ਸਿੱਖ ਵਿਚਾਰਵਾਨਾਂ ਵੱਲੋਂ ਯੂਰਪ ਵਿਚ ਸਿੱਖ ਪ੍ਰਚਾਰਕ ‘ਤੇ ਹਮਲੇ ਦੀ ਨਿੰਦਾ

ਸਿੱਖ ਵਿਚਾਰਵਾਨਾਂ ਵੱਲੋਂ ਯੂਰਪ ਵਿਚ ਸਿੱਖ ਪ੍ਰਚਾਰਕ ‘ਤੇ ਹਮਲੇ ਦੀ ਨਿੰਦਾ

ਚੰਡੀਗੜ੍ਹ/ਬਿਊਰੋ ਨਿਊਜ਼ :
ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਵੱਲੋਂ ਪ੍ਰਸਿੱਧ ਸਿੱਖ ਵਿਚਾਰਵਾਨਾਂ ਅਤੇ ਲੇਖਕਾਂ ਦੀ ਮੀਟਿੰਗ ਸੱਦੀ ਗਈ, ਜਿਸ ਵਿਚ ਪਿਛਲੇ ਦਿਨੀਂ ਸਿੱਖ ਪ੍ਰਚਾਰਕ ਭਾਈ ਪੰਥਪ੍ਰੀਤ ਸਿੰਘ ਉਤੇ ਜਰਮਨੀ ਅਤੇ ਇਟਲੀ ਦੇ ਗੁਰਦੁਆਰਿਆਂ ਵਿਚ ਕੀਤੇ ਗਏ ਹਮਲਿਆਂ ਦੀ ਸਖਤ ਨਿੰਦਾ ਕੀਤੀ ਗਈ। ਸਿੰਘ ਸਭਾ ਦਾ ਇਹ ਮੱਤ ਸੀ ਕਿ ਹਮਲਾਵਰ, ਜਿਹੜੇ ਕਿ ਆਪ ਵੀ ਸਿੱਖ ਸਨ, ਜਾਪਦਾ ਹੈ ਕਿ ਉਨ੍ਹਾਂ ਦੀ ਇਸ ਮਾੜੀ ਹਰਕਤ ਪਿਛੇ ਕੁੱਝ ਲੁਕਵੇਂ ਮੰਤਵ ਹਨ ਅਤੇ ਉਨ੍ਹਾਂ ਦਾ ਇਰਾਦਾ ਧਾਰਮਿਕ ਮੱਤਭੇਦਾਂ ਨੂੰ ਸੁਲਝਾਉਣ ਦਾ ਬਿਲਕੁਲ ਨਹੀਂ ਸੀ।
ਸਿੱਖ ਸੈਂਟਰ ਗੁਰਦੁਆਰਾ ਫਰੈਂਕਫਰਟ ਜਰਮਨੀ ਅਤੇ ਇਟਲੀ ਦੇ ਪਡੂਆ ਸ਼ਹਿਰ ਦੇ ਸਿੱਖ ਗੁਰਦੁਆਰੇ ਵਿਚ ਵਾਪਰੀਆਂ ਅਤਿ ਘ੍ਰਿਣਾਯੋਗ ਘਟਨਾਵਾਂ ਉਤੇ ਬਹਿਸ ਕਰਦਿਆਂ ਸਿੱਖ ਵਿਚਾਰਵਾਨਾਂ ਨੇ ਕਿਹਾ ਕਿ ਸਿੱਖ ਪ੍ਰਚਾਰਕ ਉਤੇ ਹਮਲਾ ਦਮਦਮੀ ਟਕਸਾਲ ਦੀ ਚੁੱਕ ਉਤੇ ਕੀਤਾ ਗਿਆ ਹੈ ਅਤੇ ਹਮਲਾਵਰਾਂ ਦਾ ਟਕਸਾਲ ਨਾਲ ਸਬੰਧ ਕਿਸੇ ਤੋਂ ਲੁਕਵਾਂ ਨਹੀਂ।
ਦੋ ਕੁ ਮਹੀਨੇ ਪਹਿਲਾਂ ਪੰਜਾਬ ਦੇ ਬਾਦਲ ਹਾਕਮਾਂ ਦੀ ਸ਼ਹਿ ਹੇਠ ਇਸੇ ਟਕਸਾਲ ਵੱਲੋਂ ਇਕ ਹੋਰ ਸਿੱਖ ਪ੍ਰਚਾਰਕ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਉਤੇ ਵੀ ਹਮਲਾ ਕੀਤਾ ਗਿਆ ਸੀ। ਕਿਸਮਤ ਨਾਲ ਉਸ ਹਮਲੇ ਵਿਚ ਸਿੱਖ ਪ੍ਰਚਾਰਕ ਦੀ ਜਾਨ ਬਚ ਗਈ ਸੀ। ਗਿਆਤ ਰਹੇ ਕਿ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਪ੍ਰਚਾਰਕ ਭਾਈ ਪੰਥਪ੍ਰੀਤ ਸਿੰਘ ਦੇ ਨਿਕਟ ਸਹਿਯੋਗੀ ਹਨ।
ਸਾਬਕਾ ਆਈ.ਏ.ਐਸ. ਸ. ਗੁਰਤੇਜ ਸਿੰਘ ਅਤੇ ਪ੍ਰੋਫੈਸਰ ਗੁਰਦਰਸ਼ਨ ਸਿੰਘ ਢਿਲੋਂ ਨੇ ਕਿਹਾ ਕਿ ਭਾਈ ਪੰਥਪ੍ਰੀਤ ਸਿੰਘ ਨਾਲ ਵਿਚਾਰਧਾਰਕ ਮਤਭੇਦ ਨੂੰ ਹਮਲਾਵਰਾਂ ਨੇ ਜਾਣ ਬੁਝ ਕੇ ਉਛਾਲਿਆ ਤਾਂ ਕਿ ਉਨ੍ਹਾਂ ਦੇ ਮਨ ਅੰਦਰਲੀ ਮੰਦ ਭਾਵਨਾ ਲੁਕੀ ਰਹੇ। ਹਮਲਾਵਰਾਂ ਦਾ ਮਨੋਰਥ ਪ੍ਰਚਾਰਕ ਨੂੰ ਬੇਇਜ਼ਤ ਕਰਨਾ ਅਤੇ ਡਰਾਉਣਾ ਧਮਕਾਉਣਾ ਸੀ ਤਾਂ ਕਿ ਸਿੱਖਾਂ ਵਿਚ ਵੀ ਸ਼ੀਆ ਅਤੇ ਸੁੰਨੀ ਮੁਸਲਮਾਨਾਂ ਵਾਂਗ ਪਾੜਾ ਪਾਇਆ ਜਾ ਸਕੇ।
ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਦੇ ਖਜ਼ਾਨਚੀ ਸ. ਗੁਰਪ੍ਰੀਤ ਸਿੰਘ ਅਤੇ ਨਾਮੀ ਸਿੱਖ ਇਤਿਹਾਸਕਾਰ ਸ. ਅਜਮੇਰ ਸਿੰਘ ਨੇ ਕਿਹਾ ਕਿ ਸਿੱਖ ਧਰਮ ਅਤੇ ਵਿਚਾਰਧਾਰਾ ਸਬੰਧੀ ਜੇ ਕੋਈ ਮਤਭੇਦ ਹੋਣ ਵੀ, ਤਾਂ ਉਹ ਵਿਚਾਰ ਵਟਾਂਦਰੇ ਰਾਹੀਂ ਸੁਲਝਾਏ ਜਾ ਸਕਦੇ ਹਨ ਅਤੇ ਉਸ ਦੇ ਲਈ ਧੱਕੇਸ਼ਾਹੀ ਵਾਲੀਆਂ ਹਰਕਤਾਂ ਕਰਨ ਦੀ ਲੋੜ ਨਹੀਂ, ਜਿਹੜੀਆਂ ਅਕਸਰ ਸਿੱਖਾਂ ਦੀ ਵੱਖਰੀ ਪਛਾਣ ਨੂੰ ਖਤਮ ਕਰਨ ਲਈ ਸਰਕਾਰਾਂ ਵੱਲੋਂ ਕਰਵਾਈਆਂ ਜਾਂਦੀਆਂ ਹਨ।
