350 ਸਾਲਾ ਪ੍ਰਕਾਸ਼ ਪੁਰਬ ਮਨਾਉਣ ਲਈ ਸ਼੍ਰੋਮਣੀ ਕਮੇਟੀ ਨੇ ਨਿਤੀਸ਼ ਦਾ ਕੀਤਾ ਸਨਮਾਨ

350 ਸਾਲਾ ਪ੍ਰਕਾਸ਼ ਪੁਰਬ ਮਨਾਉਣ ਲਈ ਸ਼੍ਰੋਮਣੀ ਕਮੇਟੀ ਨੇ ਨਿਤੀਸ਼ ਦਾ ਕੀਤਾ ਸਨਮਾਨ

ਅੰਮ੍ਰਿਤਸਰ/ਬਿਊਰੋ ਨਿਊਜ਼ :
ਦਸਵੇਂ ਗੁਰੂ ਗੋਬਿੰਦ ਸਿੰਘ ਦਾ 350 ਸਾਲਾ ਪ੍ਰਕਾਸ਼ ਪੁਰਬ ਬਿਹਾਰ ਵਿਚ ਸ਼ਰਧਾ ਤੇ ਉਤਸ਼ਾਹ ਨਾਲ ਮਨਾਉਣ ਮਗਰੋਂ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਹੋਰਨਾਂ ਅਧਿਕਾਰੀਆਂ ਸਮੇਤ ਸ਼ੁਕਰਾਨੇ ਵਜੋਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ। ਇਸ ਮੌਕੇ ਉਨ੍ਹਾਂ ਦੀਆਂ ਸੇਵਾਵਾਂ ਬਦਲੇ ਸ੍ਰੀ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਅਤੇ ਸ਼੍ਰੋਮਣੀ ਕਮੇਟੀ ਵਲੋਂ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਉਨ੍ਹਾਂ ਦਾ ਸਨਮਾਨ ਕੀਤਾ।
ਸੁਲਤਾਨਪੁਰ ਲੋਧੀ ਸਥਿਤ ਗੁਰਦੁਆਰਾ ਬੇਰ ਸਾਹਿਬ ਵਿਖੇ ਮੱਥਾ ਟੇਕਣ ਮਗਰੋਂ ਸ੍ਰੀ ਹਰਿਮੰਦਰ ਸਾਹਿਬ ਪੁੱਜੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਆਖਿਆ ਕਿ ਉਹ ਗੁਰੂ ਘਰ ਵਿਖੇ ਸ਼ੁਕਰਾਨੇ ਵਜੋਂ ਨਤਮਸਤਕ ਹੋਣ ਆਏ ਹਨ ਅਤੇ ਉਨ੍ਹਾਂ ਨੂੰ ਇਥੇ ਆ ਕੇ ਬਹੁਤ ਖੁਸ਼ੀ ਮਿਲੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਪੰਜਾਬ ਵਿਚ ਵਾਤਾਵਰਣ ਸੰਭਾਲ ਲਈ ਕੀਤੇ ਜਾ ਰਹੇ ਕਾਰਜਾਂ ਦੀ ਜਾਣਕਾਰੀ ਲਈ ਅਤੇ ਇਸੇ ਤਰਜ਼ ‘ਤੇ ਬਿਹਾਰ ਵਿਚ ਵੀ ਵਾਤਾਵਰਣ ਸੰਭਾਲ ਲਈ ਯਤਨ ਕੀਤਾ ਜਾਵੇਗਾ।
ਉਨ੍ਹਾਂ ਇਤਿਹਾਸਕ ਜਲਿਆਂਵਾਲਾ ਬਾਗ ਵਿਚ ਸ਼ਹੀਦੀ ਸਮਾਰਕ ‘ਤੇ ਵੀ ਫੁਲ ਮਾਲਾ ਭੇਟ ਕੀਤੀ। ਉਹ ਪਹਿਲੀ ਵਾਰ ਸ਼ਹੀਦੀ ਸਮਾਰਕ ‘ਤੇ ਆਏ ਹਨ, ਜਦੋਂਕਿ ਵਿਦਿਆਰਥੀ ਸਮੇਂ ਤੋਂ ਲੈ ਕੇ ਉਹ ਇਥੇ ਆਉਣਾ ਚਾਹੁੰਦੇ ਸਨ। ਇਸ ਤੋਂ ਪਹਿਲਾਂ ਉਨ੍ਹਾਂ ਬੜੀ ਸ਼ਰਧਾ ਨਾਲ ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਕੀਤੀ ਅਤੇ ਸੱਚਖੰਡ ਵਿਖੇ ਮੱਥਾ ਟੇਕਿਆ, ਜਿਥੇ ਹੈੱਡ   ਗ੍ਰੰਥੀ ਗਿਆਨੀ ਜਗਤਾਰ ਸਿੰਘ ਨੇ ਉਨ੍ਹਾਂ ਨੂੰ ਸਿਰੋਪਾਓ ਅਤੇ ਫੁੱਲਾਂ ਦਾ ਗੁਲਦਸਤਾ ਭੇਟ ਕੀਤਾ। ਘੰਟਾ ਘਰ ਵਾਲੇ ਪਾਸੇ ਸ਼੍ਰੋਮਣੀ ਕਮੇਟੀ ਵਲੋਂ   ਉਨ੍ਹਾਂ ਦੇ ਸਨਮਾਨ ਵਾਸਤੇ ਵਿਸ਼ੇਸ਼ ਪੰਡਾਲ ਬਣਾਇਆ ਗਿਆ ਸੀ, ਜਿਥੇ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਤੇ ਹੋਰਨਾਂ ਮੈਂਬਰਾਂ ਵਲੋਂ ਨਿਤੀਸ਼ ਕੁਮਾਰ ਨੂੰ ਸ੍ਰੀ ਹਰਿਮੰਦਰ ਸਾਹਿਬ ਦਾ ਮਾਡਲ, ਸ੍ਰੀ ਸਾਹਿਬ, ਸਿਰੋਪਾਓ ਤੇ ਲੋਈ ਦੇ ਕੇ ਸਨਮਾਨਿਤ ਕੀਤਾ ਗਿਆ। ਇਸੇ ਤਰ੍ਹਾਂ ਉਨ੍ਹਾਂ ਨਾਲ ਆਏ ਅਧਿਕਾਰੀਆਂ ਨੂੰ ਵੀ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ।
ਇਸ ਦੌਰਾਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਬਿਹਾਰ ਦੇ ਮੁੱਖ ਮੰਤਰੀ ਨੂੰ ਆਖਿਆ ਕਿ ਸਿੱਖ ਜਗਤ ਉਨ੍ਹਾਂ ਨੂੰ ਪਟਨਾ ਸਾਹਿਬ ਵਿਖੇ ਨਿਭਾਈਆਂ ਸੇਵਾਵਾਂ ਬਦਲੇ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕਰਨਾ ਚਾਹੁੰਦਾ ਹੈ, ਇਸ ਲਈ ਉਹ ਆਪਣੇ ਰੁਝੇਵਿਆਂ ਵਿਚੋਂ ਸਮਾਂ ਦੇਣ। ਪ੍ਰੋ. ਬਡੂੰਗਰ ਨੇ ਦੱਸਿਆ ਸ਼੍ਰੋਮਣੀ ਕਮੇਟੀ ਹੋਲਾ ਮਹੱਲਾ ਜਾਂ ਖਾਲਸਾ ਸਾਜਨਾ ਦਿਵਸ ਮੌਕੇ ਵਿਸ਼ੇਸ਼ ਸਮਾਗਮ ਕਰਨਾ ਚਾਹੁੰਦੀ ਹੈ। ਮੁੱਖ ਮੰਤਰੀ ਨੇ ਆਖਿਆ ਕਿ ਉਹ ਇਸ ਸਬੰਧੀ ਸਮਾਂ ਨਿਸ਼ਚਿਤ ਕਰਕੇ ਸ਼੍ਰੋਮਣੀ ਕਮੇਟੀ ਨੂੰ ਸੂਚਿਤ ਕਰਨਗੇ।
