ਪੀਲੀਭੀਤ ਜੇਲ੍ਹ ‘ਚ ਮਾਰੇ ਗਏ ਸਿੱਖਾਂ ਦੇ ਪਰਿਵਾਰਾਂ ਦੀ ਮਦਦ ਲਈ ਅੱਗੇ ਆਈ ਸ਼੍ਰੋਮਣੀ ਕਮੇਟੀ

ਪੀਲੀਭੀਤ ਜੇਲ੍ਹ ‘ਚ ਮਾਰੇ ਗਏ ਸਿੱਖਾਂ ਦੇ ਪਰਿਵਾਰਾਂ ਦੀ ਮਦਦ ਲਈ ਅੱਗੇ ਆਈ ਸ਼੍ਰੋਮਣੀ ਕਮੇਟੀ

ਅੰਮ੍ਰਿਤਸਰ/ਬਿਊਰੋ ਨਿਊਜ਼ :
ਸ਼੍ਰੋਮਣੀ ਕਮੇਟੀ ਨੇ ਐਲਾਨ ਕੀਤਾ ਕਿ 1991 ਵਿੱਚ ਪੀਲੀਭੀਤ ਵਿੱਚ ਝੂਠੇ ਮੁਕਾਬਲੇ ਵਿੱਚ ਮਾਰੇ ਗਏ ਸਿੱਖਾਂ ਦੇ ਪਰਿਵਾਰਾਂ ਵਾਂਗ ਹੀ 1994 ਵਿੱਚ ਪੀਲੀਭੀਤ ਜੇਲ੍ਹ ਵਿੱਚ ਮਾਰੇ ਗਏ ਸਿੱਖਾਂ ਦੇ ਪਰਿਵਾਰਾਂ ਅਤੇ ਜ਼ਖ਼ਮੀਆਂ ਨੂੰ ਵੀ ਮਦਦ ਦਿੱਤੀ ਜਾਵੇਗੀ। ਇਸ ਸਬੰਧੀ ਸ਼੍ਰੋਮਣੀ ਕਮੇਟੀ ਨੇ ਦੋ ਅਧਿਕਾਰੀਆਂ ਨੂੰ ਤਾਇਨਾਤ ਕੀਤਾ ਹੈ, ਜੋ ਇਸ ਮਾਮਲੇ ਦੀ ਘੋਖ ਕਰਨਗੇ।
1991 ਵਿੱਚ ਪੀਲੀਭੀਤ ਵਿੱਚ ਝੂਠੇ ਮੁਕਾਬਲੇ ਵਿੱਚ ਮਾਰੇ ਗਏ ਸਿੱਖਾਂ ਦੇ ਚਾਰ ਪਰਿਵਾਰਾਂ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਇਕ ਇਕ ਲੱਖ ਰੁਪਏ ਦੀ ਮਦਦ ਦੇਣ ਦੀ ਖ਼ਬਰ ਪ੍ਰਕਾਸ਼ਤ ਹੋਣ ਮਗਰੋਂ 1994 ਵਿਚ ਪੀਲੀਭੀਤ ਜੇਲ੍ਹ ਵਿਚ ਤਸ਼ੱਦਦ ਕਾਰਨ ਮਾਰੇ ਗਏ ਸਿੱਖਾਂ ਦੇ ਪਰਿਵਾਰਾਂ ਅਤੇ ਜ਼ਖ਼ਮੀ ਹੋਏ ਵਿਅਕਤੀਆਂ ਨੇ ਦੁੱਖ ਪ੍ਰਗਟ ਕੀਤਾ ਸੀ ਕਿ ਮਦਦ ਦੇ ਮਾਮਲੇ ਵਿੱਚ ਸ਼੍ਰੋਮਣੀ ਕਮੇਟੀ ਨੇ ਉਨ੍ਹਾਂ ਨੂੰ ਵਿਸਾਰ ਦਿੱਤਾ ਹੈ।
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋਫੈਸਰ ਕਿਰਪਾਲ ਸਿੰਘ ਬਡੂੰਗਰ ਨੇ ਆਖਿਆ ਕਿ ਸਿੱਖਾਂ ਦੀ ਨੁਮਾਇੰਦਾ ਸੰਸਥਾ ਹੋਣ ਕਾਰਨ ਸ਼੍ਰੋਮਣੀ ਕਮੇਟੀ ਨੂੰ ਪੀਲੀਭੀਤ ਜੇਲ੍ਹ ਵਿੱਚ 1994 ਵਿੱਚ ਪੁਲੀਸ ਤਸ਼ੱਦਦ ਦਾ ਸ਼ਿਕਾਰ ਹੋਏ ਵਿਅਕਤੀਆਂ ਦੇ ਪਰਿਵਾਰਾਂ ਨਾਲ ਵੀ ਪੂਰੀ ਹਮਦਰਦੀ ਹੈ। ਸ਼੍ਰੋਮਣੀ ਕਮੇਟੀ ਵੱਲੋਂ ਪਹਿਲਾਂ ਵੀ ਇਨ੍ਹਾਂ ਦੀ ਸਹਾਇਤਾ ਕੀਤੀ ਗਈ ਸੀ ਅਤੇ ਅਗਾਂਹ ਵੀ ਪੀੜਤਾਂ ਦੀ ਲੋੜ ਮੁਤਾਬਕ ਸਹਾਇਤਾ ਕੀਤੀ ਜਾਵੇਗੀ। ਉਨ੍ਹਾਂ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਹਰਚਰਨ ਸਿੰਘ ਅਤੇ ਨਿੱਜੀ ਸਕੱਤਰ ਸੁਖਦੇਵ ਸਿੰਘ ਭੂਰਾ ਕੋਹਨਾ ਨੂੰ ਜ਼ਿੰਮੇਵਾਰੀ ਸੌਂਪਦਿਆਂ ਪੀੜਤ ਪਰਿਵਾਰਾਂ ਨੂੰ ਆਖਿਆ ਕਿ ਉਹ ਬਿਨਾਂ ਝਿਜਕ ਇਨ੍ਹਾਂ ਅਧਿਕਾਰੀਆਂ ਨੂੰ ਮਿਲ ਸਕਦੇ ਹਨ।
ਪੁਲੀਸ ਤਸ਼ੱਦਦ ਕਾਰਨ ਅਪਾਹਜ ਹੋ ਚੁੱਕੇ ਤਰਲੋਕ ਸਿੰਘ ਨੇ ਦੱਸਿਆ ਕਿ ਅਦਾਲਤ ਵਿੱਚ ਚੱਲ ਰਹੇ ਕੇਸ ਸਬੰਧੀ ਚਾਰ ਪਰਿਵਾਰਾਂ ਵੱਲੋਂ ਅਲਾਹਾਬਾਦ ਹਾਈ ਕੋਰਟ ਵਿੱਚ ਹਲਫੀਆ ਬਿਆਨ ਦਾਇਰ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਮਾਰੇ ਗਏ ਸਿੱਖਾਂ ਦੇ ਪਰਿਵਾਰਾਂ ਵਿੱਚੋਂ ਸਿਰਫ ਚਾਰ ਦਾ ਹੀ ਪਤਾ ਲੱਗ ਸਕਿਆ ਹੈ। ਇਨ੍ਹਾਂ ਵਿਚੋਂ ਤੇਜ ਕੌਰ (80) ਦਾ ਬੇਟਾ ਬਚਿੱਤਰ ਸਿੰਘ ਮਾਰਿਆ ਗਿਆ ਸੀ। ਇਹ ਔਰਤ ਅੰਮ੍ਰਿਤਸਰ ਨੇੜੇ ਭਗਵਾਨਪੁਰਾ ਵਿਚ ਰਹਿ ਰਹੀ ਹੈ ਅਤੇ ਉਸ ਦੀ ਦੇਖਭਾਲ ਕਰਨ ਵਾਲਾ ਕੋਈ ਨਹੀਂ ਹੈ। ਇਕ ਹੋਰ ਮ੍ਰਿਤਕ ਤਰਸੇਮ ਸਿੰਘ ਦਾ ਬੇਟਾ ਗੁਰਮਿੰਦਰ ਸਿੰਘ ਪਿੰਡ ਛੀਨਾ ਵਿੱਚ ਛੋਟਾ ਮੋਟਾ ਕੰਮ ਕਰਦਾ ਹੈ। ਤੀਜਾ ਪਰਿਵਾਰ ਕਾਰਜ ਸਿੰਘ ਦਾ ਹੈ। ਕਾਰਜ ਸਿੰਘ ਦਾ ਉਸ ਵੇਲੇ ਵਿਆਹ ਨਹੀਂ ਹੋਇਆ ਸੀ। ਉਸ ਦੇ ਛੋਟੇ ਭਰਾ ਕੁਲਦੀਪ ਸਿੰਘ ਵੱਲੋਂ ਇਸ ਸਬੰਧੀ ਹਲਫੀਆ ਬਿਆਨ ਅਦਾਲਤ ਵਿੱਚ ਦਾਇਰ ਕੀਤਾ ਗਿਆ ਸੀ। ਮਾਰੇ ਗਏ ਸਿੱਖ ਵਿਅਕਤੀਆਂ ਵਿੱਚ ਤਰਸੇਮ ਸਿੰਘ ਦਾ ਭਰਾ ਵੀ ਸ਼ਾਮਲ ਸੀ।