ਪ੍ਰਧਾਨ ਨੂੰ ਸਜ਼ਾ ਤੋਂ ਬਾਅਦ ਚੀਫ ਖਾਲਸਾ ਦੀਵਾਨ ‘ਤੇ ਫਿਰ ਸੰਕਟ

ਪ੍ਰਧਾਨ ਨੂੰ ਸਜ਼ਾ ਤੋਂ ਬਾਅਦ ਚੀਫ ਖਾਲਸਾ ਦੀਵਾਨ ‘ਤੇ ਫਿਰ ਸੰਕਟ

ਅੰਮ੍ਰਿਤਸਰ/ਬਿਊਰੋ ਨਿਊਜ਼ :

ਸਦੀ ਪੁਰਾਣੀ ਵਕਾਰੀ ਸਿੱਖ ਸੰਸਥਾ ਚੀਫ ਖਾਲਸਾ ਦੀਵਾਨ ਤੇ ਪ੍ਰਧਾਨਗੀ ਦੇ ਅਹੁਦੇ ਨੂੰ ਲੈ ਕੇ ਬਣਿਆ ਸੰਕਟ ਇਸ ਵਰ੍ਹੇ ਦੂਜੀ ਵਾਰ ਉਭਰਿਆ ਹੈ। ਮੌਜੂਦਾ ਪ੍ਰਧਾਨ ਡਾ. ਸੰਤੋਖ ਸਿੰਘ ਨੂੰ ਅਦਾਲਤ ਵੱਲੋਂ ਸਜ਼ਾ ਸੁਣਾਏ ਜਾਣ ਮਗਰੋਂ ਉਨ੍ਹਾਂ ਪ੍ਰਧਾਨਗੀ ਤੋਂ ਅਸਤੀਫਾ ਦੇ ਦਿੱਤਾ ਹੈ। ਸੰਸਥਾ ਦੇ ਸੰਵਿਧਾਨ ਮੁਤਾਬਕ ਪ੍ਰਧਾਨ ਦੀ ਗੈਰ-ਹਾਜ਼ਰੀ ਵਿਚ ਪ੍ਰਧਾਨ ਦੇ ਅਹੁਦੇ ਦੀ ਜ਼ਿੰਮੇਵਾਰੀ ਸੰਸਥਾ ਦੇ ਸੀਨੀਅਰ ਮੀਤ ਪ੍ਰਧਾਨ ਵੱਲੋਂ ਨਿਭਾਈ ਜਾਂਦੀ ਹੈ ਜਿਸ ਤਹਿਤ ਹੁਣ ਸੀਨੀਅਰ ਮੀਤ ਪ੍ਰਧਾਨ ਧਨਰਾਜ ਸਿੰਘ ਸਿੱਖ ਸੰਸਥਾ ਦੇ ਕਾਰਜਕਾਰੀ ਪ੍ਰਧਾਨ ਹੋਣਗੇ।
ਇਸ ਦੀ ਪੁਸ਼ਟੀ ਕਰਦਿਆਂ ਦੀਵਾਨ ਦੇ ਆਨਰੇਰੀ ਜਨਰਲ ਸਕੱਤਰ ਨਰਿੰਦਰ ਸਿੰਘ ਖੁਰਾਣਾ ਨੇ ਦੱਸਿਆ ਕਿ ਮੌਜੂਦਾ ਸੰਕਟ ਦੌਰਾਨ ਸੰਵਿਧਾਨ ਮੁਤਾਬਕ ਧਨਰਾਜ ਸਿੰਘ ਕਾਰਜਕਾਰੀ ਪ੍ਰਧਾਨ ਹੋਣਗੇ।
ਇਥੇ ਦੱਸਣਯੋਗ ਹੈ ਕਿ ਇਸੇ ਵਰ੍ਹੇ ਦੇ ਸ਼ੁਰੂ ‘ਚ ਦੀਵਾਨ ਦੇ ਸਾਬਕਾ ਪ੍ਰਧਾਨ ਚਰਨਜੀਤ ਸਿੰਘ ਚੱਢਾ ਦੀ ਇਕ ਇਤਰਾਜ਼ਯੋਗ ਵੀਡਿਓ ਸਾਹਮਣੇ ਆਉਣ ਮਗਰੋਂ ਉਨ੍ਹਾਂ ਨੂੰ ਇਸ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ।

