ਲਸ਼ਕਰ ਦਾ ਸ੍ਰੀਨਗਰ ‘ਚ ਵੱਡਾ ਕਾਰਾ

ਲਸ਼ਕਰ ਦਾ ਸ੍ਰੀਨਗਰ ‘ਚ ਵੱਡਾ ਕਾਰਾ

ਹਸਪਤਾਲ ‘ਚੋਂ ਦਿਨ ਦਿਹਾੜੇ ਛੁਡਾਇਆ ਨਾਮੀ ਦਹਿਸ਼ਤਗਰਦ


ਜੰਮੂ ਤੇ ਕਸ਼ਮੀਰ ਪੁਲੀਸ ਦੇ ਅਧਿਕਾਰੀ ਹਮਲੇ ‘ਚ ਮਾਰੇ ਗਏ ਹੈੱਡ ਕਾਂਸਟੇਬਲ ਮੁਸ਼ਤਾਕ ਅਹਿਮਦ (ਉੱਤੇ) ਤੇ ਕਾਂਸਟੇਬਲ ਬਾਬਰ ਅਹਿਮਦ (ਹੇਠਾਂ) ਨੂੰ ਸ਼ਰਧਾਂਜਲੀ ਦਿੰਦੇ ਹੋਏ।
ਸ੍ਰੀਨਗਰ/ਬਿਊਰੋ ਨਿਊਜ਼:
ਜੰਮੂ-ਕਸ਼ਮੀਰ ਦੀ ਗਰਮੀਆਂ ਦੀ ਰਾਜਧਾਨੀ ਵਾਲੇ ਸ੍ਰੀਨਗਰ ਸ਼ਹਿਰ ਦੇ ਉੱਚ ਸੁਰੱਖਿਆ ਵਾਲੇ ਇਲਾਕੇ ‘ਚ ਪੈਂਦੇ ਐਸਐਮਐਚਐਸ ਹਸਪਤਾਲ ਕੰਪਲੈਕਸ ਅੰਦਰ ਲਸ਼ਕਰ-ਏ-ਤੋਇਬਾ ਨੇ ਮੰਗਲਵਾਰ ਨੂੰੰ ਪੁਲੀਸ ਟੀਮ ‘ਤੇ ਹਮਲਾ ਕਰਕੇ ਖ਼ਤਰਨਾਕ ਪਾਕਿਸਤਾਨੀ ਦਹਿਸ਼ਤਗਰਦ ਮੁਹੰਮਦ ਨਾਵੀਦ ਜੱਟ (22 ਸਾਲ) ਉਰਫ਼ ਅਬੂ ਹੰਜ਼ਾਲਾ ਨੂੰ ਛੁਡਵਾ ਲਿਆ। ਦਹਿਸ਼ਤਗਰਦਾਂ ਦੇ ਹਮਲੇ ‘ਚ ਦੋ ਪੁਲੀਸ ਕਰਮੀਆਂ ਦੀ ਮੌਤ ਹੋ ਗਈ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਦਿਨ ਦਿਹਾੜੇ ਕੀਤੇ ਗਏ ਹਮਲੇ ਤੋਂ ਬਾਅਦ ਦਹਿਸ਼ਤਗਰਦ ਸ਼ਹਿਰ ਦੀਆਂ ਤੰਗ ਗਲੀਆਂ ‘ਚੋਂ ਗੁਜ਼ਰਦੇ ਹੋਏ ਫ਼ਰਾਰ ਹੋ ਗਏ। ਪੁਲੀਸ ਅਨੁਸਾਰ ਲਸ਼ਕਰ-ਏ-ਤੋਇਬਾ ਦੇ ਪਾਕਿਸਤਾਨ ਤੋਂ ਦਹਿਸ਼ਤਗਰਦ ਜੱਟ ਨੂੰ 27 ਅਗਸਤ 2014 ‘ਚ ਦੱਖਣੀ ਕਸ਼ਮੀਰ ਦੇ ਕੁਲਗਾਮ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਭੀੜ ਭੜੱਕੇ ਵਾਲੇ ਕਾਕਾ ਸਰਾਏ ਇਲਾਕੇ ‘ਚ ਪੈਂਦੇ ਹਸਪਤਾਲ ਦੇ ਬਾਹਰ ਦਹਿਸ਼ਤਗਰਦਾਂ ਨੇ ਪੁਲੀਸ ਪਾਰਟੀ ਨੂੰ ਨਿਸ਼ਾਨਾ ਬਣਾਇਆ ਜਿਸ ਨਾਲ ਅਬੂ ਹੰਜ਼ਾਲਾ ਵੀ ਮੌਜੂਦ ਸੀ। ਹਮਲੇ ‘ਚ ਹੈੱਡ ਕਾਂਸਟੇਬਲ ਮੁਸ਼ਤਾਕ ਅਹਿਮਦ ਮਾਰਿਆ ਗਿਆ ਜਦੋਂ ਕਿ ਉਸ ਦਾ ਸਾਥੀ ਕਾਂਸਟੇਬਲ ਬਾਬਰ ਅਹਿਮਦ ਗੰਭੀਰ ਰੂਪ ‘ਚ ਜ਼ਖ਼ਮੀ ਹੋ ਗਿਆ ਸੀ ਅਤੇ ਉਸ ਨੂੰ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਜਿਥੇ ਕੁਝ ਘੰਟਿਆਂ ਮਗਰੋਂ ਉਸ ਨੇ ਦਮ ਤੋੜ ਦਿੱਤਾ। ਡੀਜੀਪੀ ਐਸ ਪੀ ਵੈਦ ਨੇ ਕਿਹਾ ਕਿ ਦਹਿਸ਼ਤਗਰਦਾਂ ਨੂੰ ਫੜਨ ਲਈ ਰੈੱਡ ਅਲਰਟ ਐਲਾਨ ਦਿੱਤਾ ਗਿਆ ਹੈ। ਮੌਕੇ ‘ਤੇ ਪੁੱਜੇ ਡੀਆਈਜੀ (ਸੈਂਟਰਲ ਕਸ਼ਮੀਰ) ਗੁਲਾਮ ਹਸਨ ਬੱਟ ਨੇ ਦੱਸਿਆ ਕਿ ਪੁਲੀਸ ਟੀਮ ਝੁੱਟ ਸਮੇਤ ਛੇ ਕੈਦੀਆਂ ਨੂੰ ਇਲਾਜ ਲਈ ਹਸਪਤਾਲ ਲੈ ਕੇ ਜਾ ਰਹੀ ਸੀ। ਪ੍ਰਤੱਖਦਰਸ਼ੀਆਂ ਮੁਤਾਬਕ ਜਿਵੇਂ ਹੀ ਜੱਟ ਪੰਜ ਹੋਰ ਕੈਦੀਆਂ ਅਤੇ ਪੁਲੀਸ ਟੀਮ ਨਾਲ ਹਸਪਤਾਲ ਦੀ ਓਪੀਡੀ ਦੇ ਬਾਹਰ ਵਾਹਨ ‘ਚੋਂ ਉਤਰਿਆ ਤਾਂ ਫਿਰਨ ਪਹਿਨੇ ਦੋ ਦਹਿਸ਼ਤਗਰਦਾਂ ਨੇ ਗੋਲੀਆਂ ਵਰ੍ਹਾ ਦਿੱਤੀਆਂ। ਦਹਿਸ਼ਤਗਰਦਾਂ ਵੱਲੋਂ ਹਸਪਤਾਲ ਦੀ ਪਾਰਕਿੰਗ ‘ਚ ਪਹਿਲਾਂ ਤੋਂ ਹੀ ਉਡੀਕ ਕੀਤੀ ਜਾ ਰਹੀ ਸੀ। ਜੰਮੂ ਕਸ਼ਮੀਰ ਪੁਲੀਸ ਜੱਟ ਅਤੇ ਪੰਜ ਹੋਰ ਕੈਦੀਆਂ ਨੂੰ ਸ੍ਰੀਨਗਰ ਜੇਲ੍ਹ ਤੋਂ ਤਬਦੀਲ ਕਰਕੇ ਵਾਦੀ ਤੋਂ ਬਾਹਰ ਕਿਸੇ ਹੋਰ ਉੱਚ ਸੁਰੱਖਿਆ ਵਾਲੀ ਜੇਲ੍ਹ ‘ਚ ਭੇਜਣਾ ਚਾਹੁੰਦੀ ਸੀ ਪਰ ਸੈਸ਼ਨ ਅਦਾਲਤ ਨੇ 26 ਦਸੰਬਰ ਨੂੰ ਇਸ ਦੀ ਇਜਾਜ਼ਤ ਨਹੀਂ ਦਿੱਤੀ ਸੀ।

