ਹੁਣ ਕਾਂਗਰਸ ਲੱਗੀ ‘ਪਾਪੀਆਂ’ ਦੇ ‘ਪਾਪ’ ਧੌਣ

ਹੁਣ ਕਾਂਗਰਸ ਲੱਗੀ ‘ਪਾਪੀਆਂ’ ਦੇ ‘ਪਾਪ’ ਧੌਣ

ਬਠਿੰਡਾ/ਬਿਊਰੋ ਨਿਊਜ਼ :
ਸਿੰਜਾਈ ਤੇ ਬਿਜਲੀ ਮੰਤਰੀ ਰਾਣਾ ਗੁਰਜੀਤ ਸਿੰਘ ‘ਤੇ ਹੁਣ ਸਿੰਜਾਈ ਮਹਿਕਮੇ ਵਿੱਚ ਦਾਗੀ ਐਕਸੀਅਨਾਂ ਨੂੰ ਨਿਵਾਜੇ ਜਾਣ ਤੋਂ ਉਂਗਲ ਉਠੀ ਹੈ। ਸਿੰਜਾਈ ਮੰਤਰੀ ਨੇ ਬਾਦਲਾਂ ਦੇ ਹਲਕੇ ਵਿੱਚ ਕਰੋੜਾਂ ਵਿਚ ਖੇਡਣ ਵਾਲੇ ਸ੍ਰੀ ਕੇ.ਕੇ. ਸਿੰਗਲਾ ਨੂੰ ਬਹਾਲ ਕਰਕੇ ਡਰੇਨੇਜ਼ ਡਿਵੀਜ਼ਨ ਮਾਨਸਾ ਵਿਚ ਐਕਸੀਅਨ ਵਜੋਂ ਤਾਇਨਾਤ ਕਰ ਦਿੱਤਾ ਹੈ। ਵਿਜੀਲੈਂਸ ਬਠਿੰਡਾ ਨੇ ਇਸ ਐਕਸੀਅਨ ਖ਼ਿਲਾਫ਼ ਲੱਖਾਂ ਰੁਪਏ ਰਿਸ਼ਵਤ ਲੈਣ ਦੇ ਦੋਸ਼ ਵਿੱਚ 10 ਜਨਵਰੀ 2017 ਨੂੰ ਪੁਲੀਸ ਕੇਸ ਦਰਜ ਕੀਤਾ ਸੀ। ਵਿਜੀਲੈਂਸ ਨੇ ਇਸ ਐਕਸੀਅਨ ਦੀ 4.81 ਕਰੋੜ ਦੀ ਸੰਪਤੀ ਦਾ ਪਤਾ ਲਗਾ ਕੇ 15 ਮਾਰਚ 2017 ਨੂੰ ਇੱਕ ਹੋਰ ਕੇਸ ਦਰਜ ਕੀਤਾ ਸੀ। ਵਿਜੀਲੈਂਸ ਨੂੰ ਇਸ ਦੇ ਘਰੋਂ 1.96 ਕਰੋੜ ਦੀਆਂ 109 ਐਫ.ਡੀਜ਼ ਮਿਲੀਆਂ ਸਨ ਅਤੇ ਬੈਂਕ ਖਾਤਿਆਂ ਵਿੱਚ 1.71 ਕਰੋੜ ਰੁਪਏ ਜਮ੍ਹਾਂ ਸਨ। ਤਤਕਾਲੀ ਪੰਜਾਬ ਸਰਕਾਰ ਨੇ ਇਸ ਐਕਸੀਅਨ ਨੂੰ ਫੌਰੀ ਮੁਅੱਤਲ ਕਰ ਦਿੱਤਾ ਸੀ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚੋਂ ਇਸ ਐਕਸੀਅਨ ਨੂੰ 26 ਅਪ੍ਰੈਲ ਨੂੰ ਜ਼ਮਾਨਤ ਮਿਲੀ ਸੀ। ਟਿਊਬਵੈੱਲ ਕਾਰਪੋਰੇਸ਼ਨ ਵਿੱਚ ਇਹ ਐਕਸੀਅਨ ਬਠਿੰਡਾ ਵਿੱਚ ਤਾਇਨਾਤ ਸੀ ਅਤੇ ਬਾਦਲ ਪਰਿਵਾਰ ਨੇ ਇਸ ਐਕਸੀਅਨ ਰਾਹੀਂ ਬਠਿੰਡਾ, ਮਾਨਸਾ ਤੇ ਲੰਬੀ ਵਿੱਚ ਕਰੋੜਾਂ ਰੁਪਏ ਦੇ ਖਾਲੇ ਪੱਕੇ ਕਰਾਏ ਹਨ। ਪੰਜਾਬ ਜਲ ਸਰੋਤ ਪ੍ਰਬੰਧਨ ਅਤੇ ਵਿਕਾਸ ਕਾਰਪੋਰੇਸ਼ਨ ਦੇ ਐਮ.ਡੀ. ਸ੍ਰੀ ਐਸ.ਐਸ. ਗਰੇਵਾਲ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਐਕਸੀਅਨ ਨੂੰ ਉਦੋਂ ਹੀ ਮੁਅੱਤਲ ਕਰ ਦਿੱਤਾ ਸੀ। ਉਨ੍ਹਾਂ ਪੁਸ਼ਟੀ ਕੀਤੀ ਕਿ ਹੁਣ ਅਧਿਕਾਰੀ ਦੀ ਬਹਾਲੀ ਹੋ ਗਈ ਹੈ।
ਵੇਰਵਿਆਂ ਅਨੁਸਾਰ ਕੈਪਟਨ ਸਰਕਾਰ ਨੇ ਸਿੰਜਾਈ ਮਹਿਕਮੇ ਦੇ ਕਰੀਬ 57 ਕਰੋੜ ਦੇ ਪ੍ਰਾਜੈਕਟਾਂ ਦੀ ਵਿਜੀਲੈਂਸ ਪੜਤਾਲ ਕਰਵਾਈ ਹੈ ਅਤੇ ਪੜਤਾਲ ਵਾਲੀ ਡਿਵੀਜ਼ਨਾਂ ਦੇ ਦੋ ਐਕਸੀਅਨਾਂ ਦਾ ਤਬਾਦਲਾ ਵੀ ਦੋ ਘੰਟਿਆਂ ਵਿੱਚ ਹੀ ਰੱਦ ਕਰ ਦਿੱਤਾ ਹੈ। ਰਾਜਸਥਾਨ ਫੀਡਰ ਅਤੇ ਹਰੀਕੇ ਪੱਤਣ ਡਿਵੀਜ਼ਨ ਦੀ ਵਿਜੀਲੈਂਸ ਦੇ ਤਿੰਨ ਐਸ.ਐਸ.ਪੀਜ਼. ਨੇ ਪੜਤਾਲ ਕੀਤੀ ਹੈ, ਜਿਸ ਦੀ ਪੜਤਾਲ ਰਿਪੋਰਟ ਸਰਕਾਰ ਨੂੰ ਹੁਣ ਸੌਂਪੀ ਗਈ ਹੈ। ਐਕਸੀਅਨ ਅਰਿੰਦਰ ਸਿੰਘ ਵਾਲੀਆ ਕਾਫੀ ਵਰ੍ਹਿਆਂ ਤੋਂ ਰਾਜਸਥਾਨ ਫੀਡਰ ਮੰਡਲ ਵਿੱਚ ਤਾਇਨਾਤ ਹੈ ਅਤੇ ਪਿਛਲੀ ਸਰਕਾਰ ਨੇ ਉਸ ਨੂੰ ਬੀਐਮਐਲ ਪਟਿਆਲਾ ਦਾ ਵਾਧੂ ਚਾਰਜ ਦਿੱਤਾ ਹੋਇਆ ਸੀ। ਅਕਾਲੀ ਸਰਕਾਰ ਦੇ ਕਾਫੀ ਨੇੜੇ ਹੋਣ ਕਰਕੇ ਇਸ ਐਕਸੀਅਨ ਨੂੰ ਦੋ ਅਹਿਮ ਥਾਂ ਮਿਲੇ ਹੋਏ ਸਨ।
ਸਿੰਜਾਈ ਵਿਭਾਗ ਦੇ ਵਿਸ਼ੇਸ਼ ਮੁੱਖ ਸਕੱਤਰ ਨੇ 31 ਮਈ ਨੂੰ  21 ਐਕਸੀਅਨਾਂ ਦੇ ਤਬਾਦਲੇ ਕੀਤੇ ਸਨ, ਜਿਨ੍ਹਾਂ ਵਿੱਚ ਐਕਸੀਅਨ ਅਰਿੰਦਰ ਸਿੰਘ ਦੀ ਥਾਂ ‘ਤੇ ਰਾਜਸਥਾਨ ਫੀਡਰ ਮੰਡਲ ਵਿੱਚ ਦਲਜੀਤ ਸਿੰਘ ਧਾਲੀਵਾਲ ਨੂੰ ਬਤੌਰ ਐਕਸੀਅਨ ਤਾਇਨਾਤ ਕਰ ਦਿੱਤਾ। ਇਵੇਂ ਹਰੀਕੇ ਪੱਤਣ ਮੰਡਲ, ਜਿਸ ਦੀ ਵਿਜੀਲੈਂਸ ਪੜਤਾਲ ਹੋਈ ਹੈ, ਵਿੱਚ ਤਾਇਨਾਤ ਗੁਲਸ਼ਨ ਨਾਗਪਾਲ ਵਾਲੀ ਥਾਂ ‘ਤੇ ਹਰਲਾਭ ਸਿੰਘ ਚਹਿਲ ਨੂੰ ਤਾਇਨਾਤ ਕਰ ਦਿੱਤਾ। ਦੋ ਘੰਟਿਆਂ ਮਗਰੋਂ ਹੀ ਦੋ ਪੰਨਿਆਂ ਦੀ ਤਬਾਦਲਾ ਸੂਚੀ ਦਾ ਪਹਿਲਾ ਪੰਨਾ ਬਦਲ ਕੇ ਰਾਜਸਥਾਨ ਫੀਡਰ ਮੰਡਲ ਅਤੇ ਹਰੀਕੇ ਪੱਤਣ ਮੰਡਲ ਵਿਚ ਲਾਏ ਨਵੇਂ ਐਕਸੀਅਨਾਂ ਨੂੰ ‘ਆਊਟ’ ਕਰ ਦਿੱਤਾ ਗਿਆ। ਐਕਸੀਅਨ ਅਰਿੰਦਰ ਵਾਲੀਆ ਦਾ ਕਹਿਣਾ ਹੈ ਕਿ ਉਸ ਨੂੰ ਕੋਈ ਜਾਣਕਾਰੀ ਨਹੀਂ ਹੈ ਅਤੇ ਉਸ ਦੀ ਕੋਈ ਬਦਲੀ ਵਗੈਰਾ ਨਹੀਂ ਹੋਈ ਹੈ।
ਸਿੰਜਾਈ ਮੰਤਰੀ ਨੇ ਨਵੇਂ ਤਬਾਦਲਿਆਂ ਵਿੱਚ ਬਾਦਲ ਪਰਿਵਾਰ ਦੇ ਨੇੜਲੇ ਐਕਸੀਅਨ ਰਮੇਸ਼ ਕੁਮਾਰ ਗੁਪਤਾ ਨੂੰ ਕੈਨਾਲ ਡਿਵੀਜ਼ਨ ਅਬੋਹਰ ਵਿੱਚ ਤਾਇਨਾਤ ਕਰ ਦਿੱਤਾ ਹੈ। ਕੁਝ ਸਮਾਂ ਪਹਿਲਾਂ ਹੀ ਐਕਸੀਅਨ ਗੁਪਤਾ ਨੂੰ ਅਬੋਹਰ ਤੋਂ ਢੋਲਬਾਹਾ ਡੈਮ ਵਿਖੇ ਬਦਲ ਦਿੱਤਾ ਸੀ ਪ੍ਰੰਤੂ ਥੋੜ੍ਹੇ ਦਿਨਾਂ ਵਿੱਚ ਹੀ ਉਸ ਨੂੰ ਮੁੜ ਪੁਰਾਣੀ ਡਿਵੀਜ਼ਨ ਅਬੋਹਰ ਵਿੱਚ ਤਾਇਨਾਤੀ ਦਿੱਤੀ ਗਈ ਹੈ।
ਰਾਣਾ ਗੁਰਜੀਤ ਸਿੰਘ ਦਾ ਕਹਿਣਾ ਹੈ ਕਿ ਉਹ ਸੂਚੀ ਵੇਖ ਕੇ ਹੀ ਕੁਝ ਦੱਸ ਸਕਦੇ ਹਨ ਪ੍ਰੰਤੂ ਜੋ ਵੀ ਪੜਤਾਲ ਵਿੱਚ ਦੋਸ਼ੀ ਪਾਏ ਗਏ, ਉਨ੍ਹਾਂ ਨੂੰ ਕੋਈ ਅਜਿਹਾ ਅਹੁਦਾ ਨਹੀਂ ਦਿੱਤਾ ਗਿਆ ਹੈ। ਉਨ੍ਹਾਂ ਲਈ ਸਭ ਅਧਿਕਾਰੀ ਬਰਾਬਰ ਹਨ ਅਤੇ ਤਬਾਦਲਾ ਸੂਚੀ ਵਾਲਾ ਕੋਈ ਅਧਿਕਾਰੀ ਹਾਲੇ ਦੋਸ਼ੀ ਨਹੀਂ ਪਾਇਆ ਗਿਆ ਹੈ।