ਸ਼ਿਵ ਸੈਨਾ ਪ੍ਰਧਾਨ ਨਿਸ਼ਾਂਤ ਨੂੰ ਠੱਗੀ ਦੇ ਕੇਸ ‘ਚ ਚਾਰ ਸਾਲ ਦੀ ਸਜ਼ਾ

ਸ਼ਿਵ ਸੈਨਾ ਪ੍ਰਧਾਨ ਨਿਸ਼ਾਂਤ ਨੂੰ ਠੱਗੀ ਦੇ ਕੇਸ ‘ਚ ਚਾਰ ਸਾਲ ਦੀ ਸਜ਼ਾ

ਰੂਪਨਗਰ/ਬਿਊਰੋ ਨਿਊਜ਼ :
ਸ਼ਿਵ ਸੈਨਾ (ਹਿੰਦ) ਦੇ ਕਥਿਤ ਪ੍ਰਧਾਨ ਤੇ ਧੋਖਾਧੜੀ ਦੇ ਅਨੇਕਾਂ ਮਾਮਲਿਆਂ ਵਿਚ ਕੇਸ ਭੁਗਤ ਰਹੇ ਨਿਸ਼ਾਂਤ ਸ਼ਰਮਾ ਨੂੰ ਠੱਗੀ ਮਾਰਨ ਦੇ ਇਕ ਕੇਸ ਵਿਚ ਚਾਰ ਸਾਲ ਦੀ ਕੈਦ ਦੀ ਸਜ਼ਾ ਹੋਈ ਹੈ। ਰੂਪਨਗਰ ਦੇ ਵਧੀਕ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਮਦਨ ਲਾਲ ਦੀ ਅਦਾਲਤ ਨੇ ਆਪਣੇ-ਆਪ ਨੂੰ ਸ਼ਿਵ ਸੈਨਾ (ਹਿੰਦ) ਦੇ ਕੌਮੀ ਪ੍ਰਧਾਨ ਕਹਿਣ ਵਾਲੇ ਨਿਸ਼ਾਂਤ ਸ਼ਰਮਾ ਨੂੰ ਚਾਰ ਸਾਲ ਦੀ ਕੈਦ ਤੇ 5 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਇਸ ਮਾਮਲੇ ਦੇ ਤਿੰਨ ਹੋਰ ਮੁਲਜ਼ਮ ਭਗੌੜੇ ਹਨ।
ਜ਼ਿਕਰਯੋਗ ਹੈ ਕਿ ਭਾਈ ਜਗਤਾਰ ਸਿੰਘ ਹਵਾਰਾ ‘ਤੇ ਹਮਲਾ ਕਰਨ ਤੋਂ ਬਾਅਦ ਇਹ ਕਥਿਤ ਆਗੂ ਕਾਫੀ ਚਰਚਾ ਵਿਚ ਆਇਆ ਸੀ। ਇਸ ਨੂੰ ਚੰਡੀਗੜ੍ਹ ਅਦਾਲਤ ਦੇ ਬਾਹਰ ਭਾਈ ਜਗਤਾਰ ਸਿੰਘ ਹਵਾਰਾ ਨੇ ਕਰਾਰਾ ਥੱਪੜ ਜੜ੍ਹਿਆ ਸੀ, ਜਿਸ ਦੀ ਵੀਡੀਓ ਸੋਸ਼ਲ ਮੀਡੀਆ ਵਿਚ ਛਾਈ ਰਹੀ ਸੀ।
ਜਾਣਕਾਰੀ ਅਨੁਸਾਰ ਕੁਰਾਲੀ ਪੁਲਿਸ ਨੇ ਸ਼ਿਵ ਸੈਨਾ ਹਿੰਦ ਦੇ ਉਕਤ ਕਥਿਤ ਕੌਮੀ ਪ੍ਰਧਾਨ ਨਿਸ਼ਾਂਤ ਸ਼ਰਮਾ ਵਿਰੁੱਧ ਸਾਲ 2011 ‘ਚ ਐਫਆਈਆਰ. ਨੰਬਰ 166 ਦਰਜ ਕੀਤੀ ਸੀ, ਜਿਸ ‘ਚ ਨਿਸ਼ਾਂਤ ਸ਼ਰਮਾ ਤੇ ਹੋਰ ਸਾਥੀਆਂ ਵਲੋਂ ਪਟੇਲ ਨਗਰ ਹਿਸਾਰ (ਹਰਿਆਣਾ) ਦੇ ਇਕ ਵਿਅਕਤੀ ਅਨਿਲ ਕੁਮਾਰ ਪੁੱਤਰ ਲਾਲ ਚੰਦ ਨਾਲ ਸੈਕਿੰਡ ਹੈਂਡ ਕਾਰ ਵੇਚਣ ਦੇ ਇਵਜ਼ ‘ਚ ਠੱਗੀ ਮਾਰ ਲਈ ਸੀ।
ਮਾਣਯੋਗ ਅਦਾਲਤ ਨੇ ਨਿਸ਼ਾਂਤ ਸ਼ਰਮਾ ਨੂੰ ਉਕਤ ਸਜ਼ਾ ਸੁਣਾ ਕੇ ਰੂਪਨਗਰ ਜੇਲ੍ਹ ਭੇਜ ਦਿੱਤਾ। ਸਜ਼ਾ ਸੁਣ ਕੇ ਬਾਹਰ ਆਏ ਸ਼ਿਵ ਸੈਨਾ ਪ੍ਰਧਾਨ ਨਿਸ਼ਾਂਤ ਸ਼ਰਮਾ ਦਾ ਰੰਗ ਉੱਡਿਆ ਹੋਇਆ ਸੀ। ਉਸ ਨੇ ਕਿਹਾ ਕਿ ਉਹ ਇਸ ਫ਼ੈਸਲੇ ਨੂੰ ਹਾਈਕੋਰਟ ‘ਚ ਚੁਣੌਤੀ ਦੇਵੇਗਾ।