ਗਦਰੀ ਬਾਬੇ ਜਾਨਾਂ ਦੀ ਪ੍ਰਵਾਹ ਨਾ ਕਰਦਿਆਂ ਹੱਸ ਹੱਸ ਫਾਂਸੀਆਂ ਚੜ੍ਹੇ : ਹਰਸ਼ਿੰਦਰ ਕੌਰ

ਗਦਰੀ ਬਾਬੇ ਜਾਨਾਂ ਦੀ ਪ੍ਰਵਾਹ ਨਾ ਕਰਦਿਆਂ ਹੱਸ ਹੱਸ ਫਾਂਸੀਆਂ ਚੜ੍ਹੇ : ਹਰਸ਼ਿੰਦਰ ਕੌਰ

ਮਹਾਨ ਸ਼ਹੀਦਾਂ ਦੀ ਸੋਚ ਨੂੰ ਸਮਰਪਤ 18 ਵਾਂ ਸਲਾਨਾ ਮੇਲਾ ਲੋਕਾਂ 
ਦੇ ਠਾਠਾਂ ਮਾਰਦੇ ਇਕੱਠ ਦੀਆਂ ਤਾੜੀਆਂ ਨਾਲ ਹੋਇਆ ਸੰਪੂਰਨ
ਫਰਿਜ਼ਨੋ/ਬਿਊਰੋ ਨਿਊਜ਼
ਭਾਰਤ ਦੀ ਆਜ਼ਾਦੀ ਦੇ ਸੰਗਰਾਮ ਦੇ ਇਤਿਹਾਸ ਦੇ ਚਮਕਦੇ ਸਿਤਾਰੇ ਮਹਾਨ ਗਦਰੀ ਬਾਬਿਆਂ ਦੀ ਯਾਦ ਵਿਚ 18 ਵਾਂ ਮੇਲਾ ਫਰਿਜਨੋ ਵਿਚ ਸੈਂਟਰਲ ਹਾਈ ਸਕੂਲ ਦੇ ਜਿਮਨੇਜੀਅਮ ਹਾਲ ਵਿਚ ਲੋਕਾਂ ਦੇ ਠਾਠਾਂ ਮਾਰਦੇ ਇਕੱਠ ਵਿਚ ਤਾੜੀਆਂ ਨਾਲ ਸਮਾਪਤ ਹੋਇਆ। ਇੰਡੋ ਅਮੈਰੀਕਨ ਹੈਰੀਟੇਜ਼ ਫੋਰਮ ਵਲੋਂ ਕੀਤਾ ਗਿਆ ਇਹ ਮੇਲਾ ਸਾਨਫਰਾਂਸਿਸਕੋ ਸਾਜਸ਼ ਕੇਸ ਦੀ ਸ਼ਤਾਬਦੀ ਨੂੰ ਸਮਰਪਤ ਸੀ। ਇਸ ਵਾਰ ਮੇਲੇ ਵਿਚ ‘ਪੰਜਾਬ ਦੀ ਧੀ’ ਵਜੋਂ ਜਾਣੇ ਜਾਂਦੇ ਪ੍ਰਸਿਧ ਸਮਾਜ ਸੁਧਾਰਕ ਲਿਖਾਰੀ ਅਤੇ ਮੈਡੀਕਲ ਡਾਕਟਰ, ਪੰਜਾਬ ਤੋਂ ਡਾ. ਹਰਸ਼ਿੰਦਰ ਕੌਰ ਐਮ ਡੀ ਮੁਖ ਮਹਿਮਾਨ ਵਜੋਂ ਸ਼ਾਮਲ ਹੋਏ। ਸਮੁੱਚੀ ਸੈਂਟਰਲ ਵੈਲੀ ਵਿਚੋਂ ਬੀਬੀ ਹਰਸ਼ਿੰਦਰ ਕੌਰ ਦੇ ਸਵਾਗਤ ਲਈ ਹੁਮ ਹੁਮਾ ਕੇ ਪਹੁਚੇ ਸੈਂਕੜੇ ਲੋਕਾਂ ਨੇ ਹਾਲ ਨੂੰ ਨੱਕੋ ਨੱਕ ਭਰ ਦਿੱਤਾ।
