ਪੰਜਾਬ ਦੀ ਰਾਜਨੀਤੀ ਦਾ ਮਿਜਾਜ਼ ਗਰਮ ਪਰ ਸਰਕਾਰ ਦਾ ਕਰਮ ਠੰਡਾ

ਪੰਜਾਬ ਦੀ ਰਾਜਨੀਤੀ ਦਾ ਮਿਜਾਜ਼ ਗਰਮ ਪਰ ਸਰਕਾਰ ਦਾ ਕਰਮ ਠੰਡਾ

ਚੰਡੀਗੜ੍ਹ/ਬਿਊਰੋ ਨਿਊਜ਼ :
ਪੰਜਾਬ ਦੀ ਸਿਆਸਤ ਅਜਮਾਇਸ਼ੀ ਦੌਰ ਵਿਚੋਂ ਲੰਘ ਰਹੀ ਹੈ। ਸ਼੍ਰੋਮਣੀ ਅਕਾਲੀ ਦਲ (ਬਾਦਲ) ਬੇਅਦਬੀ ਦੇ ਦੋਸ਼ਾਂ ਅਤੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਕਾਰਨ ਬੁਰੀ ਤਰ੍ਹਾਂ ਘਿਰ ਗਿਆ ਹੈ। ਕਾਂਗਰਸ ਅਤੇ ਆਮ ਆਦਮੀ ਪਾਰਟੀ ਵੀ ਆਪਣੇ ਅੰਦਰੂਨੀ ਸੰਕਟ ਵਿਚ ਉਲਝੀ ਹੋਈ ਦਿਖਾਈ ਦੇ ਰਹੀ ਹੈ। ਸਭ ਤੋਂ ਵੱਡੇ ਸੰਕਟ ਵਿਚ ਸ਼੍ਰੋਮਣੀ ਅਕਾਲੀ ਦਲ ਹੈ, ਜਿਸ ਨੂੰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ਾਂ ਕਾਰਨ ਆਪਣੇ ਹੀ ਭਾਈਚਾਰੇ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਕਿਸਾਨਾਂ-ਮਜ਼ਦੂਰਾਂ ਦੀਆਂ ਖ਼ੁਦਕੁਸ਼ੀਆਂ, ਨਸ਼ਾ, ਵਧ ਰਹੀ ਬੇਰੁਜ਼ਗਾਰੀ, ਡਰੱਗ ਮਾਫ਼ੀਆ ਤੇ ਪੰਜਾਬ ਦੀ ਨੌਜਵਾਨ ਪੀੜ੍ਹੀ ਦਾ ਪੰਜਾਬ ਵਿਚ ਰੁਜ਼ਗਾਰ ਨਾ ਮਿਲਣ ਕਾਰਨ ਵਿਦੇਸ਼ਾਂ ਵੱਲ ਪ੍ਰਵਾਸ ਇਸ ਸਮੇਂ ਰਾਜ ਲਈ ਗੰਭੀਰ ਸੰਕਟ ਬਣੇ ਹੋਏ ਹਨ।  ਲੱਗਭੱਗ ਸਾਰੀਆਂ ਰਾਜਨੀਤਕ ਪਾਰਟੀਆਂ ਸਿਰਫ਼ ਬਿਆਨਬਾਜ਼ੀ ਤੱਕ ਸੀਮਤ ਹਨ ਜਾਂ ਮੁੱਦਿਆਂ ਉਤੇ ਆਪੋ ਆਪਣੀਆਂ ਸਿਆਸਤ ਦੀਆਂ ਰੋਟੀਆਂ ਸੇਕਣ ਦੇ ਆਹਰ ਵਿਚ ਜੁਟੀਆਂ ਹਨ। ਪੰਜਾਬ ਵਿਚ ਅੱਜਕੱਲ੍ਹ ਇਹ ਜੁਮਲਾ ਬਹੁਤ ਪ੍ਰਸਿੱਧ ਹੋ ਗਿਆ ਹੈ ਕਿ ਫਲਾਂ-ਫਲਾਂ ਘਟਨਾ ਪਿੱਛੇ ਆਈਐਸਆਈ ਦਾ ਹੱਥ ਹੈ ਜਾਂ ਉਹ-ਉਹ ਸਿਆਸੀ ਦਲ ਤੇ  ਵਿਰੋਧੀ ਧਿਰ ਆਈਐਸਆਈ ਦੀ ਏਜੰਟ ਹੈ। ਇਹ ਜੁਮਲੇ ਹੋਰ ਕਿਸੇ ਵਲੋਂ ਨਹੀਂ ਪੰਜਾਬ ਦੇ ਵੱਡੇ ਸਿਆਸਤਦਾਨਾਂ ਵਲੋਂ ਘੜੇ ਜਾ ਰਹੇ ਹਨ।
ਯਾਦ ਰਹੇ ਕਿ ਸਾਲ 2007 ਅਤੇ 2012 ਦੀਆਂ ਚੋਣਾਂ ਦੌਰਾਨ ਵੀ ਅਕਾਲੀ ਦਲ ਨੂੰ ਗੁਰੂ ਗ੍ਰੰਥ ਸਾਹਿਬ ਦੇ ਬੇਅਦਬੀ ਦੇ ਮਾਮਲੇ ਅਤੇ ਆਪ ਦੇ ਆਧਾਰ ਵਧਣ ਕਾਰਨ ਮਾਲਵੇ ਵਿੱਚੋਂ ਘੱਟ ਸੀਟਾਂ ਮਿਲੀਆਂ ਸਨ। ਸਪੱਸ਼ਟ ਹੈ ਕਿ ਅਕਾਲੀ ਦਲ ਦੇ ਪੰਥਕ ਆਧਾਰ ਨੂੰ ਬੁਰੀ ਤਰ੍ਹਾਂ ਖੋਰਾ ਲੱਗਾ ਹੈ।  ਬਾਦਲ ਦਲ ਨੂੰ ਸਿਰਫ਼ 15 ਸੀਟਾਂ ਮਿਲੀਆਂ ਸਨ ਤੇ ਭਾਜਪਾ ਨੂੰ ਸਿਰਫ ਤਿੰਨ ਸੀਟਾਂ ਹੀ ਪੱਲੇ ਪਈਆਂ। ਪੰਜਾਬ ਵਿਚ ਲੰਬੇ ਸਮੇਂ ਰਾਜ ਕਰਨ ਵਾਲਾ ਬਾਦਲ ਦਲ ਮੁੱਖ ਵਿਰੋਧੀ ਧਿਰ ਵੀ ਨਾ ਬਣ ਸਕਿਆ। ਮੁੱਖ ਵਿਰੋਧੀ ਧਿਰ ਵਾਲਾ ਸਿਹਰਾ ਆਮ ਆਦਮੀ  ਪਾਰਟੀ ਦੇ ਸਿਰ ਬੱਝਿਆ ਸੀ। ‘ਆਪ’ ਵੀ ਇਸ ਵੇਲੇ ਆਪਸੀ ਫੁੱਟ ਕਾਰਨ ਖੱਖੜੀਆਂ ਕਰੇਲੇ ਹੋਈ ਫਿਰਦੀ ਹੈ। ਐਮਐਲਏ ਸੁਖਪਾਲ ਸਿੰਘ ਖਹਿਰਾ ਮੁੱਦਿਆਂ ਦੀ ਰਾਜਨੀਤੀ ਕਰਕੇ ‘ਆਪ’ ਉੱਪਰ ਭਾਰੂ ਪੈਂਦੇ ਦਿਖਾਈ ਦਿੰਦੇ ਹਨ।  ਇਸ ਦਾ ਕਾਫੀ ਜ਼ਿਆਦਾ ਨੁਕਸਾਨ ‘ਆਪ’ ਨੂੰ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।
ਕਾਂਗਰਸ ਪਾਰਟੀ ਤੇ ਸਰਕਾਰ ਦੀ ਸਥਿਤੀ ਵੀ ਕੋਈ ਬਹੁਤੀ ਚੰਗੀ ਨਹੀਂ ਹੈ। ਕੈਪਟਨ ਸਰਕਾਰ ਚੋਣ ਵਾਅਦੇ ਨਾ ਪੂਰੇ ਕਰਨ ਕਾਰਨ ਪੰਜਾਬੀਆਂ ਦੀ ਆਲੋਚਨਾ ਦਾ ਸ਼ਿਕਾਰ ਬਣ ਰਹੀ ਹੈ। ਖੇਤ ਮਜ਼ਦੂਰਾਂ, ਕਿਸਾਨਾਂ ਤੇ ਮੁਲਾਜ਼ਮਾਂ ਕੀਤੇ ਜਾ ਰਹੇ ਰੋਸ ਮੁਜ਼ਾਹਰੇ ਇਸ ਗੱਲ ਦਾ ਪ੍ਰਗਟਾਵਾ ਹਨ ਕਿ ਪੰਜਾਬ ਵਿਚ ਕੁਝ ਵੀ ਠੀਕ ਨਹੀਂ ਚੱਲ ਰਿਹਾ ਤੇ ਲੋਕ ਕੈਪਟਨ ਸਰਕਾਰ ਤੋਂ ਨਿਰਾਸ਼ ਹਨ ਕਿ ਕਿਸਾਨਾਂ-ਮਜ਼ਦੂਰਾਂ ਦੇ ਸਮੁੱਚੇ ਕਰਜ਼ੇ ਮੁਆਫ਼ ਕਰਨ, ਘਰ ਘਰ ਨੌਕਰੀ ਦੇਣ ਅਤੇ ਇਕ ਮਹੀਨੇ ਅੰਦਰ ਨਸ਼ੇ ਖ਼ਤਮ ਕਰਨ ਦੇਣ ਦੇ ਵਾਅਦੇ ਕੈਪਟਨ ਸਰਕਾਰ ਪੂਰੇ ਨਹੀਂ ਕਰ ਸਕੀ। ਦੂਜੇ ਪਾਸੇ ਕਾਂਗਰਸ  ਪਾਰਟੀ ਤੇ ਸਰਕਾਰ ਅੰਦਰ ਧੜੇਬੰਦੀ ਕਾਫੀ ਤਿੱਖੀ ਹੁੰਦੀ ਜਾ ਰਹੀ ਹੈ। ਪਹਿਲਾਂ ਕੁਝ ਐਮਐਲਏਜ਼ ਤਾਂ ਮੰਤਰੀ ਨਾ ਬਣ ਸਕਣ ਦੇ ਗਮ ਵਿਚ ਸਰਕਾਰ ਤੇ ਪਾਰਟੀ ਖਿਲਾਫ ਭੜਾਸ ਕੱਢਣ ਲੱਗੇ ਸਨ ਪਰ ਬਾਅਦ ਵਿਚ ਜਿਵੇਂ-ਕਿਵੇਂ ਉਨ੍ਹਾਂ ਨੂੰ ਟਿਕਾ ਲਿਆ ਗਿਆ। ਹੁਣ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਉਤੇ ਕਾਰਵਾਈ ਨੂੰ ਲੈ ਕੇ ਵੀ ਕਾਂਗਰਸ ਪਾਰਟੀ ਤੇ ਸਰਕਾਰ ਦੋ ਧੜਿਆਂ ਵਿਚ ਵੰਡ ਗਈ ਹੈ। ਮੁੱਖ ਮੰਤਰੀ ਅਮਰਿੰਦਰ ਸਿੰਘ ਫੂਕ-ਫੁਕ ਕੇ ਕਦਮ ਰੱਖ ਰਹੇ ਹਨ ਤੇ ਬਾਦਲਾਂ ਖਿਲਾਫ ਕਿਸੇ ਸਿੱਧੀ ਕਾਰਵਾਈ ਤੋਂ ਪਾਸਾ ਵੱਟਦੇ ਦਿਖਾਈ ਦੇ ਰਹੇ ਹਨ। ਨਵਜੋਤ ਸਿੰਘ ਸਿੱਧੂ ਤੇ ਕਾਂਗਰਸੀ ਮੰਤਰੀਆਂ ਤੇ ਵਿਧਾਇਕਾਂ ਦਾ ਇਕ ਵੱਡਾ ਹਿੱਸਾ ਬਾਦਲਾਂ ਖਿਲਾਫ ਤੁਰੰਤ ਸਿੱਧੀ ਕਾਰਵਾਈ ਦੇ ਹੱਕ ਵਿਚ ਖੜ੍ਹਾ ਹੈ। ਸਿੱਖ ਬੁੱਧੀਜੀਵੀ ਵਰਗ ਦਾ ਵੱਡਾ ਹਿੱਸਾ ਵੀ ਇਹ ਮਹਿਸੂਸ ਕਰਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਐਸਆਈਟੀ ਕਮਿਸ਼ਨ ਬਣਾਉਣ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਕਥਿਤ ਦੋਸ਼ੀਆਂ ਉੱਪਰ ਕੇਸ ਦਰਜ ਕਰਨੇ ਚਾਹੀਦੇ ਸਨ।
ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਇਸ ਤੋਂ ਪਿੱਛੋਂ ਦੀਆਂ ਘਟਨਾਵਾਂ ਬਾਰੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਤੋਂ ਬਾਅਦ ਅਕਾਲੀ ਦਲ ਹੁਣ ਗੰਭੀਰ ਸੰਕਟ ਵਿਚੋਂ ਗੁਜ਼ਰ ਰਿਹਾ ਹੈ। ਵਿਧਾਨ ਸਭਾ ਵਿਚੋਂ ਇਸ ਸੰਬੰਧੀ ਬਹਿਸ ਕਾਰਣ ਕੀਤਾ ਬਾਈਕਾਟ ਸ਼੍ਰੋਮਣੀ ਅਕਾਲੀ ਦਲ ਲਈ ਮਹਿੰਗਾ ਸੌਦਾ ਸਾਬਤ ਹੋ ਰਿਹਾ ਹੈ। ਸਾਲ 2019 ਵਿੱਚ ਹੋਣ ਵਾਲੀਆਂ ਲੋਕ ਸਭਾ ਚੋਣਾਂ ‘ਤੇ ਵੀ ਇਸ ਦਾ ਅਸਰ ਪੈਣ ਦੀ ਸੰਭਾਵਨਾ ਹੈ। ਪੰਜਾਬ ਦੀ ਸਿਆਸਤ ‘ਤੇ ਪੈਦਾ ਹੋਏ ਤਾਜ਼ਾ ਹਾਲਾਤ ਨਾਲ ਸਿੱਝਣ ਲਈ ਅਕਾਲੀਆਂ ਨੇ ਹਾਲੇ ਤੱਕ ਕੋਈ ਠੋਸ ਰਣਨੀਤੀ ਨਹੀਂ ਉਲੀਕੀ।
ਇਸੇ ਕਰਕੇ ਸੀਨੀਅਰ ਅਕਾਲੀ ਨੇਤਾ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਤੋਂ ਨਰਾਜ਼ ਵੀ ਤੇ ਨਿਰਾਸ਼ ਵੀ ਹਨ। ਪਾਰਟੀ ਦੀ ਕੋਰ ਕਮੇਟੀ ਦੀ ਮੀਟਿੰਗ ਵਿਚ ਇਸ ਸੰਬੰਧੀ ਸੁਆਲ ਵੀ ਉਠੇ ਸਨ ਤੇ ਸੁਖਬੀਰ ਬਾਦਲ ਨਾਲ ਇਸ ਬਾਰੇ ਨਰਾਜ਼ਗੀ ਵੀ ਪ੍ਰਗਟਾਈ ਗਈ ਸੀ। ਸ਼੍ਰੋਮਣੀ ਕਮੇਟੀ ਦੇ ਇਕ ਮੈਂਬਰ ਬੀਬੀ ਕਿਰਨਜੋਤ ਕੌਰ ਨੇ ਸੁਖਬੀਰ ਸਿੰਘ ਬਾਦਲ ਕੋਲੋਂ ਅਸਤੀਫਾ ਵੀ ਮੰਗ ਲਿਆ ਹੈ। ਉਸ ਦਾ ਮੰਨਣਾ ਹੈ ਕਿ ਜੇਕਰ ਅਕਾਲੀ ਦਲ ਨੂੰ ਬਚਾਉਣਾ ਹੈ ਤਾਂ ਇਹ ਤਬਦੀਲੀ ਯਕੀਨੀ ਕਰਨੀ ਪਵੇਗੀ। ਬਹੁਤੇ ਅਕਾਲੀ ਆਗੂ ਇਸ ਗੱਲ ਉਤੇ ਇਕਮਤ ਹਨ ਕਿ ਬੇਅਦਬੀ ਕਾਰਨ ਸ਼੍ਰੋਮਣੀ ਅਕਾਲੀ ਦਲ ਦਾ ਵੱਡਾ ਸਿਆਸੀ ਨੁਕਸਾਨ ਹੋਇਆ ਹੈ ਪਰ ਪਾਰਟੀ ਦੇ ਮਹਾਂਰਥੀ ਇਸ ਸਬੰਧੀ ਵਿਚਾਰ ਕਰਨ ਨੂੰ ਵੀ ਤਿਆਰ ਨਹੀਂ।
ਸ਼੍ਰੋਮਣੀ ਕਮੇਟੀ ਮੈਂਬਰ ਕਰਨੈਲ ਸਿੰਘ ਪੰਜੋਲੀ ਦਾ ਵੀ ਮੰਨਣਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਨੁਮਾਇੰਦਿਆਂ ਨੇ ਆਪਣੀ ਜ਼ਿੰਮੇਵਾਰੀ ਸਹੀ ਢੰਗ ਨਾਲ ਨਹੀਂ ਨਿਭਾਈ, ਜਿਸ ਕਾਰਨ ਸਿੱਖ ਕੌਮ ਵਿੱਚ ਰੋਹ ਹੈ। ਉਹਨਾਂ ਦੀ ਧਾਰਨਾ ਇਹ ਹੈ ਕਿ ਅਕਾਲੀ ਦਲ ਦੀ ਹੋਂਦ ਬਚਾਉਣੀ ਜ਼ਰੂਰੀ ਹੈ।
ਮਾਝੇ ਦੇ ਜਰਨੈਲ ਆਖੇ ਜਾਂਦੇ ਅਕਾਲੀ ਆਗੂ ਤੇ ਐਮਪੀ  ਖਡੂਰ ਸਾਹਿਬ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਜੋ ਅੱਜ ਕੱਲ੍ਹ ਕੈਨੇਡਾ ਵਿਚ ਹਨ, ਨੇ ਪ੍ਰਵਾਨ ਕੀਤਾ ਕਿ ਡੇਰਾ ਮੁਖੀ ਨੂੰ ਮੁਆਫ਼ ਕਰਨਾ, ਬਹਿਬਲ ਕਲਾਂ ਵਿਚ ਸੰਗਤਾਂ ‘ਤੇ ਪੁਲੀਸ ਗੋਲੀਬਾਰੀ ਤੇ ਦੋ ਵਿਅਕਤੀਆਂ ਦੀ ਮੌਤ ਇੱਕ ਗ਼ਲਤੀ ਸੀ। ਇਸ ਕਾਰਨ ਅਕਾਲੀ ਦਲ ਦਾ ਸਿਆਸੀ ਨੁਕਸਾਨ ਹੋਇਆ। ਉਨ੍ਹਾਂ ਦਾ ਕਹਿਣਾ ਸੀ ਕਿ ਉਦੋਂ ਸੀਨੀਅਰ ਲੀਡਰਸ਼ਿਪ ਨਾਲ ਜੇ ਸਲਾਹ-ਮਸ਼ਵਰਾ ਕੀਤਾ ਗਿਆ ਹੁੰਦਾ, ਤਾਂ ਮਾਹੌਲ ਹੁਣ ਇੰਨਾ ਖ਼ਰਾਬ ਨਾ ਹੁੰਦਾ। ਹੁਣ ਪਾਰਟੀ ਲੀਡਰਸ਼ਿਪ ਨੂੰ ਅਕਾਲ ਤਖ਼ਤ ਸਾਹਿਬ ‘ਤੇ ਜਾਣਾ ਚਾਹੀਦਾ ਹੈ ਤੇ ਉੱਥੇ ਸਮੂਹਿਕ ਤੌਰ ‘ਤੇ ਪੰਥ ਤੋਂ ਮਾਫ਼ੀ ਮੰਗਣੀ ਚਾਹੀਦੀ ਹੈ।
ਸੁਖਬੀਰ ਸਿੰਘ ਬਾਦਲ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਬਚਾਅ ਦੇ ਲਈ ਜੋ ‘ਪੋਲ ਖੋਲ੍ਹ’ ਸਿਆਸੀ ਮੁਹਿੰਮ ਸ਼ੁਰੂ ਕੀਤੀ ਹੈ, ਉਹ ਸਿੱÎਖ ਜਥੇਬੰਦੀਆਂ ਨਾਲ ਟਕਰਾਅ ਦਾ ਕਾਰਨ ਬਣ ਰਹੀ ਹੈ। ਥਾਂ-ਥਾਂ ਉੱਤੇ ਪੰਥਕ ਜਥੇਬੰਦੀਆਂ ਵਲੋਂ ਵਿਰੋਧ ਜਾਰੀ ਹਨ। ‘ਬਰਗਾੜੀ’ ਤੇ ਆਸ-ਪਾਸ ਹੋਈਆਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀਆਂ ਦੀਆਂ ਘਟਨਾਵਾਂ ਤੇ ਬਰਗਾੜੀ ਵਿੱਚ ਲੱਗੇ ਮੋਰਚੇ ਦਾ ਅਸਰ ਫ਼ਰੀਦਕੋਟ, ਬਠਿੰਡਾ ਅਤੇ ਫਿਰੋਜ਼ਪੁਰ ਵਿੱਚ ਅਕਾਲੀ ਸਿਆਸਤ ਦੇ ਲਈ ਧਰਮ ਸੰਕਟ ਬਣ ਰਿਹਾ ਹੈ। ਜੇ ਸ਼੍ਰੋਮਣੀ ਅਕਾਲੀ ਦਲ ਨੇ ਇਸ ਸਬੰਧ ਵਿਚ ਯੋਗ ਰਣਨੀਤੀ ਨਾ ਅਪਨਾਈ ਤਾਂ ਲੋਕ ਸਭਾ ਚੋਣਾਂ ਦੌਰਾਨ ਉਨ੍ਹਾਂ ਲਈ ਨੁਕਸਾਨਦੇਹ ਸਾਬਤ ਹੋਵੇਗਾ। ਆਮ ਆਦਮੀ ਪਾਰਟੀ ਤੇ ਆਪ ਬਾਗੀ ਨੇਤਾ ਸੁਖਪਾਲ ਸਿੰਘ ਖਹਿਰੇ ਦਾ ਵਧ ਰਿਹਾ ਆਧਾਰ ਬਾਦਲ ਦਲ ਲਈ ਨੁਕਸਾਨਦਾਇਕ ਸਿੱਧ ਹੋ ਸਕਦਾ ਹੈ ਜਾਂ ਨਹੀਂ, ਇਹ ਅਜੇ ਦੇਖਣ ਵਾਲੀ ਗੱਲ ਹੋਵੇਗੀ।।
ਪੰਥਕ ਹਲਕਿਆਂ ਵਿਚ ਮਹਿਸੂਸ ਕੀਤਾ ਜਾ ਰਿਹਾ ਹੈ ਕਿ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਦੇ ਮੁੱਦੇ ‘ਤੇ ਸਿੱਖਾਂ ਨੂੰ ਇਨਸਾਫ਼ ਨਹੀਂ ਮਿਲੇਗਾ। ਉਹ ਇਸ ਸਭ ਦੇ ਲਈ ਬਾਦਲ ਪਰਿਵਾਰ ਨੂੰ ਦੋਸ਼ੀ ਸਮਝ ਰਹੇ ਹਨ। ਇਥੋਂ ਤੱਕ ਕਿ ਉਹ ਸ਼੍ਰੋਮਣੀ ਅਕਾਲੀ ਦਲ ਨੂੰ ਬਚਾਉਣਾ ਚਾਹੁੰਦੇ ਹਨ ਪਰ ਉਨ੍ਹਾਂ ਦੀ ਧਾਰਨਾ ਹੈ  ਕਿ ਬਾਦਲ ਪਰਿਵਾਰ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਨਾ ਕਰੇ।  ਕੁਝ ਬੁੱਧੀਜੀਵੀਆਂ ਦਾ ਇਹ ਵੀ ਮੰਨਣਾ ਹੈ ਕਿ  ਮੌਜੂਦਾ ਸਥਿਤੀ ਦੇ ਸੰਬੰਧ ਵਿਚ ਇਕ ਪੰਥਕ ਇਕੱਠ ਕਰਨ ਦੀ ਲੋੜ ਹੈ ਤਾਂ ਜੋ ਰਣਨੀਤੀ ਤੈਅ ਕਰਕੇ ਜਿੱਥੇ ਪੰਜਾਬ ਨੂੰ ਸੰਤਾਪ ਤੋਂ ਬਚਾਇਆ ਜਾ ਸਕੇ, ਕਿਉਂਕਿ ਸਿਆਸੀ ਧਿਰਾਂ ਪੰਜਾਬ ਵਿਚ ਇਸ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮੁੱਦੇ ਨੂੰ ਲੈ ਕੇ ਸਿਆਸਤ ਕਰ ਰਹੀਆਂ ਹਨ ਤੇ ਟਕਰਾਅ ਦਾ ਮਾਹੌਲ ਬਣਾ ਰਹੀਆਂ ਹਨ।
