 14 ਦੇਸ਼ਾਂ ਦੀਆਂ ਟੀਮਾਂ 6ਵੇਂ ਵਿਸ਼ਵ ਕੱਪ ਵਿਚ ਪੁੱਜੀਆਂ ਹਨ। ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਦਾ ਸਵਾਗਤ ਕਰਦਿਆਂ ਕਿਹਾ ਕਿ ਉਪ ਮੁੱਖ ਮੰਤਰੀ ਵੱਲੋਂ ਇਸ ਇਤਿਹਾਸਕ ਸ਼ਹਿਰ ਵਿਚ ਕਬੱਡੀ ਦੇ ਮਹਾਕੁੰਭ ਦਾ ਉਦਘਾਟਨ ਕਰਨ ਬਾਰੇ ਕੀਤੇ ਵਾਅਦੇ ਨੂੰ ਪੂਰਾ ਕਰਨ ਲਈ ਰੂਪਨਗਰ ਧੰਨਵਾਦੀ ਹੈ। ਇਸ ਮੌਕੇ ਜਸਪਿੰਦਰ ਨਰੂਲਾ ਨੇ ਧਾਰਮਿਕ ਗੀਤ ਨਾਲ ਸਮਾਰੋਹ ਦਾ ਅਰੰਭ ਕੀਤਾ ਉਪਰੰਤ ਗੱਤਕਾ ਪੇਸ਼ ਕਰਕੇ ਭੁਜੰਗੀਆਂ ਨੇ ਮਾਹੌਲ ਗਰਮ ਕਰ ਦਿੱਤਾ। ਫਿਰ ਗਿੱਪੀ ਗਰੇਵਾਲ ਨੇ ਦਰਸ਼ਕਾਂ ਨੂੰ ਝੂੰਮਣ ਲਾ ਦਿੱਤਾ। ਇਸ ਮੌਕੇ ਬਾਲੀਵੁਡ ਕਮੇਡੀ ਕਲਾਕਾਰ ਭਾਰਤੀ ਸਿੰਘ ਨੇ ਵੀ ਠਹਾਕੇ ਲਾਏ। ਇਸ ਤੋਂ ਪਹਿਲਾਂ ਉਲੰਪੀਅਨ ਰਾਜਪਾਲ ਸਿੰਘ, ਉੱਘੀ ਐਥਲੀਟ ਮਨਦੀਪ ਕੌਰ ਤੇ ਕਬੱਡੀ ਖਿਡਾਰੀ ਗੁਰਪ੍ਰੀਤ ਸਿੰਘ ਨੇ ਖੇਡਾਂ ਦੀ ਮਸ਼ਾਲ ਜਲਾਈ। ਸਮਾਰੋਹ ਦੌਰਾਨ ਸ੍ਰੀਲੰਕਾ ਦੇ ਪੈਟਰੋਲੀਅਮ ਮੰਤਰੀ ਸ੍ਰੀ ਚੰਡੀਮਾ ਵੀਰਕੋਟੀ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਸਨ।