ਕਰਮਨ ਪੰਜਾਬੀ ਸਕੂਲ ਦਾ ਸਾਲਾਨਾ ਸੱਭਿਆਚਾਰਕ ਪ੍ਰੋਗਰਾਮ ਛੱਡ ਗਿਆ ਅਮਿੱਟ ਪੈੜਾਂ

ਕਰਮਨ ਪੰਜਾਬੀ ਸਕੂਲ ਦਾ ਸਾਲਾਨਾ ਸੱਭਿਆਚਾਰਕ ਪ੍ਰੋਗਰਾਮ ਛੱਡ ਗਿਆ ਅਮਿੱਟ ਪੈੜਾਂ

ਫਰਿਜ਼ਨੋ/ਕੁਲਵੰਤ ਧਾਲੀਆਂ, ਨੀਟਾ ਮਾਛੀਕੇ :
ਕੈਲੀਫੋਰਨੀਆ ਵਿਚ ਫਰਿਜ਼ਨੋ ਨਜ਼ਦੀਕੀ ਕਰਮਨ ਸ਼ਹਿਰ ਵਿਖੇ ਕਰਮਨ ਪੰਜਾਬੀ ਸਕੂਲ ਵੱਲੋਂ ਸਾਲ ਦੀ ਸਮਾਪਤੀ ‘ਤੇ ਪਰਿਵਾਰਕ ਮਿਲਣੀ ਅਤੇ ਸੱਭਿਆਚਾਰਕ ਪ੍ਰੋਗਰਾਮ ਕੀਤਾ ਗਿਆ। ਇਹ ਸਕੂਲ ਪਿਛਲੇ ਕਈ ਸਾਲਾਂ ਤੋਂ ਬੱਚਿਆਂ ਨੂੰ ਪੰਜਾਬੀ ਮਾਂ ਬੋਲੀ, ਗੁਰਮੁੱਖੀ ਲਿੱਪੀ, ਗੁਰਮਤਿ ਸਿੱਖਿਆ ਅਤੇ ਪੰਜਾਬੀ ਸੱਭਿਆਚਾਰ ਦੀ ਸਿੱਖਿਆ ਦਿੰਦਾ ਆ ਰਿਹਾ ਹੈ। ਇਸ ਪ੍ਰੋਗਰਾਮ ਦੀ ਸੁਰੂਆਤ ਕੁਲਵੰਤ ਸਿੰਘ ਉੱਭੀ ਨੇ ਸਭ ਨੂੰ ‘ਜੀ ਆਇਆ’ ਕਹਿਣ ਨਾਲ ਕੀਤੀ। ਇਸ ਉਪਰੰਤ ਬੱਚਿਆ ਨੇ ਗੁਰਮਤਿ ਮਰਿਆਦਾ ਅਨੁਸਾਰ ‘ਮੂਲ-ਮੰਤਰ’ ਦਾ ਸਿਮਰਨ ਕੀਤਾ। ਸਕੂਲ ਦੇ ਪ੍ਰਧਾਨ ਸ. ਗੁਰਜੰਟ ਸਿੰਘ ਗਿੱਲ ਨੇ ਸਮੁੱਚੇ ਪ੍ਰਬੰਧਕੀ ਬੋਰਡ ਮੈਂਬਰਾਂ ਦੀ ਤਾਰੀਫ ਕੀਤੀ, ਜਿਨਾਂ ਦੇ ਯੋਗਦਾਨ ਨਾਲ ਸਕੂਲ ਦੀਆਂ ਪੰਜਾਬੀ ਦੇ ਵਿਕਾਸ ਪ੍ਰਤੀ ਪ੍ਰਾਪਤੀਆਂ ਦਾ ਜ਼ਿਕਰ ਕੀਤਾ। ਇਸ ਉਪਰੰਤ ਗੁਰਦੁਆਰਾ ਅਨੰਦਗੜ ਸਾਹਿਬ ਕਰਮਨ ਦੇ ਸਮੂਹ ਮੈਂਬਰਾਂ ਦਾ ਸਹਿਯੋਗ ਲਈ ਧੰਨਵਾਦ ਕੀਤਾ ਿਗਆ। ਅਧਿਆਪਕਾਂ ਅਤੇ ਵਲੰਟੀਅਰਾ ਨੂੰ ਵੀ ਹਾਜ਼ਰੀਨ ਦੇ ਰੂਬਰੂ ਕਰਦੇ ਹੋਏ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਵੱਖ-ਵੱਖ ਪੜਾਈ, ਗੁਰਬਾਣੀ ਉਚਾਰਨ ਅਤੇ ਸੱਭਿਆਚਾਰਿਕ ਸਰਗਰਮੀਆਂ ਵਿੱਚ ਪਹਿਲੇ ਸਥਾਨ ‘ਤੇ ਰਹਿਣ ਵਾਲੇ ਬੱਚਿਆਂ ਨੂੰ ਸਰਟੀਫ਼ਿਕੇਟ ਅਤੇ ਟ੍ਰਾਫੀਆਂ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਤੋਂ ਬਾਅਦ ਆਪਣੇ ਸੱਭਿਆਚਾਰ ਪ੍ਰਤੀ ਪਿਆਰ ਦਿਖਾਉਦੇ ਹੋਏ ਗਿੱਧੇ ਅਤੇ ਭੰਗੜੇ ਦੇ ਵੱਖ-ਵੱਖ ਗਰੁੱਪਾਂ ਵਿਚ ਜੌਹਰ ਦਿਖਾਏ ਗਏ। ਇਸ ਸਮੇਂ ਬੱਚਿਆਂ ਵੱਲੋਂ ਸਪੀਚ ਅਤੇ ਸਕਿੱਟਾਂ ਵੀ ਪੇਸ਼ ਕੀਤੀਆਂ ਗਈਆਂ।ਇਸ ਪ੍ਰੋਗਰਾਮ ਵਿਚ ਹਿੱਸਾ ਲੈਣ ਵਾਲੇ ਸਾਰੇ ਬੱਚਿਆਂ ਨੂੰ ਮੈਂਡਲ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਸਮੇਂ ਪੰਜਾਬ ਤੋਂ ਪਹੁੰਚੇ ਹਰਜਿੰਦਰ ਸਿੰਘ ਖਾਲਸਾ ਅਤੇ ਕਰਮਨ ਸ਼ਹਿਰ ਦੀ ਪੁਲੀਸ਼ ਦੇ ਮੁਖੀ ਨੇ ਵੀ ਸੰਬੋਧਿਤ ਕੀਤਾ। ਕੈਲੀਫੋਰਨੀਆਂ ਦੇ ਪ੍ਰਸਿੱਧ ਕਮੇਡੀਅਨ ਵਿਜੈ ਸਿੰਘ ਨੇ ਕਮੇਡੀ ਅਤੇ ਗਾਇਕਾ ਰਣਜੀਤ ਕੌਰ ਨੇ ਗਾਇਕੀ ਰਾਹੀ ਹਾਜ਼ਰੀਨ ਦਾ ਮੰਨੋਰੰਜਨ ਕੀਤਾ। ਸਮੁੱਚੇ ਪ੍ਰੋਗਰਾਮ ਦੌਰਾਨ ਸਟੇਜ਼ ਸੰਚਾਲਨ ਕੁਲਵੰਤ ਸਿੰਘ ਉੱਭੀ ਅਤੇ ਦਵਿੰਦਰ ਕੌਰ ਸਰਾਂ ਨੇ ਬਾਖੂਬੀ ਕੀਤਾ। ਇਸ ਤੋਂ ਇਲਾਵਾ ਬੱਚਿਆ ਲਈ ਹੌਸਲਾ ਅਫਜ਼ਾਈ ਕਰਦੇ ਹੋਏ ਬਹੁਤ ਸਾਰੇ ਰੈਂਫਲ ਡਰਾਅ ਵੀ ਕੱਢੇ ਗਏ।
ਇਸ ਸਮੁੱਚੇ ਪ੍ਰੋਗਰਾਮ ਨੂੰ ਸਫਲ ਬਣਾਉਣ ਵਿਚ ਅਧਿਆਪਕ ਕਮਲਜੀਤ ਸਿੰਘ ਸਰਾਂ, ਸੁਖਵਿੰਦਰ ਕੌਰ ਸਰਾਂ, ਰਾਜਿੰਦਰ ਕੌਰ ਗਿੱਲ, ਦਵਿੰਦਰ ਕੌਰ ਸਰ੍ਹਾਂ, ਕਮਲਜੀਤ ਕੌਰ ਬੈਂਸ, ਬਲਜੀਤ ਕੌਰ ਜੌਹਲ, ਜਸਮੀਤ ਕੌਰ ਹੇਅਰ, ਸਿਮਰਦੀਪ ਕੌਰ ਹੇਅਰ, ਜਸਮੀਨ ਮਾਨ, ਬਲਜੀਤ ਕੌਰ ਸਰਾਂ, ਮਨੀ ਹੇਅਰ ਅਤੇ ਗੁਰਪ੍ਰੀਤ ਕੌਰ ਬਰਾੜ, ਗੁਰਪ੍ਰੀਤ ਗਿੱਲ, ਗੁਰਪ੍ਰੀਤ ਜਾਨੀ, ਹਰਦੀ ਕੌਰ ਜਾਨੀ ਤੇ ਗੁਰਦੀਪ ਨਾਹਲ ਨੇ ਭਰਵਾਂ ਯੋਗਦਾਨ ਪਾਇਆ।  ਅੰਤ ਵਿਚ ਆਪਣੀਆਂ ਅਮਿੱਟ ਪੈੜਾਂ ਛੱਡਦਾ ਹੋਇਆ ਇਹ ਪ੍ਰੋਗਰਾਮ ਯਾਦਗਾਰੀ ਹੋ ਨਿਬੜਿਆ।