ਸਿੱਖ ਵਿਦਵਾਨ ਚਾਹੁੰਦੇ ਹਨ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਜ਼ਿੰਮੇਵਾਰ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਈਆਂ ਜਾਣ। ਇਸ ਸੰਬੰਧ ਵਿਚ ਰਣਨੀਤੀ ਘੜਨ ਦੀ ਜ਼ਰੂਰਤ ਹੈ, ਉਹ ਇਹ ਵੀ ਚਾਹੁੰਦੇ ਹਨ ਕਿ ਸ਼੍ਰੋਮਣੀ ਅਕਾਲੀ ਦਲ ਸ਼ਹੀਦਾਂ ਦੀ ਜਥੇਬੰਦੀ ਹੈ, ਜਿਨ੍ਹਾਂ ਨੇ ਪੰਜਾਬੀ ਸੂਬਾ ਦੇ ਮੋਰਚੇ ਲਈ, ਪੰਜਾਬੀ ਭਾਸ਼ਾ ਦੇ ਲਈ, ਐਮਰਜੈਂਸੀ ਦੇ ਵਿਰੁਧ, ਪੰਜਾਬ ਦੀਆਂ ਹਿੱਤੂ ਮੰਗਾਂ ਲਈ ਤੇ ਫੈਡਰਲ ਢਾਂਚੇ ਲਈ ਮੋਰਚੇ ਲਗਾਏ ਤੇ ਕੁਰਬਾਨੀਆਂ ਕੀਤੀਆਂ। ਇਸ ਲਈ ਇਸ ਦੀ ਹੋਂਦ ਬਰਕਰਾਰ ਰੱਖਣ ਦੀ ਲੋੜ ਹੈ ਤੇ ਬਾਦਲ ਪਰਿਵਾਰ ਦਾ ਕਬਜ਼ਾ ਇਸ ਜਥੇਬੰਦੀ ਉੱਪਰ ਖਤਮ ਕਰਾਉਣ ਦੀ ਲੋੜ ਹੈ। ਇਸ ਸਬੰਧ ਵਿਚ ਉਹਨਾਂ ਦੀ ਧਾਰਨਾ ਹੈ ਕਿ ਬਾਦਲ ਅਕਾਲੀ ਦਲ ਦੀ ਸੀਨੀਅਰ ਅਕਾਲੀ ਲੀਡਰਸ਼ਿਪ ਨਾਲ ਤਾਲਮੇਲ ਕੀਤਾ ਜਾਵੇ ਤੇ ਉਹਨਾਂ ਨਾਲ ਸਹਿਯੋਗ ਕਰਕੇ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕੀਤਾ ਜਾ ਸਕੇ। ਇਸ ਸਬੰਧ ਵਿਚ ਜੇਕਰ ਸੰਗਤਾਂ ਬਾਦਲ ਪਰਿਵਾਰ ਮੁਕਤ ਅਕਾਲੀ ਦਲ ਉਸਾਰਨ ਲਈ ਸ਼ਾਂਤਮਈ ਧਰਨੇ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਦੇ ਘਰਾਂ ਅੱਗੇ ਦੇਣ ਤਾਂ ਵੱਡਾ ਮਸਲਾ ਹੱਲ ਹੋ ਸਕਦਾ ਹੈ ਤੇ ਉਹ ਸੰਗਤ ਦੇ ਜੋਸ਼ ਕਾਰਨ ਸ਼੍ਰੋਮਣੀ ਅਕਾਲੀ ਦਲ ਦੀ ਹੋਂਦ ਨੂੰ ਬਚਾਉਣ ਦੇ ਲਈ ਮਜਬੂਰ ਵੀ ਹੋ ਸਕਦੇ ਹਨ। ਪਰ ਹਿੰਸਾ ਨਾਲ ਕੋਈ ਵੀ ਰਾਹ ਨਹੀਂ ਕੱਢਿਆ ਜਾ ਸਕਦਾ।
ਸੁਖਬੀਰ ਬਾਦਲ ਦਾ ਵਿਰੋਧ ਜਾਰੀ : ਗੁਰੂ ਗੰ੍ਰਥ ਸਾਹਿਬ ਦੀ ਬੇਅਦਬੀ ਦਾ ਪ੍ਰਭਾਵ ਸਭ ਤੋਂ ਵਧ ਸ਼੍ਰੋਮਣੀ ਅਕਾਲੀ ਦਲ ਉੱਤੇ ਪਿਆ ਹੈ। ਸ਼ੋਸ਼ਲ ਮੀਡੀਏ ਵਿਚ ਬਹਿਸ ਅਤੇ ਵਿਰੋਧ ਦਾ ਆਧਾਰ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਬਣ ਰਹੇ ਹਨ। ਹੁਣੇ ਜਿਹੇ ਪੰਥਕ ਜਥੇਬੰਦੀਆਂ ਨੇ ਬਾਦਲ ਅਕਾਲੀ ਦਲ ਵਲੋਂ ਫਰੀਦਕੋਟ ਵਿਖੇ ਕੀਤੇ ਗਏ ਇਕੱਠ ਦਾ ਜ਼ਬਰਦਸਤ ਵਿਰੋਧ ਵੀ ਕੀਤਾ ਸੀ, ਜਿਸ ਵਿਚ ਸੁਖਬੀਰ ਸਿੰਘ ਬਾਦਲ ਸ਼ਾਮਲ ਹੋਏ ਸਨ।
ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਅਤੇ ਪੰਥਕ ਧਿਰਾਂ ਦਰਮਿਆਨ ਚਾਂਦ ਪੈਲੇਸ ਦੇ ਬਾਹਰ ਟਕਰਾਅ ਹੋ ਗਿਆ। ਸੁਖਬੀਰ ਦੀ ਫੇਰੀ ਤੋਂ ਇੱਕ ਘੰਟਾ ਪਹਿਲਾਂ ਪੰਥਕ ਧਿਰਾਂ ਨੇ ਬਾਦਲ ਅਕਾਲੀ ਦਲ ਖਿਲਾਫ਼ ਨਾਅਰੇਬਾਜ਼ੀ ਕੀਤੀ।
ਕਾਂਗਰਸ ਦੀ ਸਰਗਰਮੀ ਵਧੀ : ਕਾਂਗਰਸ ਨੇ ਵੀ ਜਨਤਕ ਤੌਰ ‘ਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਅਕਾਲੀ ਦਲ ਦੇ ਸੰਕਟ ਮੋਚਨ ਲਈ ਕੀਤੀਆਂ ਜਾਣ ਵਾਲੀਆਂ ‘ਪੋਲ ਖੋਲ੍ਹ’ ਰੈਲੀਆਂ ਨੂੰ ਠੁੱਸ ਕਰਨ ਲਈ ਕਾਂਗਰਸ ਹਮਲਾਵਰ ਹੋ ਗਈ ਹੈ। ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਦੀ ਅਗਵਾਈ ਵਿੱਚ ਕਈ ਮੰਤਰੀਆਂ ਤੇ ਵਿਧਾਇਕਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨੂੰ ਲੈ ਕੇ ਬਾਦਲ ਦਲ ਵਿਰੁਧ ਮੋਰਚਾ ਖੋਲ ਦਿੱਤਾ ਹੈ। ਬੀਤੇ ਦਿਨੀਂ ਉਹ ਪੰਜਗਰਾਈਂ ਖੁਰਦ ਵਿਚ ਰੁਪਿੰਦਰ ਸਿੰਘ ਤੇ ਜਸਵਿੰਦਰ ਸਿੰਘ ਦੇ ਘਰ ਵੀ ਗਏ ਸਨ। ਯਾਦ ਰਹੇ ਕਿ ਇਨ੍ਹਾਂ ਸਕੇ ਭਰਾਵਾਂ ਦਾ ਨਾਂਅ ਬਰਗਾੜੀ ਬੇਅਦਬੀ ਕਾਂਡ ਨਾਲ ਜੋੜ ਕੇ ਪੁਲੀਸ ਨੇ ਬੇਹੱਦ ਤਸ਼ੱਦਦ ਢਾਹਿਆ ਸੀ। ਸੰਗਤ ਦੇ ਰੋਸ ਕਾਰਨ ਬਾਦਲ ਸਰਕਾਰ ਨੂੰ ਇਨ੍ਹਾਂ ਉੱਤੇ ਦਰਜ ਪੁਲੀਸ ਕੇਸ ਰੱਦ ਕਰਨਾ ਪਿਆ ਸੀ। ਆਗੂਆਂ ਨੇ ਬਹਿਬਲ ਕਾਂਡ ਵਾਲੀ ਉਹ ਜਗ੍ਹਾ ਵੀ ਦੇਖੀ ਜਿੱਥੇ ਪੁਲੀਸ ਫਾਇਰਿੰਗ ਵਿੱਚ ਦੋ ਨੌਜਵਾਨ ਮਾਰੇ ਗਏ ਸਨ।
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਮੰਨਣਾ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ ‘ਤੇ ਬਾਦਲਾਂ ਵਿਰੁੱਧ ਹਰੇਕ ਸ਼ਿਕਾਇਤ ਦੀ ਜਾਂਚ ਹੋਵੇਗੀ। ਉਨ੍ਹਾਂ ਕਿਹਾ ਕਿ ਅਸੀਂ ਕਿਸੇ ਨੂੰ ਵੀ ਪੰਜਾਬ ਨੂੰ ਬਰਬਾਦ ਨਹੀਂ ਕਰਨ ਦਿਆਂਗੇ। ਭਾਵੇਂ ਉਹ ਬਾਦਲ ਹੋਣ ਜਾਂ ਕੋਈ ਹੋਰ।
ਦੂਸਰੇ ਪਾਸੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਦਾ ਮੰਨਣਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਤੇ ਕਾਂਗਰਸ ਪੰਜਾਬ ਦਾ ਮਾਹੌਲ ਖਰਾਬ ਕਰ ਰਹੀ ਹੈ ਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਬਾਰੇ ਘਟੀਆ ਸਿਆਸਤ ਕਰ ਰਹੀ ਹੈ, ਜਿਸ ਨਾਲ ਪੰਜਾਬ ਦਾ ਮਾਹੌਲ ਵਿਗੜ ਸਕਦਾ ਹੈ।