ਤਾਜ਼ਾ ਹਾਲਾਤ ਵਿਚ ਸਿੱਖ ਸੰਸਥਾ ਚੀਫ ਖਾਲਸਾ ਦੀਵਾਨ ਦੇ ਪ੍ਰਧਾਨ ਡਾ. ਸੰਤੋਖ ਸਿੰਘ ਨੂੰ ਜ਼ਮੀਨ ‘ਤੇ ਕਬਜ਼ੇ ਦੇ ਮਾਮਲੇ ਵਿਚ ਅਦਾਲਤ ਵਿਚ ਚਲ ਰਹੇ ਇਕ ਕੇਸ ਦੀ ਸੁਣਵਾਈ ਦੌਰਾਨ ਚੀਫ ਜੁਡੀਸ਼ੀਅਲ ਮੈਜਿਸਟਰੇਟ ਦੀ ਅਦਾਲਤ ਵੱਲੋਂ ਧੋਖਾਧੜੀ ਦੇ ਦੋਸ਼ ਹੇਠ ਪੰਜ ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। ਇਹ ਸਜ਼ਾ ਸੁਣਾਏ ਜਾਣ ਮਗਰੋਂ ਉਨ੍ਹਾਂ ਨੂੰ ਪੁਲੀਸ ਨੇ ਹਿਰਾਸਤ ਵਿਚ ਲੈ ਲਿਆ। ਇਹ ਮਾਮਲਾ ਰਾਜਾਸਾਂਸੀ ਵਾਸੀ ਮਨਜੀਤ ਸਿੰਘ ਅਤੇ ਮਹਿੰਦਰ ਸਿੰਘ ਵੱਲੋਂ ਡਾ. ਸੰਤੋਖ ਸਿੰਘ, ਉਨ੍ਹਾਂ ਦੇ ਭਰਾ ਇੰਦਰਪਾਲ ਸਿੰਘ ਅਤੇ ਦੋ ਹੋਰ ਵਿਅਕਤੀਆਂ ਖ਼ਿਲਾਫ਼ ਅਦਾਲਤ ਵਿਚ ਦਾਇਰ ਕੀਤਾ ਗਿਆ ਸੀ, ਜਿਸ ਦੀ ਪਿਛਲੇ ਕੁਝ ਸਾਲਾਂ ਤੋਂ ਸੁਣਵਾਈ ਚੱਲ ਰਹੀ ਸੀ। ਇਨ੍ਹਾਂ ਦੋਵਾਂ ਵਿਅਕਤੀਆਂ ਨੇ ਦੋਸ਼ ਲਾਇਆ ਸੀ ਕਿ ਉਨ੍ਹਾਂ ਦੇ ਪੁਰਖਿਆਂ ਦੀ 12 ਕਨਾਲ 11 ਮਰਲੇ ਜ਼ਮੀਨ ‘ਤੇ ਇਨ੍ਹਾਂ ਨੇ ਧੱਕੇ ਨਾਲ ਕਬਜ਼ਾ ਕਰ ਲਿਆ ਹੈ। ਇਹ ਜ਼ਮੀਨ ਹਵਾਈ ਅੱਡਾ ਰੋਡ ‘ਤੇ ਪਿੰਡ ਹੇਰ ਵਿਖੇ ਹੈ। ਸ਼ਿਕਾਇਤਕਰਤਾ ਨੇ ਦਾਅਵਾ ਕੀਤਾ ਸੀ ਕਿ ਇਹ ਜ਼ਮੀਨ ਉਨ੍ਹਾਂ ਦੇ ਪੁਰਖਿਆਂ ਭਾਈ ਬਿਸ਼ਨ ਸਿੰਘ ਅਤੇ ਭਾਈ ਗੋਪਾਲ ਦਾਸ ਦੀ ਹੈ। ਇਸ ਮਾਮਲੇ ਦੀ ਅਦਾਲਤੀ ਸੁਣਵਾਈ ਦੌਰਾਨ ਡਾ. ਸੰਤੋਖ ਸਿੰਘ ਅਤੇ ਉਸ ਦੇ ਭਰਾ ਵੱਲੋਂ ਸਬੰਧਤ ਜ਼ਮੀਨ ਦੀ ਰਜਿਸਟਰੀ ਹੋਣ ਦਾ ਦਾਅਵਾ ਕੀਤਾ ਗਿਆ ਸੀ। ਆਪਣੇ ਦਾਅਵੇ ਵਿਚ ਡਾ. ਸੰਤੋਖ ਸਿੰਘ ਆਦਿ ਨੇ ਆਖਿਆ ਸੀ ਕਿ ਇਹ ਜ਼ਮੀਨ ਉਨ੍ਹਾਂ ਨੂੰ ਭਾਈ ਬਿਸ਼ਨ ਸਿੰਘ ਅਤੇ ਭਾਈ ਗੋਪਾਲ ਦਾਸ ਨੇ ਸੰਨ 1967 ਵਿੱਚ ਵੇਚੀ ਸੀ। ਜਦੋਂਕਿ ਦੂਜੀ ਧਿਰ ਵੱਲੋਂ ਇਸ ਦਾਅਵੇ ਨੂੰ ਗਲਤ ਕਰਾਰ ਦਿੰਦਿਆਂ ਆਖਿਆ ਕਿ ਭਾਈ ਬਿਸ਼ਨ ਸਿੰਘ ਸੰਨ 1950 ਵਿੱਚ ਅਤੇ ਭਾਈ ਗੋਪਾਲ ਦਾਸ ਸੰਨ 1940 ਵਿਚ ਅਕਾਲ ਚਲਾਣਾ ਕਰ ਗਏ ਸਨ। ਅਜਿਹੀ ਸਥਿਤੀ ਵਿਚ ਸੰਨ 1967 ਵਿਚ ਇਸ ਜ਼ਮੀਨ ਦੀ ਰਜਿਸਟਰੀ ਡਾ. ਸੰਤੋਖ ਸਿੰਘ ਤੇ ਹੋਰਨਾਂ ਦੇ ਨਾਂ ਤੇ ਕਿਵੇਂ ਹੋ ਸਕਦੀ ਹੈ। ਸ਼ਿਕਾਇਤਕਰਤਾ ਧਿਰ ਦੇ ਵਕੀਲ ਅਜੈ ਵਰਮਾਨੀ ਨੇ ਦੱਸਿਆ ਕਿ ਅਦਾਲਤ ਨੇ ਡਾ. ਸੰਤੋਖ ਸਿੰਘ ਨੂੰ ਆਈਪੀਸੀ ਦੀ ਧਾਰਾ 465, 467, 468, 471 ਅਤੇ 120ਬੀ ਹੇਠ ਦੋਸ਼ੀ ਕਰਾਰ ਦਿੱਤਾ ਹੈ, ਜਦੋਂਕਿ ਉਨ੍ਹਾਂ ਦੇ ਭਰਾ ਇੰਦਰਪਾਲ ਸਿੰਘ ਨੂੰ ਅਦਾਲਤ ਵਿੱਚ ਪੇਸ਼ ਨਾ ਹੋਣ ਕਾਰਨ ਭਗੌੜਾ ਕਰਾਰ ਦਿੱਤਾ ਜਾ ਚੁੱਕਾ ਹੈ।