ਪਰਿਕਮਾ ਵਿੱਚ ਮੀਡੀਆ ਅਤੇ ਸ਼੍ਰੋਮਣੀ ਕਮੇਟੀ ਟਾਸਕ ਫੋਰਸ ਵਿਚਾਲੇ ਹਲਕੀ ਖਿੱਚ ਧੂਹ ਵੀ ਹੋਈ। ਟਾਸਕ ਫੋਰਸ ਵਲੋਂ ਕਈ ਥਾਵਾਂ ‘ਤੇ ਫੋਟੋਗਰਾਫਰਾਂ ਅਤੇ ਇਲੈਕਟ੍ਰੋਨਿਕ ਮੀਡੀਆ ਨੂੰ ਰੋਕਣ ਦਾ ਯਤਨ ਕੀਤਾ ਗਿਆ, ਜਿਸ ਕਾਰਨ ਦੋਵਾਂ ਧਿਰਾਂ ਵਿਚਾਲੇ ਤਕਰਾਰ ਵੀ ਹੋਈ। ਇਸ ਸਬੰਧੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਤੇ ਹੋਰਨਾਂ ਨੇ ਆਖਿਆ ਕਿ ਭਵਿੱਖ ਵਿਚ ਅਨੁਸ਼ਾਸਨ ਕਾਇਮ ਰੱਖਣ ਲਈ ਯਤਨ ਕੀਤਾ ਜਾਵੇਗਾ।
ਨਿਤੀਸ਼ ਕੁਮਾਰ ਨੂੰ ਮੁੱਖ ਗ੍ਰੰਥੀ ਗਿਆਨੀ ਜਗਤਾਰ ਸਿੰਘ ਵਲੋਂ ਸਿਰੋਪਾਓ ਦੇ ਨਾਲ ਫੁੱਲਾਂ ਦਾ ਗੁਲਦਸਤਾ ਭੇਟ ਕਰਕੇ ਇਕ ਨਵੇਂ ਰੁਝਾਨ ਦੀ ਨੀਂਹ ਰੱਖੀ ਗਈ। ਹੁਣ ਤਕ ਸੱਚਖੰਡ ਵਿਖੇ ਮੱਥਾ ਟੇਕਣ ਆਈਆਂ ਵਿਸ਼ੇਸ਼ ਸ਼ਖਸੀਅਤਾਂ ਨੂੰ ਹਰ ਵਾਰ ਸਿਰੋਪਾਓ ਦੇ ਕੇ ਹੀ ਸਨਮਾਨਿਤ ਕੀਤਾ ਗਿਆ ਹੈ ਜਦੋਂਕਿ ਪ੍ਰਸਾਦਿ ਵਜੋਂ ਪਤਾਸੇ ਵੀ ਦਿੱਤੇ ਜਾਂਦੇ ਰਹੇ ਹਨ। ਇਸੇ ਤਰ੍ਹਾਂ ਜਦੋਂ ਫੁੱਲਾਂ ਦੇ ਹਾਰ ਚੜ੍ਹਾਏ ਜਾਂਦੇ ਸਨ ਤਾਂ ਹਾਰ ਚੜ੍ਹਾਉਣ ਵਾਲੇ ਨੂੰ ਪ੍ਰਸਾਦਿ ਵਜੋਂ ਫੁੱਲਾਂ ਦਾ ਹਾਰ ਹੀ ਹੱਥ ਵਿਚ ਸੌਂਪਿਆ ਜਾਂਦਾ ਸੀ। ਪਰ ਹੁਣ ਫੁੱਲਾਂ ਦੇ ਹਾਰ ਚੜ੍ਹਾਉਣ ਦਾ ਰੁਝਾਨ ਖ਼ਤਮ ਹੋ ਚੁੱਕਾ ਹੈ। ਸ਼੍ਰੋਮਣੀ ਕਮੇਟੀ ਵਿਚ ਲੰਮਾ ਸਮਾਂ ਸਕੱਤਰ ਅਤੇ ਮੁੱਖ ਸਕੱਤਰ ਰਹੇ ਮਨਜੀਤ ਸਿੰਘ ਕਲਕੱਤਾ ਨੇ ਆਖਿਆ ਕਿ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੂੰ ਸਿੱਖ ਕੌਮ ਵਲੋਂ ਸਨਮਾਨ ਦੇਣਾ ਬਣਦਾ ਹੈ ਪਰ ਸੱਚਖੰਡ ਵਿਖੇ ਨਵੇਂ ਰੁਝਾਨ ਅਤੇ ਨਵੀਆਂ ਪਿਰਤਾਂ ਤੋਂ ਬਚਣਾ ਚਾਹੀਦਾ ਹੈ।