ਪਾਕਿਸਤਾਨ ‘ਚ ਆਮ ਚੋਣਾਂ ਭਲਕੇ, ਸੁਰੱਖਿਆ ਹਾਲਾਤ ਨੂੰ ਲੈ ਕੇ ਤਣਾਅ

ਪਾਕਿਸਤਾਨ ‘ਚ ਆਮ ਚੋਣਾਂ ਭਲਕੇ, ਸੁਰੱਖਿਆ ਹਾਲਾਤ ਨੂੰ ਲੈ ਕੇ ਤਣਾਅ

ਰਾਵਲਪਿੰਡੀ ਵਿਚ ਸੋਮਵਾਰ ਨੂੰ ਪਏ ਮੀਂਹ ਦੌਰਾਨ ਮੋਟਰਸਾਈਕਲ ‘ਤੇ ਸਵਾਰ ਇਕ ਵਿਅਕਤੀ ਤਹਿਰੀਕ-ਏ-ਇਨਸਾਫ਼ ਦੇ ਝੰਡੇ ਨਾਲ ਆਪਣਾ ਸਿਰ ਢਕਦਾ ਹੋਇਆ।

ਇਸਲਾਮਾਬਾਦ/ਬਿਊਰੋ ਨਿਊਜ਼ :

ਏਸ਼ੀਆ ਮਹਾਂਦੀਪ ਦੇ ਇਕ ਅਹਿਮ ਦੇਸ਼ ਪਾਕਿਸਤਾਨ ‘ਚ ਭਾਰੀ ਖੂਨ-ਖਰਾਬੇ ਤੋਂ ਬਾਅਦ 25 ਜੁਲਾਈ ਨੂੰ ਆਮ ਚੋਣਾਂ ਹੋਣ ਜਾ ਰਹੀਆਂ ਹਨ। ਹਾਲ ਦੀ ਘੜੀ ਚੋਣ ਪ੍ਰਚਾਰ ਬੰਦ ਹੋ ਗਿਆ ਹੈ। ਕੌਮੀ ਅਸੈਂਬਲੀ ਤੇ ਚਾਰ ਸੂਬਿਆਂ ਦੀਆਂ ਅਸੈਂਬਲੀਆਂ ਲਈ 12,570 ਤੋਂ ਵੱਧ ਉਮੀਦਵਾਰ, ਜਿਨ੍ਹਾਂ ਵਿੱਚ ਵੱਡੀ ਗਿਣਤੀ ਗਰਮਖਿਆਲੀ ਮੌਲਵੀ ਵੀ ਸ਼ਾਮਲ ਹਨ, ਚੋਣ ਮੈਦਾਨ ਵਿਚ ਹਨ।
ਦੋ ਮਹੀਨੇ ਲੰਮੀ ਇਸ ਚੋਣ ਮੁਹਿੰਮ ਨੂੰ ਜਿੱਥੇ ਵੋਟਰਾਂ ਦਾ ਮੱਠਾ ਹੁੰਗਾਰਾ ਮਿਲਿਆ, ਉਥੇ ਮੁਲਕ ਭਰ ਵਿੱਚ ਸੁਰੱਖਿਆ ਹਾਲਾਤ ਨੂੰ ਲੈ ਕੇ ਤਣਾਅ ਬਣਿਆ ਰਿਹਾ।ਵੱਖ ਵੱਖ ਪਾਰਟੀਆਂ ਦੇ ਆਗੂਆਂ ਨੇ ਮੁਲਕ ਦੇ ਵੱਖ ਵੱਖ ਹਿੱਸਿਆਂ ‘ਚ ਰੈਲੀਆਂ ਕਰਕੇ ਵੋਟਰਾਂ ਨੂੰ ਆਪਣੇ ਹੱਕ ‘ਚ ਭੁਗਤਾਉਣ ਦਾ ਯਤਨ ਕੀਤਾ। ਪਿਛਲੀਆਂ ਚੋਣਾਂ ਦੀ ਨਿਸਬਤ ਐਤਕੀਂ ਵੋਟਰਾਂ ਵੱਲੋਂ ਚੋਣ ਪ੍ਰਚਾਰ ਨੂੰ ਮੱਠਾ ਹੁੰਗਾਰਾ ਦਿੱਤਾ ਗਿਆ। ਉਮੀਦਵਾਰ ਵੀ ਵੋਟਰਾਂ ਨੂੰ ਪ੍ਰਭਾਵਿਤ ਕਰਨ ‘ਚ ਨਾਕਾਮ ਰਹੇ। ਭ੍ਰਿਸ਼ਟਾਚਾਰ ਦੇ ਦੋਸ਼ ‘ਚ ਜੇਲ੍ਹ ‘ਚ ਬੰਦ ਸਾਬਕਾ ਪ੍ਰਧਾਨ ਮੰਤਰੀ ਤੇ ਪਾਕਿਸਤਾਨ ਮੁਸਲਿਮ ਲੀਗ ਨਵਾਜ਼ ਦੇ ਆਗੂ ਨਵਾਜ਼ ਸ਼ਰੀਫ਼ ਸਮੇਤ ਹੋਰਨਾਂ ਮੋਹਰੀ ਆਗੂਆਂ ਖ਼ਿਲਾਫ਼ ਚੱਲ ਰਹੇ ਕੇਸਾਂ ਦੇ ਚਲਦਿਆਂ ਚੋਣਾਂ ਦੇ ਇਸ ਮੌਸਮ ‘ਚ ਵੋਟਰਾਂ ‘ਚ ਬੇਯਕੀਨੀ ਦਾ ਮਾਹੌਲ ਹੈ। ਭ੍ਰਿਸ਼ਟਾਚਾਰ ਵਿਰੋਧੀ ਨਿਗਰਾਨ ਕੌਮੀ ਜਵਾਬਦੇਹੀ ਬਿਊਰੋ ਨੇ ਵੀ ਚੋਣ ਮੁਹਿੰਮ ਨੂੰ ਢਾਹ ਲਾਈ ਹੈ। ਇਸੇ ਤਰ੍ਹਾਂ ਸੰਘੀ ਜਾਂਚ ਏਜੰਸੀ ਵੱਲੋਂ ਸਾਬਕਾ ਸਦਰ ਆਸਿਫ਼ ਅਲੀ ਜ਼ਰਦਾਰੀ ਖ਼ਿਲਾਫ਼ ਵਿੱਢੀ ਜਾਂਚ ਦੀ ਟਾਈਮਿੰਗ ਵੀ ਸਵਾਲਾਂ ਦੇ ਘੇਰੇ ‘ਚ ਹੈ। ਦਹਿਸ਼ਤਗਰਦਾਂ ਵੱਲੋਂ ਫਿਦਾਈਨ ਹਮਲਿਆਂ ‘ਚ ਲਿਆਂਦੇ ਉਬਾਲ ਨੇ ਵੀ ਚੋਣ ਮੁਹਿੰਮ ਨੂੰ ਵੱਡੀ ਸੱਟ ਮਾਰੀ ਹੈ। ਪਿਛਲੇ ਦੋ ਹਫ਼ਤਿਆਂ ‘ਚ ਤਿੰਨ ਉਮੀਦਵਾਰਾਂ ਸਮੇਤ 180 ਵਿਅਕਤੀ ਇਨ੍ਹਾਂ ਹਮਲਿਆਂ ‘ਚ ਆਪਣੀ ਜਾਨ ਗੁਆ ਚੁੱਕੇ ਹਨ।
ਉਧਰ ਉਮੀਦਵਾਰਾਂ ਤੇ ਪਾਰਟੀ ਆਗੂਆਂ ਵੱਲੋਂ ਅੱਜ ਆਖਰੀ ਹੱਲੇ ਵਜੋਂ ਵੱਖ ਵੱਖ ਥਾਈਂ ਰੈਲੀਆਂ ਕੀਤੀਆਂ। ਉਮੀਦਵਾਰਾਂ ਨੇ ਜਨਤਕ ਰੈਲੀਆਂ, ਨੁੱਕੜ ਮੀਟਿੰਗਾਂ  ਤੇ ਘਰ ਘਰ ਜਾ ਕੇ ਵੋਟਰਾਂ ਨੂੰ ਪਰਚਾਉਣ ਦਾ ਯਤਨ ਕੀਤਾ। ਪੀਐਮਐਲ ਐਨ ਦੇ ਮੁਖੀ ਸ਼ਾਹਬਾਜ਼ ਸ਼ਰੀਫ਼ ਨੇ ਡੇਰਾ ਗਾਜ਼ੀ ਖ਼ਾਨ ਤੇ ਰਾਵਲਪਿੰਡੀ ਜਦੋਂਕਿ ਉਨ੍ਹਾਂ ਦੇ ਪੁੱਤ ਹਮਜ਼ਾ ਨੇ ਲਾਹੌਰ ‘ਚ ਚੋਣ ਰੈਲੀਆਂ ਕੀਤੀਆਂ। ਪੀਟੀਆਈ ਮੁਖੀ ਇਮਰਾਨ ਖ਼ਾਨ ਨੇ ਪੰਜਾਬ ਦੀ ਰਾਜਧਾਨੀ ਲਾਹੌਰ ‘ਚ ਰੈਲੀ ਕੀਤੀ।
ਪੀਪੀਪੀ ਦੇ ਬਿਲਾਵਲ ਭੁੱਟੋ ਜ਼ਰਦਾਰੀ ਨੇ ਸਿੰਧ ਸੂਬੇ ‘ਚ ਜੈਕੋਬਾਬਾਦ ਤੇ ਸ਼ਿਕਾਰਪੁਰ ‘ਚ ਰੈਲੀਆਂ ਨੂੰ ਸੰਬੋਧਨ ਕੀਤਾ। ਐਮਐਮਏ ਆਗੂ ਮੌਲਾਨਾ ਫਜ਼ਲੁਰ ਰਹਿਮਾਨ ਤੇ   ਸਿਰਾਜੁਲ ਹੱਕ ਨੇ ਰਾਜਧਾਨੀ ਇਸਲਾਮਾਬਾਦ ਵਿੱਚ ਤਾਕਤ ਦਾ ਮੁਜ਼ਾਹਰਾ ਕੀਤਾ।