ਗੁਰੂ ਅਰਜਨ ਦੇਵ ਜੀ ਨਾਲ ਸਬੰਧਤ ਪੁਰਾਤਨ ਦਰਸ਼ਨੀ ਡਿਓੜੀ ਢਾਹੁਣ ਦਾ ਸਿੱਖ ਸੰਗਤ ਵੱਲੋਂ ਵਿਰੋਧ

ਗੁਰੂ ਅਰਜਨ ਦੇਵ ਜੀ ਨਾਲ ਸਬੰਧਤ ਪੁਰਾਤਨ ਦਰਸ਼ਨੀ ਡਿਓੜੀ ਢਾਹੁਣ ਦਾ ਸਿੱਖ ਸੰਗਤ ਵੱਲੋਂ ਵਿਰੋਧ

ਤਰਨ ਤਾਰਨ/ਬਿਊਰੋ ਨਿਊਜ਼ :
ਸਿੱਖ ਧਰਮ ਦੇ ਪੰਜਵੇਂ ਗੁਰੂ ਨਾਲ ਸਬੰਧਤ ਇਤਿਹਾਸਕ ਅਸਥਾਨ ਗੁਰਦੁਆਰਾ ਸਾਹਿਬ ਸ੍ਰੀ ਦਰਬਾਰ ਸਾਹਿਬ ਤਰਨ ਤਾਰਨ ਦੀ 200 ਸਾਲ ਤੋਂ ਵੱਧ ਪੁਰਾਤਨ ਅਤੇ ਵਿਰਾਸਤੀ ਦਰਸ਼ਨੀ ਡਿਓੜੀ ਨੂੰ ਢਾਹ ਕੇ ਉਸ ਥਾਂ ਨਵੀਂ ਇਮਾਰਤ ਬਣਾਉਣ ਦਾ ਸਿੱਖ ਸੰਗਤ ਵਲੋਂ ਇਸ ਦਾ ਭਾਰੀ ਵਿਰੋਧ ਕੀਤਾ ਜਾ ਰਿਹਾ ਹੈ।
ਜ਼ਿਕਰਯੋਗ ਹੈ ਕਿ ਦਰਬਾਰ ਸਾਹਿਬ ਦੀ ਇਸ ਪੁਰਾਤਨ ਡਿਓੜੀ ਨੂੰ ਮਹਾਰਾਜਾ ਰਣਜੀਤ ਸਿੰਘ ਦੇ ਪੋਤਰੇ ਕੰਵਰ ਨੌਨਿਹਾਲ ਸਿੰਘ ਨੇ ਬਣਵਾਇਆ ਸੀ। ਸ਼੍ਰੋਮਣੀ ਕਮੇਟੀ ਵਲੋਂ ਇਸ ਅਸਥਾਨ ਦੀ ਕਾਰ ਸੇਵਾ ਬਾਬਾ ਜਗਤਾਰ ਸਿੰਘ ਕਾਰ ਸੇਵਾ ਵਾਲਿਆਂ ਨੂੰ ਦਿੱਤੀ ਗਈ ਹੈ। ਮਿਲੀ ਜਾਣਕਾਰੀ ਮੁਤਾਬਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਜਥੇ. ਗੁਰਬਚਨ ਸਿੰਘ ਕਰਮੂਵਾਲਾ, ਸ਼੍ਰੋਮਣੀ ਕਮੇਟੀ ਮੈਂਬਰ ਖੁਸ਼ਵਿੰਦਰ ਸਿੰਘ ਭਾਟੀਆ ਤੇ ਬਾਬਾ ਜਗਤਾਰ ਸਿੰਘ ਦੀ ਹਾਜ਼ਰੀ ਵਿਚ ਅਰਦਾਸ ਕਰਕੇ ਜਦ ਦਰਸ਼ਨੀ ਡਿਓੜੀ ਨੂੰ ਢਾਹੁਣ ਲਈ ਟੱਕ ਲਗਾਏ ਗਏ ਤਾਂ ਉੱਥੇ ਹਾਜ਼ਰ ਸਿੱਖ ਸੰਗਤ ਵਲੋਂ ਇਸ ਦਾ ਭਾਰੀ ਵਿਰੋਧ ਕੀਤਾ ਗਿਆ।