ਦਰਸ਼ਕ ਅਤੇ ਫ਼ਿਲਮ ਨਿਰੀਖਕ ਉਤਸੁਕਤਾ ਨਾਲ ਉਡੀਕ ਰਹੇ ਨੇ ‘ਪਦਮਾਵਤ’ ਫਿਲਮ

ਦਰਸ਼ਕ ਅਤੇ ਫ਼ਿਲਮ ਨਿਰੀਖਕ ਉਤਸੁਕਤਾ ਨਾਲ ਉਡੀਕ ਰਹੇ ਨੇ ‘ਪਦਮਾਵਤ’ ਫਿਲਮ

ਮੁੰਬਈ/ਬਿਊਰੋ ਨਿਊਜ਼
ਪਿਛਲੇ ਕੁਝ ਸਮੇਂ ਤੋਂ ਵਿਵਾਦਾਂ ‘ਚ ਘਿਰੀ ਰਹੀ ਅਤੇ 25 ਜਨਵਰੀ ਨੂੰ ਰਿਲੀਜ਼ ਹੋਣ ਜਾ ਰਹੀ ਫ਼ਿਲਮ ‘ਪਦਮਾਵਤ’ ਨੂੰ ਚਾਹੇ ਵਿਰੋਧ ਪ੍ਰਦਰਸ਼ਨਾਂ ਅਤੇ ਹਿੰਸਾ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ ਪਰ ਸੰਜੈ ਲੀਲਾ ਭੰਸਾਲੀ ਦੀ ਨਿਰਦੇਸ਼ਿਤ ਇਸ ਫ਼ਿਲਮ ਨੂੰ ਵਪਾਰ ਪੰਡਿਤ, ਸਿਨੇਮਾ ਮਾਲਕ ਤੇ ਦਰਸ਼ਕ ਬੇਸਬਰੀ ਨਾਲ ਉਡੀਕ ਰਹੇ ਹਨ। ਦੀਪਿਕਾ ਪਾਦੂਕੋਨ, ਸ਼ਾਹਿਦ ਕਪੂਰ ਅਤੇ ਰਣਵੀਰ ਸਿੰਘ ਜਿਹੇ ਸਿਤਾਰਿਆਂ ਦੀ ਅਦਾਕਾਰੀ ਵਾਲੀ ‘ਪਦਮਾਵਤ’ ਵਿੱਚ ਇਤਿਹਾਸਿਕ ਤੱਥਾਂ ਨੂੰ ਤੋੜ-ਮਰੋੜ ਕੇ ਪੇਸ਼ ਕਰਨ ਦੇ ਵਿਵਾਦ ਦਰਮਿਆਨ ਇਸ ਫ਼ਿਲਮ ਨੂੰ ਰਾਜਸਥਾਨ, ਮੱਧ ਪ੍ਰਦੇਸ਼, ਗੁਜਰਾਤ ਅਤੇ ਹਰਿਆਣਾ ਵਿੱਚ ਦਿਖਾਉਣ ‘ਤੇ ਉੱਥੋਂ ਦੀਆਂ ਸਰਕਾਰਾਂ ਨੇ ਰੋਕ ਲਾ ਦਿੱਤੀ ਸੀ। ਪਰ ਫ਼ਿਲਮ ਨਿਰਮਾਤਾਵਾਂ ਵੱਲੋਂ ਸੁਪਰੀਮ ਕੋਰਟ ਤੱਕ ਪਹੁੰਚ ਕਰਨ ਤੋਂ ਬਾਅਦ ‘ਪਦਮਾਵਤ’ ਦੇ 25 ਜਨਵਰੀ ਨੂੰ ਰਿਲੀਜ਼ ਕੀਤੇ ਜਾਣ ਦਾ ਰਾਹ ਪੱਧਰਾ ਹੋ ਗਿਆ। ਸਿਨੇਮਾ ਮਾਲਕਾਂ ਦੀ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਤੇ ਮੌਜੂਦਾ ਮੈਂਬਰ ਨਿਤਿਨ ਧਰ ਨੇ ਕਿਹਾ ਕਿ ਉਹ ਪ੍ਰਦਰਸ਼ਨਕਾਰੀਆਂ ਦੇ ਰੁਖ਼ ਬਾਰੇ ਤਾਂ ਫ਼ਿਲਹਾਲ ਕੁਝ ਨਹੀਂ ਕਹਿ ਸਕਦੇ, ਇਸ ਲਈ ਸਿਨੇਮਾ ਮਾਲਕਾਂ ਨੂੰ ਫ਼ਿਲਮ ਦਿਖਾਏ ਜਾਣ ਬਾਰੇ ਉਨ੍ਹਾਂ ਦੇ ਇਲਾਕਿਆਂ ਦੇ ਹਾਲਾਤ ਮੁਤਾਬਕ ਫ਼ੈਸਲੇ ਲੈਣ ਲਈ ਕਿਹਾ ਗਿਆ ਹੈ। ਸ੍ਰੀ ਧਰ ਨੇ ਕਿਹਾ ਕਿ ਇਸ ਸਬੰਧੀ ਐਸੋਸੀਏਸ਼ਨ ਵੱਲੋਂ ਗ੍ਰਹਿ ਮੰਤਰੀ ਤੇ ਕੁਝ ਰਾਜਾਂ ਦੇ ਮੁੱਖ ਮੰਤਰੀਆਂ ਨੂੰ ਲੋੜੀਂਦੇ ਸੁਰੱਖਿਆ ਪ੍ਰਬੰਧਾਂ ਬਾਰੇ ਪੱਤਰ ਲਿਖਿਆ ਗਿਆ ਹੈ। ਉਨ੍ਹਾਂ ਨਾਲ ਹੀ ਕਿਹਾ ਕਿ ‘ਪਦਮਾਵਤ’ ਦੀ ਅਗਾਊਂ ਬੁਕਿੰਗ ਕਾਫ਼ੀ ਚੰਗੀ ਹੈ ਤੇ ਆਸ ਹੈ ਕਿ ਇਹ ਚੰਗਾ ਕਾਰੋਬਾਰ ਕਰੇਗੀ। ਫ਼ਿਲਮ ਵਿਸ਼ਲੇਸ਼ਕਾਂ ਮੁਤਾਬਿਕ ਸਿਨੇਮਾ ਹਾਲਾਂ ਵਿੱਚ ਦਰਸ਼ਕਾਂ ਦੀ ਮੌਜੂਦਗੀ 65 ਫੀਸਦ ਤੋਂ ਉੱਤੇ ਰਹੇਗੀ। ਫ਼ਿਲਮ ਵਿਤਰਕ ਅਕਸ਼ੈ ਰਾਠੀ ਮੁਤਾਬਕ ਪੂਰੇ ਭਾਰਤ ਵਿੱਚ 4,000 ਸਕਰੀਨਾਂ ‘ਤੇ ਸ਼ੁਰੂਆਤੀ ਹਫ਼ਤੇ ਵਿੱਚ ‘ਪਦਮਾਵਤ’ ਦੀ ਸਕਰੀਨਿੰਗ ਦੌਰਾਨ ਦਰਸ਼ਕਾਂ ਦੀ ਮੌਜੂਦਗੀ 75 ਫੀਸਦ ਤੱਕ ਰਹਿਣ ਦਾ ਅੰਦਾਜ਼ਾ ਹੈ।

