ਕੇਜਰੀਵਾਲ ਵੱਲੋਂ ਪੰਜਾਬ ਵਿਚ ਮੁੜ ਤੋਂ ‘ਝਾੜੂ’ ‘ਕੱਠਾ ਕਰਨ ਦੀਆਂ ਕੋਸ਼ਿਸ਼ਾਂ

ਕੇਜਰੀਵਾਲ ਵੱਲੋਂ ਪੰਜਾਬ ਵਿਚ ਮੁੜ ਤੋਂ ‘ਝਾੜੂ’ ‘ਕੱਠਾ ਕਰਨ ਦੀਆਂ ਕੋਸ਼ਿਸ਼ਾਂ

ਚੰਡੀਗੜ੍ਹ/ਬਿਊਰੋ ਨਿਊਜ਼ :
ਪੰਜਾਬ ਵਿਚ ਪਾਟੋਧਾੜ ਹੋਣ ਤੋਂ ਬਾਅਦ ‘ਆਪ’ ਨੇ ਪੁਰਾਣੇ ਆਗੂਆਂ ਨੂੰ ਮੁੱਖਧਾਰਾ ਵਿੱਚ ਲਿਆਉਣ ਦਾ ਫ਼ੈਸਲਾ ਕੀਤਾ ਹੈ। ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਰੁੱਸੇ ਆਗੂਆਂ ਅਤੇ ਬਾਗ਼ੀਆਂ ਨੂੰ ਵਾਪਸ ਲਿਆਉਣ ਲਈ ਕਿਹਾ ਹੈ। ਅਰਵਿੰਦ ਕੇਜਰੀਵਾਲ ਦੀਆਂ ਹਦਾਇਤਾਂ ਉਤੇ ਆਮ ਆਦਮੀ ਪਾਰਟੀ (ਆਪ) ਦੇ ਆਗੂਆਂ ਵੱਲੋਂ ਪਾਰਟੀ ਦੇ ਨਾਰਾਜ਼ ਚੱਲ ਰਹੇ ਅਤੇ ਬੀਤੇ ਵਿਚ ਕੱਢੇ ਹੋਏ ਆਗੂਆਂ ਦੀ ਘਰ ਵਾਪਸੀ ਲਈ ਚਲਾਈ ਮੁਹਿੰਮ ਦੇ ਤਹਿਤ ਸਾਬਕਾ ਪ੍ਰਧਾਨ ਸੁੱਚਾ ਸਿੰਘ ਛੋਟੇਪੁਰ ਨਾਲ ਮੀਟਿੰਗ ਕੀਤੀ ਗਈ ।
ਪਾਰਟੀ ਸੂਤਰਾਂ ਮੁਤਾਬਕ ਛੋਟੇਪੁਰ ਨਾਲ ਗੱਲਬਾਤ ਕਰਨ ਵਾਲਿਆਂ ਵਿਚ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ, ਡਾ. ਬਲਬੀਰ ਸਿੰਘ, ਮਹਿਲਾ ਆਗੂ ਤੇ ਵਿਧਾਇਕਾ ਪ੍ਰੋ. ਬਲਜਿੰਦਰ ਕੌਰ, ਕਰਨਵੀਰ ਸਿੰਘ ਟਿਵਾਣਾ, ਮਨਜੀਤ ਸਿੰਘ ਬਿੱਟੀ ਅਤੇ ਹੋਰ ਸ਼ਾਮਲ ਸਨ। ਮੁਹਾਲੀ ਵਿਚ ਸ੍ਰੀ ਛੋਟੇਪੁਰ ਦੇ ਘਰ ਹੋਈ ਮੀਟਿੰਗ ਦੌਰਾਨ ਉਨ੍ਹਾਂ ਵੱਡੇ ਸਵਾਲ ਖੜ੍ਹੇ ਕਰਦਿਆਂ ਪਾਰਟੀ ਦੀ ਲੀਡਰਸ਼ਿਪ ਦੀ ਕਾਰਗੁਜ਼ਾਰੀ ‘ਤੇ  ਟਿੱਪਣੀਆਂ ਕੀਤੀਆਂ। ਸੁੱਚਾ ਸਿੰਘ ਛੋਟੇਪੁਰ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਜਦੋਂ ਉਨ੍ਹਾਂ (ਛੋਟੇਪੁਰ) ‘ਤੇ ਝੂਠੇ ਦੋਸ਼ ਲਾ ਕੇ ਕੱਢ ਦਿੱਤਾ ਗਿਆ ਸੀ ਤਾਂ ਨਾ ਕੇਵਲ ਪਾਰਟੀ ਸਗੋਂ ਪੰਜਾਬ ਦਾ ਵੀ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਪਾਰਟੀ ਦੇ ਵਾਲੰਟੀਅਰਾਂ ਅਤੇ ਨੇਤਾਵਾਂ ਨੇ ਦਿਨ ਰਾਤ ਮਿਹਨਤ ਕਰ ਕੇ ਪਾਰਟੀ ਦੇ ਪੱਖ ਵਿੱਚ ਮਾਹੌਲ ਸਿਰਜ ਦਿੱਤਾ ਸੀ ਪਰ ਜਦੋਂ ਸੀਨੀਅਰ ਆਗੂਆਂ ਨੂੰ ਹੀ ਛਾਂਗਣਾ ਸ਼ੁਰੂ ਕਰ ਦਿੱਤਾ ਤਾਂ ਲੋਕਾਂ ਵਿੱਚ ਗ਼ਲਤ ਸੰਦੇਸ਼ ਗਿਆ ਜਿਸ ਦਾ ਖਮਿਆਜਾ ਸਭ ਨੂੰ ਹੀ ਭੁਗਤਣਾ ਪਿਆ। ਉਨ੍ਹਾਂ ਪੁੱਛਿਆ ”ਮੇਰਾ ਜੋ ਨੁਕਸਾਨ ਹੋਇਆ, ਉਸ ਦੀ ਭਰਪਾਈ ਕੌਣ ਕਰੇਗਾ ਤੇ ਕਿਵੇਂ ਹੋਵੇਗੀ?” ਆਪ ਨੇਤਾਵਾਂ ਨੇ ਠੰਢ ਠੰਢਾਅ ਦੇ ਯਤਨ ਕਰਦਿਆਂ ਕਿਹਾ ਕਿ ਉਸ ਸਮੇਂ ਪਾਰਟੀ ਤੋਂ ਗਲਤੀਆਂ ਹੋਈਆਂ ਹਨ ਤੇ ਇਸ ਵਿਚ ਇਹ ਗਲਤੀ ਵੀ ਸੀ ਪਰ ਹੁਣ ਜੇਕਰ ਸਾਰੇ ਇਕੱਠੇ ਹੋ ਕੇ ਚੱਲੀਏ ਤਾਂ ਬਿਹਤਰ ਨਤੀਜੇ ਆ ਸਕਦੇ ਹਨ। ਉਧਰ ਆਪ ਦੇ ਇੱਕ ਆਗੂ ਦਾ ਕਹਿਣਾ ਹੈ ਕਿ ਇਹ ਪਹਿਲੀ ਮੀਟਿੰਗ ਸੀ ਤੇ ਜ਼ਾਹਰਾ ਤੌਰ ‘ਤੇ ਸ੍ਰੀ ਛੋਟੇਪੁਰ ਨੇ ਆਪਣਾ ਗੁੱਸਾ ਕੱਢਣਾ ਹੀ ਸੀ। ਇਸ ਆਗੂ ਦਾ ਕਹਿਣਾ ਹੈ ਕਿ ਪਾਰਟੀ ਵਿੱਚੋਂ ਬਾਹਰ ਗਏ ਆਗੂਆਂ ਨੂੰ ਪਾਰਟੀ ਵਿੱਚ ਲਿਆਉਣ ਦੀਆਂ ਕੋਸ਼ਿਸ਼ਾਂ ਜਾਰੀ ਰਹਿਣਗੀਆਂ ਅਤੇ ਪਟਿਆਲਾ ਤੋਂ ਸੰਸਦ ਮੈਂਬਰ ਧਰਮਵੀਰ ਗਾਂਧੀ ਨੂੰ ਵੀ ‘ਆਪ’ ਵਿਚ ਲਿਆਉਣ ਦੇ ਯਤਨ ਕੀਤੇ ਜਾਣਗੇ।
ਉਧਰ ਆਮ ਆਦਮੀ ਪਾਰਟੀ ਦੇ ਬਾਗ਼ੀ ਐਮਪੀ ਡਾ. ਧਰਮਵੀਰ ਗਾਂਧੀ ਦੇ ਮੁੜ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਕੇ ਸਰਗਰਮ ਭੂਮਿਕਾ ਨਿਭਾਉਣ ਲਈ ਮੰਨਣ ਦੀਆਂ ਖਬਰਾਂ ਹਨ। ਸ਼ਾਇਦ ਉਹ ਮੁੜ ਪਟਿਆਲਾ ਤੋਂ ਐਮਪੀ ਦੀ ਚੋਣ ਵੀ ਲੜਨਗੇ। ਇਸ ਦੌਰਾਨ ਡਾ. ਗਾਂਧੀ ਨੇ ਸੁਖਪਾਲ ਸਿੰਘ ਖਹਿਰਾ ਵੱਲੋਂ ਪੰਜਾਬ ਲਈ ਮੰਗੀ ਜਾ ਰਹੀ ਖ਼ੁਦਮੁਖ਼ਤਾਰੀ ਨੂੰ ਮਾਮੂਲੀ ਦੱਸਦਿਆਂ ਕਿਹਾ ਕਿ ਉਹ ਸਿਰਫ਼ ਪੰਜਾਬ ਲਈ ਨਹੀਂ ਸਗੋਂ ਭਾਰਤ ਦੇ ਸਾਰੇ ਰਾਜਾਂ ਲਈ ਖ਼ੁਦਮੁਖ਼ਤਾਰੀ ਮੰਗ ਰਹੇ ਹਨ।
ਜਾਣਕਾਰੀ ਅਨੁਸਾਰ ‘ਆਪ’ ਆਗੂ ਸੰਜੇ ਸਿੰਘ ਨੇ ਡਾ. ਧਰਮਵੀਰ ਗਾਂਧੀ ਨਾਲ ਉਨ੍ਹਾਂ ਦੀ ਰਿਹਾਇਸ਼ ‘ਤੇ ਲਗਪਗ ਡੇਢ ਘੰਟਾ ਮੀਟਿੰਗ ਕੀਤੀ। ਇਸ ਦੌਰਾਨ ਉਨ੍ਹਾਂ ਮੁਲਕ ਦੇ ਸਿਆਸੀ ਮਸਲਿਆਂ ਸਮੇਤ ਪੰਜਾਬ ਵਿੱਚ ‘ਆਪ’ ਦੀ ਮਾੜੀ ਹਾਲਤ ਬਾਰੇ ਗੱਲਬਾਤ ਕੀਤੀ। ਸੂਤਰਾਂ ਮੁਤਾਬਕ ਮੀਟਿੰਗ ਦੌਰਾਨ ਸੰਜੇ ਸਿੰਘ ਨੇ ਡਾ. ਗਾਂਧੀ ਨੂੰ ਕਿਹਾ ਕਿ ਉਹ ਪਾਰਟੀ ਵਿੱਚ ਆਉਣ ਤੇ ਆਪਣੀਆਂ ਸ਼ਰਤਾਂ ਕੁਝ ਨਰਮ ਕਰਦੇ ਹੋਏ ਪਾਰਟੀ ਦੀ ਭਲਾਈ ਲਈ ਕੰਮ ਕਰਨ। ਉਨ੍ਹਾਂ ਡਾ. ਗਾਂਧੀ ਨੂੰ ਪਟਿਆਲਾ ਸੰਸਦੀ ਸੀਟ ਤੋਂ ਆਮ ਆਦਮੀ ਪਾਰਟੀ ਵੱਲੋਂ ਚੋਣ ਲੜਨ ਲਈ ਵੀ ਬੇਨਤੀ ਕੀਤੀ। ਡਾ. ਗਾਂਧੀ ਨੇ ਸੰਜੇ ਸਿੰਘ ਨਾਲ ਮੀਟਿੰਗ ਦੀ ਪੁਸ਼ਟੀ ਕਰਦਿਆਂ ਕਿਹਾ ਕਿ ‘ਆਪ’ ਆਗੂ ਨੇ ਉਨ੍ਹਾਂ ਨੂੰ ਆਪਣੀਆਂ ਕੁਝ ਸ਼ਰਤਾਂ ਨਰਮ ਕਰਕੇ ਪਾਰਟੀ ਵਿੱਚ ਧੜੱਲੇ ਨਾਲ ਕੰਮ ਕਰਨ ਲਈ ਕਿਹਾ ਹੈ। ਡਾ. ਗਾਂਧੀ ਨੇ ਕਿਹਾ ਕਿ ਉਨ੍ਹਾਂ ਦੀ ਮੰਗ ਸਿਰਫ਼ ਏਨੀ ਹੈ ਕਿ ਸਾਰੇ ਰਾਜਾਂ ਦੀ ਮੌਲਿਕਤਾ ਨੂੰ ਵਧਣ ਫੁੱਲਣ ਦਾ ਮੌਕਾ ਦਿੱਤਾ ਜਾਵੇ। ਇਸ ਬਾਰੇ ਸੰਜੇ ਸਿੰਘ ਨੇ ਵੀ ਹਾਮੀ ਭਰੀ ਹੈ, ਪਰ ਉਨ੍ਹਾਂ ਮੀਟਿੰਗ ਵਿੱਚ ਹੋਈ ਗੱਲਬਾਤ ਬਾਰੇ ਕੋਈ ਹੋਰ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ।