ਜਸਟਿਸ ਰਿਪੋਰਟ ਦੇ ਖੁਲਾਸਿਆਂ ਤੋਂ ਬਾਅਦ ਅਕਾਲੀਆਂ ਦਾ ਘਰਾਂ ‘ਚੋਂ ਨਿਕਲਣਾ ਹੋਇਆ ਔਖਾ

ਜਸਟਿਸ ਰਿਪੋਰਟ ਦੇ ਖੁਲਾਸਿਆਂ ਤੋਂ ਬਾਅਦ ਅਕਾਲੀਆਂ ਦਾ ਘਰਾਂ ‘ਚੋਂ ਨਿਕਲਣਾ ਹੋਇਆ ਔਖਾ

ਅੰਮ੍ਰਿਤਸਰ ਵਿਚ ਮੁਜ਼ਾਹਰਾ ਕਰਦੇ ਹੋਏ ਅਕਾਲੀ ਦਲ (ਅ) ਦੇ ਕਾਰਕੁਨ

ਅੰਮ੍ਰਿਤਸਰ/ਬਿਊਰੋ ਨਿਊਜ਼ :

ਅੰਮ੍ਰਿਤਸਰ ਅਤੇ ਤਰਨ ਤਾਰਨ ਜ਼ਿਲ੍ਹਿਆਂ ਵਿਚ ਸਿੱਖ ਜਥੇਬੰਦੀਆਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਖ਼ਿਲਾਫ਼ ਰੋਸ ਵਿਖਾਵੇ ਕੀਤੇ ਗਏ ਹਨ।ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਵਿਧਾਨ ਸਭਾ ਵਿਚ ਪੇਸ਼ ਹੋਣ ਮਗਰੋਂ ਇਹ ਮਾਮਲਾ ਆਗਾਮੀ ਦਿਨਾਂ ਵਿਚ ਸ਼੍ਰੋਮਣੀ ਅਕਾਲੀ ਦਲ ਵਾਸਤੇ ਵੱਡੀ ਸਿਰਦਰਦੀ ਸਾਬਤ ਹੋ ਸਕਦਾ ਹੈ। ਰਿਪੋਰਟ ਸਾਹਮਣੇ ਆਉਣ ਮਗਰੋਂ ਸਿੱਖ ਸੰਗਤ ਵਿਚ ਰੋਸ ਮੁੜ ਪ੍ਰਚੰਡ ਹੋ ਗਿਆ ਹੈ। ਇਸ ਮਾਮਲੇ ਨੂੰ ਲੈ ਕੇ ਹੁਣ ਸਿੱਖ ਜਥੇਬੰਦੀਆਂ ਵੱਲੋਂ ਅਕਾਲੀ ਦਲ ਨੂੰ ਘੇਰਿਆ ਜਾ ਰਿਹਾ ਹੈ। ਅਕਾਲੀ ਦਲ (ਅੰਮ੍ਰਿਤਸਰ) ਦੇ ਕਾਰਕੁਨਾਂ ਵੱਲੋਂ ਸ਼ਾਮ ਨੂੰ ਭੰਡਾਰੀ ਪੁਲ ‘ਤੇ ਪੁਤਲਾ ਸਾੜਿਆ ਗਿਆ। ਪ੍ਰਦਰਸ਼ਨਕਾਰੀਆਂ ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਅਤੇ ਸਾਬਕਾ ਜਥੇਦਾਰ ਗਿਆਨੀ ਗੁਰਮੁਖ ਸਿੰਘ ਦੀਆਂ ਤਸਵੀਰਾਂ ਹੱਥਾਂ ਵਿੱਚ ਫੜੀਆਂ ਹੋਈਆਂ ਸਨ, ਜਿਨ੍ਹਾਂ ‘ਤੇ ‘ਪੰਥ’ ਦੇ ਗਦਾਰ ਲਿਖਿਆ ਹੋਇਆ ਸੀ। ਪ੍ਰਦਰਸ਼ਨਕਾਰੀ ਹਰਬੀਰ ਸਿੰਘ ਸੰਧੂ, ਨਵਦੀਪ ਸਿੰਘ, ਅਮਰੀਕ ਸਿੰਘ ਨੰਗਲ ਨੇ ਦੋਸ਼ ਲਾਇਆ ਕਿ ਬੇਅਦਬੀ ਘਟਨਾਵਾਂ ਲਈ ਪਿਛਲੀ ਅਕਾਲੀ ਸਰਕਾਰ ਦੋਸ਼ੀ ਹੈ, ਜਿਸ ਦੇ ਇਸ਼ਾਰੇ ‘ਤੇ ਸ਼ਾਂਤਮਈ ਧਰਨਾ ਦੇ ਰਹੇ ਲੋਕਾਂ ‘ਤੇ ਗੋਲੀ ਚਲਾਈ ਗਈ ਅਤੇ ਦੋ ਵਿਅਕਤੀਆਂ ਦੀ ਮੌਤ ਹੋ ਗਈ। ਉਨ੍ਹਾਂ ਬੇਅਦਬੀ ਕਾਂਡ ਦੇ ਦੋਸ਼ੀਆਂ ਵਾਸਤੇ ਫਾਂਸੀ ਦੀ ਸਜ਼ਾ ਦੀ ਮੰਗ ਕੀਤੀ। ਇਸ ਦੌਰਾਨ ਦਲ ਖਾਲਸਾ ਦੇ ਬੁਲਾਰੇ ਕੰਵਰ ਪਾਲ ਸਿੰਘ ਨੇ ਕਿਹਾ ਕਿ ਪੰਜਾਬ ਦੇ ਲੋਕ ਪਹਿਲਾਂ ਹੀ ਸਾਬਕਾ ਪੁਲੀਸ ਮੁਖੀ ਸੁਮੇਧ ਸੈਣੀ ਦੀਆਂ ਵਧੀਕੀਆਂ ਤੋਂ ਜਾਣੂ ਸਨ ਅਤੇ ਹੁਣ ਇਸ ਰਿਪੋਰਟ ਨੇ ਇਸ ਉਪਰ ਮੋਹਰ ਲਾ ਦਿੱਤੀ ਹੈ।
ਸ਼੍ਰੋਮਣੀ ਅਕਾਲੀ ਦਲ (ਦਿੱਲੀ) ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਸਿੱਖ ਸੰਗਤ ਨੂੰ ਅਪੀਲ ਕੀਤੀ ਹੈ ਕਿ ਉਹ ਬਾਦਲਾਂ ਦਾ ਪੰਥਕ ਬਾਈਕਾਟ ਕਰਨ, ਜਿਨ੍ਹਾਂ ਦੇ ਰਾਜ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਅਤੇ ਸ਼ਾਂਤਮਈ ਰੋਸ ਪ੍ਰਦਰਸ਼ਨ ਕਰ ਰਹੇ ਸ਼ਰਧਾਲੂਆਂ ‘ਤੇ ਗੋਲੀ ਚਲਾਈ ਗਈ।
ਸਿੱਖ ਜਥੇਬੰਦੀਆਂ ਨੇ ਅਕਾਲੀ ਆਗੂਆਂ ਦਾ ਵਿਰੋਧ ਸ਼ੁਰੂ ਕਰ ਦਿੱਤਾ ਹੈ। ਇਸ ਕਾਰਨ ਪਿੰਡ ਮੂਸੇ ਵਿੱਚ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਨੂੰ ਆਪਣੀ ਫੇਰੀ ਅਚਾਨਕ ਰੱਦ ਕਰਨੀ ਪਈ। ਬੀਬੀ ਬਾਦਲ ਦੇ ਦੌਰੇ ਬਾਰੇ ਜਾਣਕਾਰੀ ਮਿਲਣ ‘ਤੇ ਸ੍ਰੀ ਗੁਰੂ ਗਰੰਥ ਸਾਹਿਬ ਸਤਿਕਾਰ ਕਮੇਟੀ ਅਤੇ ਹੋਰ ਜਥੇਬੰਦੀਆਂ ਦੇ ਕਾਰਕੁਨ ਪਿੰਡ ਗੱਗੋਬੂਆ ਵਿਚ ਇਕੱਠੇ ਹੋ ਗਏ। ਉਨ੍ਹਾਂ ਆਪਣੇ ਹੱਥਾਂ ਵਿਚ ਪਸ਼ੂਆਂ ਦੇ ਗੋਹੇ ਨਾਲ ਭਰੇ ਪਲਾਸਟਿਕ ਦੇ ਲਿਫਾਫੇ ਫੜੇ ਹੋਏ ਸਨ ਅਤੇ ਚਿਤਾਵਨੀ ਦਿੱਤੀ ਸੀ ਕਿ ਪਿੰਡ ਵਿਚ ਕਿਸੇ ਵੀ ਅਕਾਲੀ ਆਗੂ ਦੇ ਆਉਣ ‘ਤੇ ਉਸ ਉਪਰ ਗੋਹਾ ਸੁੱਟਿਆ ਜਾਵੇਗਾ।