ਪੰਜਾਬ ਦਾ ਮਾਹੌਲ ਹੋ ਸਕਦਾ ਏ ਖਰਾਬ : ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਬਾਰੇ ਜਿਸ ਤਰ੍ਹਾਂ ਪੰਜਾਬ ਦੀਆਂ ਸਿਆਸੀ ਧਿਰਾਂ ਸਿਧਾਂਤਹੀਣ ਭੜਕਾਊ ਸਿਆਸਤ ਖੇਡ ਰਹੀਆਂ ਹਨ, ਉਸ ਨਾਲ ਪੰਜਾਬ ਦੇ ਹਾਲਾਤ ਮੁੜ ਤੋਂ ਖਰਾਬ ਹੋ ਸਕਦੇ ਹਨ, ਕਿਉਂਕਿ ਫਰੀਦਕੋਟ ਵਿਚ ਪੰਥਕ ਧਿਰਾਂ ਤੇ ਬਾਦਲ ਅਕਾਲੀ ਦਲ ਦਾ ਖ਼ੂਨੀ ਟਕਰਾਅ ਹੋਣ ਤੋਂ ਮਸਾਂ ਹੀ ਬਚਾਅ ਹੋਇਆ ਹੈ। ਜੇਕਰ ਇਸੇ ਤਰ੍ਹਾਂ ਦੋਰ ਚੱਲਦਾ ਰਿਹਾ ਤਾਂ ਇਹ ਮਾਮਲਾ ਖ਼ੂਨੀ ਟਕਰਾਅ ਵਿਚ ਵੀ ਬਦਲ ਸਕਦਾ ਹੈ। ਯਾਦ ਰਹੇ ਕਿ ਨਿਰੰਕਾਰੀ ਤੇ ਸਿੱਖ ਟਕਰਾਅ ਕਾਰਨ ਵੀ ਪੰਜਾਬ ਸੰਤਾਪ ਹੋਂਦ ਵਿਚ ਆਇਆ ਸੀ ਤੇ ਹੁਣ ਇਹ ਟਕਰਾਅ ਡੇਰਾ ਸੱਚਾ ਸੌਦਾ ਕਾਰਨ ਹੋਂਦ ਵਿਚ ਆਇਆ ਹੈ ਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮਾਮਲਾ ਕਮਿਸ਼ਨ ਦੀ ਰਿਪੋਰਟ ਅਨੁਸਾਰ ਡੇਰਾ ਸੱਚਾ ਸੌਦਾ ਨਾਲ ਜਾ ਜੁੜਦਾ ਹੈ।
ਜੇਕਰ ਕੈਪਟਨ ਸਰਕਾਰ ਇਸ ਮਾਮਲੇ ਪ੍ਰਤੀ ਸੁਹਿਰਦ ਹੈ ਤਾਂ ਉਸ ਨੂੰ ਚਾਹੀਦਾ ਹੈ ਕਿ ਰਣਜੀਤ ਸਿੰਘ ਕਮਿਸ਼ਨ ਵਿਚ ਜਿਨ੍ਹਾਂ ਦੋਸ਼ੀਆਂ ਦੇ ਨਾਮ ਸਾਹਮਣੇ ਆਏ ਹਨ, ਉਹਨਾਂ ਸਭਨਾਂ ਉਤੇ ਕੇਸ ਦਰਜ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਬਾਅਦ ਵਿਚ ਇਸ ਸਾਰੇ ਮਾਮਲੇ ਦੀ ਜਾਂਚ ਐਸਆਈਟੀ ਕਰੇ ਅਤੇ ਠੋਸ ਸਬੂਤ ਲੋਕਾਂ ਸਾਹਮਣੇ ਪੇਸ਼ ਕਰੇ ਕਿ ਆਖਿਰ ਬਹਿਬਲ ਕਲਾਂ ਵਿਚ ਗੋਲੀ ਕਿਸ ਨੇ ਚਲਾਈ? ਜੋ ਪੰਜਾਬ ਵਿਚ ਮਾਹੌਲ ਖਤਰਨਾਕ ਬਣਿਆ ਹੋਇਆ ਹੈ, ਉਸ ਪਿੱਛੇ ਕਾਰਨ ਇਹ ਹੈ ਕਿ ਲੋਕਾਂ ਦੀਆਂ ਭਾਵਨਾਵਾਂ ਨੂੰ ਭੜਕਾਇਆ ਜਾ ਰਿਹਾ ਹੈ ਤੇ ਇਨਸਾਫ਼ ਨਹੀਂ ਦਿੱਤਾ ਜਾ ਰਿਹਾ। ਗੰਦਲੀ ਸਿਆਸਤ ਨੇ ਪਹਿਲਾਂ ਵੀ ਪੰਜਾਬ ਨੂੰ ਸੰਤਾਪ ਦੇ ਦੌਰ ‘ਤੇ ਪਹੁੰਚਾਇਆ ਸੀ ਤੇ ਹੁਣ ਵੀ ਇਹੋ ਜਿਹੀਆਂ ਨੀਤੀਆਂ ਅਪਨਾਈਆਂ ਜਾ ਰਹੀਆਂ ਹਨ। ਇਹੋ ਜਿਹੀਆਂ ਨੀਤੀਆਂ ਤੋਂ ਬਚਣ ਦੀ ਲੋੜ ਹੈ, ਕਿਉਂਕਿ ਪੰਜਾਬੀਆਂ ਤੇ ਪੰਜਾਬ ਨੇ ਬਹੁਤ ਸੰਤਾਪ ਝੱਲਿਆ ਹੈ ਤੇ ਆਰਥਿਕ ਸੰਕਟ ਵੀ ਹੰਢਾਇਆ ਹੈ, ਜੋ ਕਿ ਹੁਣ ਤੱਕ ਜਾਰੀ ਹੈ। ਪੰਜਾਬ ਆਰਥਿਕ ਤੌਰ ‘ਤੇ ਬੁਰੀ ਤਰ੍ਹਾਂ ਪੱਛੜ ਚੁੱਕਾ ਹੈ, ਇਸ ਲਈ ਸਿਆਸਤਦਾਨਾਂ ਨੂੰ ਪੰਜਾਬ ਉੱਤੇ ਤਰਸ ਕਰਨਾ ਚਾਹੀਦਾ ਹੈ।

ਸਿਆਸੀ ਆਗੂਆਂ ਦੇ ਭੜਕਾਊ ਬਿਆਨਾਂ ਕਾਰਨ ਸਹਿਮ ਦਾ ਮਾਹੌਲ
ਸਾਬਕਾ ਉਪ ਮੁੱਖ ਮੰਤਰੀ ਅਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਚਿਤਾਵਨੀ ਦਿੱਤੀ ਹੈ ਕਿ ਉਹ ਸੂਬੇ ਵਿਚ ਕੱਟੜਪੰਥੀਆਂ ਨੂੰ ਸਮਰਥਨ ਦੇ ਕੇ ਅੱਗ ਨਾਲ ਖੇਡਣ ਦਾ ਕੰਮ ਨਾ ਕਰਨ। ਕਾਂਗਰਸ ਵਲੋਂ 20 ਸਾਲ ਪਹਿਲਾਂ ਕੀਤੀਆਂ ਗਈਆਂ ਅਜਿਹੀਆਂ ਕੋਸ਼ਿਸ਼ਾਂ ਕਾਰਨ ਹੀ ਪੰਜਾਬ 15 ਸਾਲ ਤੱਕ ਅੱਗ ਦੀ ਭੱਠੀ ਵਿਚ ਸੜਦਾ ਰਿਹਾ ਸੀ।
