ਗਿਆਨੀ ਗੁਰਮੁਖ ਸਿੰਘ ਮਾਮਲਾ : ਮੰਤਰੀ ਰੰਧਾਵਾ ਨੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਲਿਖਿਆ ਪੱਤਰ

ਗਿਆਨੀ ਗੁਰਮੁਖ ਸਿੰਘ ਮਾਮਲਾ : ਮੰਤਰੀ ਰੰਧਾਵਾ ਨੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਲਿਖਿਆ ਪੱਤਰ

ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਨੂੰ ਪੱਤਰ ਸੌਂਪ ਕੇ ਵਾਪਸ ਆਉਂਦੇ ਹੋਏ ਕਾਂਗਰਸੀ ਆਗੂ।
ਅੰਮ੍ਰਿਤਸਰ/ਬਿਊਰੋ ਨਿਊਜ਼ :
ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਇੱਕ ਪੱਤਰ ਭੇਜ ਕੇ ਅਪੀਲ ਕੀਤੀ ਹੈ ਕਿ ਉਹ ਸਿੱਖ ਸੰਗਤ ਨੂੰ ਦੱਸਣ ਕਿ ਗਿਆਨੀ ਗੁਰਮੁਖ ਸਿੰਘ ਨੂੰ ਰਾਤੋ-ਰਾਤ ਸ੍ਰੀ ਅਕਾਲ ਤਖ਼ਤ ਦਾ ਹੈੱਡ ਗ੍ਰੰਥੀ ਲਾਉਣ ਪਿਛੇ ਸ਼੍ਰੋਮਣੀ ਕਮੇਟੀ ਦੀ ਕੀ ਮਜਬੂਰੀ ਰਹੀ ਹੈ। ਇਹ ਪੱਤਰ ਉਨ੍ਹਾਂ ਆਪਣੇ ਫੇਸਬੁੱਕ ਅਕਾਊਂਟ ‘ਤੇ ਵੀ ਨਸ਼ਰ ਕੀਤਾ ਹੈ।
ਸ੍ਰੀ ਰੰਧਾਵਾ ਨੇ ਇਹ ਪੱਤਰ ਜ਼ਿਲ੍ਹਾ ਕਾਂਗਰਸ ਕਮੇਟੀ ਦਿਹਾਤੀ ਦੇ ਪ੍ਰਧਾਨ ਭਗਵੰਤਪਾਲ ਸਿੰਘ ਸੱਚਰ ਰਾਹੀਂ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਭੇਜਿਆ ਹੈ। ਸ੍ਰੀ ਸੱਚਰ ਤੇ ਉਨ੍ਹਾਂ ਦੇ ਸਾਥੀਆਂ ਨੇ ਇਹ ਪੱਤਰ ਜਥੇਦਾਰ ਨੂੰ ਉਨ੍ਹਾਂ ਦੇ ਗ੍ਰਹਿ ਵਿਖੇ ਸੌਂਪਿਆ ਹੈ। ਕਾਂਗਰਸੀ ਵਫ਼ਦ ਨੇ ਦਾਅਵਾ ਕੀਤਾ ਕਿ ਇਸ ਪੱਤਰ ਨੂੰ ਪ੍ਰਾਪਤ ਕਰਨ ਮਗਰੋਂ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਹੁੰਗਾਰਾ ਦੇਣ ਦਾ ਭਰੋਸਾ ਵੀ ਦਿੱਤਾ ਹੈ।
ਇੱਕ ਸਫੇ ਦੇ ਪੱਤਰ ਵਿੱਚ ਸ੍ਰੀ ਰੰਧਾਵਾ ਨੇ ਲਿਖਿਆ ਕਿ ਗਿਆਨੀ ਗੁਰਮੁਖ ਸਿੰਘ, ਜਿਨ੍ਹਾਂ ਨੇ ਕੁਝ ਸਮਾਂ ਪਹਿਲਾਂ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਖ਼ਿਲਾਫ਼ ਕਈ ਗੰਭੀਰ ਦੋਸ਼ ਲਾਏ ਸਨ ਅਤੇ ਇਨ੍ਹਾਂ ਦੋਸ਼ਾਂ ਕਾਰਨ ਤਖ਼ਤ ਦੀ ਮਹਾਨਤਾ ਤੇ ਮਰਿਆਦਾ ਨੂੰ ਠੇਸ ਪੁੱਜੀ ਸੀ, ਪਰ ਉਸੇ ਸਖ਼ਸ਼ ਨੂੰ ਰਾਤੋ ਰਾਤ ਸ੍ਰੀ ਅਕਾਲ ਤਖ਼ਤ ਦਾ ਹੈੱਡ ਗ੍ਰੰਥੀ ਕਿਉਂ ਬਣਾ ਦਿੱਤਾ ਗਿਆ ਹੈ? ਉਨ੍ਹਾਂ ਆਖਿਆ ਕਿ ਸਿੱਖ ਸੰਗਤ ਜਾਨਣਾ ਚਾਹੁੰਦੀ ਹੈ ਕਿ ਇਸ ਕਾਰਵਾਈ ਪਿਛੇ ਕੀ ਮਜਬੂਰੀ ਸੀ? ਕਾਂਗਰਸੀ ਆਗੂ ਨੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਉਨ੍ਹਾਂ ਬਿਆਨਾਂ ਦੀ ਵੀਡੀਓ ਰਿਕਾਰਡਿੰਗ ਵੀ ਇੱਕ ਪੈਨ ਡਰਾਈਵ ਰਾਹੀਂ ਭੇਜੀ ਹੈ, ਜਿਨ੍ਹਾਂ ਰਾਹੀਂ ਗਿਆਨੀ ਗੁਰਮੁਖ ਸਿੰਘ ਵੱਲੋਂ ਗੰਭੀਰ ਦੋਸ਼ ਲਾਏ ਗਏ ਸਨ। ਉਨ੍ਹਾਂ ਆਖਿਆ ਕਿ ਗਿਆਨੀ ਗੁਰਬਚਨ ਸਿੰਘ ਨੂੰ ਸਿੱਖ ਸੰਗਤ ਨੂੰ ਇਨ੍ਹਾਂ ਬਿਆਨਾਂ ਬਾਰੇ ਸਪੱਸ਼ਟ ਕਰਨਾ ਚਾਹੀਦਾ ਹੈ। ਉਹ ਇਸ ਗੰਭੀਰ ਮੁੱਦੇ ਉਤੇ ਆਪਣਾ ਫੈਸਲਾ ਦੇਣ। ਉਨ੍ਹਾਂ ਆਖਿਆ ਕਿ ਜੇਕਰ ਜਥੇਦਾਰ ਗਿਆਨੀ ਗੁਰਬਚਨ ਸਿੰਘ ਇਸ ਵੇਲੇ ਚੁਪ ਰਹੇ ਤਾਂ ਮਹਾਨ ਤਖ਼ਤ ਦੇ ਸਿਆਸੀਕਰਨ ਵਾਲੇ ਇਲਜ਼ਾਮ ਹੋਰ ਪੁਖ਼ਤਾ ਹੋਣਗੇ।
ਉਨ੍ਹਾਂ ਆਖਿਆ ਕਿ ਮੌਜੂਦਾ ਮੁੱਦੇ ਨੂੰ ਲੈ ਕੇ ਵਾਇਰਲ ਹੋਈਆਂ ਵੀਡੀਓਜ਼, ਚੱਲ ਰਹੀਆਂ ਬਹਿਸਾਂ ਅਤੇ ਆਲੋਚਨਾ ਦਾ ਢੁਕਵਾਂ ਜਵਾਬ ਹੁਣ ਸਿਰਫ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਹੀ ਦੇ ਸਕਦੇ ਹਨ। ਉਨ੍ਹਾਂ ਆਖਿਆ ਕਿ ਉਹ ਸਿੱਖ ਜਗਤ ਦੇ ਸਰਵਉਚ ਅਸਥਾਨ ‘ਤੇ ਬਿਰਾਜਮਾਨ ਹਨ, ਜਿਥੋਂ ਇਤਿਹਾਸ ਬਦਲੇ ਵੀ ਗਏ ਹਨ ਅਤੇ ਇਥੇ ਵਾਪਰੇ ਘਟਨਾਕ੍ਰਮ ਇਤਿਹਾਸ ਦਾ ਹਿੱਸਾ ਵੀ ਬਣੇ ਹਨ। ਇਸ ਲਈ ਜ਼ਰੂਰੀ ਹੈ ਕਿ ਸੱਚ ਨੂੰ ਸਾਹਮਣੇ ਲਿਆਂਦਾ ਜਾਵੇ।
ਦੱਸਣਯੋਗ ਹੈ ਕਿ ਬੀਤੇ ਦਿਨੀਂ ਗਿਆਨੀ ਗੁਰਮੁਖ ਸਿੰਘ ਦਾ ਭਰਾ ਹਿੰਮਤ ਸਿੰਘ, ਜਸਟਿਸ ਰਣਜੀਤ ਸਿੰਘ ਕਮਿਸ਼ਨ ਕੋਲ ਦਿੱਤੇ ਬਿਆਨਾਂ ਤੋਂ ਮੁੱਕਰ ਗਿਆ ਸੀ। ਉਸ ਨੇ ਮੀਡੀਆ ਕੋਲ ਪੇਸ਼ ਕੇ ਦੋਸ਼ ਲਾਏ ਸਨ ਕਿ ਉਸ ਦੇ ਬਿਆਨ ਨੂੰ ਗਲਤ ਪੇਸ਼ ਕੀਤਾ ਗਿਆ ਹੈ ਅਤੇ ਉਸ ਵਲੋਂ ਦਿੱਤੇ ਗਏ ਬਿਆਨ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਤੇ ਜਸਟਿਸ ਰਣਜੀਤ ਸਿੰਘ ਦੇ ਦਬਾਅ ਹੇਠ ਦਿੱਤੇ ਗਏ ਸਨ। ਉਸ ਨੇ ਆਪਣੇ ਬਿਆਨ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਵਿਚੋਂ ਮਨਫੀ ਕਰਨ ਦੀ ਵੀ ਅਪੀਲ ਕੀਤੀ ਹੈ। ਕਮਿਸ਼ਨ ਦੀ ਇਹ ਰਿਪੋਰਟ ਭਲਕੇ ਵਿਧਾਨ ਸਭਾ ਵਿਚ ਰੱਖੇ ਜਾਣ ਦੀ ਉਮੀਦ ਹੈ।
ਜੇਲ੍ਹ ਮੰਤਰੀ ਵੱਲੋਂ ਗੁਰਮੁਖ ਸਿੰਘ ਦੇ ਹੈੱਡ ਗ੍ਰੰਥੀ ਬਣਨ ਦੀ ਸਚਾਈ ਸੰਗਤ ਸਾਹਮਣੇ ਰੱਖਣ ਦੀ ਅਪੀਲ
ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਨੂੰ ਪੱਤਰ ਸੌਂਪ ਕੇ ਵਾਪਸ ਆਉਂਦੇ ਹੋਏ ਕਾਂਗਰਸੀ ਆਗੂ।