ਅਕਾਲੀ ਆਗੂ ਹੋਏ ਗੁੱਥਮ-ਗੁੱਥਾ, ਅਵਤਾਰ ਸਿੰਘ ਟਰੱਕਾਂ ਵਾਲੇ ਦੀ ਦਸਤਾਰ ਲਾਹੀ

ਅਕਾਲੀ ਆਗੂ ਹੋਏ ਗੁੱਥਮ-ਗੁੱਥਾ, ਅਵਤਾਰ ਸਿੰਘ ਟਰੱਕਾਂ ਵਾਲੇ ਦੀ ਦਸਤਾਰ ਲਾਹੀ

ਅਕਾਲੀ ਦਲ ਨੇ ਨਵਦੀਪ ਸਿੰਘ ਗੋਲਡੀ ਨੂੰ ਕੀਤਾ ਮੁਅੱਤਲ
ਅੰਮ੍ਰਿਤਸਰ/ਬਿਊਰੋ ਨਿਊਜ਼ :
ਡਿਪਟੀ ਕਮਿਸ਼ਨਰ ਵਰੁਣ ਰੂਜਮ ਦੀ ਅਗਵਾਈ ਹੇਠ ਹੋ ਰਹੀ ਮੀਟਿੰਗ ਵਿੱਚ ਦੋ ਅਕਾਲੀ ਆਗੂਆਂ ਅਵਤਾਰ ਸਿੰਘ ਟਰੱਕਾਂ ਵਾਲੇ ਅਤੇ ਨਵਦੀਪ ਸਿੰਘ ਗੋਲਡੀ ਵਿਚਾਲੇ ਹੋਈ ਤਕਰਾਰ ਹਿੰਸਕ ਰੂਪ ਲੈ ਗਈ। ਗੋਲਡੀ ਨੇ ਦੂਜੇ ਆਗੂ ਦੀ ਦਸਤਾਰ ਉਤਾਰ ਦਿੱਤੀ ਅਤੇ ਉਸ ਵੱਲ ਆਪਣੇ ਗੰਨਮੈਨ ਦੀ ਏਕੇ 47 ਰਾਈਫ਼ਲ ਵੀ ਤਾਨੀ। ਮਗਰੋਂ ਇਹ ਆਗੂ ਫਰਾਰ ਹੋ ਗਿਆ। ਪੁਲੀਸ ਨੇ ਅਕਾਲੀ ਆਗੂ ਗੋਲਡੀ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਜ਼ਿਕਰਯੋਗ ਹੈ ਕਿ ਵਿਕਾਸ ਦੇ ਏਜੰਡੇ ਨੂੰ ਲੈ ਕੇ ਡਿਪਟੀ ਕਮਿਸ਼ਨਰ ਵਰੁਣ ਰੂਜ਼ਮ ਵੱਲੋਂ ਮੀਟਿੰਗ ਸੱਦੀ ਗਈ ਸੀ। ਪੁਲੀਸ ਕੋਲ ਦਰਜ ਕਰਾਈ ਸ਼ਿਕਾਇਤ ਵਿੱਚ ਸੀਨੀਅਰ ਡਿਪਟੀ ਮੇਅਰ ਅਵਤਾਰ ਸਿੰਘ ਟਰੱਕਾਂ ਵਾਲੇ ਨੇ ਦੋਸ਼ ਲਾਇਆ ਕਿ ਮੀਟਿੰਗ ਦੌਰਾਨ ਅਕਾਲੀ ਆਗੂ ਨਵਦੀਪ ਸਿੰਘ ਗੋਲਡੀ ਨੇ ਉਸ ਨਾਲ ਗਾਲੀ ਗਲੋਚ ਕੀਤੀ ਹੈ ਅਤੇ ਮਾਰ ਕੁੱਟ ਵੀ ਕੀਤੀ। ਇਸ ਕਾਰਵਾਈ ਦੌਰਾਨ ਉਸ ਦੀ ਦਸਤਾਰ ਉਤਾਰ ਦਿੱਤੀ ਅਤੇ ਗੰਨਮੈਨ ਦੀ ਰਾਈਫਲ ਨਾਲ ਉਸ ਨੂੰ ਧਮਕਾਇਆ ਵੀ। ਥਾਣਾ ਸਿਵਲ ਲਾਈਨ ਦੇ ਐਸਐਚਓ ਅਰੁਣ ਸ਼ਰਮਾ ਨੇ ਦੱਸਿਆ ਕਿ ਅਕਾਲੀ ਆਗੂ ਗੋਲਡੀ ਦੀਆਂ ਦੋ ਗੱਡੀਆਂ ਵੀ ਜ਼ਬਤ ਕਰ ਲਈਆਂ ਹਨ। ਪੁਲੀਸ ਵੱਲੋਂ ਉਸ ਨੂੰ ਮੁਹੱਈਆ ਕਰਾਈ ਪੀਏਪੀ ਦੀ ਸੁਰੱਖਿਆ ਗਾਰਦ ਵੀ ਵਾਪਸ ਲੈਣ ਦੇ ਆਦੇਸ਼ ਦਿੱਤੇ ਗਏ ਹਨ। ਉਸ ਨਾਲ ਤਾਇਨਾਤ ਸੁਰੱਖਿਆ ਕਰਮਚਾਰੀਆਂ ਨੂੰ ਸਬੰਧਤ ਵਿਭਾਗ ਕੋਲ ਹਾਜ਼ਰ ਹੋਣ ਦੇ ਆਦੇਸ਼ ਦਿੱਤੇ ਗਏ ਹਨ। ਇਸ ਦੌਰਾਨ ਮੌਕੇ ‘ਤੇ ਹਾਜ਼ਰ ਜ਼ਿਲ੍ਹਾ ਅਕਾਲੀ ਜਥੇ ਦੇ ਪ੍ਰਧਾਨ ਗੁਰਪ੍ਰਤਾਪ ਸਿੰਘ ਟਿੱਕਾ ਨੇ ਦੱਸਿਆ ਕਿ ਦੱਖਣੀ ਵਿਧਾਨ ਸਭਾ ਹਲਕੇ ਵਿੱਚ ਵਿਕਾਸ ਦੇ ਮੁੱਦੇ ਨੂੰ ਲੈ ਕੇ ਮੀਟਿੰਗ ਵਿੱਚ ਬਹਿਸ ਤਕਰਾਰ ਗਾਲੀ ਗਲੋਚ ਤੇ ਹੱਥੋਪਾਈ ਤੱਕ ਪਹੁੰਚ ਗਈ। ਕੁਝ ਆਗੂ ਗੋਲਡੀ ਨੂੰ ਬਾਹਰ ਲੈ ਗਏ ਪਰ ਉਹ ਮੁੜ ਅੰਦਰ ਆਇਆ ਅਤੇ ਉਸ ਨੇ ਅਵਤਾਰ ਸਿੰਘ ਦੀ ਦਸਤਾਰ ਉਤਾਰ ਦਿੱਤੀ। ਉਸ ਕੋਲ ਆਪਣੇ ਗੰਨਮੈਨ ਦੀ ਏਕੇ 47 ਰਾਈਫ਼ਲ ਵੀ ਸੀ। ਉਨ੍ਹਾਂ ਦੱਸਿਆ ਕਿ ਘਟਨਾ ਬਾਰੇ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਤੁਰੰਤ ਜਾਣੂੰ ਕਰਾ ਦਿੱਤਾ ਗਿਆ ਸੀ। ਝਗੜੇ ਤੋਂ ਬਾਅਦ ਗੋਲਡੀ ਦਾ ਇਕ ਸਾਥੀ ਕਾਬੂ ਆ ਗਿਆ, ਜਿਸ ਦੀ ਮਾਰ ਕੁੱਟ ਕੀਤੀ ਗਈ ਅਤੇ ਪੁਲੀਸ ਦੇ ਹਵਾਲੇ ਕਰ ਦਿੱਤਾ ਗਿਆ। ਦੂਜੇ ਪਾਸੇ ਨਵਦੀਪ ਗੋਲਡੀ ਨੇ ਇਨ੍ਹਾਂ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਇਹ ਅਕਾਲੀ ਆਗੂ ਪੁਲੀਸ ਨੂੰ ਗੁੰਮਰਾਹ ਕਰ ਰਹੇ ਹਨ ਅਤੇ ਅਜਿਹਾ ਇਕ ਸਾਜ਼ਿਸ਼ ਤਹਿਤ ਉਸ ਖ਼ਿਲਾਫ਼ ਕੀਤਾ ਜਾ ਰਿਹਾ ਹੈ। ਉਹ ਦੱਖਣੀ ਵਿਧਾਨ ਸਭਾ ਹਲਕੇ ਤੋਂ ਟਿਕਟ ਦਾ ਚਾਹਵਾਨ ਹੈ ਅਤੇ ਦੂਜੇ ਅਕਾਲੀ ਆਗੂ ਉਸ ਦੇ ਰਾਹ ਵਿਚ ਅੜਿੱਕੇ ਖੜ੍ਹੇ ਕਰ ਰਹੇ ਹਨ। ਉਸ ਨੇ ਦੋਸ਼ ਲਾਇਆ ਕਿ ਅਵਤਾਰ ਸਿੰਘ ਨੇ ਗਾਲੀ ਗਲੋਚ ਕਰਦਿਆਂ ਆਪਣੇ ਸੁਰੱਖਿਆ ਕਰਮਚਾਰੀ ਦੀ ਰਾਈਫਲ ਮੇਰੇ ਵੱਲ ਤਾਣ ਦਿੱਤੀ। ਉਸ ਨੇ ਕਿਹਾ ਕਿ ਉਹ ਜਲਦੀ ਹੀ ਸਬੂਤਾਂ ਸਮੇਤ ਪੁਲੀਸ ਕੋਲ ਪੇਸ਼ ਹੋਣਗੇ। ਦੱਸਣਯੋਗ ਹੈ ਕਿ ਨਵਦੀਪ ਸਿੰਘ ਗੋਲਡੀ ਪਹਿਲਾਂ ਕਾਂਗਰਸ ਦੇ ਕੌਂਸਲਰ ਰਹਿ ਚੁੱਕੇ ਹਨ। ਉਸ ਦੀ ਪਤਨੀ ਇਥੇ ਬਤੌਰ ਡੀਟੀਓ ਤਾਇਨਾਤ ਹੈ। ਕੁਝ ਸਮਾਂ ਪਹਿਲਾਂ ਉਹ ਕਾਂਗਰਸ ਨੂੰ ਅਲਵਿਦਾ ਕਹਿ ਕੇ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋਇਆ ਸੀ।