ਸਿੱਖ ਸ਼ਰਧਾਲੂਆਂ ਨਾਲ ਹਾਈ ਕਮਿਸ਼ਨਰ ਨੂੰ ਮਿਲਣ ਤੋਂ ਰੋਕੇ ਜਾਣ ਉੱਤੇ ਭਾਰਤ ਨੇ ਪਾਕਿ ਕੋਲ ਸਖ਼ਤ ਇਤਰਾਜ਼ ਪ੍ਰਗਟਾਇਆ

ਸਿੱਖ ਸ਼ਰਧਾਲੂਆਂ ਨਾਲ ਹਾਈ ਕਮਿਸ਼ਨਰ ਨੂੰ ਮਿਲਣ ਤੋਂ ਰੋਕੇ ਜਾਣ ਉੱਤੇ ਭਾਰਤ ਨੇ ਪਾਕਿ ਕੋਲ ਸਖ਼ਤ ਇਤਰਾਜ਼ ਪ੍ਰਗਟਾਇਆ

ਪਾਕਿਸਤਾਨ ਵਿਚਲੇ ਗੁਰਧਾਮਾਂ ਦੀ ਯਾਤਰਾ ‘ਤੇ ਗਏ ਸਿੱਖ ਸ਼ਰਧਾਲੂ।
ਨਵੀਂ ਦਿੱਲੀ/ਬਿਊਰੋ ਨਿਊਜ਼:
ਭਾਰਤ ਨੇ ਪਾਕਿਸਤਾਨ ਕੋਲ ਉੱਥੇ ਯਾਤਰਾ ‘ਤੇ ਗਏ ਸਿੱਖ ਸ਼ਰਧਾਲੂਆਂ ਨੂੰ ਭਾਰਤੀ ਸਫ਼ੀਰਾਂ ਨੂੰ ਮਿਲਣ ਦੀ ਆਗਿਆ ਨਾ ਦੇਣ ਅਤੇ ਉਨ੍ਹਾਂ ਨੂੰ ਉਥੋਂ ਦੇ ਇਕ ਇਤਿਹਾਸਕ ਗੁਰਦੁਆਰੇ ਵਿੱਚ ਦਾਖ਼ਲ ਹੋਣ ਤੋਂ ਰੋਕਣ ‘ਤੇ ਸਖ਼ਤ ਇਤਰਾਜ਼ ਜਤਾਇਆ ਹੈ।
ਵਿਦੇਸ਼ ਮਾਮਲਿਆਂ ਦੇ ਮੰਤਰਾਲੇ ਨੇ ਦੱਸਿਆ ਕਿ ਲਗਪਗ 1800 ਸਿੱਖ ਸ਼ਰਧਾਲੂਆਂ ਦਾ ਜਥਾ 12 ਅਪਰੈਲ ਤੋਂ ਪਾਕਿਸਤਾਨ ਦੇ ਗੁਰਧਾਮਾਂ ਦੀ ਯਾਤਰਾ ਕਰ ਰਿਹਾ ਹੈ। ਮੰਤਰਾਲੇ ਨੇ ਇਕ ਬਿਆਨ ਵਿੱਚ ਦੱਸਿਆ ਕਿ ਭਾਰਤੀ ਹਾਈ ਕਮਿਸ਼ਨਰ ਵਿਸਾਖੀ ਦੇ ਦਿਹਾੜੇ ‘ਤੇ ਕੱਲ੍ਹ ਗੁਰਦੁਆਰਾ ਪੰਜਾ ਸਾਹਿਬ ਵਿਖੇ ਸਿੱਖ ਸ਼ਰਧਾਲੂਆਂ ਨੂੰ ਵਧਾਈ ਦੇਣਾ ਚਾਹੁੰਦਾ ਸੀ ਪਰ ਉਸ ਨੂੰ ਉੱਥੇ ਜਾਣ ਨਾ ਦਿੱਤਾ ਗਿਆ। ਮੰਤਰਾਲੇ ਨੇ ਕਿਹਾ ਕਿ ਇਹ ਪਾਕਿਸਤਾਨ ਦੀ ਕੂਟਨੀਤਕ ਬਦਸਲੂਕੀ ਦੀ ਮਿਸਾਲ ਹੈ ਤੇ ਇਹੋ ਜਿਹੀਆਂ ਘਟਨਾਵਾਂ ਕੂਟਨੀਤਕ ਸਬੰਧਾਂ ਬਾਰੇ ਵੀਏਨਾ ਅਹਿਦਨਾਮੇ ਦੀ ਖ਼ਿਲਾਫ਼ਵਰਜ਼ੀ ਹੈ। ਬਿਆਨ ਵਿੱਚ ਕਿਹਾ ਗਿਆ ਹੈ ”ਭਾਰਤ ਨੇ ਪਾਕਿਸਤਾਨ ਕੋਲ ਸਿੱਖ ਯਾਤਰੀਆਂ ਨੂੰ ਭਾਰਤੀ ਡਿਪਲੋਮੈਟਾਂ ਤੇ ਕਾਊਂਸਲਰ ਟੀਮਾਂ ਨਾਲ ਮਿਲਣ ਤੋਂ ਰੋਕਣ ‘ਤੇ ਸਖ਼ਤ ਇਤਰਾਜ਼ ਜਤਾਇਆ ਹੈ।” ਦੋ ਕੁ ਹਫ਼ਤੇ ਪਹਿਲਾਂ ਹੀ ਭਾਰਤ ਤੇ ਪਾਕਿਸਤਾਨ ਨੇ ਆਪੋ ਆਪਣੇ ਮੁਲਕਾਂ ਵਿੱਚ ਇਕ ਦੂਜੇ ਦੇ ਸਫ਼ੀਰਾਂ ਨਾਲ ਵਿਹਾਰ ਦੇ ਮਾਮਲੇ ਮਿਲ-ਜੁਲ ਕੇ ਸੁਲਝਾਉਣ ਦੀ ਸਹਿਮਤੀ ਜਤਾਈ ਸੀ।
ਵਿਦੇਸ਼ ਮਾਮਲਿਆਂ ਬਾਰੇ ਮੰਤਰਾਲੇ ਨੇ ਕਿਹਾ ਕਿ ਪਾਕਿਸਤਾਨ ਵਿਚਲੇ ਭਾਰਤੀ ਹਾਈ ਕਮਿਸ਼ਨਰ ਔਕਾਫ਼ ਟਰੱਸਟ ਬੋਰਡ ਦੇ ਮੁਖੀ ਦੇ ਸੱਦੇ ‘ਤੇ ਗੁਰਦੁਆਰਾ ਪੰਜਾ ਸਾਹਿਬ ਜਾਣਾ ਚਾਹੁੰਦੇ ਸੀ ਪਰ ਉਨ੍ਹਾਂ ਨੂੰ ‘ਕੁਝ ਸੁਰੱਖਿਆ ਕਾਰਨਾਂ’ ਕਰ ਕੇ ਰਾਹ ਵਿੱਚੋਂ ਹੀ ਵਾਪਸ ਮੁੜਨ ਲਈ ਕਹਿ ਦਿੱਤਾ ਗਿਆ। ਬਿਆਨ ਮੁਤਾਬਕ ਹਾਈ ਕਮਿਸ਼ਨਰ ਵਿਸਾਖੀ ਮੌਕੇ ਭਾਰਤੀ ਯਾਤਰੀਆਂ ਨੂੰ ਵਧਾਈ ਦੇਣਾ ਚਾਹੁੰਦੇ ਸੀ ਪਰ ਉਨ੍ਹਾਂ ਨੂੰ ਬਿਨਾਂ ਮਿਲੇ ਪਰਤਣਾ ਪਿਆ ਸੀ।
ਮੰਤਰਾਲੇ ਨੇ ਕਿਹਾ ਕਿ ਭਾਰਤ ਨੇ ਸਮਝ ‘ਚ ਨਾ ਆਉਣ ਵਾਲੀ ਇਸ ਕੂਟਨੀਤਕ ਬਦਸਲੂਕੀ ‘ਤੇ ਪਾਕਿਸਤਾਨ ਕੋਲ ਸਖ਼ਤ ਇਤਰਾਜ਼ ਜਤਾਇਆ ਹੈ ਤੇ ਧਿਆਨ ਦਿਵਾਇਆ ਕਿ ਇਹ ਘਟਨਾਵਾਂ ਵੀਏਨਾ ਅਹਿਦਨਾਮਾ 1961 ਤੇ ਭਾਰਤ ਤੇ ਪਾਕਿਸਤਾਨ ਦੇ ਕੂਟਨੀਤਕ ਤੇ ਸਫ਼ਾਰਤੀ ਅਮਲੇ ਨਾਲ ਸਲੂਕ ਬਾਰੇ ਵਿਹਾਰ ਜ਼ਾਬਤੇ ਜਿਸ ਦੀ ਹਾਲ ਹੀ ਵਿੱਚ ਤਸਦੀਕ ਵੀ ਕੀਤੀ ਗਈ ਸੀ, ਦੀ ਸਪੱਸ਼ਟ ਉਲੰਘਣਾ ਹੈ। ਸ਼ਰਧਾਲੂਆਂ ਨੂੰ ਭਾਰਤੀ ਕੂਟਨੀਤੀਵਾਨਾਂ ਨਾਲ ਮਿਲਣ ਤੋਂ ਰੋਕੇ ਜਾਣ ਦੇ ਸਵਾਲ ‘ਤੇ ਆਮ ਵਿਧੀ ਇਹ ਰਹੀ ਹੈ ਕਿ ਭਾਰਤੀ ਹਾਈ ਕਮਿਸ਼ਨ ਦੀ ਕਾਉੂਂਸਲਰ/ਪ੍ਰੋਟੋਕਾਲ ਟੀਮ ਯਾਤਰਾ ‘ਤੇ ਗਏ ਸ਼ਰਧਾਲੂਆਂ ਨਾਲ ਹੁੰਦੀ ਹੈ ਤਾਂ ਜੋ ਉਨ੍ਹਾਂ ਨੂੰ ਮੈਡੀਕਲ ਜਾਂ ਪਰਿਵਾਰਕ ਹੰਗਾਮੀ ਸੂਰਤ ਮੌਕੇ ਮਦਦ ਦਿੱਤੀ ਜਾ ਸਕੇ। ਇਸ ਸਾਲ ਕਾਊਂਸਲਰ ਟੀਮ ਨੂੰ ਸਿੱਖ ਸ਼ਰਧਾਲੂਆਂ ਦੇ ਨਾਲ ਨਹੀਂ ਭੇਜਿਆ ਗਿਆ। ਟੀਮ ਸ਼ਰਧਾਲੂਆਂਂ ਨੂੰ 12 ਅਪਰੈਲ ਨੂੰ ਵਾਹਗਾ ਰੇਲਵੇ ਸਟੇਸ਼ਨ ‘ਤੇ ਮਿਲ ਨਾ ਸਕੀ ਤੇ 14 ਅਪਰੈਲ ਨੂੰ ਗੁਰਦੁਆਰਾ ਪੰਜਾ ਸਾਹਿਬ ਵਿਖੇ ਦਾਖ਼ਲ ਨਾ ਹੋ ਸਕੀ। ਇਸ ਤਰ੍ਹਾਂ, ਹਾਈ ਕਮਿਸ਼ਨਰ ਨੂੰ ਭਾਰਤੀ ਨਾਗਰਿਕਾਂ ਲਈ ਮੂਲ ਕਾਊਂਸਲਰ ਤੇ ਪ੍ਰੋਟੋਕਾਲ ਦੀਆਂ ਸੇਵਾਵਾਂ ਪੂਰੀਆਂ ਨਹੀਂ ਕਰਨ ਦਿੱਤੀਆਂ ਗਈਆਂ।

ਭਾਰਤ ਤੱਥਾਂ ਨੂੰ ਤੋੜ-ਮਰੋੜ ਕੇ ਪੇਸ਼ ਨਾ ਕਰੇ
ਪਾਕਿਸਤਾਨ ਨੇ ਭਾਰਤ ਵੱਲੋਂ ਲਾਏ ਦੋਸ਼ਾਂ ਨੂੰ ਮੁੱਢੋਂ ਖ਼ਾਰਜ ਕਰਦਿਆਂ ਕਿਹਾ ਕਿ ਤੱਥਾਂ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਜਾ ਰਿਹਾ ਹੈ। ਇਸਲਾਮਾਬਾਦ ਨੇ ਕਿਹਾ ਕਿ ਭਾਰਤ ਵਿੱਚ ਫਿਲਮ ‘ਨਾਨਕ ਸ਼ਾਹ ਫਕੀਰ’ ਸਬੰਧੀ ਸਿੱਖ ਸ਼ਰਧਾਲੂਆਂ ਵਿੱਚ ਚੱਲ ਰਹੇ ਰੋਸ ਦੇ ਮੱਦੇਨਜ਼ਰ ਇਹਤਿਆਤ ਵਜੋਂ ਇਹ ਕਦਮ ਚੁੱਕਿਆ ਗਿਆ ਸੀ।