ਰਾਜਸਥਾਨ ਸਰਕਾਰ ਟੈਕਸ ਮਾਫ਼ ਕਰੇ: ਭੱਟ
ਭੋਪਾਲ: ਪ੍ਰਸਿੱਧ ਸੰਗੀਤਕਾਰ ਪੰਡਿਤ ਵਿਸ਼ਵ ਮੋਹਨ ਭੱਟ ਨੇ ਇੱਥੇ ਕਿਹਾ ਕਿ ਰਾਜਸਥਾਨ ਸਰਕਾਰ ਨੂੰ ‘ਪਦਮਾਵਤ’ ਨੂੰ ਸੂਬੇ ਵਿੱਚ ਟੈਕਸ ਮੁਕਤ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਫ਼ਿਲਮ ਭਾਰਤੀ ਸੱਭਿਆਚਾਰ ਖ਼ਾਸ ਕਰਕੇ ਰਾਜਸਥਾਨ ਦੀ ਵਿਰਾਸਤ ਨੂੰ ਉਭਾਰਦੀ ਹੈ। ਜੈਪੁਰ ਦੇ ਰਹਿਣ ਵਾਲੇ ਸੰਗੀਤਕਾਰ ਭੱਟ ਨੇ ਕਿਹਾ ਕਿ ਫ਼ਿਲਮ ਦਾ ਗੀਤ ‘ਘੂਮਰ’ ਰਾਜਸਥਾਨ ਦੇ ਲੋਕ ਸੰਗੀਤ ਦੀ ਝਲਕ ਪੇਸ਼ ਕਰਦਾ ਹੈ। ਇਸ ਤੋਂ ਇਲਾਵਾ ਫ਼ਿਲਮ ਵਿੱਚ ਵਿਰਾਸਤੀ ਰਾਜਸਥਾਨੀ ਪਹਿਰਾਵਿਆਂ ਨੂੰ ਵੀ ਕਾਫ਼ੀ ਜਗ੍ਹਾ ਦਿੱਤੀ ਗਈ ਹੈ।