ਅੰਮ੍ਰਿਤਧਾਰੀ ਜਗਮੀਤ ਸਿੰਘ ਹੋਣਗੇ ਓਨਟਾਰੀਓ ਪਾਰਟੀ ਆਗੂ ਦੀ ਦੌੜ ‘ਚ ਸ਼ਾਮਲ

ਅੰਮ੍ਰਿਤਧਾਰੀ ਜਗਮੀਤ ਸਿੰਘ ਹੋਣਗੇ ਓਨਟਾਰੀਓ ਪਾਰਟੀ ਆਗੂ ਦੀ ਦੌੜ ‘ਚ ਸ਼ਾਮਲ

ਟੋਰਾਂਟੋ/ਬਿਊਰੋ ਨਿਊਜ਼ :
ਬਰੈਂਪਟਨ ਦੇ ਧੜੱਲੇਦਾਰ ਐਮਐਲਏ ਅਤੇ ਓਨਟਾਰੀਓ ਸੂਬਾਈ ਡੈਮੋਕਰੇਟਿਕ ਪਾਰਟੀ ਦੇ ਡਿਪਟੀ ਲੀਡਰ ਜਗਮੀਤ ਸਿੰਘ ਹੁਣ ਮੁਲਕ ਦੇ ਪਾਰਟੀ ਨੇਤਾ ਬਣਨ ਦੀ ਦੌੜ ਵਿੱਚ ਸ਼ਾਮਲ ਹੋਣ ਜਾ ਰਹੇ ਹਨ।  ਉਸ ਤੋਂ ਇਲਾਵਾ ਚਾਰ ਹੋਰ ਉਮੀਦਵਾਰ ਇਸ ਲੀਡਰਸ਼ਿਪ ਦੀ ਦੌੜ ਵਿਚ ਸ਼ਾਮਲ ਹਨ। ਸੂਤਰਾਂ ਮੁਤਾਬਕ ਉਹ ਆਪਣੇ ਇਸ ਫ਼ੈਸਲੇ ਦਾ ਜਨਤਕ ਤੌਰ ‘ਤੇ ਐਲਾਨ ਅਗਲੇ ਹਫ਼ਤੇ ਵਿਸ਼ੇਸ਼ ਇਕੱਠ ਦੌਰਾਨ ਕਰਨਗੇ। ਪੇਸ਼ੇਵਰ ਵਕੀਲ 38 ਸਾਲਾ ਅੰਮ੍ਰਿਤਧਾਰੀ ਜਗਮੀਤ ਸਿੰਘ 2011 ਵਿਚ ਸੂਬਾਈ ਸਿਆਸਤ ਵਿਚ ਆਏ ਅਤੇ ਪਹਿਲੀ ਵਾਰ 2015 ਵਿਚ ਸੂਬਾਈ ਐਨਡੀਪੀ ਦੇ ਡਿਪਟੀ ਲੀਡਰ ਬਣੇ। ਜ਼ਿਕਰਯੋਗ ਹੈ ਕਿ ਜਗਮੀਤ ਸਿੰਘ ਨੇ ਸੂਬਾਈ ਚੋਣ ਮੁਹਿੰਮ ਦੌਰਾਨ ਜਾਤ-ਪਾਤ ਦੀ ਬਰਾਬਰਤਾ ਜਤਾਉਣ ਲਈ ਆਪਣਾ ‘ਗੋਤ’ ਧਾਲੀਵਾਲ ਆਪਣੇ ਨਾਮ ਨਾਲੋਂ ਹਟਾ ਦਿੱਤਾ ਸੀ। ਸੂਬਾਈ ਪਾਰਟੀ ਪ੍ਰਧਾਨ ਐਂਡਰੀਆ ਹੌਰਵਥ ਨੇ ਆਖਿਆ ਕਿ ਜਗਮੀਤ ਸਿੰਘ ਆਪਣੇ ਕੰਮਾਂ ਵਿਚ ਸੁਹਿਰਦਤਾ ਕਾਰਨ ਪਾਰਟੀ ਦੀ ‘ਤਾਕਤ’ ਬਣਿਆ ਹੈ। ਸਿਆਸਤ ਤੋਂ ਇਲਾਵਾ ਉਸ ਦਾ ਨਾਮ ‘ਲਾਈਫ ਮੈਗਜ਼ੀਨ’ ਵਿਚ ਟੋਰਾਂਟੋ ਦਾ ‘ਵਧੀਆ ਪਹਿਰਾਵੇ ਵਾਲਾ’ ਅਤੇ ‘ਸਿਖ਼ਰਲੇ 50 ਲੋਕਾਂ’ ਦੀ ਸੂਚੀ ਵਿੱਚ ਆਇਆ ਹੈ।