ਪ੍ਰੋਗਰਾਮ ਦੇ ਸ਼ੁਰੂ ਵਿਚ ਬੱਚਿਆਂ ਨੇ ਆਪਣੀਆਂ ਛੋਟੀਆਂ ਸਪੀਚਾਂ ਅਤੇ ਕਵਿਤਾਵਾਂ ਨਾਲ ਸਰੋਤਿਆਂ ਨੂੰ ਪ੍ਰਭਾਵਤ ਕੀਤਾ। ਸਭ ਦੀ ਪੇਸ਼ਕਸ਼ ਦੇਸ਼ ਭਗਤਾਂ ਦੀ ਅਲੌਕਿਕ ਕਹਾਣੀਆਂ ਨਾਲ ਸਬੰਧਤ ਸੀ। ਇਨ੍ਹਾਂ ਸਾਰੇ ਬੱਚਿਆਂ ਨੁੰ ਮੈਡਲ ਦੇ ਕੇ ਸਨਮਾਨਤ ਕੀਤਾ ਗਿਆ। ਹਰਜੀਤ ਸਿੰਘ ਮਰਸਿਡ ਨੇ ਬੁਲੰਦ ਆਵਾਜ਼ ਵਿਚ ਇਕ ਗੀਤ ਗਾਇਆ। ਆਂਚਲ ਹੇਅਰ ਨੇ ‘ਧਰਤੀ ਮਾਂ ਦੀ ਪੁਕਾਰ’ ਇਕ ਭਾਵਪੂਰਤ ਕਾਵਿ ਨਾਟ ਪੇਸ਼ ਕਰਕੇ ਖੂਬ ਵਾਹ ਵਾਹ ਖੱਟੀ। ਮਨਦੀਪ ਕੌਰ ਨੇ ਬੜੇ ਪ੍ਰਭਾਵਸ਼ਾਲੀ ਅੰਦਾਜ਼ ਵਿਚ ਸ਼ਹੀਦਾਂ ਨੂੰ ਸ਼ਰਧਾਜਲੀ ਅਰਪਣ ਕੀਤੀ। ਯੱਮਲਾ ਜੱਟ ਦੀ ਸਾਫ ਸੁਧਰੀ ਗਾਇਕੀ ਦੀ ਮਿਸ਼ਾਲ ਨੂੰ ਬਲੰਦ ਰੱਖਣ ਵਾਲੇ ਫਰਿਜ਼ਨੋ ਦੇ ਰਾਜ ਬਰਾੜ ਨੇ ਦੇਸ਼ ਭਗਤੀ ਦੇ ਇਕ ਸ਼ਾਨਦਾਰ ਗੀਤ ਨਾਲ ਪ੍ਰੋਗਰਾਮ ਨੁੰ ਚਾਰ ਚੰਨ ਲਾਏ। ਉਨਾਂ ਦੀ ਪੇਸ਼ਕਾਰੀ ਦੀ ਸਾਰੇ ਪਾਸਿਉਂ ਬਹੁਤ ਸ਼ਲਾਘਾ ਹੋਈ।
ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਨ ਤੇ’ ਉਨਾਂ ਨੂੰ ਇਕ ਮਿੰਟ ਦਾ ਮੌਂਨ ਧਾਰ ਕੇ ਸ਼ਰਧਾਜਲੀ ਅਰਪਨ ਕੀਤੀ ਗਈ। ਸ ਕੁੰਦਨ ਸਿੰਘ ਧਾਮੀ ਨੇ ਸ਼ਹੀਦ ਦਲੀਪ ਸਿੰਘ ਭੁਜੰਗੀ ਨੂੰ ਸ਼ਰਧਾਜਲੀ ਭੇਂਟ ਕਰਦਿਆ ਦੱਸਿਆ ਕਿ ਉਨਾਂ ਦੇ ਚਾਚਾ ਜੀ ਸ਼ਹੀਦ ਦਲੀਪ ਸਿੰਘ 15 ਸਾਲ ਦੀ ਉਮਰ ਵਿਚ ਬੱਬਰ ਆਕਾਲੀ ਲਹਿਰ ਵਿਚ ਫਾਂਸੀ ਲੱਗੇ ਸਨ। ਇਹੋ ਜਿਹੇ ਗੁਮਨਾਮ ਸ਼ਹੀਦਾਂ ਨੂੰ ਇਤਿਹਾਸ ਵਿਚ ਸ਼ਾਨਦਾਰ ਥਾਂ ਮਿਲਣੀ ਚਾਹੀਦੀ ਹੈ। ਉਨ੍ਹਾਂ ਨੇ ਸ਼ਹੀਦਾਂ ਦੀ ਯਾਦ ਵਿਚ ਇਕ ਕਵਿਤਾ ਵੀ ਪੜੀ।
ਫੋਰਮ ਦੇ ਸਰਕਰਦਾ ਆਗੂ ਗੁਰਦੀਪ ਸਿੰਘ ਅਣਖੀ ਨੇ ਸੰਖੇਪ ਜਿਹੀ ਤਕਰੀਰ ਵਿਚ ਮੇਲੇ ਦੇ ਮੁਖ ਮਹਿਮਨਾ ਆਏ ਹੋਏ ਸਾਰੇ ਮਹਿਮਾਨਾਂ ਨੂੰ ਜੀ ਆਇਆਂ ਆਖਦਿਆਂ ਗਦਰ ਪਾਰਟੀ ਦੇ ਮਹਾਨ ਸ਼ਹੀਦਾਂ ਨੂੰ ਸ਼ਰਧਾਂਜਲੀ ਅਰਪਨ ਕੀਤੀ। ਉਨ੍ਹਾਂ ਸਾਨਫਰਾਂਸਿਸਕੋ ਕੇਸ ਦੇ ਅਧੀਨ ਸਜਾਵਾਂ ਭੁਗਤਣ ਵਾਲੇ 16 ਸੂਰਬੀਰਾਂ ਅਤੇ ਇਸੇ ਕੇਸ ਦੌਰਾਨ ਸ਼ਹੀਦ ਹੋਏ ਬਾਬਾ ਰਾਮ ਸਿੰਘ ਧੁਲੇਤਾ ਬਾਰੇ ਸੰਖੇਪ ਜਾਣਕਾਰੀ ਦਿਤੀ। ਉਨਾਂ ਕਿਹਾ ਕਿ ਆਜ਼ਾਦੀ ਦੀ ਲੜਾਈ ਸਿਰਫ ਹਿੰਦੁਸਤਾਨ ਦੀ ਧਰਤੀ ਦੇ ਹੀ ਨਹੀਂ ਲੜੀ ਗਈ, ਅਮਰੀਕਾ ਜਿਥੋਂ ਦੀ ਆਜ਼ਾਦੀ ਤੋਂ ਪ੍ਰੇਰਨਾ ਲੈ ਕੇ ਗਦਰੀ ਸੰਗਰਾਮੀਆਂ ਨੇ ਭਾਰਤ ਦੀ ਆਜ਼ਾਦੀ ਦਾ ਪ੍ਰਣ ਲਿਆ, ਦੀ ਧਰਤੀ ‘ਤੇ ਵੀ ਉਨਾਂ ਤੇ ਕੇਸ ਚਲਾ ਕੇ ਉਨਾਂ ਨੁੰ ਜੇਲ੍ਹਾਂ ਵਿਚ ਡੱਕਣ ਦੀ ਕੋਸ਼ਿਸ ਕੀਤੀ ਤਾਂ ਕਿ ਉਹ ਭਾਰਤ ਪਹੁੰਚ ਕੇ ਅੰਗਰੇਜ ਸਾਮਰਾਜ ਨੂੰ ਚੈਲੰਜ ਨਾ ਕਰ ਸਕਣ। ਉਨ੍ਹਾਂ ਨੇ ਅਮਰੀਕੀ ਦੇਸ਼ ਭਗਤ ਵਕੀਲਾਂ ਨੂੰ ਵੀ ਅਕੀਦਤ ਦੇ ਫੁੱਲ ਭੇਂਟ ਕੀਤੇ ਜਿਨ੍ਹਾਂ ਨੇ ਇਨ੍ਹਾਂ ਕੇਸਾਂ ਵਿਚ ਗਦਰੀ ਦੇਸ਼ ਭਗਤਾਂ ਦੇ ਬਚਾਅ ਲਈ ਮੁਫਤ ਸੇਵਾਵਾਂ ਅਰਪਣ ਕੀਤੀਆਂ। ਉਨ੍ਹਾਂ ਕਿਹਾ ਕਿ ਆਜ਼ਾਦੀ ਸੰਸਾਰ ਵਿਆਪਕ ਮਨੁੱਖੀ ਅਧਿਕਾਰ ਹੈ ਅਤੇ ਇਸ ਤੇ ਹੁੰਦੇ ਹਮਲਿਆਂ ਦੇ ਬਚਾਅ ਲਈ ਸੰਘਰਸ਼ ਵੀ ਸੰਸਾਰ ਵਿਆਪਕ ਹੈ। ਇਸ ਦੇ ਹੱਕ ਵਿਚ ਆਵਾਜ਼ ਚੁਕਣ ਅਤੇ ਲੜਣ ਵਾਲਿਆਂ ਨੂੰ ਸਲਾਮ। ਪ੍ਰੀਤ ਕੌਰ ਨੇ ਸ਼ਹੀਦ ਭਗਤ ਸਿੰਘ ਨੂੰ ਸਮਰਪਤ ਇਕ ਭਾਵਪੂਰਤ ਕਵਿਤਾ ਪੇਸ਼ ਕੀਤੀ। ਇੰਡੋ ਅਮੈਰੀਕਨ ਹੈਰੀਟੇਜ਼ ਫੋਰਮ ਦੀ ਸਰਗਰਮ ਵਰਕਰ ਸ਼ਰਨਜੀਤ ਧਾਲੀਵਾਲ ਨੇ ‘ਅਣਜੰਮੀ ਧੀ ਦੀ ਪੁਕਾਰ’ ਨਾਂ ਦੀ ਇਕ ਕਵਿਤਾ ਪੜ੍ਹ ਕੇ ਸਮੂਹ ਸਰੋਤਿਆਂ ਨੂੰ ਕੀਲ ਲਿਆ।
ਬੀਬੀ ਆਸ਼ਾ ਸ਼ਰਮਾ ਨੇ ਮੁਖ ਮਹਿਮਾਨ ਡਾ. ਹਰਸ਼ਿੰਦਰ ਕੌਰ ਦੀ ਜਾਣ ਪਛਾਣ ਕਰਵਾਉਦਿਆਂ ਦੱਸਿਆ ਕਿ ਪੰਜਾਬ ਦੀ ਇਹ ਮਹਾਨ ਧੀ, ਪੰਜਾਬੀ ਦੇ ਇਕ ਮਹਾਨ ਲਿਖਾਰੀ ਪ੍ਰੋ. ਪ੍ਰੀਤਮ ਸਿੰਘ ਦੀ ਬੇਟੀ ਹੈ ਅਤੇ ਉਨਾਂ ਨੂੰ ਪੰਜਾਬ ਦੀਆਂ ਧੀਆਂ ਦੀ ਸੇਵਾ ਵਿਰਸੇ ਚੋਂ ਮਿਲੀ ਹੈ, ਤਾਂ ਹੀ ਉਹ ਅਨੇਕਾਂ ਔਕੜਾਂ ਦਾ ਬਹਾਦਰੀ ਨਾਲ ਮੁਕਾਬਲਾ ਕਰਦੇ ਹੋਏ ਧਮਕੀਆਂ ਦੀ ਪਰਵਾਹ ਕੀਤੇ ਬਿਨਾਂ ਆਪਣੇ ਮਿਸ਼ਨ ਤੇ ਅੱਗੇ ਵੱਧ ਰਹੇ ਹਨ।
ਡਾ. ਹਰਸ਼ਿੰਦਰ ਕੌਰ ਨੇ ਆਪਣਾ ਭਾਸ਼ਨ ਸ਼ਹੀਦਾਂ ਪ੍ਰਤੀ ਬਹੁਤ ਹੀ ਭਾਵਪੂਰਤ ਕਵਿਤਾ ਨਾਲ ਸ਼ੁਰੂ ਕੀਤਾ। ਉਨ੍ਹਾਂ ਸ਼ਹੀਦਾਂ ਦੀ ਪਾਲਕ ਕੈਲੇਫੋਰਨੀਆਂ ਦੀ ਸੈੰਟਰਲ ਵੈਲੀ ਨੂੰ ਸਿਜਦਾ ਕਰਦਿਆਂ ਕਿਹਾ ਕਿ ਉਹ ਕਰਤਾਰ ਸਿੰਘ ਸਰਾਭਾ, ਲਾਲਾ ਹਰਦਿਆਲ, ਸੋਹਣ ਸਿੰਘ ਭਕਨਾ, ਹਰਨਾਮ ਸਿੰਘ ਟੁੰਡੀਲਾਟ ਨੂੰ ਇਥੇ ਆਪਣੇ ਹਮਵਤਨ ਭਾਰਤੀਆਂ ਨੂੰ ਆਜ਼ਾਦੀ ਲਈ ਪ੍ਰੇਰਤ ਕਰਦੇ ਦੇਖ ਮਾਣ ਮਹਿਸੂਸ ਕਰਦੀ ਹੈ। ਉਨ੍ਹਾਂ ਕਿਹਾ ਕਿ ਜਦੋਂ ਇਤਿਹਾਸ ਲਿਖਿਆ ਜਾਂਦਾ ਹੈ ਤਾਂ ਇਹ ਜਰੂਰੀ ਨਹੀਂ ਉਹ ਸ਼ਹੀਦਾਂ ਨੂੰ ਬਣਦਾ ਥਾਂ ਦੇਵੇ, ਪਰ ਜਦੋਂ ਲੋਕ ਸ਼ਹੀਦਾਂ ਨੂੰ ਪਛਾਣ ਲੈਣ ਤਾਂ ਆਪਣੀਆਂ ਜਾਨਾਂ ਤੱਕ ਵਾਰਨ ਲਈ ਤਿਆਰ ਹੋ ਜਾਂਦੇ ਹਨ। ਗਦਰੀ ਸ਼ਹੀਦ ਇਹੋ ਜਿਹੇ ਸ਼ਹੀਦ ਸਨ ਜਿਨਾਂ ਨੂੰ ਭਾਰਤੀਆਂ ਦਾ ਕਤਲੇਆਮ ਕਰਨ ਵਾਲੇ ਜਨਰਲ ਡਾਇਰ ਨੇ ਵੀ ਆਪਣੀਆਂ ਲਿਖਤਾਂ ਵਿਚ ‘ਅਜਿਤ’ ਮੰਨਿਆ ਹੈ। ਗਦਰੀ ਸ਼ਹੀਦਾਂ ਨੇ ਮੁਆਫੀਨਾਮੇ ਲਿਖ ਕੇ ਆਪਣੀਆਂ ਜਾਨਾਂ ਬਖ਼ਸ਼ਾਉਣ ਦੀ ਬਜਾਏ ਹੱਸ ਕੇ ਫਾਂਸੀਆਂ ਤੇ ਚੜ੍ਹਣਾ ਕਬੂਲਿਆ।
ਢਾ. ਹਰਸ਼ਿੰਦਰ ਕੌਰ ਨੇ ਆਜ਼ਾਦੀ ਦੀ ਲੜਾਈ ਵਿਚ ਇਸਤਰੀਆਂ ਨੂੰ ਬਣਦਾ ਥਾਂ ਮੰਗਦਿਆਂ ਕਿਹਾ ਕਿ ਗਦਰੀ ਜੋ ਵਿਦੇਸ਼ਾ ਵਿਚੋਂ ਅਤੇ ਭਾਰਤ ‘ਚੋ ਉਠੇ ਤੇ ਸ਼ਹੀਦ ਹੋਏ ਜਾਂ ਕੈਦ ਹੋਏ ਉਨ੍ਹਾਂ ਦੇ ਪਰਿਵਾਰਾਂ ਨੇ ਕੀ ਕੀ ਤਕਲੀਫਾ ਝੱਲੀਆਂ। ਉਹ ਸੰਤਾਪ ਉਨ੍ਹਾਂ ਦੀਆਂ ਮਾਵਾਂ ਬੀਵੀਆਂ ਅਤੇ ਬੱਚਿਆਂ ਨੇ ਸਾਰੀ ਉਮਰ ਝੱਲਿਆ ਜਦੋਂ ਕਿ ਉਨ੍ਹਾਂ ਦੀਆਂ ਜਾਇਦਾਦਾਂ ਅਤੇ ਘਰ-ਬਾਰ ਵੀ ਹਾਕਮ ਸਰਕਾਰਾਂ ਵਲੋਂ ਕੁਰਕ ਕਰਕੇ ਨਿਲਾਮ ਕਰ ਦਿਤੇ ਗਏ। ਉਨ੍ਹਾਂ ਪੰਜਾਬੀਆਂ ਨੂੰ ਗਦਰ ਪਾਰਟੀ ਦੀ ਮਿਸਾਲ ਦਿੰਦਿਆਂ ਕਿਹਾ ਕਿ ਪੰਜਾਬੀÀ ਤੁਸੀਂ ਸਭ ਕੁਝ ਕਰ ਸਕਦੇ ਹੋ। ਅੱਜ ਇਹ ਦਿਖਾ ਦਿਓ ਕਿ ਤੁਸੀਂ ਬਰਬਾਦ ਹੋ ਰਹੀ ਆਪਣੀ ਮਾਂ ਧਰਤੀ ਨੂੰ ਬਚਾਅ ਸਕਦੇ ਹੋ। ਅੱਜ ਫਿਰ ਇਸ ਧਰਤੀ ਤੋਂ ਉਠ ਕੇ ਆਪਣੀ ਮਾਂ ਧਰਤੀ ਨੂੰ ਬਚਾਉਣ ਲਈ ਅੱਗੇ ਆਓ। ਉਨ੍ਹਾਂ ਇਕ ਬਹੁਤ ਹੀ ਭਾਵਪੂਰਤ ਕਵਿਤਾ ਪੜ੍ਹ ਕੇ ਸਭ  ਕੀਲ ਦਿਤਾ। ਉਨ੍ਹਾਂ ਪੰਜਾਬ ਵਿਚ ਯਤੀਮ ਹੋ ਚੁਕੀਆਂ 372 ਧੀਆਂ ਨੂੰ ਪੜਾਉਣ ਵਾਲੇ ਆਪਣੇ ‘ਹਰਸ਼ ਟਰਸਟ’ ਲਈ ਖੁਲ੍ਹੇ ਦਿਲ ਨਾਲ ਸੇਵਾਵਾਂ ਅਰਪਨ ਕਰਨ ਲਈ ਕਿਹਾ। ਉਨ੍ਹਾਂ ਦੀ ਇਸ ਅਪੀਲ ਦਾ ਸਮੂਹ ਸਰੋਤਿਆਂ ਵਲੋਂ ਭਰਪੂਰ ਹੁੰਗਾਰਾ ਮਿਲਿਆ।
ਹੇਅਰ ਮੀਡੀਆ ਗਰੁਪ ਦੇ ਸਿਮਰਨ ਹੇਅਰ ਵਲੋਂ ਤਿਆਰ ਕਰਵਾਈ ਛੋਟੀਆਂ ਬੱਚੀਆਂ ਦੀ ਟੀਮ ਨੇ ਬਹੁਤ ਸ਼ਾਨਦਾਰ ਗਿੱਧਾ ਪੇਸ਼ ਕਰਕੇ ਸਭ ਨੁੰ ਮੰਤਰ ਮੁਗਧ ਕਰ ਦਿਤਾ। ਇਨ੍ਹਾਂ ਬੱਚੀਆਂ ਤੇ ਕੋਚਾਂ ਨੂੰ ਟਰਾਫੀਆਂ ਦੇ ਕੇ ਸਨਮਾਨਿਆ ਗਿਆ। ਜੀ. ਐਚ. ਜੀ. ਸੰਗੀਤ ਅਤੇ ਡਾਂਸ ਅਕੈਡਮੀ ਦੀ ਭੰਗੜਾ ਟੀਮ ਨੇ ਆਪਣੇ ਪੇਸ਼ਕਾਰੀ ਨਾਲ ਅਸ਼ ਅਸ਼ ਕਰਵਾ ਦਿਤੀ। ਪੰਜਾਬੀ ਦੇ ਪ੍ਰਸਿਧ ਲੇਖਕ, ਖੋਜਕਾਰ ਤੇ ਸਾਇੰਸਦਾਨ ਪ੍ਰੋ. ਗੁਰਮੇਲ ਸਿੰਘ ਸਿੱਧੂ ਵਲੋਂ ਸੰਪਾਦਿਤ ਕਿਤਾਬ ‘ਭਾਈ ਭਗਵਾਨ ਸਿੰਘ ਪਰੀਤਮ ਦੀ ਸਮੁੱਚੀ ਕਵਿਤਾ’ ਸਟੇਜ ਤੋਂ ਬੀਬੀ ਹਰਸ਼ਿੰਦਰ ਕੌਰ ਵਲੋਂ ਰਲੀਜ ਕੀਤੀ ਗਈ। ਇਸ ਕਿਤਾਬ ਦਾ ਖਰੜਾ ਭਾਈ ਭਗਵਾਨ ਸਿੰਘ ਦੇ ਦੋਹਤਰੇ ਸੁਰਿੰਦਰਪਾਲ ਸਿੰਘ ਵਲੋਂ ਸਾਂਭਿਆ ਹੋਇਆ ਸੀ। ਇਸ ਸਮੇ ਹਰਸ਼ਿੰਦਰ ਕੌਰ ਦੀ ਇਕ ਕਿਤਾਬ ‘ਸਵਾਲ ਮਾਪਿਆਂ ਦੇ ਜਵਾਬ ਡਾ ਹਰਸ਼ਿੰਦਰ ਕੌਰ ਦੇ’ ਵੀ ਰਲੀਜ ਕੀਤੀ ਗਈ।