ਕਈ ਵਾਰਦਾਤਾਂ ‘ਚ ਸ਼ਾਮਲ ਰਿਹੈ ਮੁਲਤਾਨ ਵਾਸੀ ਮੁਹੰਮਦ ਨਾਵੀਦ ਜੱਟ
ਜੰਮੂ ਕਸ਼ਮੀਰ ਰਿਆਸਤ ਦੇ ਆਖਰੀ ਰਾਜਾ ਸ੍ਰੀ ਮਹਾਰਾਜਾ ਹਰੀ ਸਿੰਘ ਦੇ ਨਾਮ ‘ਤੇ ਬਣਿਆ ਹਸਪਤਾਲ (ਐਸਐਮਐਚਐਸ) ਜਿਹਲਮ ਦਰਿਆ ਦੀ ਸਹਾਇਕ ਨਦੀ ਦੇ ਕੰਢੇ ‘ਤੇ ਸਥਿਤ ਹੈ ਅਤੇ ਇਸ ਦੇ ਉਪਰਲੇ ਪਾਸੇ ਕਰਨ ਨਗਰ ਅਤੇ ਹੇਠਲੇ ਪਾਸੇ ਨਵਾਬ ਬਾਜ਼ਾਰ ਹੈ। ਮੁਲਤਾਨ (ਪਾਕਿਸਤਾਨ) ਦੇ ਬੋਰਵੇਲਾ ਖੇਤਰ ਦੇ ਵਸਨੀਕ ਜੱਟ ਨੇ ਸਕੂਲ ਦੀ ਪੜ੍ਹਾਈ ਵਿਚਾਲੇ ਹੀ ਛੱਡ ਦਿੱਤੀ ਸੀ ਅਤੇ ਉਹ ਕਈ ਹਮਲਿਆਂ ‘ਚ ਸ਼ਾਮਲ ਰਿਹਾ। ਹੈਦਰਪੋਰਾ ‘ਚ ਫ਼ੌਜ, ਸਿਲਵਰ ਸਟਾਰ ਹੋਟਲ, ਪੁਲੀਸ ਅਤੇ ਸੀਆਰਪੀਐਫ ਕੈਂਪਾਂ ‘ਤੇ ਹਮਲਿਆਂ ‘ਚ ਉਸ ਦੀ ਸ਼ਮੂਲੀਅਤ ਰਹੀ ਹੈ। ਉਸ ਨੂੰ ਆਧੁਨਿਕ ਹਥਿਆਰ ਚਲਾਉਣ ਦੀ ਪੂਰੀ ਸਿਖਲਾਈ ਮਿਲੀ ਹੋਈ ਹੈ।