ਸੰਗਤ ਦਾ ਕਹਿਣਾ ਸੀ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਇਤਿਹਾਸਕ ਗੁਰਦੁਆਰਾ ਸਾਹਿਬ ਦੀ ਪੁਰਾਤਨ ਦਰਸ਼ਨੀ ਡਿਓੜੀ ਨੂੰ ਬਿਨ੍ਹਾਂ ਵਜ੍ਹਾ ਢਾਹਿਆ ਜਾ ਰਿਹਾ ਹੈ। ਇਸ ਮੌਕੇ ਹਾਜ਼ਰ ਸੰਗਤ ਵਲੋਂ ਪਵਨਜੀਤ ਸਿੰਘ ਖ਼ਾਲਸਾ, ਹਰਪ੍ਰੀਤ ਸਿੰਘ ਖ਼ਾਲਸਾ, ਦਵਿੰਦਰ ਸਿੰਘ ਸ਼ੰਮਾ, ਬੀਬੀ ਰਣਜੀਤ ਕੌਰ ਸ੍ਰੀ ਕਲਗੀਧਰ ਸੇਵਕ ਜਥਾ ਅੰਮ੍ਰਿਤਸਰ, ਅਵਤਾਰ ਸਿੰਘ, ਰੁਪਿੰਦਰ ਸਿੰਘ, ਬਲਜੀਤ ਸਿੰਘ ਰੰਧਾਵਾ, ਸਿਮਰਨਜੀਤ ਸਿੰਘ ਬਹਿਲਾ, ਸਕੱਤਰ ਸਿੰਘ, ਵਰਿੰਦਰ ਸਿੰਘ, ਸੁਰਿੰਦਰ ਸਿੰਘ ਜੱਜ, ਗੁਰਪ੍ਰੀਤ ਸਿੰਘ, ਬਲਰਾਜ ਸਿੰਘ ਰੰਧਾਵਾ, ਅਮਨਦੀਪ ਸਿੰਘ ਆਦਿ ਤੋਂ ਇਲਾਵਾ ਹੋਰ ਸੰਗਤ ਨੇ ਕਾਰ ਸੇਵਾ ਵਾਲੇ ਬਾਬੇ ਤੇ ਸ਼੍ਰੋਮਣੀ ਕਮੇਟੀ ਦੇ ਇਸ ਕਾਰਜ ਦੀ ਵਿਰੋਧਤਾ ਕੀਤੀ ਤੇ ਕਿਹਾ ਕਿ ਉਹ ਕਿਸੇ ਕੀਮਤ ‘ਤੇ ਵੀ ਇਸ ਪੁਰਾਤਨ ਇਤਿਹਾਸਕ ਇਮਾਰਤ ਨੂੰ ਤੋੜਨ ਨਹੀਂ ਦੇਣਗੇ।
ਹਾਜ਼ਰ ਸੰਗਤ ਨੇ ਕਿਹਾ ਕਿ ਦਰਸ਼ਨੀ ਡਿਓੜੀ ਦੀ ਹਾਲਤ ਬਹੁਤ ਵਧੀਆ ਹੈ ਤੇ ਜੇਕਰ ਕੁਝ ਕਮੀਆਂ ਪੇਸ਼ੀਆਂ ਹਨ ਤਾਂ ਇਸ ਨੂੰ ਮਾਹਿਰ ਕਾਰੀਗਰਾਂ ਨੂੰ ਬੁਲਾ ਕੇ ਠੀਕ ਕਰਨ ਤੋਂ ਬਾਅਦ ਵਧੀਆ ਤਰੀਕੇ ਨਾਲ ਸੰਭਾਲਿਆ ਜਾ ਸਕਦਾ ਹੈ ਪਰ ਇਸ ਪੁਰਾਤਨ ਇਮਾਰਤ ਨੂੰ ਤੋੜਨ ਨਹੀਂ ਦਿੱਤਾ ਜਾਵੇਗਾ।
ਸੰਗਤ ਦੇ ਰੋਹ ਨੂੰ ਦੇਖਦਿਆਂ ਹੋਇਆਂ ਮੌਕੇ ‘ਤੇ ਪੁਰਾਤਨ ਦਰਸ਼ਨੀ ਡਿਓੜੀ ਨੂੰ ਢਾਹੁਣ ਦਾ ਕੰਮ ਰੋਕ ਦਿੱਤਾ ਗਿਆ ਤੇ ਇਹ ਸਾਰਾ ਮਾਮਲਾ ਸ਼੍ਰੋਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਤੇ ਸਕੱਤਰ ਰੂਪ ਸਿੰਘ ਦੇ ਧਿਆਨ ਵਿਚ ਲਿਆਉਣ ‘ਤੇ ਦਰਸ਼ਨੀ ਡਿਓੜੀ ਨੂੰ ਢਾਹੁਣ ‘ਤੇ ਰੋਕ ਲਗਾ ਦਿੱਤੀ ਗਈ।
ਜਾਣਕਾਰੀ ਅਨੁਸਾਰ ਪਹਿਲਾਂ ਵੀ ਇਤਿਹਾਸਕ ਗੁਰਘਰਾਂ ਵਿਚ ਪੁਰਾਤਨ ਮੀਨਾਕਾਰੀ ਤੇ ਹੋਰਨਾਂ ਥਾਵਾਂ ਨੂੰ ਢਾਹ ਕੇ ਨਵੇਂ ਬਣਾਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਕਾਰ ਸੇਵਾ ਵਾਲੇ ਬਾਬਿਆਂ ਨੂੰ ਸੇਵਾ ਦਿੱਤੀ ਗਈ ਹੈ, ਜਿੱਥੇ ਸੇਵਾ ਦੌਰਾਨ ਕਾਰ ਸੇਵਾ ਵਾਲੇ ਬਾਬਿਆਂ ਵਲੋਂ ਗੁਰਦੁਆਰਾ ਸਾਹਿਬ ਅੰਦਰ ਆਪਣੀਆਂ ਗੋਲਕਾਂ ਲਗਾ ਕੇ ਸੇਵਾ ਲਈ ਜਾ ਰਹੀ ਹੈ।ਸ੍ਰੀ ਦਰਬਾਰ ਸਾਹਿਬ ਤਰਨ ਤਾਰਨ ਦੀ 200 ਸਾਲ ਤੋਂ ਵੱਧ ਪੁਰਾਤਨ ਇਸ ਦਰਸ਼ਨੀ ਡਿਓੜੀ ਦੀ ਮੌਜੂਦਾ ਹਾਲਤ ਏਨੀ ਮਾੜੀ ਵੀ ਨਹੀਂ ਹੈ ਕਿ ਇਸ ਨੂੰ ਢਾਹ ਕੇ ਨਵੀਂ ਬਣਾਉਣ ਦੀ ਨੌਬਤ ਆ ਸਕੇ।
ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਸਕੱਤਰ ਜਥੇ. ਮਨਜੀਤ ਸਿੰਘ ਤਰਨ ਤਾਰਨੀ ਨੇ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਦੀ ਮੁੱਖ ਦਰਸ਼ਨੀ ਡਿਓੜੀ 200 ਸਾਲ ਤੋਂ ਵੱਧ ਪੁਰਾਣੀ ਹੈ। ਸਿੱਖ ਵਿਰਾਸਤੀ ਨੂੰ ਖ਼ਤਮ ਕਰਨਾ ਸਿੱਖੀ ਦੀ ਸੇਵਾ ਨਹੀਂ ਹੈ। ਇਤਿਹਾਸ ਇਹ ਗਵਾਹੀ ਭਰਦਾ ਹੈ ਕਿ ਦਰਸ਼ਨੀ ਡਿਓੜੀ ਦੀ ਇਹ ਇਮਾਰਤ ਇਕ ਨਾਇਬ ਤਹਿਸੀਲਦਾਰ ਮੁਸਲਮਾਨ ਵਲੋਂ ਸ਼ਰਧਾ ਤੇ ਸਤਿਕਾਰ ਨਾਲ ਬਣਵਾਈ ਗਈ ਸੀ। ਅਜਿਹੀਆਂ ਵਿਰਾਸਤਾਂ ਸ਼੍ਰੋਮਣੀ ਕਮੇਟੀ ਨੂੰ ਸਾਂਭ ਕੇ ਰੱਖਣੀਆਂ ਚਾਹੀਦੀਆਂ ਹਨ।