ਹਰਮਨ ਪਿਆਰੇ ਗਾਇਕ ਜੀਤਾ ਗਿੱਲ ਨੇ ਦੇਸ਼ ਭਗਤੀ ਦੇ ਤਿੰਨ ਗੀਤ ਗਾਏ ਅਤੇ ਉਨਾਂ ਦੀ ਸੁਰੀਲੀ ਬਲੰਦ ਆਵਾਜ ਨੇ ਲੋਕਾਂ ਨੂੰ ਇਕ ਵਾਰ ਫੇਰ ਸਟੇਜ ਨਾਲ ਜੋੜ ਲਿਆ। ਪੱਪੀ ਭਦੌੜ ਨੇ ਵੀ ਇਕ ਸ਼ਾਨਦਾਰ ਗੀਤ ਗਾਇਆ। ਸਕੂਲਾਂ ਕਾਲਜਾਂ ਦੇ 4.0 ਗਰੇਡ ਜਾਂ ਇਸ ਤੋਂ ਵੱਧ ਪ੍ਰਾਪਤੀ ਵਾਲੇ ਵਿਦਿਆਰਥੀਆਂ ਨੂੰ ਹਰ ਸਾਲ ਦੀ ਤਰਾਂ ਨਕਦ ਇਨਾਮ ਦੇ ਕੇ ਸਨਮਾਨਤ ਕੀਤਾ ਗਿਆ। ਕਮਲਜੀਤ ਬੈਨੀਪਾਲ ਨੇ ਪੰਜਾਬ ਦੀ ਯਾਦ ਕਰਵਾਉਦਾ ਇਕ ਗੀਤ ਗਾਇਆ। ਅਖ਼ੀਰ ਵਿਚ ਰਾਜ ਬਰਾੜ ਨੇ ਇਕ ਹੋਰ ਗੀਤ ਗਾ ਕੇ ਪ੍ਰੋਗਰਾਮ ਦੀ ਸੁਰੀਲੀ ਸਮਾਪਤੀ ਕੀਤੀ। ਚਾਹ ਪਕੌੜਿਆਂ ਅਤੇ ਸਮੋਸਿਆਂ ਦਾ ਲੰਗਰ ਸਾਰਾ ਦਿਨ ਚਲਦਾ ਰਿਹਾ। ਗਦਰੀ ਬਾਬਿਆਂ ਅਤੇ ਹੋਰ ਦੇਸ਼ ਭਗਤਾਂ ਦੀਆਂ ਤਸਵੀਰਾਂ ਦੀ ਪਰਦਰਸ਼ਨੀ ਦੀ ਵੀ ਲੋਕਾਂ ਨੇ ਖੂਬ ਸ਼ਲਾਘਾ ਕੀਤੀ। ਅਜੀਤ ਸਿੰਘ ਗਿੱਲ ਤੇ ਮੋਗਾ ਵੀਡਿਓ ਦੀ ਸਮੁਚੀ ਟੀਮ, ਹੇਅਰ ਮੀਡੀਆ ਦੇ ਕੁਲਵੀਰ ਸਿੰਘ ਹੇਅਰ ਅਤੇ ਏ ਬੀ 24 ਟੀਵੀ ਦੇ ਸੰਜੀਵ ਭਾਰਦਵਾਜ ਨੇ ਇਸ ਪ੍ਰੋਗਰਾਮ ਨੂੰ ਕੈਮਰਾਬੰਦ ਕਰਨ ਦੀ ਜੁੰਮੇਵਾਰੀ ਬਾਖੂਬੀ ਨਿਭਾਈ। ਫੋਰਮ ਦੇ ਪ੍ਰਧਾਨ ਗੁਰਦੀਪ ਸਿੰਘ ਗਿੱਲ ਦੇ ਸਮ੍ਹੂ ਭਾਈਚਾਰੇ ਦਾ ਅਤੇ ਸਹਿਯੋਗੀ ਸੰਸਥਾਵਾਂ ਦਾ ਧੰਨਵਾਦ ਕੀਤਾ।