ਅਕਾਲੀ ਦਲ ਦੇ ਪ੍ਰਧਾਨ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ‘ਤੇ ਕਰਵਾਈ ਬਾਰੇ ਬੋਲਦਿਆਂ ਕਿਹਾ ਕਿ ਇਹ ਵੇਖੋ ਕਿ ਇਹ ਦੋਸ਼ ਕੌਣ ਲਗਾ ਰਿਹਾ ਹੈ। ਉਹ ਕਾਂਗਰਸ ਜਿਸ ਨੇ ਇੰਦਰਾ ਦੇ ਪ੍ਰਧਾਨ ਮੰਤਰੀ ਹੁੰਦਿਆਂ ਦਰਬਾਰ ਸਾਹਿਬ ‘ਤੇ ਫ਼ੌਜੀ ਹਮਲਾ ਕਰਵਾਇਆ। ਇਹ ਪਾਰਟੀ ਅੱਜ ਉਸ ਅਕਾਲੀ ਦਲ ‘ਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਦੋਸ਼ ਲਗਾ ਰਹੀ ਹੈ, ਜਿਸ ਨੇ ਗੁਰਦੁਆਰਿਆਂ ਨੂੰ ਮਹੰਤਾਂ ਤੋਂ ਆਜ਼ਾਦ ਕਰਵਾਉਣ ਦੀ ਲੰਬੀ ਲੜਾਈ ਲੜੀ। ਪੰਜਾਬ ਦੇ ਹਿੱਤਾਂ ਦੀ ਰੱਖਿਆ ਲਈ ਉਨ੍ਹਾਂ ਦੀ ਪਾਰਟੀ ਖੜ੍ਹੀ ਰਹੀ। ਇਹ ਪਾਰਟੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਗੱਲ ਕਿਵੇਂ ਸੋਚ ਸਕਦੀ ਹੈ। ਉਨ੍ਹਾਂ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਨੂੰ ਝੂਠ ਦਾ ਪੁਲੰਦਾ ਕਰਾਰ ਦਿੱਤਾ।

ਸੀਸੀਟੀਵੀ. ਫੁਟੇਜ਼ ਨੇ ਕੀਤਾ ਬਾਦਲਾਂ ਦਾ ਝੂਠ ਨੰਗਾ
ਪੰਜਾਬ ਸਰਕਾਰ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਵਿਚ ਹੋਈਆਂ ਬੇਅਦਬੀ ਦੀਆਂ ਘਟਨਾਵਾਂ ਸਬੰਧੀ ਵੱਡੇ ਖੁਲਾਸੇ ਕੀਤੇ ਹਨ। ਨਵਜੋਤ ਸਿੱਧੂ ਨੇ ਮੀਡੀਆ ਸਾਹਮਣੇ ਕੋਟਕਪੂਰਾ ਚੌਕ ਵਿਚ ਸੀਸੀਟੀਵੀ. ਫੁਟੇਜ਼ ਜਾਰੀ ਕੀਤੀ ਹੈ, ਜਿਸ ਵਿਚ ਦੇਖਿਆ ਗਿਆ ਹੈ ਕਿ ਪੁਲਸ ਵਲੋਂ ਧਰਨੇ ‘ਤੇ ਸ਼ਾਂਤੀ ਨਾਲ ਬੈਠੇ ਲੋਕਾਂ ‘ਤੇ ਗੋਲੀ ਚਲਾਈ ਗਈ ਹੈ। ਇਸ ਫੁਟੇਜ਼ ਦਾ ਜ਼ਿਕਰ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਵਿਚ ਵੀ ਹੈ ਅਤੇ ਇਹ ਫੁਟੇਜ਼ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲ ਵੀ ਮੌਜੂਦ ਹੈ।
ਵੀਡੀਓ ਵਿਚ ਦਿਖ ਰਿਹਾ ਹੈ ਕਿ ਇਸ ਦੌਰਾਨ ਪੁਲਸ ਵਲੋਂ ਪ੍ਰਦਰਸ਼ਕਾਰੀਆਂ ਨੂੰ ਬੁਰੀ ਤਰ੍ਹਾਂ ਘਸੀਟਿਆ ਗਿਆ ਅਤੇ ਪੁਲਿਸ ਤਰਫੋਂ ਗੋਲੀ ਚੱਲਦੀ ਵੀ ਸਾਫ ਦਿਖਾਈ ਦੇ ਰਹੀ ਹੈ।  ਕਮਿਸ਼ਨ ਦੀਆਂ ਰਿਪੋਰਟਾਂ ਮੁਤਾਬਕ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਉਸ ਸਮੇਂ ਦੇ ਡੀਜੀਪੀ. ਸੁਮੇਧ ਸਿੰਘ ਸੈਣੀ ਦੀ ਰਾਤ ਦੇ 3 ਵਜੇ ਗੱਲ ਹੋਈ ਸੀ, ਜਿਸ ਤੋਂ ਸਾਫ ਜ਼ਾਹਿਰ ਹੋ ਰਿਹਾ ਹੈ ਕਿ ਇਨ੍ਹਾਂ ਘਟਨਾਵਾਂ ਪਿੱਛੇ ਬਾਦਲ ਤੇ ਸੈਣੀ ਦਾ ਹੀ ਹੱਥ ਹੈ।