ਸਿੱਖ ਵਿਚਾਰਵਾਨ ਭਾਈ ਅਸ਼ੋਕ ਸਿੰਘ ਬਾਗੜੀਆਂ, ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਦੇ ਜਨਰਲ ਸਕੱਤਰ ਸ. ਖੁਸ਼ਹਾਲ ਸਿੰਘ ਅਤੇ ਖਾਲਸਾ ਪੰਚਾਇਤ ਸੰਸਥਾ ਦੇ ਸ. ਰਾਜਿੰਦਰ ਸਿੰਘ ਤੋਂ ਇਲਾਵਾ ਸੀਨੀਅਰ ਪੱਤਰਕਾਰ ਸ. ਸੁਖਦੇਵ ਸਿੰਘ, ਸ. ਕਰਮਜੀਤ ਸਿੰਘ ਅਤੇ ਸ. ਜਸਪਾਲ ਸਿੰਘ ਸਿੱਧੂ ਨੇ ਵੀ ਮੀਟਿੰਗ ਵਿਚ ਪਾਸ ਕੀਤੇ ਮਤੇ ਦੀ ਪੂਰੀ ਹਮਾਇਤ ਕੀਤੀ। ਇਹ ਮਤਾ ਜਰਮਨੀ ਦੇ ਅਨੇਕਾਂ ਗੁਰਦੁਆਰਿਆਂ ਦੀਆਂ ਪ੍ਰਬੰਧਕੀ ਕਮੇਟੀਆਂ ਵੱਲੋਂ ਪਾਸ ਕੀਤੇ ਗਏ ਮਤਿਆਂ ਦੀ ਪ੍ਰੋੜ੍ਹਤਾ ਵੀ ਕਰਦਾ ਹੈ। ਇਨ੍ਹਾਂ ਕਮੇਟੀਆਂ ਨੇ ਪ੍ਰਚਾਰਕ ਉਤੇ ਕੀਤੇ ਹਮਲੇ ਦੀਆਂ ਵੀਡੀਓ ਤਸਵੀਰਾਂ ਵੀ ਨਸ਼ਰ ਕੀਤੀਆਂ ਹਨ, ਜਿਨ੍ਹਾਂ ਵਿਚ ਇਹ ਸਪਸ਼ਟ ਹੈ ਕਿ ਗੁਰਦੁਆਰਿਆਂ ਦੀ ਧਾਰਮਿਕ ਪਵਿੱਤਰਤਾ ਅਤੇ ਪ੍ਰਚਾਰਕ ਦੇ ਦੀਵਾਨ ਨੂੰ ਭੰਗ ਕਰਨ ਲਈ ਅਜਿਹਾ ਕੁੱਝ ਕੀਤਾ ਗਿਆ। ਇਹ ਸਾਰਾ ਕੁੱਝ ਮੰਦ ਭਾਵਨਾ ਤੋਂ ਪ੍ਰੇਰਿਤ ਸੀ, ਕਿਉਂਕਿ ਹਮਲਾਵਰਾਂ ਨੇ ਪ੍ਰਚਾਰਕ ਭਾਈ ਪੰਥਪ੍ਰੀਤ ਸਿੰਘ ਨਾਲ ਮੀਟਿੰਗ ਕਰਕੇ ਮਤਭੇਦ ਸੁਲਝਾਉਣ ਦੀ ਕੋਸ਼ਿਸ਼ ਨਹੀਂ ਕੀਤੀ, ਸਗੋਂ ਧੱਕੇ ਨਾਲ ਜੁੜੇ ਹੋਏ ਦੀਵਾਨ ਵਿਚ ਜਾ ਕੇ ਹੱਥੋ ਪਾਈ ਕੀਤੀ।
ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਨੇ ਇਸ ਮੀਟਿੰਗ ਵਿਚ ਦੁਨੀਆ ਭਰ ਦੇ ਸਿੱਖਾਂ ਨੂੰ ਅਪੀਲ ਕੀਤੀ ਹੈ ਕਿ ਸਿੱਖ ਵਿਰੋਧੀ ਤਾਕਤਾਂ ਦੇ ਹਥਕੰਡਿਆਂ ਤੋਂ ਖਬਰਦਾਰ ਰਹਿਣ, ਜਿਹੜੇ ਕਿ ਸਿੱਖ ਪੰਥ ਵਿਚ ਬਣਾਵਟੀ ਭੇਦ-ਭਾਵਾਂ ਨੂੰ ਉਛਾਲ ਕੇ ਸਿੱਖਾਂ ਵਿਚ ਵੰਡੀਆਂ ਪਾਉਣਾ ਚਾਹੁੰਦੇ ਹਨ। ਸਿੱਖਾਂ ਦਾ ਇਹ ਤਤਕਾਲ ਫਰਜ਼ ਬਣਦਾ ਹੈ ਕਿ ਇਨ੍ਹਾਂ ਹੁੱਲੜਬਾਜ਼ਾਂ ਨੂੰ ਧਾਰਮਿਕ ਸਥਾਨਾਂ ਦੀ ਪਵਿੱਤਰਤਾ ਭੰਗ ਕਰਨ ਤੋਂ ਹਰ ਹਾਲਤ ਵਿਚ ਰੋਕਿਆ ਜਾਵੇ।