ਆਰਐਸਐਸ ਮੁਖੀ ਮੋਹਨ ਭਾਗਵਤ ਤੇ ਯੋਗੀ ਆਦਿੱਤਿਆਨਾਥ ਦੀ ਅਮਰੀਕਾ ਫੇਰੀ ਦਾ ਵਿਰੋਧ

ਆਰਐਸਐਸ ਮੁਖੀ ਮੋਹਨ ਭਾਗਵਤ ਤੇ ਯੋਗੀ ਆਦਿੱਤਿਆਨਾਥ ਦੀ ਅਮਰੀਕਾ ਫੇਰੀ ਦਾ ਵਿਰੋਧ

ਨਵੀਂ ਦਿੱਲੀ/ਬਿਊਰੋ ਨਿਊਜ਼ :
ਨਿਊਯਾਰਕ ਆਧਾਰਤ ਸਿੱਖ ਸੰਸਥਾ ਈਸਟ ਕੋਸਟ ਸਿੱਖ ਕੋਆਰਡੀਨੇਸ਼ਨ ਕਮੇਟੀ ਅਤੇ ਹੋਰ ਹਮਖ਼ਿਆਲੀ ਜਥੇਬੰਦੀਆਂ ਦਾ ਕਹਿਣਾ ਹੈ ਕਿ ਆਰਐਸਐਸ ਮੁਖੀ ਮੋਹਨ ਭਾਗਵਤ ਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੋਵੇਂ ਲੀਡਰ ਸਿੱਖਾਂ ਦੇ ਓਹਲੇ ਹਿੰਦੂਤਵ ਦਾ ਪ੍ਰਚਾਰ ਕਰਨ ਲਈ ਆ ਰਹੇ ਹਨ। ਇਸ ਕਰਕੇ ਦੋਵਾਂ ਆਗੂਆਂ ਨੂੰ ਆਪਣੀ ਅਮਰੀਕਾ ਫੇਰੀ ਦੌਰਾਨ ਵਿਰੋਧ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਦੋਵਾਂ ਆਗੂਆਂ ਨੂੰ ਸੱਤ ਤੋਂ ਨੌਂ ਸਤੰਬਰ ਤਕ ਸ਼ਿਕਾਗੋ ਦੌਰੇ ਦੌਰਾਨ ਘੇਰਨ ਲਈ ਈਸਟ ਕੋਸਟ ਦੀ ਸਿੱਖ ਕੋਆਰਡੀਨੇਸ਼ਨ ਕਮੇਟੀ ਨੇ ਆਪਣੀਆਂ ਸਰਗਰਮੀਆਂ ਵਧਾ ਦਿੱਤੀਆਂ ਹਨ।
ਨਿਊਯਾਰਕ ਆਧਾਰਤ ਸਿੱਖ ਸੰਸਥਾ ਨੇ ਹੋਰ ਹਮਖ਼ਿਆਲੀ ਜਥੇਬੰਦੀਆਂ ਨੂੰ ਵੀ ਲਾਮਬੰਦ ਕਰਨਾ ਸ਼ੁਰੂ ਕਰ ਦਿੱਤਾ ਹੈ। ਭਾਗਵਤ ਤੇ ਯੋਗੀ ਨੇ ਸ਼ਿਕਾਗੋ ਦੇ ਹੋਟਲ ਲੋਮਬਾਰਡ ਵਿਚ ਭਾਰਤੀ ਮੂਲ ਦੇ ਲੋਕਾਂ ਨਾਲ ਮਿਲਣੀ ਕਰਨੀ ਹੈ।
ਸਿੱਖ ਕਮੇਟੀ ਨੇ ਘਿਰਾਓ ਦੇ ਸੱਦੇ ਦੇ ਪੋਸਟਰਾਂ ਦੇ ਨਾਲ-ਨਾਲ ਦੋਵਾਂ ਹਿੰਦੂ ਲੀਡਰਾਂ ਦੇ ਚਿੱਤਰ ਵੀ ਤਿਆਰ ਕੀਤੇ ਹਨ, ਜਿਨ੍ਹਾਂ ਵਿਚ ਲਿਖਿਆ ਹੋਇਆ ਹੈ ਕਿ ”ਅਸੀਂ ਫਿਰ ਨਹੀਂ ਆਵਾਂਗੇ।” ਜਥੇਬੰਦੀ ਦਾ ਇਲਜ਼ਾਮ ਹੈ ਕਿ ਦੋਵੇਂ ਲੀਡਰ ਸਿੱਖਾਂ ਦੇ ਓਹਲੇ ਆਪਣਾ ਹਿੰਦੂਤਵ ਦਾ ਪ੍ਰਚਾਰ ਕਰਨ ਲਈ ਆ ਰਹੇ ਹਨ।