ਇਤਿਹਾਸਕ ਗੁਰਦੁਆਰਾ ਗੁਰੂਸਰ ਕਾਉਂਕੇ ਵਿਚ ਚੱਲ ਰਹੀ ਕਾਰ ਸੇਵਾ ਦਾ ਜਾਇਜ਼ਾ ਲੈਣ ਪਹੁੰਚੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੂੰ ਉਸ ਵੇਲੇ ਕਸੂਤੀ ਸਥਿਤੀ ਦਾ ਸਾਹਮਣਾ ਕਰਨਾ ਪਿਆ ਜਦੋਂ ਇੱਕ ਦਰਜਨ ਦੇ ਕਰੀਬ ਸਿੰਘਾਂ ਨੇ ਉਨ੍ਹਾਂ ਨੂੰ ਵਾਪਸੀ ‘ਤੇ ਗੁਰਦੁਆਰੇ ਦੇ ਬਾਹਰ ਕਾਲੀਆਂ ਝੰਡੀਆਂ ਦਿਖਾਈਆਂ। ਕਾਲੀਆਂ ਝੰਡੀਆਂ ਦਿਖਾਉਣ ਵਾਲੇ ਅਕਾਲੀ ਦਲ (ਅੰਮ੍ਰਿਤਸਰ) ਦੇ ਕਾਰਕੁਨ ਸਨ। ਜਥੇਬੰਦੀ ਦੇ ਸਰਕਲ ਜਥੇਦਾਰ ਗੁਰਦੀਪ ਸਿੰਘ ਮੱਲ੍ਹਾ ਦੀ ਅਗਵਾਈ ਵਿੱਚ ਨਾਅਰੇਬਾਜ਼ੀ ਵੀ ਕੀਤੀ ਗਈ।