ਕਰਮਨ ਵਿਖੇ ਹਾਰਵੈਸਟ ਫੈਸਟੀਵਲ ਦਾ ਲੋਕਾਂ ਨੇ ਭਰਪੂਰ ਅਨੰਦ ਲਿਆ

ਕਰਮਨ ਵਿਖੇ ਹਾਰਵੈਸਟ ਫੈਸਟੀਵਲ ਦਾ ਲੋਕਾਂ ਨੇ ਭਰਪੂਰ ਅਨੰਦ ਲਿਆ

ਫਰਿਜ਼ਨੋ/ ਕੁਲਵੰਤ ਧਾਲੀਆਂ, ਨੀਟਾ ਮਾਛੀਕੇ :
ਫਰਿਜ਼ਨੋ ਦੇ ਨਜ਼ਦੀਕੀ ਕਰਮਨ ਸ਼ਹਿਰ ਵਿਖੇ ਹਰ ਸਾਲ ਦੀ ਤਰ੍ਹਾਂ 74ਵੇਂ “ਹਾਰਵੈਸਟ ਫੈਸਟੀਵਲ” (Harvest Festival) ਦੀ ਸ਼ੁਰੂਆਤ ਪਰੇਡ ਨਾਲ ਹੋਈ। ਇਸ ਸਮੇਂ ਮਾਹੌਲ ਬਿਲਕੁਲ ਭਾਰਤ ਦੀ ਵਿਸਾਖੀ ਦੇ ਮੇਲੇ ਵਰਗਾ ਸੀ।
ਗੌਰਤਲਬ ਹੈ ਕਿ ਅਮਰੀਕਾ ਵਿਚ ਵੀ ਲੋਕ ਫਸਲ ਪੱਕਣ ਦੀ ਖੁਸ਼ੀ ਵਿਚ ਪੰਜਾਬੀਆਂ ਦੇ ਵਿਸਾਖੀ ਦੇ ਤਿਊਹਾਰ ਵਾਂਗ ਹੀ ਮੌਜ ਮੇਲਾ ਕਰਦੇ ਹਨ। ਬੇਸ਼ੱਕ ਇੱਥੇ ਲੋਕ ਵੱਡੇ ਸ਼ਹਿਰਾਂ ਵਿਚ ਰਹਿ ਰਹੇ ਹਨ ਪਰ ਆਪਣੀ ਪੱਕੀ ਫਸਲ ਦੀ ਕਟਾਈ ਕਰਨ ਦੀ ਖ਼ੁਸ਼ੀ ਪਰੰਪਰਾਗਤ ਮੇਲੇ ਦੇ ਰੂਪ ਵਿਚ ਮਨਾਉਂਦੇ ਆ ਰਹੇ ਹਨ। ਇਸ ਦੀ ਸੁਰੂਆਤ ਪਰੇਡ ਨਾਲ ਕੀਤੀ ਜਾਂਦੀ ਹੈ ਅਤੇ ਇਕੱਠ ਵੀ ਅਮੈਰੀਕਨ ਭਾਈਚਾਰੇ ਦਾ ਬਹੁਤ ਹੁੰਦਾ ਹੈ।
ਕਰਮਨ ਸ਼ਹਿਰ ਦਾ “ਹਾਰਵੈਸਟ ਫੈਸਟੀਵਲ” ਕਾਫੀ ਮਸ਼ਹੂਰ ਹੈ। ਇਥੇ ਹਰ ਸਾਲ 50 ਤੋਂ ਵੱਧ ਫਲੋਟ ਸਭ ਦੀ ਖਿੱਚ ਦਾ ਕਾਰਨ ਬਣਦੇ ਹਨ। ਇਸ ਤੋਂ ਇਲਾਵਾ ਲੋਕ ਆਪਣੇ ਪੁਰਾਣੇ ਟਰੱਕ, ਟਰੈਕਟਰ, ਕਾਰਾਂ ਅਤੇ ਹੋਰ ਪੁਰਾਤਨ ਸਾਜੋ-ਸਮਾਨ ਦਾ ਵੀ ਲਿਸ਼ਕਾਅ-ਚਮਕਾਅ ਕੇ ਖੁੱਲ੍ਹਾ ਪ੍ਰਦਰਸ਼ਨ ਕਰਦੇ ਹਨ। ਵੱਖ-ਵੱਖ ਭਾਈਚਾਰੇ ਦੇ ਲੋਕ ਆਪਣੇ-ਆਪਣੇ ਸੱਭਿਆਚਾਰ ਦਾ ਖੁੱਲ੍ਹ ਕੇ ਪਰਦਸ਼ਨ ਕਰਦੇ ਹਨ। ਇਨ੍ਹਾਂ ਫਲੋਟਾਂ ਨੂੰ ਵਧੀਆਂ ਸਜਾਉਣ ਦੇ ਮੁਕਾਬਲੇ ਵੀ ਦਿਲਚਸਪ ਹੁੰਦੇ ਹਨ, ਜਿਸ ਦੇ ਇਨਾਮ ਦਿੱਤੇ ਜਾਂਦੇ ਹਨ। ਸਥਾਨਕ ਲੋਕ ਸੜਕ ਦੇ ਦੋਨੋਂ ਪਾਸੇ ਬੈਠ ਕੇ ਇਸ ਪਰੰਪਰਾਗਤ ਪਰੇਡ ਦਾ ਖੁੱਲ੍ਹ ਕੇ ਅਨੰਦ ਮਾਣਦੇ ਹਨ ਅਤੇ ਹਿੱਸਾ ਲੈਣ ਵਾਲਿਆਂ ਦੀ ਹੌਸਲਾ ਅਫਜ਼ਾਈ ਕਰਦੇ ਹਨ। ਇਸ ਪਰੇਡ ਦੀ ਸਮਾਪਤੀ ਉਪਰੰਤ ਚਾਰ ਦਿਨ ਲੋਕ ਗੀਤ-ਸੰਗੀਤ, ਖੇਡਾਂ, ਰਾਈਡਾਂ, ਤਰ੍ਹਾਂ-ਤਰ੍ਹਾਂ ਦੇ ਝੂਲਿਆਂ ਅਤੇ ਖਾਣਿਆਂ ਦਾ ਅਨੰਦ ਮਾਣਦੇ ਹਨ। ਇਸੇ ਤਰ੍ਹਾਂ ਇਤਿਹਾਸਕ ਤਸਵੀਰਾਂ ਅਤੇ ਵਸਤਾਂ ਦੀ ਪ੍ਰਦਰਸ਼ਨੀ ਵੀ ਦੇਖਣਯੋਗ ਸੀ। ਇਹ ਮੇਲੇ ਸਾਰੇ ਸ਼ਹਿਰਾਂ ਵਿਚ ਲਗਾਤਾਰ ਪਰੰਪਰਾਵਾਂ ਨੂੰ ਕਾਇਮ ਰੱਖਦੇ ਹੋਏ ਲਗਦੇ ਹਨ, ਜਿੱਥੇ ਲੋਕ ਆਪਸੀ ਮੇਲਜੋਲ ਵਧਾਉਦੇ ਹਨ। ਕਰਮਨ ਸ਼ਹਿਰ ਦਾ ਇਸ ਸਾਲ ਦਾ ਮੇਲਾ ਵੀ ਹਮੇਸ਼ਾ ਵਾਂਗ ਖੁਸ਼ੀਆਂ ਵੰਡਦਾ ਹੋਇਆ ਯਾਦਗਾਰੀ ਹੋ ਨਿਬੜਿਆ।